ਫਰਮਾ:ਫਾਟਕ ਇਤਿਹਾਸ/ਚੁਣਿਆ ਲੇਖ

ਵੀਅਤਨਾਮ ਦੀ ਜੰਗ (ਵੀਅਤਨਾਮੀ ਭਾਸ਼ਾ: Chiến tranh Việt Nam), ਜਿਹਨੂੰ ਦੂਜੀ ਇੰਡੋਚਾਈਨਾ ਜੰਗ ਵੀ ਕਿਹਾ ਜਾਂਦਾ ਹੈ, ੧ ਨਵੰਬਰ ੧੯੫੫ ਤੋਂ ਲੈ ਕੇ ੩੦ ਅਪ੍ਰੈਲ ੧੯੭੫ ਨੂੰ ਵਾਪਰੀ ਸਾਈਗਾਨ ਦੀ ਸਪੁਰਦਗੀ ਤੱਕ ਚੱਲੀ ਠੰਡੀ ਜੰਗ ਦੇ ਦੌਰ ਵੇਲੇ ਦੀ ਇੱਕ ਵਿਦੇਸ਼ੀ ਥਾਂ 'ਤੇ ਲੜੀ ਗਈ ਜੰਗ ਸੀ।

ਇਹ ਜੰਗ ਪਹਿਲੀ ਇੰਡੋਚਾਈਨਾ ਜੰਗ ਮਗਰੋਂ ਉੱਤਰੀ ਵੀਅਤਨਾਮ (ਸੋਵੀਅਤ ਸੰਘ, ਚੀਨ ਅਤੇ ਹੋਰ ਸਾਮਵਾਦੀ ਹਿਮਾਇਤੀ ਦੇਸ਼ਾਂ ਵੱਲੋਂ ਸਹਾਇਤਾ) ਅਤੇ ਦੱਖਣੀ ਵੀਅਤਨਾਮ ਦੀ ਸਰਕਾਰ (ਸੰਯੁਕਤ ਰਾਜ ਅਤੇ ਹੋਰ ਸਾਮਵਾਦ-ਵਿਰੋਧੀ ਦੇਸ਼ਾਂ ਵੱਲੋਂ ਸਹਾਇਤਾ) ਵਿਚਕਾਰ ਹੋਈ ਸੀ। ਵੀਅਤ ਕਾਂਗ (ਜਿਹਨੂੰ ਰਾਸ਼ਟਰੀ ਅਜ਼ਾਦੀ ਮੋਰਚਾ ਜਾਂ ਐੱਨ.ਐੱਲ.ਐੱਫ਼. ਵੀ ਆਖਿਆ ਜਾਂਦਾ ਹੈ), ਜੋ ਕਿ ਉੱਤਰ ਦੇ ਹੁਕਮਾਂ ਹੇਠ ਚਲਾਇਆ ਜਾਂਦਾ ਇੱਕ ਮਾਮੂਲੀ ਤੌਰ 'ਤੇ ਹਥਿਆਰਬੰਦ ਦੱਖਣੀ ਵੀਅਤਨਾਮੀ ਸਾਮਵਾਦੀ ਸਾਂਝਾ ਮੋਰਚਾ ਸੀ, ਨੇ ਇਲਾਕੇ ਵਿਚਲੇ ਸਾਮਵਾਦ-ਵਿਰੋਧੀ ਤਾਕਤਾਂ ਖ਼ਿਲਾਫ਼ ਇੱਕ ਛਾਪਾਮਾਰ ਜੰਗ ਲੜੀ। ਪੀਪਲਜ਼ ਆਰਮੀ ਆਫ਼ ਵੀਅਤਨਾਮ (ਉੱਤਰੀ ਵੀਅਤਨਾਮੀ ਫ਼ੌਜ ਜਾਂ ਐੱਨ.ਵੀ.ਏ. ਵੀ ਕਿਹਾ ਜਾਂਦਾ ਹੈ) ਇੱਕ ਵਧੇਰੀ ਰਵਾਇਤੀ ਜੰਗ ਲੜੀ ਅਤੇ ਕਈ ਵਾਰ ਲੜਾਈ ਵਿੱਚ ਬਹੁਗਿਣਤੀ ਦਸਤੇ ਘੱਲੇ। ਜਿਵੇਂ-ਜਿਵੇਂ ਜੰਗ ਅੱਗੇ ਵਧੀ, ਵੀਅਤ ਕਾਂਗ ਦੀ ਲੜਾਈ ਵਿੱਚ ਭੂਮਿਕਾ ਘਟਦੀ ਗਈ ਜਦਕਿ ਐੱਨ.ਵੀ.ਏ. ਦਾ ਰੋਲ ਹੋਰ ਵਧਦਾ ਗਿਆ। ਸੰਯੁਕਤ ਰਾਜ ਅਤੇ ਦੱਖਣੀ ਵੀਅਤਨਾਮੀ ਫ਼ੌਜਾਂ ਖ਼ਾਸ ਹਵਾਈ ਯੋਗਤਾ ਅਤੇ ਜ਼ਬਰਦਸਤ ਅਸਲੇ ਦਾ ਸਹਾਰਾ ਲੈ ਕੇ ਭਾਲ਼ ਅਤੇ ਤਬਾਹੀ ਕਾਰਵਾਈਆਂ ਕਰ ਰਹੇ ਸੀ ਜਿਹਨਾਂ ਵਿੱਚ ਧਰਤੀ ਉਤਲੀਆਂ ਫ਼ੌਜਾਂ, ਤੋਪਖ਼ਾਨੇ ਅਤੇ ਹਵਾਈ ਗੋਲ਼ਾਬਾਰੀ ਸ਼ਾਮਲ ਸੀ। ਜੰਗ ਦੇ ਦੌਰ ਵਿੱਚ ਸੰਯੁਕਤ ਰਾਜ ਨੇ ਉੱਤਰੀ ਵੀਅਤਨਾਮ ਖ਼ਿਲਾਫ਼ ਵੱਡੇ ਪੈਮਾਨੇ 'ਤੇ ਜੰਗਨੀਤਕ ਗੋਲ਼ਾਬਾਰੀ ਦੀ ਇੱਕ ਮੁਹਿੰਮ ਚਲਾਈ ਸੀ ਅਤੇ ਵੇਖਦੇ ਹੀ ਵੇਖਦੇ ਉੱਤਰੀ ਵੀਅਤਨਾਮੀ ਦੇ ਅਸਮਾਨ ਦੁਨੀਆਂ ਦੇ ਸਭ ਤੋਂ ਰਾਖੀ ਵਾਲ਼ੇ ਅਸਮਾਨ ਬਣ ਗਏ ਸਨ।