ਸ਼ਗਨ ਜਾਂ ਮੰਗਣਾ: ਅੱਜ ਤੋਂ ਤਕਰੀਬਨ 20-25 ਸਾਲ ਪਹਿਲਾਂ ਵਿਆਹ ਤੋਂ ਇਕ-ਦੋ ਸਾਲ ਜਾਂ ਫਿਰ ਇਸ ਤੋਂ ਵੀ ਵੱਧ ਸਾਲ ਕੁੜੀ ਵਾਲੇ ਮੁੰਡੇ ਨੂੰ ਮੰਗਣਾ ਭਾਵ (ਸਾਕ) ਰੋਕ ਕਰਨ ਜਾਇਆ ਕਰਦੇ ਸਨ। ਇਹ ਰਸਮ ਦੁਪਹਿਰ ਤੋਂ ਬਾਅਦ ਦੋ-ਤਿੰਨ ਵਜੇ ਦੇ ਦਰਮਿਆਨ ਹੋਇਆ ਕਰਦੀ ਸੀ। ਇਸ ਵਿੱਚ ਕੁੜੀ ਵਾਲੇ 15-20 ਲੋਕ ਕੁੜੀ ਦੇ ਚਾਚੇ-ਤਾਏ, ਮਾਮੇ, ਫੁੱਫੜ, ਪਿੰਡ ਦੇ ਮੋਹਤਬਰ, ਸ਼ਰੀਕੇ-ਕਬੀਲੇ ਦੇ ਲੋਕ ਮੁੰਡੇ ਦੇ ਘਰ ਰਿਸ਼ਤਾ ਕਰਨ ਲਈ ਜਾਂਦੇ ਸਨ। ਅੱਜ ਦੀ ਤਰ੍ਹਾਂ ਕੁੜੀ ਜਾਂ ਮੁੰਡਾ ਇੱਕ-ਦੂਜੇ ਨੂੰ ਨਹੀਂ ਸਨ ਦੇਖਦੇ ਸਿਰਫ਼ ਕੁੜੀ ਦੇ ਰਿਸ਼ਤੇਦਾਰ ਜਾਂ ਪਿਤਾ-ਦਾਦਾ ਆਪ ਦੇਖ ਕੇ ਰਿਸ਼ਤਾ ਪੱਕਾ ਕਰ ਦਿੰਦੇ ਸਨ।

ਮੁੰਡੇ ਦੀ ਤਿਆਰੀ ਸੋਧੋ

ਮੁੰਡੇ ਵਾਲੇ ਘਰ ਇਸ ਰਸਮ ਦੀ ਤਿਆਰੀ ਬੜੇ ਜ਼ੋਰਾਂ-ਸ਼ੋਰਾਂ ਨਾਲ ਕੀਤੀ ਜਾਂਦੀ ਸੀ। ਵਿਆਹ ਦੀ ਤਰ੍ਹਾਂ ਹੀ ਮੁੰਡੇ ਦੇ ਸਾਰੇ ਰਿਸ਼ਤੇਦਾਰ, ਸਾਕ-ਸਬੰਧੀ ਇਕੱਠੇ ਹੋ ਕੇ ਇਸ ਖ਼ੁਸ਼ੀ ਮੌਕੇ ਨੂੰ ਚਾਰ ਚੰਨ ਲਾਉਂਦੇ। ਕੋਠੇ ਉੱਤੇ ਦੋ ਮੰਜੇ ਜੋੜ ਕੇ ਸਪੀਕਰ ਲਾਇਆ ਜਾਂਦਾ। ਪਿੰਡ ਦੇ ਮੋਹਤਬਰ ਸ਼ਰੀਕੇ-ਕਬੀਲੇ, ਪੰਚਾਂ-ਸਰਪੰਚਾਂ ਤੋਂ ਬਿਨਾਂ ਆਂਢ-ਗੁਆਂਢ ਭਾਈਚਾਰੇ ਦੀਆਂ ਔਰਤਾਂ-ਕੁੜੀਆਂ ਵੀ ਇਸ ਰਸਮ ਵਿੱਚ ਸ਼ਾਮਲ ਹੁੰਦੀਆਂ। ਮੰਗਣੇ ਵਾਲੇ ਮੁੰਡੇ ਨੂੰ ਬਹੁਤ ਸਜਾ-ਸੰਵਾਰ ਕੇ ਖ਼ੂਬਸੂਰਤ ਪਟੜਾ ਜਾਂ ਕੁਰਸੀ ਉੱਤੇ ਬਿਠਾ ਦਿੱਤਾ ਜਾਂਦਾ। ਪੁਰਾਣੇ ਰਵਾਇਤੀ ਹੱਥਾਂ ਦੀਆਂ ਕਢਾਈ ਕੀਤੀਆਂ ਚਾਦਰਾਂ, ਫੁਲਕਾਰੀਆਂ ਲਾ ਕੇ ਮੁੰਡੇ ਦੀਆਂ ਭੈਣਾਂ ਇਸ ਨੂੰ ਐਨਾ ਸਜਾਉਂਦੀਆਂ ਕਿ ਦੇਖਣ ਵਾਲਾ ਹੈਰਾਨ ਰਹਿ ਜਾਂਦਾ।

ਖੁੱਲ੍ਹੇ ਵਿਹੜੇ ਵਿੱਚ ਰਸਮ ਸੋਧੋ

ਇਸ ਤੋਂ ਬਾਅਦ ਸਾਰੇ ਲੋਕ ਖੁੱਲ੍ਹੇ ਵਿਹੜੇ ਵਿੱਚ ਇਕੱਠੇ ਹੋ ਕੇ ਇਹ ਰਸਮ ਸ਼ੁਰੂ ਕਰਦੇ। ਆਪਣੀ ਹੈਸੀਅਤ ਅਨੁਸਾਰ ਕੁੜੀ ਵਾਲੇ ਸੋਨੇ ਦੀ ਮੋਹਰ ਜਾਂ ਚਾਂਦੀ ਦਾ ਸਿੱਕਾ ਮੁੰਡੇ ਦੇ ਹੱਥ ਟਿਕਾ ਕੇ ਸ਼ਗਨ ਕਰਦੇ ਤੇ ਉਸ ਤੋਂ ਬਾਅਦ ਬਾਕੀ ਲੋਕ ਕੁੜੀਆਂ ਤੇ ਔਰਤਾਂ ਘਰ ਆਏ ਮਹਿਮਾਨਾਂ ਦਾ ਸਵਾਗਤ ਗੀਤ ਗਾ ਕੇ ਕਰਦੀਆਂ ਤੇ ਘਰ ਦੇ ਮੋਹਰੀ ਨੂੰ ਸੰਬੋਧਨ ਕਰਦੇ ਗਾਉਂਦੀਆਂ:

ਪਹਿਲਾ ਵਾਲਾ ਸਮਾਂ ਸੋਧੋ

ਸ਼ਗਨ ਜਿਸ ਨੂੰ ਰੋਪਨਾ ਕਿਹਾ ਜਾਂਦਾ ਸੀ। ਬਾਰਾਂ ਕੁ ਵਜੇ ਦੇ ਕਰੀਬ ਰੋਪਨਾ ਵਾਲੇ ਘਰ ’ਚ ਕੋਠੇ ’ਤੇ ਮੰਜੇ ਜੋੜ ਕੇ ਲਗਾਏ ਸਪੀਕਰ ’ਚੋਂ ਸਭਿਅਕ ਗੀਤ ਵੱਜਣੇ ਸ਼ੁਰੂ ਹੋ ਜਾਂਦੇ ਅਤੇ ਸਾਰਾ ਪਿੰਡ ਲੜਕੇ ਦੀ ਰੋਪਨਾ ਦੇ ਚਾਅ ’ਚ ਰੰਗਿਆ ਜਾਂਦਾ। ਢਾਈ ਕੁ ਵਜੇ ਸਪੀਕਰ ਬੰਦ ਹੋ ਜਾਂਦਾ ਅਤੇ ਲੜਕੀ ਵਾਲੇ ਸ਼ਗਨ ਪਾਉਣ ਲਈ ਪੁੱਜ ਜਾਂਦੇ। ਨੌਜਵਾਨ ਨੂੰ ਪਿੰਡ ਵਾਸੀਆਂ ਦੀ ਭਰਵੀਂ ਹਾਜ਼ਰੀ ’ਚ ਜ਼ਮੀਨ ’ਤੇ ਚੜ੍ਹਦੇ ਵਾਲੇ ਪਾਸੇ ਮੂੰਹ ਕਰਵਾ ਕੇ ਬੈਠਾਉਣ ਲਈ ਭੈਣ ਜਾਂ ਭਰਜਾਈ ਦੁਆਰਾ ਕੱਢੀ ਗਈ ਖੂਬਸੂਰਤ ਚਾਦਰ ਵਿਛਾ ਦਿੱਤੀ ਜਾਂਦੀ ਜਾਂ ਫਿਰ ਸਜਾ ਕੇ ਕੁਰਸੀ ਰੱਖ ਦਿੱਤੀ ਜਾਂਦੀ। ਜਿਉਂ ਹੀ ਗੱਭਰੂ ਇਕੱਠ ’ਚ ਨਿਸ਼ਚਤ ਕੀਤੀ ਜਗ੍ਹਾ ’ਤੇ ਆ ਕੇ ਬੈਠ ਜਾਂਦਾ ਤਾਂ ਲੜਕੀ ਵਾਲੇ ਸ਼ਗਨ ਦੀ ਰਸਮ ਸ਼ੁਰੂ ਕਰਦੇ। ਪੰਜ ਜਾਂ ਸੱਤ ਥਾਲਾਂ ’ਚ ਨਾਭੀ ਰੰਗ ਦੇ ਰੁਮਾਲਾਂ ਨਾਲ ਢੱਕ ਕੇ ਰੋਪਨਾ ਲਈ ਸਮੱਗਰੀ ਲਿਆਂਦੀ ਜਾਂਦੀ। ਲੜਕੀ ਦਾ ਪਿਤਾ ਗੱਭਰੂ ਦਾ ਸਿਰ ਪਲੋਸ ਕੇ ਉਸ ਦੇ ਮੱਥੇ ’ਤੇ ਸੰਧੂਰ ਦਾ ਟਿੱਕਾ ਲਗਾਉਂਦਾ। ਫਿਰ ਮੂੰਹ ਮਿੱਠਾ ਕਰਕੇ ਸੋਨੇ ਦੀ ਮੁੰਦਰੀ ਜਾਂ ਕੜਾ ਪਹਿਨਾਉਂਦਾ ਅਤੇ ਸਮਰੱਥਾ ਮੁਤਾਬਕ ਨਕਦ ਰਾਸ਼ੀ ਦਾ ਸ਼ਗਨ ਦੇ ਕੇ ਲੜਕੇ ਦੀ ਝੋਲੀ ’ਚ ਪਤਾਸੇ, ਮਖਾਣੇ ਤੇ ਸੁੱਕੇ ਮੇਵੇ ਪਾ ਦਿੰਦਾ। ਜਿਉਂ ਹੀ ਇਹ ਰਸਮ ਅਦਾ ਹੁੰਦੀ ਤਾਂ ਪਿੰਡ ਦੀਆਂ ਇਕੱਠੀਆਂ ਹੋਈਆਂ ਸੁਆਣੀਆਂ ਵਾਲੇ ਪਾਸਿਓਂ ਭਰਾ, ਪੁੱਤਰ, ਦਿਓਰ ਤੇ ਪੋਤੇ ਦੇ ਸ਼ਗਨ ਨਾਲ ਸਬੰਧਤ ਗੀਤ ਗੂੰਜ ਉੱਠਦੇ:

ਤੇਰੇ ਵੀ ਰੂਪ ਦੀ ਦਿਓਰਾ,
ਮਾਲਾ ਲਵਾਂ ਵੇ ਪਰੋ।
ਵਿੱਚ ਪਰੋਵਾਂ ਲਾਲੜੀ ਜਿਹੜੀ
ਝਿਲਮਿਲ ਵੇ ਦਿਓਰਾ ਕੰਨ ਕਰੀ ਹੋ।

ਜਦ ਤੂੰ ਜਨਮਿਆਂ ਵੀਰਾ,
ਤੇਰੀ ਮਾਂ ਨੇ ਰਿੰਨੀ ਖੀਰ।
ਵਿਹੜੇ ਹੋਈ ਰੌਸ਼ਨੀ,
ਤੇ ਜੱਗ ਵਿੱਚ ਹੋਇਆ ਸੀਰ।

ਅਜਿਹੇ ਗੀਤਾਂ ਨਾਲ ਫਿਜ਼ਾ ਰੰਗੀਨ ਹੋ ਜਾਂਦੀ ਅਤੇ ਕਈ ਵਾਰ ਤਾਂ ਸਪੀਕਰ ’ਤੇ ਵੀ ਇਹ ਗੀਤ ਗਾਏ ਜਾਂਦੇ ਤਾਂ ਪਿੰਡ ਦੇ ਜੋ ਸੱਜਣ ਸ਼ਗਨ ’ਤੇ ਨਹੀਂ ਪਹੁੰਚੇ ਹੁੰਦੇ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਕਿ ਗੱਭਰੂ ਨੂੰ ਸ਼ਗਨ ਪੈ ਗਿਆ। ਇਸ ਤਰ੍ਹਾਂ ਲੜਕੀ ਦੇ ਪਿਤਾ ਵੱਲੋਂ ਸ਼ਗਨ ਕਰਨ ਤੋਂ ਬਾਅਦ ਉਸ ਨਾਲ ਆਏ ਸਕੇ-ਸਬੰਧੀ ਸ਼ਗਨ ਦੀ ਰਸਮ ਅਦਾ ਕਰਦੇ। ਉਸ ਤੋਂ ਬਾਅਦ ਲੜਕੇ ਦਾ ਪਿਤਾ ਸ਼ਗਨ ਦਿੰਦਾ ਅਤੇ ਫਿਰ ਰਿਸ਼ਤੇਦਾਰ ਤੇ ਪਿੰਡ ਦੇ ਪਤਵੰਤੇ, ਸੱਜਣ, ਮਿੱਤਰ ਤੇ ਸੁਆਣੀਆਂ ਆਪਣੀ ਸਮਰੱਥਾ ਮੁਤਾਬਕ ਸ਼ਗਨ ਦਿੰਦੀਆਂ। ਸਭ ਲਈ ਚਾਹ ਦਾ ਪ੍ਰਬੰਧ ਕੀਤਾ ਜਾਂਦਾ। ਕਈ ਵਾਰ ਭੁਜੀਆਂ ਬਦਾਣਾ ਵੀ ਚਾਹ ਨਾਲ ਵੰਡਿਆ ਜਾਂਦਾ। ਅਖੀਰ ’ਚ ਹਰੇਕ ਵਿਅਕਤੀ ਨੂੰ ਘਰਾਂ ’ਚ ਖੁਸ਼ੀ ਦੇ ਪ੍ਰਤੀਕ ਵਜੋਂ ਲੈ ਕੇ ਜਾਣ ਲਈ ਘਰ ਦੇ ਦਰਵਾਜ਼ੇ ’ਤੇ ਖੜ੍ਹੇ ਵਿਅਕਤੀ ਖਾਕੀ ਕਾਗਜ਼ ਦੇ ਲਿਫਾਫਿਆਂ ’ਚ ਪਾ ਕੇ ਪਤਾਸੇ ਫੜਾਉਂਦੇ। ਸ਼ਗਨ ਤੋਂ ਬਾਅਦ ਸਪੀਕਰ ਤੋਂ ਗੀਤ ਗੂੰਜ ਉੱਠਦੇ ਅਤੇ ਸਾਰਾ ਪਿੰਡ ਖੁਸ਼ੀ ਦੇ ਰੰਗ ’ਚ ਰੰਗਿਆ ਜਾਂਦਾ।

ਹੁਣ ਦਾ ਸਮਾਂ ਸੋਧੋ

ਪਰ ਪਿਛਲੇ ਦੋ-ਤਿੰਨ ਦਹਾਕਿਆਂ ’ਚ ਸਾਡੇ ਜਨ-ਜੀਵਨ ’ਚ ਆਈ ਤੇਜ਼ੀ ਨੇ ਇਸ ‘ਮਾਣਮੱਤੀ’ ਰਸਮ ਦਾ ਸਰੂਪ ਹੀ ਬਦਲ ਦਿੱਤਾ ਹੈ। ਹੁਣ ਇਹ ਰਸਮ ਪੂਰੀ ਤਰ੍ਹਾਂ ਉਲਟ ਹੋ ਗਈ ਜਾਪਦੀ ਹੈ। ਲੜਕੇ ਵਾਲੇ ਹੁਣ ਲੜਕੀ ਦੇ ਘਰ ਆ ਕੇ ਸ਼ਗਨ ਪਾਉਂਦੇ ਹਨ। ਭਾਵ ਲੜਕੀਆਂ ਵਾਲਿਆਂ ਵੱਲੋਂ ਆਪਣੀ ਸਮਰੱਥਾ ਮੁਤਾਬਕ ਘਰ ਜਾਂ ਕਿਸੇ ਰੈਸਟੋਰੈਂਟ, ਪੈਲੇਸ ’ਚ ਲੜਕੇ ਵਾਲੇ ਵਿਸ਼ੇਸ਼ ਮਹਿਮਾਨ ਬਣ ਕੇ ਪਹੁੰਚਦੇ ਹਨ। ਦੋ ਕੁ ਦਹਾਕੇ ਪਹਿਲਾਂ ਇਸ ਰਸਮ ਨੂੰ ਚੁੰਨੀ ਚੜ੍ਹਾਉਣ ਦੀ ਰਸਮ ਕਿਹਾ ਜਾਂਦਾ ਸੀ। ਲੜਕੇ ਵਾਲੇ ਰਿਸ਼ਤਾ ਤੈਅ ਹੋਣ ਤੋਂ ਬਾਅਦ ਲੜਕੀ ਦੇ ਘਰ ਜਾਂ ਕਿਸੇ ਹੋਰ ਥਾਂ ’ਤੇ ਰੱਖੇ ਸਮਾਗਮ ’ਚ ਸ਼ਗਨ ਪਾਉਣ ਲਈ ਜਾਂਦੇ ਸਨ। ਲੜਕੇ ਦੀ ਮਾਤਾ, ਭੈਣਾਂ ਤੇ ਭਰਜਾਈਆਂ ਇੱਕ ਵਧੀਆ ਸਮਾਗਮ ’ਚ ਜਾ ਕੇ ਲੜਕੀ ਦੇ ਸਿਰ ਲਾਲ ਰੰਗ ਦੀ ਖੂਬਸੂਰਤ ਚੁੰਨੀ ਸਜਾਉਂਦੀਆਂ ਸਨ ਅਤੇ ਲੜਕਾ ਆਪਣੀ ਮੰਗੇਤਰ ਨੂੰ ਸੋਨੇ ਦੀ ਮੁੰਦਰੀ ਪਹਿਨਾ ਦਿੰਦਾ ਸੀ। ਇਸ ਤੋਂ ਬਾਅਦ ਵਧੀਆ ਖਾਣੇ ਦਾ ਪ੍ਰਬੰਧ ਕੀਤਾ ਜਾਂਦਾ ਸੀ।

ਪਰ ਪਿਛਲੇ ਇੱਕ ਦਹਾਕੇ ਦੌਰਾਨ ਇਸ ਰਸਮ ਦਾ ਰੂਪ ਥੋੜ੍ਹਾ ਜਿਹਾ ਹੋਰ ਬਦਲ ਗਿਆ। ਹੁਣ ਲੜਕੀ ਵਾਲਿਆਂ ਦੇ ਘਰ ਜਾਂ ਜ਼ਿਆਦਾਤਰ ਪੈਲੇਸ ਜਾਂ ਰੈਸਟੋਰੈਂਟ ’ਚ ਇਹ ਰਸਮ ‘ਰਿੰਗ ਸੈਰੇਮਨੀ’ ਦੇ ਰੂਪ ’ਚ ਰੱਖੀ ਜਾਂਦੀ ਹੈ। ਲੜਕੇ ਵਾਲੇ ਪੂਰੇ ਲਾਮ-ਲਸ਼ਕਰ ਨਾਲ ਬਾਰਾਤ ਵਾਂਗ ਆਉਂਦੇ ਹਨ ਅਤੇ ਰਿਬਨ ਕਟਾਉਣ ਤੋਂ ਲੈ ਕੇ ਸਾਰੀਆਂ ਰਸਮਾਂ ਹੁੰਦੀਆਂ ਹਨ। ਚਾਹ-ਪਾਣੀ ਪੀਣ ਤੋਂ ਬਾਅਦ ਸ਼ਗਨ ਦੀ ਰਸਮ ਅਦਾ ਹੁੰਦੀ ਹੈ। ਲੜਕੇ-ਲੜਕੀ ਨੂੰ ਸ਼ਾਹਾਨਾ ਅੰਦਾਜ਼ ’ਚ ਕੁਰਸੀਆਂ ’ਤੇ ਬਰਾਬਰ ਬੈਠਾਇਆ ਜਾਂਦਾ ਹੈ। ਦੋਵੇਂ ਇਕ-ਦੂਜੇ ਨੂੰ ਮੁੰਦਰੀਆਂ ਪਹਿਨਾ ਦਿੰਦੇ ਹਨ। ਲੜਕੀ ਨੂੰ ਦੁਲਹਨ ਵਾਂਗ ਹੀ ਸਜਾਇਆ ਜਾਂਦਾ ਹੈ, ਸਿਰਫ ਚੂੜਾ ਨਹੀਂ ਪਹਿਨਾਇਆ ਜਾਂਦਾ। ਦੋਵਾਂ ਧਿਰਾਂ ਵੱਲੋਂ ਇਕ-ਦੂਜੇ ਨੂੰ ਹੋਰ ਗਹਿਣੇ ਵੀ ਦਿੱਤੇ ਜਾਂਦੇ ਹਨ। ਸ਼ਗਨ ਦੀ ਸਮੱਗਰੀ ’ਚ ਫਲ ਅਤੇ ਸੁੱਕੇ ਮੇਵਿਆਂ ਦਾ ਆਦਾਨ-ਪ੍ਰਦਾਨ ਕੀਤਾ ਜਾਂਦਾ ਹੈ। ਇਸ ਰਸਮ ਮੌਕੇ ਹੁਣ ਨਾ ਭੈਣਾਂ ਗੀਤ ਗਾਉਂਦੀਆਂ ਹਨ ਅਤੇ ਨਾ ਹੀ ਪਿੰਡ ’ਚ ਕੋਈ ਸਪੀਕਰ ਤੋਂ ਸੱਦਾ ਦਿੱਤਾ ਜਾਂਦਾ ਹੈ। ਸ਼ਗਨ ਤੋਂ ਬਾਅਦ ਡੀ.ਜੇ. ਵੱਜਦਾ ਹੈ, ਦਾਰੂ ਸਿੱਕੇ ਦਾ ਦੌਰ ਚੱਲਦਾ ਹੈ। ਸਿਰਫ 4 ਘੰਟਿਆਂ ’ਚ ਸਭ ਕੁਝ ਨਿਬੜ ਜਾਂਦਾ ਹੈ। ਲੜਕਾ-ਲੜਕੀ ਇਕ-ਦੂਜੇ ਤੋਂ ਫੋਨ ਨੰਬਰ ਲੈ ਲੈਂਦੇ ਹਨ ਅਤੇ ਉਨ੍ਹਾਂ ਦਾ ਸਿੱਧਾ ਰਾਬਤਾ ਬਣ ਜਾਂਦਾ ਹੈ।

ਮੰਗਣੇ ਦੇ ਲੋਕ ਗੀਤ ਸੋਧੋ

ਸ਼ਤਰੰਜ ਵਿਛੇ ਸ਼ਤਰੰਜ ਵਿਛੇ ਵੇ,
ਬਾਬਾ ਤੇਰੜੇ ਵਿਹੜੇ ਵੇ,
ਭਲੇ ਲੋਕ ਬੈਠੇ ਭਲੇ ਪੰਚ ਬੈਠੇ ਵੇ,
ਬਾਬਾ ਤੇਰੜੇ ਵਿਹੜੇ ਵੇ,
ਭਲੀਆਂ ਨੂੰਹਾਂ ਬੈਠੀਆਂ ਭਲੀਆਂ
ਧੀਆਂ ਬੈਠੀਆਂ ਵੇ
ਬਾਬਲ ਤੇਰੜੇ ਵਿਹੜੇ ਵੇ

ਸਿਉਨੇ ਦੇ ਕੰਸ ਜੜੇ,
ਝਾਲਰ ਲੱਗੀ ਐ ਚੁਫ਼ੇਰੇ,
ਮੰਗਣੇ ਦੀ ਜੁਗਤ ਬਣੀ,
ਮੇਰੇ ਬਾਬਲ ਦੇ ਵਿਹੜੇ

ਮੰਗਣੇ ਤੇ ਕੁੜੀਆਂ ਦੇ ਗੀਤ ਸੋਧੋ

ਇਸ ਤਰ੍ਹਾਂ ਕੁੜੀਆਂ ਤਰ੍ਹਾਂ-ਤਰ੍ਹਾਂ ਦੇ ਗੀਤ ਗਾ ਕੇ ਮਾਹੌਲ ਨੂੰ ਖ਼ੁਸ਼ਗਵਾਰ ਬਣਾ ਦਿੰਦੀਆਂ ਅਤੇ ਕੋਠੇ ’ਤੇ ਵੱਜਦਾ ਸਪੀਕਰ ਹੋਰ ਚਾਰ-ਚੰਨ ਲਾਉਂਦਾ। ਗੀਤ ਗਾਉਣ ਤੋਂ ਬਾਅਦ ਕੁੜੀਆਂ ਸਪੀਕਰ ਵਾਲੇ ਭਾਈ ਤੋਂ ਮਾਈਕ ਦੀ ਮੰਗ ਕਰਦੀਆਂ ਤੇ ਹੇਕਾਂ ਲਾ ਕੇ ਦੋਹੇ ਲਾਉਂਦੀਆਂ। ਸਭ ਤੋਂ ਪਹਿਲਾਂ ਭੈਣ ਆਪਣੇ ਵੀਰ ਦੇ ਮੰਗਣੇ ਦੀ ਸਿਫ਼ਤ ਕਰਦੇ ਦੋਹਾ ਲਾਉਂਦੀ:

ਦੰਮਾਂ ਦਾ ਬੰਨ੍ਹ ਦਿਆਂ ਚੌਤਰਾ ਵੀਰਾ,
ਮੋਹਰਾਂ ਦਾ ਲਾ ਦਿਆਂ ਵੇ ਢੇਰ,
ਦੰਮ ਬਥੇਰੇ ਆਉਣਗੇ,
ਇਹ ਦਿਨ ਨ੍ਹੀਂ ਆਉਣੇ
ਵੇ ਜੀਵਨ ਜੋਗਿਆ ਫੇਰ

ਕੱਪੜੇ, ਜੁੱਤੀ ਦੇ ਗੀਤ ਸੋਧੋ

ਫਿਰ ਮੁੰਡੇ ਦੇ ਹਰ ਅੰਗ ਕੱਪੜੇ, ਜੁੱਤੀ, ਪੱਗ ਦੀ ਤਾਰੀਫ਼ ਕਰਦੀਆਂ ਹੋਈਆਂ ਕੁੜੀਆਂ ਗਾਉਂਦੀਆਂ:

  • ਪੱਗ

ਪੱਗ ਬੰਨ੍ਹੀ ਵੀਰਾ ਪੱਗ ਬੰਨ੍ਹੀ
ਵੀਰਾ ਪੱਗ ਬੰਨ੍ਹੀ ਗਜ਼ ਤੀਸ
ਐਡਾ ਕਿਹੜਾ ਸੂਰਮਾ ਜਿਹੜਾ
ਕਰੂਗਾ ਵੇ ਰੀਸ

  • ਅੱਖਾਂ

ਅੱਖਾਂ ਵੀ ਤੇਰੀਆਂ ਮੋਟੀਆਂ ਵੀਰਾ,
ਜਿਉਂ ਨਿੰਬੂ ਦੀ ਵੇ ਫਾੜ
ਸੂਰਮਾ ਧਾਰੀ ਬੰਨ੍ਹਵਾਂ
ਤੇਰੇ ਸਜੇ ਰੂਪ ਦੇ ਵੇ ਨਾਲ

  • ਅੱਖਾਂ

ਅੱਖਾਂ ਵੀ ਤੇਰੀਆਂ ਮੋਟੀਆਂ ਵੀਰਾ,
ਕੀਹਨੇ ਪਾਈ ਵੇ ਲੋਅ
ਕਿਰਪਾ ਹੋਈ ਰਾਮ ਦੀ ਤੁਸੀਂ,
ਇੱਕ ਤੋਂ ਹੋ ਗਏ ਵੇ ਦੋ

  • ਬੂਟ ਜਰਾਬਾ

ਬੂਟ ਜੁਰਾਬਾਂ ਕਸ ਲਈਆਂ,
ਵੀਰਾ ਮੋਢੇ ਧਰੀ ਵੇ ਬੰਦੂਕ
ਕੀਹਨੇ ਦਿੱਤੇ ਕੱਪੜੇ ਤੈਨੂੰ,
ਕੀਹਨੇ ਦਿੱਤਾ ਵੇ ਰੂਪ
ਬੂਟ ਜੁਰਾਬਾਂ ਕਸ ਲਈਆਂ,
ਭੈਣੇ ਮੋਢੇ ਧਰੀ ਜੀ ਬੰਦੂਕ,
ਮਾਪਿਆਂ ਦਿੱਤੇ ਕੱਪੜੇ ਮੈਨੂੰ,
ਰੱਬ ਨੇ ਦਿੱਤਾ ਜੀ ਰੂਪ

ਜਿਦਣ ਵੀਰਾ ਤੂੰ ਜਨਮਿਆ,
ਆਪਣੀ ਦਾਦੀ ਨੇ ਰਿੰਨ੍ਹੀ ਵੇ ਖੀਰ,
ਕੰਧੀਂ ਚਾਨਣ ਹੋ ਗਿਆ,
ਕੋਈ ਜੱਗ ਵਿੱਚ ਹੋ ਗਿਆ ਵੇ ਸੀਰ

ਜਿੱਦਣ ਵੀਰਾ ਤੂੰ ਜਨਮਿਆ ਵੀਰਾ,
ਆਪਣੀ ਮਾਂ ਨੇ ਰਿੰਨੀ ਵੇ ਦਾਲ,
ਕਦੇ ਨਾ ਮੰਦਾ ਬੋਲਿਆ ਤੈਂ,
ਕਦੇ ਨਾ ਦਿੱਤੀ ਵੇ ਗਾਲ੍ਹ

ਵੀਰਾ ਵੇ ਪਟਵਾਰੀਆ,
ਧੁੱਪੇ ਜਾਵੇਂ ਵੇ ਕੁਮਲਾ,
ਜੇ ਮੈਂ ਹੋਵਾਂ ਬੱਦਲੀ,
ਮੈਂ ਤਾਂ ਸੂਰਜ ਦੇਵਾਂ ਜੀ ਛੁਪਾ

ਮੁੰਡੇ ਦੇ ਸਹੁਰੇ ਦੀ ਸਿਫਤ ਦੇ ਦੋਹੇ ਸੋਧੋ

ਇਸ ਤਰ੍ਹਾਂ ਕੁੜੀਆਂ-ਮੁੰਡੇ ਦੇ ਸਹੁਰੇ ਪਰਿਵਾਰ ਨੂੰ ਜੀ ਆਇਆਂ ਆਖਦੀਆਂ ਆਪਣੇ ਭਰਾ ਦੀ ਸਿਫ਼ਤ ਵੀ ਦੋਹੇ ਵਿੱਚ ਹੀ ਕਰ ਦਿੰਦੀਆਂ।

ਤੁਸੀਂ ਆਏ ਮੇਰਾ ਮਨ ਵਧਿਆ
ਮਾਸੜ ਜੀ, ਵਿਹੜਾ ਵਧਿਆ ਗਜ਼ ਚਾਰ
ਜੇ ਸੋਡੀ ਬੀਬੀ ਸੰਗਲੀ ਸਾਡਾ ਵੀਰ,
ਸੋਨੇ ਦਾ ਜੀ ਹਾਰ

ਵਿਚੋਲੇ ਦੇ ਲੋਕ ਗੀਤ ਸੋਧੋ

ਗੀਤਾਂ-ਦੋਹਿਆਂ ਵਿੱਚ ਕੁੜੀਆਂ ਵਿਚੋਲੇ ਦੀ ਬੜੇ ਵਧੀਆ ਢੰਗ ਨਾਲ ਸਿਫ਼ਤ ਕਰਦੀਆਂ ਕਿਉਂਕਿ ਮੰਗਣੇ ਵਿੱਚ ਵਿਚੋਲੇ ਦਾ ਰੋਲ ਬਹੁਤ ਅਹਿਮ ਹੁੰਦਾ ਸੀ। ਵਿਚੋਲਾ ਹੀ ਦੋ ਪਰਿਵਾਰਾਂ ਤੇ ਦੋ ਦਿਲਾਂ ਨੂੰ ਮਿਲਾਉਂਦਾ ਸੀ। ਅੱਜ-ਕੱਲ੍ਹ ਦੀ ਤਰ੍ਹਾਂ ਅਖ਼ਬਾਰਾਂ ਅਤੇ ਮੈਰਿਜ ਬਿਊਰੋ ਆਦਿ ਤੋਂ ਰਿਸ਼ਤੇ ਨਹੀਂ ਸਨ ਹੁੰਦੇ। ਕੁੜੀਆਂ ਗਾਉਂਦੀਆਂ:

ਚੰਦ ਦਿਆਂ ਵੇ ਚਾਨਣਾ ਵੇ ਤੂੰ,
ਵਿਚੋਲੇ ਦਾ ਜਸ ਗਾਈ ਵੇ ਚੰਦ
ਦਿਆ ਵੇ ਚਾਨਣਾ…

ਵੇ ਤੂੰ ਵਿਚਲੇ ਦੀ ਕਣਕ ਰਮਾਈਂ ਵੇ,
ਚੰਦ ਦਿਆ ਵੇ ਚਾਨਣਾ,
ਤੂੰ ਜੀਵੇ ਤੇਰਾ ਪੁੱਤ ਜੀਵੇ ਵਿਚੋਲਿਆ,
ਸਾਡਾ ਜੀਵੇ ਵੇ ਪਰਿਵਾਰ,
ਐਸਾ ਬੂਟਾ ਲਾ ਦਿੱਤਾ
ਜਿਹੜਾ ਸਜੇ ਬਾਬਲ ਦੇ ਵੇ ਬਾਰ

ਚੰਗੀ ਕਰੀ ਵਿਚੋਲਿਆ ਚੰਗੀ ਕਰੀ,
ਚੰਗਾ ਕਰਾਇਆ ਵੇ ਸਾਕ,
ਚੰਗੇ ਦੇਵਾਂਗੇ ਕੱਪੜੇ ਤੈਨੂੰ,
ਚੰਗੀ ਪਾਵਾਂਗੇ ਜੀ ਛਾਪ।