ਜੀਨ ਪ੍ਰਾਣੀਆਂ ਵਿੱਚ ਡੀ ਐਨ ਏ ਦੀਆਂ ਬਣੀਆਂ ਉਹ ਅਤਿ ਸੂਖਮ ਰਚਨਾਵਾਂ ਨੂੰ ਕਹਿੰਦੇ ਹਨ ਜੋ ਅਨੁਵੰਸ਼ਿਕ ਲੱਛਣਾਂ ਦਾ ਧਾਰਨ ਅਤੇ ਉਹਨਾਂ ਦਾ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਵਿੱਚ ਸਥਾਨਾਂਤਰਣ ਕਰਦੀਆਂ ਹਨ। ਜੀਨ ਯੂਨਾਨੀ ਸ਼ਬਦ ਹੈ ਜਿਸਦੇ ਅਰਥ ਹਨ ‘ਉਪਜਾਉਣ ਦੇ’। ਮੈਂਡਲ ਦੀ ਖੋਜ ਨੇ ਦਰਸਾ ਦਿੱਤਾ ਕਿ ਵਿਰਸੇ ’ਚ ਮਿਲ ਰਹੇ ਜੀਨ, ਸੰਤਾਨ ਦੀਆਂ ਵਿਸ਼ੇਸ਼ਤਾਵਾਂ ਨਿਰਧਾਰਤ ਕਰਦੇ ਰਹਿੰਦੇ ਹਨ।[1]

ਇਤਿਹਾਸ ਸੋਧੋ

ਕੋਈ 2500 ਵਰ੍ਹੇ ਪਹਿਲਾਂ ਸੁਕਰਾਤ ਨੇ ਚਾਹਿਆ ਸੀ ਕਿ ਸਭ ਤੋਂ  ਪਹਿਲਾਂ ਸਾਨੂੰ ਆਪਣੇ-ਆਪ ਨੂੰ ਸਮਝਣ ਦੇ ਯਤਨ ਕਰਨੇ ਚਾਹੀਦੇ ਹਨ। ਉਸਦੀ ਇਸ ਕਾਮਨਾ ਦੇ ਪੂਰਾ ਹੋਣ ਦੀ ਸੰਭਾਵਨਾ ਲੰਬੇ ਸਮੇਂ ਉਪਰੰਤ ਉਨ੍ਹੀਵੀਂ ਸ਼ਤਾਬਦੀ ਦੇ ਮੱਧ ’ਚ ਤਦ ਉਪਜੀ, ਜਦੋਂ ਆਸਟ੍ਰੀਆ ਦੇ ਇੱਕ ਇਸਾਈ ਮੱਠ ’ਚ ਗਰੈਗਰ ਮੈਂਡਲ ਨੇ ਇਹ ਜਾਨਣ ਲਈ ਖੋਜ ਆਰੰਭੀ ਕਿ ਇੱਕ ਜੀਵ ਜਿਹੋ ਜਿਹਾ ਹੈ, ਅਜਿਹਾ ਉਹ ਕਿਉਂ ਹੈ? 1822 ’ਚ ਜਨਮਿਆ ਮੈਂਡਲ ਸੀ ਤਾਂ ਪਾਦਰੀ, ਪਰ ਉਹ ਵੀਏਨਾ ਯੂਨੀਵਰਸਿਟੀ ’ਚ ਵਿਗਿਆਨ ਪੜ੍ਹ ਚੁੱਕਿਆ ਸੀ। 1843 ’ਚ ਉਸ ਨੇ ਇਸਾਈ ਮੱਠ ਦਾ ਚਾਰਜ ਸੰਭਾਲਿਆ। ਇਨ੍ਹਾਂ ਸਮਿਆਂ ’ਚ ਯੂਰੋਪ ਵਿਖੇ ਧਾਰਮਿਕ ਸੰਸਥਾਨ ਵੀ ਖੋਜ ਕਾਰਜਾਂ ’ਚ ਭਾਗ ਲੈ ਰਹੇ ਸਨ। ਮੈਂਡਲ ਨੇ ਵੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਹਟਵੀਂ ਵਿਹਲ ਦਾ ਖੋਜ ਦੁਆਰਾ ਉਪਯੋਗ ਕਰਨ ਦਾ ਮਨ ਬਣਾਇਆ। ਇਸ ਮੰਤਵ ਨਾਲ ਉਸ ਨੇ ਮੱਠ ਦੇ ਬਗ਼ੀਚੇ ’ਚ ਮਹਿਕਦੇ ਫੁੱਲਾਂ ਵਾਲੇ ਮਟਰ ਉਗਾਉਣੇ ਆਰੰਭ ਕਰ ਦਿੱਤੇ। ਉਹ ਮਟਰਾਂ ਦੀਆਂ ਭਿੰਨ ਭਿੰਨ ਵਿਸ਼ੇਸ਼ਤਾਵਾਂ ਦੇ ਪੁਸ਼ਤਾਂਬੱਧੀ ਹੋ ਰਹੇ ਪ੍ਰਸਾਰ ਦਾ ਹਿਸਾਬ ਅੱਠ ਵਰ੍ਹੇ ਰੱਖਦਾ ਰਿਹਾ। ਇਸ ਸਮੇਂ ਦੌਰਾਨ ਉਸ ਨੇ 30,000 ਬੂਟੇ ਉਗਾਏ। ਇਨ੍ਹਾਂ ’ਚ ਵਿਸ਼ੇਸ਼ਤਾਵਾਂ ਦੇ ਹੋਏ ਪ੍ਰਸਾਰ ਨੂੰ ਆਧਾਰ ਬਣਾ ਕੇ ਉਸ ਨੇ ਵਿਰਾਸਤੀ ਨਿਯਮ ਉਲੀਕੇ। ਇਨ੍ਹਾਂ ਨਿਯਮਾਂ ਦੀ ਪਾਲਣਾ ਹਰ ਇੱਕ ਰੁੱਖ-ਬੂਟਾ ਕਰ ਰਿਹਾ ਹੈ, ਹਰ ਇੱਕ ਪ੍ਰਾਣੀ ਕਰ ਰਿਹਾ ਹੈ ਅਤੇ ਅਸੀਂ ਆਪ ਕਰ ਰਹੇ ਹਾਂ। ਨਾਲ ਹੀ ਮੈਂਡਲ ਨੇ ਬਿਨਾਂ ਜਾਣਿਆਂ ਜੀਨ ਲੱਭ ਲਿਆ ਸੀ। ਇਸ ਠੋਸ ਵਿਰਾਸਤੀ ਇਕਾਈ ਲਈ ਉਸ ਨੇ ‘ਫੈਕਟਰ’ ਸ਼ਬਦ ਵਰਤਿਆ ਜਿਸ ਲਈ ਡੈਨਮਾਰਕ ਦੇ ਵਿਗਿਆਨੀ ਜੁਹੈਨਸਨ ਨੇ 1909 ’ਚ ਜੀਨ ਨਾਮ ਤਜਵੀਜ਼ ਕੀਤਾ। ਅੱਜ ਇਹੋ ਨਾਮ ਪ੍ਰਚੱਲਿਤ ਹੈ।[1]

ਜੀਨ ਦੀ ਬਣਤਰ ਸੋਧੋ

ਜੀਨ ਦੇ ਜ਼ਿੰਦਗੀ ਤੇ ਅਸਰ ਸੋਧੋ

ਜਿਸ ਤਕਦੀਰ ਨੂੰ ਅਸੀਂ ਜਨਮ-ਪੱਤਰੀਆਂ ਅਤੇ ਗ੍ਰਹਿਆਂ ’ਚੋਂ ਖੋਜਦੇ ਰਹਿੰਦੇ ਹਾਂ, ਉਹ ਵਿਰਸੇ ਵਿੱਚ ਮਿਲੇ ਜੀਨਾਂ ਅੰਦਰ ਅੰਕਿਤ ਹੁੰਦੀ ਹੈ। ਤਕਦੀਰ ਉਸ ਸਮੇਂ ਅੰਕਿਤ ਹੋ ਜਾਂਦੀ ਹੈ, ਜਦ ਅੰਡੇ ਦਾ ਸ਼ੁਕਰਾਣੂ ਨਾਲ ਮਿਲਾਪ ਹੁੰਦਾ ਹੈ। ਇਸ ਸਮੇਂ, ਜਿਹੜੇ ਜੀਨ ਜਿਸ ਦੇ ਹਿੱਸੇ ਆ ਗਏ, ਉਹ ਹੀ ਉਸ ਦੇ ਸਰੀਰ ਦੀ ਬਣਤਰ ਅਤੇ ਦਿੱਖ ਨਿਰਧਾਰਤ ਕਰਦੇ ਹਨ ਅਤੇ ਉਸ ਦੇ ਕੁਦਰਤੀ ਸੁਭਾਅ ਲਈ ਜ਼ਿੰਮੇਵਾਰ ਵੀ ਹੁੰਦੇ ਹਨ। ਇਹ ਇਤਫ਼ਾਕ ਹੁੰਦਾ ਹੈ ਕਿ ਕਿਹੜੇ ਜੀਨ ਕਿਸ ਵਿਅਕਤੀ ਦੇ ਪੱਲੇ ਪੈ ਰਹੇ ਹਨ। ਇੱਕ ਮਾਂ-ਪਿਓ ਦੀ ਸੰਤਾਨ ਨੂੰ ਵੀ ਵੱਖ ਵੱਖ ਜੀਨ ਵਿਰਸੇ ਵਿੱਚ ਮਿਲਦੇ ਹਨ ਕਿਉਂਕਿ ਅੰਡੇ ਜਾਂ ਸ਼ੁਕਰਾਣੂ ਦੀ ਉਪਜ ਸਮੇਂ ਹਰ ਵਾਰ ਤਾਸ਼ ਦੇ ਪੱਤਿਆਂ ਵਾਂਗ ਜੀਨ ਫੈਂਟੇ ਜਾਂਦੇ ਹਨ। ਸੰਸਾਰ ਵਿੱਚ ਅੱਜ ਵਿਚਰ ਰਹੇ ਸੱਤ ਅਰਬ ਦੇ ਲਗਭਗ ਮਨੁੱਖ, ਜੇਕਰ ਇੱਕ ਦੂਜੇ ਨਾਲੋਂ ਭਿੰਨ ਹਨ ਤਾਂ ਉਪਰੋਕਤ ਕਾਰਨ ਕਰਕੇ ਹਨ।[2]

ਹਵਾਲੇ ਸੋਧੋ

  1. 1.0 1.1 ਢਿੱਲੋਂ, ਸੁਰਜੀਤ ਸਿੰਘ. "ਜੀਨ, ਡੀਐੱਨਏ ਅਤੇ ਸਾਡਾ ਜੀਵਨ". ਪੰਜਾਬੀ ਟ੍ਰਿਬਿਊਨ. {{cite news}}: Cite has empty unknown parameter: |dead-url= (help)
  2. ਸੁਰਜੀਤ ਸਿੰਘ ਢਿੱਲੋਂ (ਡਾ.). "ਜੀਵਨ ਅਤੇ ਸੰਸਾਰ ਪ੍ਰਤੀ ਮੇਰੀ ਸੂਝ-ਸਮਝ". ਪੰਜਾਬੀ ਟ੍ਰਿਬਿਊਨ. {{cite news}}: Cite has empty unknown parameter: |dead-url= (help)