ਸ਼ਹੀਦ-ਏ-ਮੁਹੱਬਤ (ਬੂਟਾ ਸਿੰਘ)

ਡਾਇਰੈਕਟਰ ਮਨੋਜ ਪੁੰਜ
ਸ਼ਮੀਮ ਆਰਾ
ਪ੍ਰੋਡਿਊਸਰ ਮਨਜੀਤ ਮਾਨ
ਸਕ੍ਰੀਨਪਲੇ ਸੂਰਜ ਸਨੀਮ
ਕਲਾਕਾਰ ਗੁਰਦਾਸ ਮਾਨ
ਦਿੱਵਿਆ ਦੱਤਾ
ਅਰੁਨ ਬਕਸ਼ੀ
ਰਘੁਵੀਰ ਯਾਦਵ
ਬੀ. ਐੱਨ. ਸ਼ਰਮਾਂ
ਸੰਗੀਤਕਾਰ ਅਮਰ ਹਲਦੀਪੁਰ
ਐਡੀਟਰ ਓਮ ਪ੍ਰਕਾਸ਼ ਭੱਕਰੀ
ਰਿਲੀਜ਼ ਦੀ ਤਾਰੀਖ਼ ਜਨਵਰੀ 1999
ਲੰਬਾਈ 130 ਮਿੰਟ
ਦੇਸ਼ ਭਾਰਤ
ਭਾਸ਼ਾ ਪੰਜਾਬੀ

ਸ਼ਹੀਦ-ਏ-ਮੁਹੱਬਤ 1999 ਦੀ ਨੈਸ਼ਨਲ ਐਵਾਰਡ ਜੇਤੂ ਪੰਜਾਬੀ ਫ਼ਿਲਮ ਐ, ਜੋ ਕਿ ਇਕ ਸੱਚੀ ਕਹਾਣੀ ਤੇ ਅਧਾਰਿਤ ਐ। ਮਨੋਜ ਪੁੰਜ ਦੀ ਡਾਇਰੈਕਟ ਕੀਤੀ ਇਹ ਫ਼ਿਲਮ ਆਲਮੀ ਪੱਧਰ ਦੀ ਹਿੱਟ ਫ਼ਿਲਮ ਸੀ। ਇਹ ਫ਼ਿਲਮ 1999 ਦੇ ਵੈਨਕੂਵਰ ਫ਼ਿਲਮ ਫ਼ੈਸਟੀਵਲ ਵਿਚ ਵੀ ਦਿਖਾਈ ਗਈ। ਗੁਰਦਾਸ ਮਾਨ, ਦਿੱਵਿਆ ਦੱਤਾ, ਅਰੁਨ ਬਕਸ਼ੀ, ਗੁਰਕੀਰਤਨ ਅਤੇ ਚੇਤਨਾ ਦਾਸ ਫ਼ਿਲਮ ਦੇ ਅਹਿਮ ਸਿਤਾਰੇ ਨੇ।

ਕਹਾਣੀ

ਇਹ ਫ਼ਿਲਮ ਭਾਰਤ ਦੀ ਤਕਸੀਮ (1947) ਵੇਲ਼ੇ ਦੀ ਇਕ ਸੱਚੀ ਕਹਾਣੀ ’ਤੇ ਆਧਾਰਤ ਐ।

ਇਕ ਸਿੱਖ ਸਾਬਕਾ ਫ਼ੌਜੀ ਬੂਟਾ ਸਿੰਘ ਦੂਜੀ ਆਲਮੀ ਜੰਗ ਖ਼ਤਮ ਹੋਣ ਤੋਂ ਬਾਅਦ ਜਦ ਬਰਮਾ ਦੀ ਸਰਹੱਦ ਤੋਂ ਆਪਣੇ ਪਿੰਡ ਵਾਪਸ ਆਇਆ ਤਾਂ ਉਸਦੀ ਜਵਾਨੀ ਢਲ਼ ਚੁੱਕੀ ਸੀ। ਫਿਰ ਵੀ ਆਪਣਾ ਖ਼ੁਦ ਦਾ ਪਰਵਾਰ ਹੋਣ ਦੀ ਤਮੰਨਾ ਉਸਦੇ ਦਿਲ ਦੀ ਕਿਸੇ ਨੁੱਕਰੇ ਮਗ਼ਦੀ ਪਈ ਸੀ। ਇਕ ਵਪਾਰੀ ਆਦਮੀ ਨੇ ਉਸਨੂੰ ਕਿਹਾ ਕਿ ਜੇ ਉਹ 2000 ਰੁਪਏ ਦਾ ਇੰਤਜ਼ਾਮ ਕਰ ਲਵੇ ਤਾਂ ਉਹ ਯੂ.ਪੀ. ਤੋਂ ਉਸਨੂੰ ਇਕ ਵਹੁਟੀ ਲਿਆ ਦੇਵੇਗਾ। ਬੂਟਾ ਸਿੰਘ ਇਕ-ਇਕ ਪੈਸਾ ਬਚਾਉਣ ਲੱਗ ਪਿਆ। ਕਾਫ਼ੀ ਮੁਸ਼ੱਕਤ ਦੇ ਬਾਅਦ ਉਸਨੇ 1800 ਰੁਪਏ ਜਮ੍ਹਾਂ ਕਰ ਲਏ। ਅਗਲੀ ਫ਼ਸਲ ਆਉਣ ’ਤੇ ਉਹ ਵਿਆਹਿਆ ਹੋਣਾ ਸੀ।

1947 ਵਿਚ ਭਾਰਤ ਅਜ਼ਾਦ ਹੋਇਆ; ਪਾਕਿਸਤਾਨ ਬਣਿਆ ਅਤੇ ਦੋਵੇਂ ਪਾਸਿਓਂ ਲੋਕਾਂ ਨੂੰ ਆਪਣੇ ਵਸੇ-ਵਸਾਏ ਘਰ ਛੱਡ ਕੇ ਸਰਹੱਚ ਪਾਰ ਅਣਜਾਣੀਆਂ ਥਾਂਵਾਂ ਵੱਲ ਨੂੰ ਤੁਰਨਾ ਪਿਆ। ਦੰਗੇ ਸ਼ੁਰੂ ਹੋ ਗਏ, ਬੂਟਾ ਸਿੰਘ ਦਾ ਪਿੰਡ ਵੀ ਦੰਗਿਆਂ ਦੀ ਲਪੇਟ ਵਿਚ ਆ ਗਿਆ।

ਇਕ ਦਿਨ ਬੂਟਾ ਆਪਣੇ ਖੇਤਾਂ ਵਿਚ ਕੰਮ ਕਰ ਰਿਹਾ ਸੀ। ਕੁਝ ਦੰਗਾਕਾਰੀ ਇਕ ਮੁਸਲਮਾਨ ਕੁੜੀ ਦਾ ਪਿੱਛਾ ਕਰ ਰਹੇ ਸਨ, ਉਹ ਕੁੜੀ ਭੱਜਦੀ ਹੋਈ ਬੂਟਾ ਸਿੰਘ ਕੋਲ਼ ਆਈ ’ਤੇ ਆਪਣੀ ਜਾਨ, ਇੱਜ਼ਤ ਦੀ ਹਿਫ਼ਾਜ਼ਤ ਕਰਨ ਦੀ ਬੇਨਤੀ ਕੀਤੀ।

ਜ਼ੈਨਬ, ਬੂਟਾ ਸਿੰਘ ਅਤੇ ਦੰਗਾਕਾਰੀ

ਬੂਟਾ ਸਿੰਘ ਨੇ ਦੰਗਾਕਾਰੀਆਂ ਨੂੰ ਸਮਝਾਉਣਾ ਚਾਹਿਆ ਪਰ ਉਹ ਨਾ ਮੰਨੇ। ਅਖ਼ੀਰ ਉਹਨਾਂ ਉਸ ਕੁੜੀ ਦੇ ਬਦਲੇ 2000 ਰੁਪਏ ਦੀ ਮੰਗ ਕੀਤੀ, ਬੂਟਾ ਸਿੰਘ ਨੇ ਹੁਣ ਤੱਕ ਬਚਾਏ 1800 ਰੁਪਏ ਉਹਨਾਂ ਨੂੰ ਦੇ ਦਿੱਤੇ ’ਤੇ ਉਸ ਮੁਸਲਮਾਨ ਕੁੜੀ ਜ਼ੈਨਬ ਨੂੰ ਆਪਣੇ ਘਰ ਪਨਾਹ ਦਿੱਤੀ।

ਕੁਝ ਦਿਨ ਗੁਜ਼ਰੇ ਤਾਂ ਪਿੰਡ ਵਾਲ਼ਿਆਂ ਇਤਰਾਜ਼ ਕੀਤਾ ਕਿ ਉਹ ਉਸ ਕੁੜੀ ਨੂੰ ਇਸ ਤਰ੍ਹਾਂ ਆਪਣੇ ਘਰ ਨਹੀਂ ਰੱਖ ਸਕਦਾ। ਜਾਂ ਤਾਂ ਉਹ ਉਸ ਨਾਲ਼ ਵਿਆਹ ਕਰ ਲਵੇ ਜਾਂ ਫਿਰ ਉਸ ਨੂੰ ਕੈਂਪ ਵਿਚ ਛੱਡ ਆਵੇ, ਜਿੱਥੇ ਪਾਕਿਸਤਾਨ ਨੂੰ ਜਾਣ ਵਾਲ਼ੇ ਲੋਕ ਠਹਿਰੇ ਹੋਏ ਨੇ। ਉਮਰ ਵਿਚ ਜ਼ੈਨਬ ਨਾਲ਼ੋਂ ਵੱਡਾ ਹੋਣ ਕਰਕੇ ਬੂਟਾ ਸਿੰਘ ਨੇ ਉਸਨੂੰ ਕੈਂਪ ਵਿਚ ਛੱਡ ਆਉਣਾ ਹੀ ਬੇਹਤਰ ਸਮਝਿਆ, ਪਰ ਬੂਟਾ ਸਿੰਘ ਦੀ ਆਪਣੇ ਲਈ ਕੀਤੀ ਕੁਰਬਾਨੀ ’ਤੇ ਸਦਗੀ ਦੀ ਕਾਇਲ ਜ਼ੈਨਬ ਨੇ ਕਿਹਾ ਕਿ ਕੀ ਉਹ ਏਨਾ ਗ਼ਰੀਬ ਐ ਕਿ ਉਸਨੂੰ ਦੋ ਰੋਟੀਆਂ ਵੀ ਨਹੀਂ ਖੁਆ ਸਕਦਾ? ਇਸ ਤਰ੍ਹਾਂ ਦੋਵਾਂ ਦਾ ਪਿਆਰ ਜ਼ਾਹਰ ਹੋਇਆ ’ਤੇ ਉਹਨਾਂ ਵਿਆਹ ਕਰਵਾ ਲਿਆ; ਛੇਤੀ ਉਹਨਾਂ ਦੇ ਘਰ ਇਕ ਧੀ ਨੇ ਜਨਮ ਲਿਆ। ਬੂਟਾ ਸਿੰਘ ਦੀ ਜ਼ਿੰਦਗੀ ਬਦਲ ਗਈ।

ਬੂਟਾ ਸਿੰਘ ਦਾ ਇਕ ਬੇਈਮਾਨ ਚਾਚਾ ਚਾਹੁੰਦਾ ਸੀ ਕਿ ਬੂਟਾ ਬਿਨਾਂ ਕਿਸੇ ਵਾਰਿਸ ਦੇ ਕੁਆਰਾ ਹੀ ਮਰ ਜਾਵੇ ’ਤੇ ਉਸਦੀ ਸਾਰੀ ਜ਼ਮੀਨ ਉਸ ਨੂੰ ਮਿਲ ਜਾਵੇ। ਜਦੋਂ 1952 ਵਿਚ ਭਾਰਤ ’ਤੇ ਪਾਕਿਸਤਾਨ ਦੰਗਿਆਂ ਵਿਚ ਪਿੱਛੇ ਰਹਿ ਗਈਆਂ ਕੁੜੀਆਂ ਨੂੰ ਵਾਪਸ ਉਹਨਾਂ ਦੇ ਮਾਪਿਆਂ ਤੱਕ ਪਹੁੰਚਾਉਣ ਲਈ ਸਹਿਮਤ ਹੋਏ ਤਾਂ ਉਸ ਨੇ ਪੁਲਿਸ ਨੂੰ ਖ਼ਬਰ ਕਰ ਦਿੱਤੀ ਕਿ ਐਸੀ ਇਕ ਮੁਸਲਮਾਨ ਕੁੜੀ ਉਹਨਾਂ ਦੇ ਪਿੰਡ ਵਿਚ ਵੀ ਐ। ਬੂਟਾ ਸਿੰਘ ਦੀ ਗ਼ੈਰ-ਹਾਜ਼ਰੀ ਵਿਚ ਪੁਲਿਸ ਜ਼ਬਰਦਸਤੀ ਜ਼ੈਨਬ ਨੂੰ ਲੈ ਗਈ।

ਕੈਂਪ ਵਿਚ ਜ਼ੈਨਬ ਅਤੇ ਬੂਟਾ ਸਿੰਘ ਦੀ ਮੁਲਾਕਾਤ

ਬਾਅਦ ਵਿਚ ਜ਼ੈਨਬ ਨੂੰ ਪਾਕਿਸਤਾਨ ਉਸਦੇ ਮਾਪਿਆਂ ਕੋਲ਼ ਭੇਜ ਦਿੱਤਾ ਗਿਆ। ਬੂਟਾ ਆਪਣੀ ਸਾਰੀ ਜ਼ਮੀਨ ਵੇਚ ਕੇ ਆਪਣੀ ਧੀ ਸਮੇਤ ਪਾਕਿਸਤਾਨ ਆ ਗਿਆ। ਮਾਮਲਾ ਜੱਜ ਅੱਗੇ ਪੇਸ਼ ਹੋਇਆ ਤਾਂ ਆਪਣੇ ਪਰਵਾਰ ਦੇ ਦਬਾਅ ਹੇਠ ਜ਼ੈਨਬ ਨੇ ਬੂਟਾ ਸਿੰਘ ਨੂੰ ਪਹਿਚਾਨਣ ਤੋਂ ਇਨਕਾਰ ਕਰ ਦਿੱਤਾ। ਨਿਰਾਸ਼ ’ਤੇ ਦੁਖੀ ਬੂਟਾ ਸਿੰਘ ਨੇ ਆਪਣੀ ਧੀ ਸਮੇਤ ਤੇਜ਼ ਰਫ਼ਤਾਰ ਰੇਲ ਅੱਗੇ ਛਾਲ਼ ਮਾਰ ਦਿੱਤੀ। ਉਸਦੀ ਮੌਤ ਹੋ ਗਈ ਪਰ ਉਸਦੀ ਧੀ ਬਚ ਗਈ। ਪਾਕਿਸਤਾਨੀ ਨੌਜਵਾਨਾਂ ਨੂੰ ਜਦ ਇਹ ਗੱਲ ਪਤਾ ਲੱਗੀ ਤਾਂ ਉਹਨਾਂ ਬੂਟਾ ਸਿੰਘ ਨੂੰ 'ਸ਼ਹੀਦ-ਏ-ਮੁਹੱਬਤ ਬੂਟਾ ਸਿੰਘ' ਕਿਹਾ ’ਤੇ ਉਸਦੇ ਨਾਮ ’ਤੇ ਇਕ ਮੈਮੋਰੀਅਲ ਅਤੇ ਟਰੱਸਟ ਕਾਇਮ ਕੀਤਾ।

ਗੀਤ/ਸੰਗੀਤ

ਫ਼ਿਲਮ ਦੇ ਸੰਗੀਤਕਾਰ ਅਮਰ ਹਲਦੀਪੁਰ ਨੇ ਕਮਾਲ ਦਾ ਸੰਗੀਤ ਦਿੱਤਾ। ਫ਼ਿਲਮ ਦੇ ਗਾਇਕ ਇਹ ਨੇ: ਗੁਰਦਾਸ ਮਾਨ, ਆਸ਼ਾ ਭੋਸਲੇ, ਅਨੁਰਾਧਾ ਪੌਡਵਾਲ, ਨੁਸਰਤ ਫ਼ਤਿਹ ਅਲੀ ਖ਼ਾਨ ਅਤੇ ਕਰਾਮਤ ਅਲੀ ਖ਼ਾਨ ਮਲੇਰ ਕੋਟਲੇ ਵਾਲ਼ੇ। ਫ਼ਿਲਮ ਵਿਚ ਕੁੱਲ ਛੇ ਗੀਤ ਨੇ:

  • ਇਹ ਇਸ਼ਕ ਨੀ ਡਰਦਾ ਮੌਤ ਕੋਲ਼ੋਂ (ਕੱਵਾਲੀ)
    • ਗਾਇਕ: ਕਰਾਮਤ ਅਲੀ ਖ਼ਾਨ
  • ਇਹ ਕੈਸੀ ਰੁੱਤ ਆਈ
    • ਗਾਇਕ: ਗੁਰਦਾਸ ਮਾਨ
  • ਮੇਰੀ ਚੁੰਨੀ ਦਾ ਚਮਕੇ ਗੋਟਾ ਨੀ
    • ਗਾਇਕ: ਆਸ਼ਾ ਭੋਸਲੇ, ਅਨੁਰਾਧਾ ਪੌਡਵਾਲ ਅਤੇ ਗੁਰਦਾਸ ਮਾਨ।
  • ਗੱਡੀਏ ਨੀ ਦੇਰ ਨਾ ਕਰੀਂ
    • ਗਾਇਕ: ਗੁਰਦਾਸ ਮਾਨ
  • ਮੈਂ ਰੋਵਾਂ ਤਰਲੇ ਪਾਵਾਂ
    • ਗਾਇਕ: ਆਸ਼ਾ ਭੋਸਲੇ ਅਤੇ ਗੁਰਦਾਸ ਮਾਨ
  • ਇਸ਼ਕ ਦਾ ਰੁਤਬਾ
    • ਗਾਇਕ: ਨੁਸਰਤ ਫ਼ਤਿਹ ਅਲੀ ਖ਼ਾਨ