ਅਮੀਨਗੜ੍ਹ ਦੀ ਲੜਾਈ ਜੋ ਸਿੱਖਾਂ ਵਿਰੁਧ ਮੁਗ਼ਲਾਂ ਦੀ ਭਾਵੇਂ ਪਹਿਲੀ ਜਿੱਤ ਸੀ ਪਰ ਬਾਦਸ਼ਾਹ ਦੀ ਆਪਣੀ ਭੇਜੀ ਫ਼ੌਜ ਦਾ ਪਹਿਲਾ ਐਕਸ਼ਨ ਤਰਾਵੜੀ ਨੇੜੇ, ਤਕਰੀਬਨ ਉਹਨੀਂ ਦਿਨੀਂ ਹੀ 26 ਅਕਤੂਬਰ, 1710 ਨੂੰ ਹੋਇਆ ਸੀ। ਬਹਾਦਰ ਸ਼ਾਹ ਦੀ ਭੇਜੀ 60 ਹਜ਼ਾਰ ਫ਼ੌਜ ਵਿਚੋਂ ਫ਼ਿਰੋਜ਼ ਖ਼ਾਨ ਮੇਵਾਤੀ ਦੀ ਫ਼ੌਜ ਨੇ ਸਿੱਖਾਂ ਉੱਤੇ ਇਹ ਹਮਲਾ ਤਰਾਵੜੀ ਨੇੜੇ ਜੋ ਕਰਨਾਲ ਤੋਂ 24 ਕਿਲੋਮੀਟਰ ਦੂਰ ਹੈ ਅਮੀਨਗੜ੍ਹ ਹੁਣ ਖੇੜਾ ਅਮੀਨ ਦੀ ਜੂਹ ਵਿੱਚ ਕੀਤਾ ਸੀ। ਸਿੱਖ ਜਰਨੈਲ ਬਿਨੋਦ ਸਿੰਘ ਕੋਲ ਇਸ ਵੇਲੇ ਬਹੁਤ ਥੋੜੀਆਂ ਫ਼ੌਜਾਂ ਤੇ ਮਾਮੂਲੀ ਜਿਹਾ ਅਸਲਾ ਸੀ ਪਰ ਫਿਰ ਵੀ ਉਨ੍ਹਾਂ ਨੇ ਮੁਗ਼ਲਾਂ ਨੂੰ ਜ਼ਬਰਦਸਤ ਟੱਕਰ ਦਿਤੀ। ਪਹਿਲਾਂ ਤਾਂ ਮੁਗ਼ਲ ਫ਼ੌਜਾਂ ਦਾ ਜਰਨੈਲ ਮਹਾਬਤ ਖ਼ਾਨ, ਸਿੱਖਾਂ ਦੇ ਹੱਲੇ ਤੋਂ ਡਰ ਕੇ ਪਿੱਛੇ ਹਟ ਗਿਆ ਪਰ ਫਿਰ ਫ਼ਿਰੋਜ਼ ਖ਼ਾਨ ਮੇਵਾਤੀ ਆਪ ਅੱਗੇ ਵਧਿਆ ਅਤੇ ਸਾਰੀਆਂ ਫ਼ੌਜਾਂ ਨੂੰ ਇੱਕ ਦੰਮ ਹੱਲਾ ਬੋਲਣ ਵਾਸਤੇ ਕਿਹਾ। ਇਸ ਮਗਰੋਂ ਜ਼ਬਰਦਸਤ ਜੰਗ ਹੋਈ। ਹਜ਼ਾਰਾ ਦੀ ਗਿਣਤੀ ਵਿੱਚ ਮੁਗਲ ਫ਼ੌਜਾਂ ਦੇ ਅੱਗੇ ਦੋ-ਚਾਰ ਹਜ਼ਾਰ ਸਿੱਖ ਫ਼ੌਜੀਬਹੁਤੀ ਦੇਰ ਤਕ ਟਿਕ ਨਾ ਸਕੇ। ਇਸ ਮੌਕੇ ਸੈਂਕੜੇ ਸਿੱਖ ਸ਼ਹੀਦ ਹੋ ਗਏ। ਫ਼ਿਰੋਜ਼ ਖ਼ਾਨ ਮੇਵਾਤੀ ਨੇ, ਸ਼ਹੀਦ ਹੋਏ 300 ਸਿੱਖਾਂ ਦੇ ਸਿਰ ਕਟਵਾ ਕੇ ਬਾਦਸ਼ਾਹ ਨੂੰ ਭੇਜੇ ਅਤੇ ਰਾਹੋਂ ਦੇ ਕਿਲ੍ਹੇ ਉੱਤੇ ਸ਼ਮਸ ਖ਼ਾਨ ਅਤੇ ਬਾਇਜ਼ੀਦ ਖ਼ਾਨ ਫ਼ੌਜ ਦਾ ਕਬਜ਼ਾ ਕਰ ਲਿਆ।