ਕੈਪਟਨ ਅਮੈਰਿਕਾ: ਸਿਵਿਲ ਵੌਰ

ਕੈਪਟਨ ਅਮਰੀਕਾ: ਸਿਵਿਲ ਵਾਰ 2016 ਦੀ ਇੱਕ ਅਮਰੀਕੀ ਸੁਪਰਹੀਰੋ ਫਿਲਮ ਹੈ, ਜਿਹੜੀ ਕਿ ਮਾਰਵਲ ਕੌਮਿਕਸ ਦੇ ਕੈਪਟਨ ਅਮੈਰਿਕਾ 'ਤੇ ਅਧਾਰਤ ਹੈ, ਇਸ ਫਿਲਮ ਨੂੰ ਮਾਰਵਲ ਸਟੂਡੀਓਜ਼ ਨੇ ਬਣਾਇਆ ਅਤੇ ਵਾਲਟ ਡਿਜ਼ਨੀ ਸਟੂਡੀਓਜ਼ ਮੋਸ਼ਨ ਪਿਕਚਰਜ਼ ਨੇ ਵੰਡਿਆ ਹੈ। ਇਹ ਕੈਪਟਨ ਅਮਰੀਕਾ: ਦ ਫਰਸਟ ਅਵੈਂਜਰਜ਼ (2011) ਅਤੇ ਕੈਪਟਨ ਅਮਰੀਕਾ ਦ ਵਿੰਟਰ ਸੋਲਜਰ (2014) ਦਾ ਤੀਜਾ ਭਾਗ ਅਤੇ ਮਾਰਵਲ ਸਿਨੇਮੈਟਿਕ ਯੁਨੀਵਰਸ ਦੀ ਤੇਰਵੀਂ ਫ਼ਿਲਮ ਹੈ। ਇਹ ਫਿਲਮ ਐਂਥਨੀ ਅਤੇ ਜੋ ਰੂਸੋ ਵਲੋਂ ਨਿਰਦੇਸ਼ਤ ਅਤੇ ਕ੍ਰਿਸਟੋਫਰ ਮਾਰਕਸ ਅਤੇ ਸਟੀਫਨ ਮੈਕਫੀਲਿ ਦੀ ਲੇਖਣੀ ਟੀਮ ਵਲੋਂ ਲਿਖੀ ਗਈ ਹੈ। ਇਸ ਫਿਲਮ ਵਿੱਚ ਕ੍ਰਿਸ ਐਂਵਨਜ਼ ਨੇ ਸਟੀਵ ਰੌਜਰਜ਼ / ਕੈਪਟਨ ਅਮਰੀਕਾ ਦਾ ਕਿਰਦਾਰ ਕੀਤਾ ਹੈ ਅਤੇ ਨਾਲ-ਨਾਲ ਇਸ ਵਿੱਚ ਰੌਬਰਟ ਡਾਉਨੀ ਜੂਨੀਅਰ, ਸਕਾਰਲੈਟ ਜੋਹੈਨਸਨ, ਸਿਬਾਸਤੀਅਨ ਸਟੈਨ, ਐਂਥਨੀ ਮੇਕੀ, ਡੌਨ ਚੀਡਲ, ਜੈਰੇਮੀ ਰੈਨਰ, ਚੈਡਵਿਕ ਬੌਸਮੈਨ, ਪੌਲ ਬੈਟਨੀ, ਐਲਿਜ਼ਾਬੈਥ ਓਲਸਨ, ਪੌਲ ਰੱਡ , ਐਮਿਲੀ ਵੈਨਕੈਂਪ, ਟੌਮ ਹੌਲੈਂਡ, ਫਰੈਂਕ ਗਰਿਲੋ, ਵਿਲੀਅਮ ਹਰਟ ਅਤੇ ਡੈਨੀਅਲ ਬ੍ਰਹਲ ਵੀ ਹਨ। ਕੈਪਟਨ ਅਮਰੀਕਾ: ਸਿਵਿਲ ਵਾਰ ਵਿੱਚ, ਅਵੈਂਜਰਜ਼ ਉੱਤੇ ਕੌਮਾਂਤਰੀ ਨਿਗਰਾਨੀ ਦੇ ਮਤਭੇਦ ਕਾਰਣ ਟੀਮ ਦੋ ਹਿਸਿਆਂ ਵਿੱਚ ਵੰਡੀ ਜਾਂਦੀ ਹੈ, ਇੱਕ ਦੀ ਅਗਵਾਈ ਨੂੰ ਸਟੀਵ ਰੌਜਰਜ਼ ਅਤੇ ਦੂਜੇ ਹਿੱਸੇ ਦੀ ਅਗਵਾਈ ਟੋਨੀ ਸਟਾਰਕ ਕਰਦਾ ਹੈ।

ਕੈਪਟਨ ਅਮਰੀਕਾ: ਸਿਵਿਲ ਵਾਰ ਦਾ ਵਰਲਡ ਪ੍ਰੀਮੀਅਰ ਲੌਸ ਐਂਜਲਸ ਵਿੱਚ 12 ਅਪ੍ਰੈਲ 2016 ਨੂੰ ਹੋਇਆ ਸੀ ਅਤੇ ਇਹ ਫਿਲਮ ਸੰਯੁਕਤ ਰਾਜ ਅਮਰੀਕਾ ਵਿੱਚ 6 ਮਈ 2016 ਨੂੰ ਰਿਲੀਜ਼ ਹੋਈ ਸੀ।

ਸਾਰ ਸੋਧੋ

1991 ਵਿੱਚ, ਦਿਮਾਗ ਧੋਤਾ ਸੂਪਰ-ਸੋਲਜਰ ਜੇਮਜ਼ "ਬੱਕੀ" ਬਾਰਨਜ਼ ਨੂੰ ਸਾਈਬੇਰੀਆ ਵਿੱਚ ਇੱਕ ਹਾਈਡਰਾ ਦੇ ਅੱਡੇ ਤੋਂ ਇੱਕ ਗੱਡੀ ਦਾ ਪਿੱਛਾ ਕਰਨ ਲਈ ਭੇਜਿਆ ਗਿਆ, ਜਿਸ ਵਿੱਚ ਸੂਪਰ-ਸੋਲਜਰ ਸੀਰਮ ਸੀ। ਮੌਜੂਦਾ ਵੇਲੇ ਵਿੱਚ, ਅਲਟ੍ਰੌਂਨ ਦੀ ਮੌਤ ਦੇ ਤਕਰੀਬਨ ਇੱਕ ਵਰ੍ਹੇ ਬਾਅਦ ਸਟੀਵ ਰੌਜਰਜ਼, ਨਟੈਸ਼ਾ ਰੋਮੈਨਔਫ਼, ਸੈਮ ਵਿਲਸਨ, ਅਤੇ ਵੌਂਡਾ ਮੈਕਸੀਮੌਫ ਲੈਗੋਸ ਵਿੱਚ ਬਰੌਕ ਰਮਲੋ ਨੂੰ ਇੱਕ ਬਾਇਓਲੌਜੀਕਲ ਹਥਿਆਰ ਚੋਰੀ ਕਰਨ ਤੋਂ ਰੋਕਦੇ ਹਨ। ਰਮਲੋ ਆਪਣੇ ਆਪ ਨੂੰ ਬੰਬ ਨਾਲ ਮਾਰਨ ਦਾ ਜਤਨ ਕਰਦਾ ਹੈ ਤਾਂ ਕਿ ਉਸ ਦੇ ਨਾਲ-ਨਾਲ ਸਟੀਵ ਵੀ ਮਰ ਜਾਏ। ਮੈਕਸੀਮੌਫ ਟੈਲੀਕਾਈਨੈਟਿਕਸ ਨਾਲ ਉਸ ਬੰਬ ਨੂੰ ਗ਼ਲਤੀ ਨਾਲ ਹੋਰ ਇਮਾਰਤ ਵਲ ਨੂੰ ਮੋੜ ਦਿੰਦੀ ਹੈ, ਜਿਸ ਕਾਰਣ ਵਕਾਂਡਾ ਦੇ ਕਈ ਮਾਨਵਤਾਵਾਦੀ ਕਰਮਚਾਰੀ ਮਰ ਜਾਂਦੇ ਹਨ।

ਸੰਯੁਕਤ ਰਾਜ ਦਾ ਸਕੱਤਰ ਥੇਡੀਅਸ ਰੌਸ, ਅਵੈਂਜਰਜ਼ ਨੂੰ ਦਸਦਾ ਹੈ ਕਿ ਯੂ.ਐਨ. ਸੋਕੋਵੀਆ ਸਮਝੌਤਾ ਪਾਸ ਕਰਨ ਦੀ ਤਾਕ ਵਿੱਚ ਹੈ, ਜੀਹਦੇ ਨਾਲ ਇੱਕ ਯੂ.ਐਨ. ਦੀ ਕਮੇਟੀ ਅਵੈਂਜਰਜ਼ 'ਤੇ ਨਿਗਾਹ ਰੱਖੇਗੀ। ਜਿਸ ਕਾਰਣ ਅਵੈਂਜਰਜ਼ ਆਪਸ ਵਿੱਚ ਵੰਡੇ ਜਾਂਦੇ ਹਨ: ਟੋਨੀ ਸਟਾਰਕ ਅਲਟ੍ਰੌਂਨ ਨੂੰ ਬਣਾਉਣ ਅਤੇ ਸੋਕੋਵੀਆ ਦੀ ਭੰਨਤੋੜ ਕਾਰਣ ਇਸ ਦੀ ਹਮਾਇਤ ਕਰਦਾ ਹੈ, ਪਰ ਸਟੀਵ ਰੌਜਰਜ਼ ਆਖਦਾ ਹੈ ਕਿ ਉਸ ਨੂੰ ਸਿਆਸਤਦਾਨਾਂ ਨਾਲ਼ੋਂ ਆਪਣੇ ਫੈਸਲਿਆਂ 'ਤੇ ਵੱਧ ਭਰੋਸਾ ਹੈ। ਉਸ ਸਮੇਂ ਹੈਲਮਟ ਜ਼ੀਮੋ ਬੱਕੀ ਬਾਰਨਜ਼ ਦੇ ਪੁਰਾਣੇ ਹੈਂਡਲਰ ਨੂੰ ਲੱਭ ਕੇ ਮਾਰ ਦਿੰਦਾ ਹੈ ਅਤੇ ਇੱਕ ਕਾਪੀ ਚੋਰੀ ਕਰ ਲੈਂਦਾ ਜਿਹਦੇ ਵਿੱਚ ਉਹ ਲਫ਼ਜ਼ ਲਿਖੇ ਹਨ ਜਿਸ ਨਾਲ਼ ਬੱਕੀ ਦੇ ਦਿਮਾਗ 'ਤੇ ਕਾਬੂ ਕੀਤਾ ਜਾ ਸਕਦਾ ਹੈ। ਵੀਐਨਾ ਵਿੱਚ ਇੱਕ ਕਾਨਫਰੰਸ ਵਿੱਚ ਜਿੱਥੇ ਕੀ ਸੋਕੋਵੀਆ ਸਮਝੌਤੇ ਨੂੰ ਪਰਵਾਨਗੀ ਦੇਣੀ ਹੁੰਦੀ ਹੈ, ਇੱਕ ਬੰਬ ਕਾਰਣ ਵਕਾਂਡਾ ਦੇ ਰਾਜਾ ਟ'ਚਾਕਾ ਦੀ ਮੌਤ ਹੋ ਜਾਂਦੀ ਹੈ। ਸੁਰੱਖਿਆ ਤਸਵੀਰਾਂ ਨਾਲ ਇਹ ਲੱਗਦਾ ਹੈ ਕਿ ਬੰਬ ਸੁੱਟਣ ਵਾਲ਼ਾ ਬੰਦਾ ਬੱਕੀ ਬਾਰਨਜ਼ ਸੀ ਅਤੇ ਟ'ਚਾਕਾ ਦਾ ਪੁੱਤ ਟ'ਚਾਲਾ ਉਸ ਨੂੰ ਮਾਰਨ ਦੀ ਸਹੁੰ ਖਾਂਦਾ ਹੈ। ਸ਼ੇਰਨ ਕਾਰਟਰ ਸਟੀਵ ਰੌਜਰਜ਼ ਨੂੰ ਬੱਕੀ ਦਾ ਪਤਾ ਅਤੇ ਹਕੂਮਤ ਦੀ ਬੱਕੀ ਨੂੰ ਮਾਰਨ ਦੀ ਨੀਅਤ ਬਾਰੇ ਦਸਦੀ ਹੈ, ਸਟੀਵ ਆਪਣੇ ਬਚਪਨ ਦੇ ਯਾਰ ਬੱਕੀ ਨੂੰ ਆਪਣੇ ਕੋਲ਼ ਲਿਆਉਣ ਦਾ ਸੋਚਦਾ ਹੈ। ਸੈਮ ਅਤੇ ਸਟੀਵ ਨੂੰ ਪਤਾ ਲੱਗਦਾ ਹੈ ਕਿ ਬੱਕੀ ਬੁਖ਼ਾਰੈਸਟ, ਰੋਮਾਨੀਆ ਵਿੱਚ ਹੈ ਅਤੇ ਉਹ ਉਸ ਨੂੰ ਟ'ਚਾਲਾ ਅਤੇ ਹਕੂਮਤਾਂ ਤੋਂ ਬਚਾਉਣ ਦਾ ਜਤਨ ਕਰਦੇ ਹਨ, ਪਰ ਸਟੀਵ, ਬੱਕੀ, ਸੈਮ ਅਤੇ ਟ'ਚਾਲਾ ਨੂੰ ਬੁਖ਼ਾਰੈਸਟ ਪੁਲਸ ਜੇਮਜ਼ ਰ੍ਹੌਡਸ ਦੀ ਮਦਦ ਨਾਲ਼ ਗਿਰਫ਼ਤਾਰ ਕਰ ਲੈਂਦੀ ਹੈ।

ਜਿਸ ਬੰਦੇ ਨੂੰ ਬੱਕੀ ਦਾ ਇੰਟਰਵਿਊ ਲੈਣ ਵਾਸਤੇ ਭੇਜਿਆ ਸੀ ਉਸ ਦੀ ਥਾਂ ਜ਼ੀਮੋ ਚਲਿਆ ਜਾਂਦਾ ਹੈ ਅਤੇ ਉਹ ਲਫ਼ਜ਼ ਬੋਲਣ ਲੱਗ ਪੈਂਦਾ ਹੈ ਜਿਹਨਾਂ ਨਾਲ਼ ਬੱਕੀ ਦੇ ਦਿਮਾਗ 'ਤੇ ਕਾਬੂ ਪਾਇਆ ਜਾ ਸਕਦਾ ਹੈ ਅਤੇ ਉਹ ਉਹਨਾਂ ਲਫ਼ਜ਼ਾਂ ਨੂੰ ਬੋਲ-ਬੋਲ ਕੇ ਉਸ ਦੇ ਦਿਮਾਗ ਨੂੰ ਆਪਣੇ ਕਾਬੂ ਵਿੱਚ ਕਰ ਲੈਂਦਾ ਹੈ। ਜ਼ੀਮੋ ਬੱਕੀ ਕੋਲ਼ੋਂ ਹੜਕੰਪ ਮਚਾ ਦਿੰਦਾ ਹੈ ਅਤੇ ਇਸ ਦਾ ਲਾਹਾ ਲੈਕੇ ਆਪ ਓਥੋਂ ਭੱਜ ਜਾਂਦਾ ਹੈ। ਸਟੀਵ ਬੱਕੀ ਨੂੰ ਰੋਕਦਾ ਹੈ ਅਤੇ ਉਸ ਨੂੰ ਪਰੇ ਲੈ ਜਾਂਦਾ ਹੈ। ਜਦੋਂ ਬੱਕੀ ਨੂੰ ਹੋਸ਼ ਆਉਂਦਾ ਹੈ ਤਾਂ ਉਹ ਦਸਦਾ ਹੈ ਕਿ ਵੀਐਨਾ ਵਿੱਚ ਬੰਬ ਸੁੱਟਣ ਵਾਲ਼ਾ ਬੰਦਾ ਜ਼ੀਮੋ ਹੀ ਸੀ ਅਤੇ ਉਹ ਸਾਈਬੇਰੀਆ ਵਿੱਚ ਹਾਈਡਰਾ ਦੇ ਅੱਡੇ ਦਾ ਪਤਾ ਚਾਹੁੰਦਾ ਸੀ, ਜਿਥੇ ਬਾਕੀ ਦੇ "ਵਿੰਟਰ ਸੋਲਜਰਜ਼" ਨੂੰ ਬਰਫ਼ ਵਿੱਚ ਜਮ੍ਹਾਂ ਕੇ ਰੱਖਿਆ ਹੋਇਆ ਹੈ। ਜ਼ੀਮੋ ਨਾਲ਼ ਲੜਨ ਦੀ ਮਨਜ਼ੂਰੀ ਦੀ ਊਡੀਕ ਨਾ ਕਰਦਿਆਂ ਹੋਇਆਂ ਸਟੀਵ ਅਤੇ ਸੈਮ ਆਪਣੀ ਮਰਜ਼ੀ ਕਰਦੇ ਹਨ ਅਤੇ ਵੌਂਡਾ, ਕਲਿੰਟ ਬਾਰਟਨ, ਅਤੇ ਸਕੌਟ ਲੈਂਗ ਨੂੰ ਆਪਣੀ ਟੀਮ ਵਿੱਚ ਭਰਤੀ ਕਰਦੇ ਹਨ। ਥੇਡੀਅਸ ਰੌਸ ਦੀ ਮਨਜ਼ੂਰੀ ਨਾਲ਼ ਟੋਨੀ, ਨਟੈਸ਼ਾ ਰੋਮੈਨਔਫ਼, ਟ'ਚਾਲਾ, ਜੇਮਜ਼ ਰ੍ਹੋਡਸ, ਵਿਜ਼ਨ, ਅਤੇ ਪੀਟਰ ਪਾਰਕਰ ਨੂੰ ਆਪਣੀ ਟੀਮ ਵਿੱਚ ਭਰਤੀ ਕਰਦਾ ਹੈ ਅਤੇ ਸਟੀਵ ਦੀ ਟੀਮ ਨੂੰ ਫੜਣ ਲਈ ਚਲ ਪੈਂਦੇ ਹਨ। ਟੋਨੀ ਦੀ ਟੀਮ ਦਾ ਸਟੀਵ ਦੀ ਟੀਮ ਨਾਲ਼ ਟਾਕਰਾ ਲਾਇਪਜ਼੍ਹਿਗ/ਹੇਲ ਹਵਾਈ ਅੱਡੇ 'ਤੇ ਹੁੰਦਾ ਹੈ, ਜਿਥੇ ਉਨ੍ਹਾਂ ਦੀ ਲੜਾਈ ਹੁੰਦੀ ਹੈ ਅਤੇ ਅੰਤ ਵਿੱਚ ਨਟੈਸ਼ਾ ਸਟੀਵ ਅਤੇ ਬੱਕੀ ਨੂੰ ਜਾਣ ਦਿੰਦੀ ਹੈ। ਸਟੀਵ ਦੀ ਬਾਕੀ ਟੀਮ ਨੂੰ ਗਿਰਫ਼ਤਾਰ ਕਰ ਲਿਆ ਜਾਂਦਾ ਹੈ ਅਤੇ ਰਾਫਟ ਕੈਦ ਵਿੱਚ ਕੈਦ ਕਰ ਦਿੱਤਾ ਜਾਂਦਾ ਹੈ, ਅਤੇ ਰ੍ਹੋਡਸ ਨੂੰ ਅਧਰੰਗ ਹੋ ਜਾਂਦਾ ਹੈ ਜਦੋਂ ਵਿਜ਼ਨ ਉਸ ਤੇ ਗ਼ਲਤੀ ਨਾਲ਼ ਹਮਲਾ ਕਰ ਦਿੰਦਾ ਹੈ, ਅਤੇ ਨਟੈਸ਼ਾ ਜਲਾਵਤਨ 'ਤੇ ਚਲੀ ਜਾਂਦੀ ਹੈ।

ਟੋਨੀ ਦੇ ਹੱਥ ਕੁੱਝ ਸਬੂਤ ਲੱਗਦੇ ਹਨ ਜਿਸ ਨਾਲ ਉਸ ਨੂੰ ਪਤਾ ਲੱਗਦਾ ਹੈ ਕਿ ਜ਼ੀਮੋ ਨੇ ਬੱਕੀ ਨੂੰ ਫਸਾਇਆ ਹੈ ਅਤੇ ਉਹ ਸੈਮ ਕੋਲ਼ੋਂ ਉਹ ਸਟੀਵ ਕਿਥੇ ਗਿਆ ਹੈ ਪਤਾ ਕਰ ਲੈਂਦਾ ਹੈ। ਥੇਡੀਅਸ ਰੌਸ ਨੂੰ ਦੱਸੇ ਬਿਨਾਂ ਟੋਨੀ ਸਾਈਬੇਰੀਆ ਵਿੱਚ ਹਾਈਡਰਾ ਦੇ ਅੱਡੇ 'ਤੇ ਚਲਿਆ ਜਾਂਦਾ ਹੈ ਅਤੇ ਸਟੀਵ ਅਤੇ ਬੱਕੀ ਨਾਲ ਨਾ ਲੜਨ ਦਾ ਸਮਝੌਤਾ ਕਰਦਾ ਹੈ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਟ'ਚਾਲਾ ਉਨ੍ਹਾਂ ਦਾ ਪਿੱਛਾ ਕਰਦਾ ਪਿਆ ਹੈ। ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਬਾਕੀ ਦੇ ਸੂਪਰ ਸੋਲਜਰਜ਼ ਜ਼ੀਮੋ ਨੇ ਮਾਰ ਦਿੱਤੇ ਹਨ ਅਤੇ ਉਹ ਉਨ੍ਹਾਂ ਨੂੰ ਇੱਕ ਵੀਡੀਓ ਵਿਖਾਉਂਦਾ ਹੈ, ਜਿਸ ਵਿੱਚ ਪਤਾ ਲੱਗਦਾ ਹੈ ਕਿ ਜਿਹੜੀ ਗੱਡੀ ਦਾ ਪਿੱਛਾ 1991 ਵਿੱਚ ਬੱਕੀ ਕਰਦਾ ਹੁੰਦਾ ਹੈ ਉਹ ਸਟਾਰਕ ਦੇ ਬੇਬੇ-ਬਾਪੂ ਹੁੰਦੇ ਹਨ, ਜਿਨ੍ਹਾਂ ਨੂੰ ਬੱਕੀ ਮਾਰ ਦਿੰਦਾ ਹੈ। ਟੋਨੀ ਨੂੰ ਇਸ ਚੀਜ਼ ਦਾ ਗੁੱਸਾ ਚੜ੍ਹਦਾ ਹੈ ਕਿ ਸਟੀਵ ਨੇ ਇਹ ਗੱਲ ਉਸਨੂੰ ਕਦੇ ਨਹੀਂ ਦੱਸੀ, ਜਿਸ ਕਾਰਣ ਟੋਨੀ ਸਟੀਵ ਅਤੇ ਬੱਕੀ ਦੋਹਾਂ ਨਾਲ਼ ਲੜ ਪੈਂਦਾ ਹੈ। ਜਿਸ ਵਿੱਚ ਟੋਨੀ ਬੱਕੀ ਦੀ ਰੋਬੌਟਿਕ ਬਾਂਹ ਤੋੜ ਦਿੰਦਾ ਹੈ ਅਤੇ ਸਟੀਵ ਟੋਨੀ ਦਾ ਸੂਟ ਭੰਨ ਦਿੰਦਾ ਹੈ। ਸਟੀਵ ਆਪਣੀ ਢਾਲ ਉਥੇ ਛੱਡ ਕੇ ਬੱਕੀ ਨਾਲ਼ ਚਲਿਆ ਜਾਂਦਾ ਹੈ। ਅਵੈਂਜਰਜ਼ ਨੂੰ ਆਪਸ ਵਿੱਚ ਤੋੜ ਕੇ ਜ਼ੀਮੋ ਸੋਚਦਾ ਹੈ ਕਿ ਉਸ ਨੇ ਆਪਣੇ ਟੱਬਰ ਦੀ ਸੋਕੋਵੀਆ ਵਿੱਚ ਹੋਈ ਮੌਤ ਦਾ ਬਦਲਾ ਲੈ ਲਿਆ ਹੈ ਅਤੇ ਉਹ ਆਪ ਹੁਣ ਖੁਦਕੁਸ਼ੀ ਕਰਨ ਲੱਗਦਾ ਹੈ ਪਰ ਟ'ਚਾਲਾ ਉਸ ਨੂੰ ਰੋਕਦਾ ਹੈ ਅਤੇ ਅਥਾਰਟੀਆਂ ਕੋਲ਼ ਲੈ ਜਾਂਦਾ ਹੈ।


ਹਵਾਲੇ ਸੋਧੋ