ਉਂਕਾਰਪ੍ਰੀਤ

ਕੈਨੇਡੀਅਨ ਪੰਜਾਬੀ ਕਵੀ ਤੇ ਨਾਟਕਕਾਰ

ਓਂਕਾਰਪ੍ਰੀਤ ਕੈਨੇਡਾ ਵਾਸੀ ਪੰਜਾਬੀ ਕਵੀ ਅਤੇ ਨਾਟਕਕਾਰ ਹੈ। ਜੋ ਆਪਣੇ ਦੋ ਨਾਟਕਾਂ ‘ਆਜ਼ਾਦੀ ਦੇ ਜਹਾਜ਼’ ਅਤੇ ‘ਪ੍ਰਗਟਿਓ ਖਾਲਸਾ’ ਨਾਲ ਪਰਵਾਸੀ ਪੰਜਾਬੀ ਨਾਟਕ ਵਿੱਚ ਆਪਣੀ ਪਛਾਣ ਸਥਾਪਿਤ ਕਰ ਚੁੱਕਾ ਹੈ। ਨਾਟਕ ‘ਆਜ਼ਾਦੀ ਦੇ ਜਹਾਜ਼’ ਦੀ ਗੋਂਦ ਕਿਸੇ ਇੱਕ ਇਤਿਹਾਸਕ ਘਟਨਾ ਨੂੰ ਆਪਣੇ ਕਲੇਵਰ ਵਿੱਚ ਨਹੀਂ ਲੈਂਦੀ ਬਲਕਿ ਵਿਭਿੰਨ ਇਤਿਹਾਸਕ ਨਾਇਕਾਂ ਨੂੰ ਇੱਕ ਮੰਚ ਉਪਰ ਇੱਕਠਾ ਕਰਦੀ ਹੈ। ਨਾਟਕ ਵਿੱਚ ਗਿਆਰਾਂ ਵੱਖ-ਵੱਖ ਦ੍ਰਿਸ਼ਾਂ ਨੂੰ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਦੇ ਰਾਹੀਂ ਨਾਟਕਕਾਰ ਜ਼ਿੰਦਗੀ ਦੀਆਂ ਲਹਿਰਾਂ ਵਿੱਚੋਂ ਸਰਾਭੇ ਨੂੰ ਭਾਲਦਾ ਹੈ, ਟੁੰਡੀਲਾਟ ਨੂੰ ਪੁਕਾਰਦਾ ਹੈ, ਗੁਲਾਬ ਕੌਰ ਨੂੰ ਆਵਾਜ਼ਾਂ ਮਾਰਦਾ ਹੈ ਅਤੇ ਭਗਤ ਸਿੰਘ ਲਈ ਤੜਪਦਾ ਹੈ। ਇਹ ਨਾਟਕ ਗੁਲਾਮ ਕਰਨ ਵਾਲੀਆਂ ਤਾਕਤਾਂ ਦੇ ਵਿਰੋਧ ਵਿੱਚ ਹੈ। ਇਸ ਨਾਟਕ ਵਿੱਚ ਪਾਤਰਾਂ ਵੱਲੋਂ ਦੇਸ਼ ਦੀ ਆਜ਼ਾਦੀ ਲਈ ਫਰੰਗੀਆਂ ਵੱਲੋਂ ਕੀਤੇ ਅੱਤਿਆਚਾਰ ਦੇ ਵਿਰੁੱਧ ਆਵਾਜ਼ ਉਠਾਈ ਗਈ ਹੈ। ਨਾਟਕਕਾਰ ਨੇ ਇਤਿਹਾਸਕ ਘਟਨਾਵਾਂ ਵਿੱਚ ਬਹੁਤ ਹੀ ਬਾਰੀਕੀ ਨਾਲ ਕਲਾਪਨਿਕ ਪਾਤਰਾਂ ਨੂੰ ਸ਼ਾਮਿਲ ਕਰਕੇ ਨਾਟਕ ਦੀ ਸਿਰਜਣਾ ਕੀਤੀ ਹੈ। ਨਾਟਕ ਭਾਵੇਂ ਵੱਖੋ ਵਖਰੀਆਂ ਇਤਿਹਾਸਕ ਘਟਨਾਵਾਂ ਦੇ ਨਾਲ ਸੰਬੰਧਿਤ ਹੈ ਪਰੰਤੂ ਇਸ ਵਿੱਚ ਸ਼ਾਮਿਲ ਸਾਰੇ ਪਾਤਰ ਇਤਿਹਾਸਕ ਨਹੀਂ ਹੈ। ਨਾਟਕ ਦਾ ਗਹਿਨ ਅਧਿਐਨ ਕਰਨ ਉਪਰੰਤ ਇਹ ਤੱਥ ਉਭਰ ਕਿ ਸਾਹਮਣੇ ਆਉਂਦਾ ਹੈ ਕਿ ਨਾਟਕਕਾਰ ਦਾ ਮੂਲ ਉਦੇਸ਼ ਲੋਕਾਂ ਨੂੰ ਆਜ਼ਾਦੀ ਦੇ ਲਈ ਦਿੱਤੇ ਗਏ ਬਲੀਦਾਨ, ਸ਼ਹੀਦਾਂ ਦੀ ਦਿਨ-ਰਾਤ ਦੀ ਮਿਹਨਤ ਦਾ ਅਹਿਸਾਸ ਕਰਵਾਉਣਾ ਹੈ। ‘ਪ੍ਰਗਟਿਓ ਖਾਲਸਾ’ ਨਾਟਕ ਵਰਤਮਾਨ ਪੰਜਾਬ ਦੀ ਗੱਲ ਕਰਦਾ ਹੋਇਆ ਮਨੁੱਖੀ ਕਦਰਾਂ ਕੀਮਤਾਂ ਦੀ ਗੱਲ ਕਰਦਾ ਹੈ।