ਕਵੀ ਅਗਰਾ ਇੱਕ ਹਿੰਦੂ ਕਵੀ ਹੋਇਆ ਹੈ। ਉਸਦਾ ਪੂਰਾ ਨਾਂ ਅਗਰਾ ਸਿੰਘ ਸੇਠੀ ਹੈ। ਮੌਲਾ ਬਖਸ਼ ਕੁਸ਼ਤਾ ਅਨੁਸਾਰ ਇਸ ਕਵੀ ਦਾ ਤਖ਼ੱਲਸ ਅਗਰਾ ਸੀ। ਇਸ ਦੇ ਜੀਵਨ ਬਾਰੇ ਵਧੇਰੇ ਜਾਣਕਾਰੀ ਨਹੀਂ ਮਿਲਦੀ। ਸਿਰਫ ਇਨ੍ਹਾਂ ਹੀ ਪਤਾ ਚਲਦਾ ਹੈ ਕਿ ਇਹ ਕਵੀ ਲਾਹੌਰ ਦਾ ਰਹਿਣ ਵਾਲਾ ਸੀ। ਲਾਹੌਰ ਵਿੱਚ ਸ਼ਾਹਜਹਾਨ ਦੇ ਸਮੇਂ ਬਹੁਤ ਵੱਡਾ ਸਾਕਾ ਹੋਇਆ ਜਿਸ ਨੇ ਹਿੰਦੂ ਜਗਤ ਨੂੰ ਹਿਲਾ ਕੇ ਰੱਖ ਦਿੱਤਾ। ਇਹ ਸਾਕਾ ਹਕੀਕਤ ਰਾਏ ਨਾਲ ਸਬੰਧਿਤ ਸੀ। ਉਸ ਸਮੇਂ ਪੜ੍ਹਾਈ ਮੱਦਰਸਿਆਂ ਵਿੱਚ ਹੁੰਦੀ ਸੀ। ਹਕੀਕਤ ਰਾਏ ਵੀ ਮਦਰੱਸੇ ਵਿੱਚ ਪੜਦਾ ਸੀ। ਉਸ ਦੇ ਜਮਾਤੀ ਮੁਸਲਮਾਨ ਸਨ ਉਹ ਸ਼ਾਇਦ ਇੱਕਲਾ ਹਿੰਦੂ ਲੜਕਾ ਸੀ।ਇੱਕ ਵਾਰ ਦੁਰਗਾ ਅਸ਼ਟਮੀ ਦੇ ਤਿਉਹਾਰ ਸਮੇਂ ਉਹ ਤਿਲਕ ਲਾ ਕੇ ਮਦਰੱਸੇ ਚਲਾ ਗਿਆ। ਜਦੋਂ ਮੌਲਵੀਂ ਕਲਾਸ ਵਿੱਚੋਂ ਬਾਹਰ ਗਿਆ ਤਾਂ ਇੱਕ ਮੁਸਲਮਾਨ ਲੜਕੇ ਨੇ ਹਕੀਕਤ ਰਾਏ ਨੂੰ ਠਿੱਠ ਕਰਨ ਲਈ ਕਿਹਾ ਇਹ ਦੁਰਗਾ ਕੌਣ ਹੈ? ਜਿਸਦਾ ਤੂੰ ਤਿਲਕ ਲਾਇਆ ਹੈ।ਹਕੀਕਤ ਰਾਏ ਨੇ ਉਸਨੂੰ ਮੋੜਵੇਂ ਰੂਪ ਵਿੱਚ ਕਿਹਾ ਜਿਵੇਂ ਤੁਹਾਡੇ ਲਈ ਬੀਬੀ ਫਾਤਿਮਾ ਹੈ। ਉਸ ਤਰਾਂ ਸਾਡੇ ਲਈ ਦੁਰਗਾ ਮਾਤਾ ਹੈ। ਉਸਦੇ ਦੱਸਣ ਤੇ ਮੁਸਲਮਾਲ ਮੁੰਡੇ ਨੇ ਗਾਲ ਕੱਢੀ। ਜਿਸ ਕਰਕੇ ਹੰਗਾਮਾ ਹੋ ਗਿਆ, ਇਹ ਕੇਸ ਕੋਤਵਾਲ ਕੋਲ ਪਹੁੰਚ ਗਿਆ। ਇੱਕ ਝੂਠਾ ਮਕੁੱਦਮਾ ਬਣਾ ਕੇ ਬੇਕਸੂਰ ਬੱਚੇ ਨੂੰ ਫਾਂਸੀ ਉੱਤੇ ਲਟਕਾ ਦਿੱਤਾ| ਇਹ ਘਟਨਾ ਲਾਹੌਰ ਵਿੱਚ 1731 ਈ ਅਤੇ 1791 ਬਿਕਰਮੀ ਵਿੱਚ ਵਾਪਰੀ ਲਾਹੌਰ ਵਿੱਚ ਅਸ਼ਾਤੀ ਦਾ ਮਾਹੌਲ ਪੈਦਾ ਹੋ ਗਿਆ। ਉਸ ਸਮੇਂ ਕਵੀ ਅਗਰਾ ਵੀ ਲਾਹੌਰ ਵਿੱਚ ਸੀ। ਇਸ ਘਟਨਾ ਦਾ ਉਸ ਉਪਰ ਡੂੰਘਾ ਅਸਰ ਪਿਆ।[1] ਇਸ ਘਟਨਾ ਤੋਂ ਪ੍ਰਭਾਵਿਤ ਹੋ ਕੇ ਉਸਨੇ 1847 ਬ੍ਰਿਕਮੀ ਵਿੱਚ ਹਕੀਕਤ ਰਾਏ ਦੀ ਵਾਰ ਲਿਖੀ।ਹਕੀਕਤ ਰਾਏ ਨਾਲ ਸੰਬੰਧਿਤ ਇਹ ਸਭ ਤੋਂ ਪੁਰਾਣੀ ਵਾਰ ਮੰਨੀ ਜਾਂਦੀ ਹੈ। ਇਹ ਸਿੱਧੀ ਸਾਦੀ ਬੋਲੀ ਵਿੱਚ ਲਿਖੀ ਹੈ। ਵਾਰ ਨੂੰ ਅਲੰਕਾਰਾਂ ਵਿੱਚ ਬੰਨਣ ਦੀ ਥਾਂ ਤੇ ਖੁੱਲੇ ਰੂਪ ਵਿੱਚ ਬਿਰਤਾਂਤ ਨੂੰ ਪੇਸ਼ ਕੀਤਾ ਹੈ।[2] ਇਸ ਵਾਰ ਵਿੱਚ ਹਿੰਦੀ ਸ਼ਬਦਾ ਦੀ ਮਿਲਾਵਟ ਹੈ।ਪਰ ਬੋਲੀ ਸਾਫ ਸੁਥਰੀ ਅਤੇ ਭਾਵਪੂਰਤ ਹੈ। ਇਸ ਦੇ ਕੁੱਲ 212 ਛੰਦ ਹਨ ਅਤੇ ਚਹੁੰ ਤੁਕਾਂ ਦੇ ਬੰਦ ਹਨ।ਇਹ ਵਾਰ ਪੰਜਾਬੀ ਦੀਆਂ ਵਾਰਾਂ ਵਿੱਚੋਂ ਪ੍ਰਸਿੱਧ ਮੰਨੀ ਜਾਂਦੀ ਹੈ।[3] ਅਗਰਾ ਕਵੀ ਗੁਰੂ ਨਾਨਕ ਦੇਵ ਜੀ ਦਾ ਸਿੱਖ ਜਾਪਦਾ ਹੈ। ਉਸਨੇ ਸ਼ਿਸਟੀ ਦੀ ਰਚਨਾ, ਈਸ਼ਵਰ ਉਪਮਾ ਤੇ ਆਪਣੇ ਗੁਰੂ ਦੀ ਉਪਮਾ ਨਾਲ ਕੀਤੀ ਹੈ। ਸ਼ਿਵ ਨੂੰ ਬ੍ਰਹਮਾ ਅਤੇ ਵਿਸ਼ਣੂ ਦਾ ਕਰਤਾ ਦੱਸ ਕੇ ਹਿੰਦੂਆ ਦੇ ਸ਼ਾਸਤਰਾਂ ਤੋ ਉਲਟ ਲਿਖਿਆ ਹੈ।ਉਸਨੇ ਵਾਰ ਵਿੱਚ ਸੁਣਾਈਆ ਗੱਲਾਂ ਨੂੰ ਪੇਸ਼ ਕੀਤਾ ਹੈ-
ਵਿਚ ਮਸੀਤ ਦੇ ਪੜਦੇ ਲੜਕੇ ਕੀ ਕੀ ਜ਼ਾਤ ਸੁਣਾਈ।
ਸੱਯਤ ਤੇ ਕੁਰੈਸ਼ੀ ਪੜਦੇ, ਮੁਗ਼ਲ ਪਠਾਣ ਅਰਾਈਂ।
ਤ੍ਰਖਾਣ, ਲਾਹੌਰ, ਜੁਲਾਹੇ ਪੜਦੇ ਕੀ ਕੀ ਹੋਰ ਸੁਣਾਈ।
ਅਗਰਾ ਸੁਨਿਆਰੇ ਤੇ ਪੜਨ ਖੱਤਰੀ ਹੋਰ ਭੀ ਓੜਕ ਨਾਹਿ।
ਇਸ ਪ੍ਰਕਾਰ ਵਾਰ ਵਿੱਚ ਮਦਰੱਸੇ ਬਾਰੇ ਘਟਨਾ ਨੂੰ ਪੇਸ਼ ਕੀਤਾ ਹੈ|' ਅਖੀਰ ਹਕੀਕਤ ਨੇ ਸਿਰ ਦਿੱਤਾ, ਪਰ ਸਿਰ ਨਾ ਛੱਡਿਆ। ਇਹਨਾਂ ਗੱਲਾਂ ਨਾਲ ਵਾਰ ਮੁਕਦੀ ਹੈ।

ਹਵਾਲੇ ਸੋਧੋ

  1. ਲੇਖਕ:ਧਰਮ ਪਾਲ ਸਿੰਗਲ,ਸਰੋਤ: ਬਾਲ ਵਿਸ਼ਵ ਕੋਸ਼,ਪਬਲੀਕੇਸ਼ਨ:ਪੰਜਾਬੀ ਯੂਨੀਵਰਸਿਟੀ ਪਟਿਆਲਾ
  2. ਲੇਖਕ:ਬਾਵਾ ਬੁੱਧ ਸਿੰਘ,ਸਰੋਤ:ਹੰਸ ਚੋਗ,ਪੇਜ ਨੰਬਰ 158
  3. ਲੇਖਕ:ਕਿਰਪਾਲ ਸਿੰਘ,ਡਾ ਪਰਮਿੰਦਰ ਸਿੰਘ,ਸਰੋਤ:ਪੰਜਾਬੀ ਸਾਹਿਤ ਦੀ ਉਤਪੱਤੀ ਤੇ ਵਿਕਾਸ,ਪਬਲੀਕੇਸ਼ਨ:ਲਾਹੌਰ ਬੁੱਕ ਸ਼ਾਪ