ਪੰਜਾਬੀ ਸੰਗੀਤ ਸਭਿਆਚਾਰ
ਸੰਗੀਤ ਕਲਾ ਦੀ ਉਤਪੱਤੀ ਕਦੋਂ ਕਿਵੇਂ ਅਤੇ ਕਿੱਥੇ ਹੋਈ? ਇਸ ਬਾਰੇ ਕੋਈ ਇਤਿਹਾਸਿਕ ਪ੍ਰਮਾਣ ਪ੍ਰਾਪਤ ਨਹੀਂ। ਕੱਝ ਸੁਣੀਆਂ-ਸੁਣਾਈਆਂ ਅਤੇ ਪੁਰਾਣਕ ਕਹਾਣੀਆਂ ਜ਼ਰੂਰ ਮਿਲਦੀਆਂ ਹਨ। ਦੰਤ ਕੰਥਾਵਾਂ ਨੂੰ ਆਧਾਰ ਮੰਨ ਕੇ ਪੱਛਮੀ ਦੇਸ਼ ਦੇ ਵਸਨੀਕ ਆਪਣੀ ਧਰਤੀ ਦੀ ਦੇਣ ਕਹਿੰਦੇ ਹਨ। ਉਨ੍ਹਾਂ ਦੇ ਖਿਆਲਾਂ ਹੈ ਕਿ ਕਾਕੇਸ਼ੀਆ ਪਰਬਤ ਤੇ ਵਸਣ ਵਾਲੇ, ਮੌਸਕਰ, ਲਾਮ ਦੇ ਪੰਛੀ ਦੀ ਚੁੰਝ ਵਿੱਚ ਸੱਤ ਛੇਕ ਹਨ। ਉਹ ਛੇਕ ਇੱਕ ਦੂਜੇ ਤੋਂ ਕ੍ਰਮ ਅਨੁਸਾਰ ਉੱਚੇ ਹੋਣ ਕਾਰਨ ਕਈ ਪ੍ਰਕਾਰ ਦੀਆਂ ਸੁਰਾਂ, ਲਹਿਰਾਂ ਪੈਦਾ ਕਰਦੇ ਹਨ। ਮਨੁੱਖ ਨੇ ਇਸਨੂੰ ਵੇਖਕੇ ਤੇ ਸੁਣਕੇ ਗਾਉਣਾ ਸ਼ੁਰੂ ਕੀਤਾ। ਇਸ ਲਈ ਇਸ ‘ਕਲਾ’ ਨੂੰ ਮਿਊਜਿਕ ਅਤੇ “ਮੌਸੀਕੀ” ਕਹਿੰਦੇ ਹਨ। ਕੁੱਝ ਵਿਦਵਾਨਾਂ ਦੇ ਮੱਤ ਅਨੁਸਾਰ ਸੰਗੀਤ ਕਲਾ ਦਾ ਜਨਮ ਭਾਸ਼ਾ ਦੀ ਉਤਪਤੀ ਪਿੱਛੋਂ ਹੋਇਆ। ਕੁੱਝ ਵਿਦਵਾਨਾਂ ਦੇ ਅਨੁਸਾਰ ਆਵਾਜ਼ ਦੀ ਉੱਤਪਤੀ ਦੇ ਲਾਲ ਹੀ ਸੰਗੀਤ ਦਾ ਜਨਮ ਹੋਇਆ।
ਕਲਾ ਦਾ ਜਨਮ
ਸੋਧੋਭਾਰਤੀ ਪੁਰਾਣਕ ਕਹਾਣੀਆਂ ਵਿੱਚ ਬ੍ਰਹਮਾਂ, ਸ਼ਿਵ, ਪਾਰਬਤੀ, ਭਰਤ ਅਤੇ ਨੰਦੀ ਆਦਿਕ, ਮਹਾਂਪੁਰਖਾਂ ਦੇ ਨਾਮ ਅੰਕ੍ਰਿਤ ਹਨ, ਜਿੰਨ੍ਹਾਂ ਨੂੰ ਅਸੀਂ ਕਲਾ ਦੇ ਜਨਮ ਦਾਤੇ ਜਾ ਸਿੱਖਿਅਕ ਜਾ ਫਿਰ ਪ੍ਰਚਾਰਕ ਮੰਨਦੇ ਹਾਂ।
(ੳ) ਸੰਗੀਤ ਕਲਾਂ ਦਾ ਆਵਿਸ਼ਕਾਰ ਬ੍ਰਹਮਾਂ ਜੀ ਦੁਆਰਾ ਹੋਇਆ ਜੋ ਦੇਵਾਂ ਦੇ ਰਚਣ ਵਾਲੇ ਵਿਦਮਾਨ ਸਨ। ਉਨ੍ਹਾਂ ਨੇ ਇਸਦੀ ਸਿੱਖਿਆਂ ਸ਼ਿਵ ਜੀ ਨੂੰ ਦਿੱਤੀ। ਸ਼ਿਵ ਜੀ ਨੇ ਸਰਸਵਤੀ ਨੂੰ, ਸਰਸਵਤੀ ਨੇ ਨਾਰਦ ਜੀ ਨੂੰ, ਨਾਰਦ ਨੇ ਇਸ ਦੀ ਸਿੱਖਿਆ ਸੁਰਗ ਦੇ ਵਸਨੀਕ ਗੰਧਰਵਾਂ, ਕਿੰਨਰਾਂ, ਅਪੱਛਰਾ, ਹਮ ਭਰਤ ਅਤੇ ਹਨੂਮਾਨ ਨੂੰ ਦਿੱਤੀ।
(ਅ) ਸਰਸਵਤੀ ਵੀਣਾ ਦੀ ਰਚਨਾ ਭਗਵਾਨ ਸ਼ੰਕਰ ਨੇ ਪਾਰਵਤੀ ਦੇ ਸਰੀਰਕ ਅੰਗਾਂ ਦੇ ਆਧਾਰ ਤੇ ਕੀਤੀ ਅਤੇ ਆਪਣੇ ਪੰਜ ਸੁਖਾਂ ਰਾਹੀਂ ਰਾਗਾ ਦਾ ਗਾਇਨ ਕੀਤਾ। ਛੇਵਾਂ ਰਾਗ ਪਾਰਵਤੀ ਨੇ ਪ੍ਰਦਾਨ ਕੀਤਾ।
(ੲ) ਸੰਗੀਤਕਾਰ ਪੰਡਿਤ ਦਮੋਦਰ ਨੇ ‘ਸੰਗੀਤ ਦਰਪਣ ਆਪਣੇ ਗ੍ਰੰਥ ਵਿੱਚ ਸੁਰਾਂ ਦੀ ਉਤਪੱਤੀ ਬਾਰੇ ਦੱਸਿਆ ਕਿ ਮੋਰ ਤੋਂ ਸ਼ੜਜ, ਚਾਤਰਿਕ ਤੋਂ ਰਿਖਭਾ, ਬੱਕਰੇ ਤੋਂ ਗੰਧਾਰ ਕਾ ਤੋਂ ਮੱਧਮ, ਕੋਇਲ, ਤੋਂ ਪੰਚਮ, ਡੱਡੂ ਤੋਂ ਧਵੈਤ ਅਤੇ ਹਾਥੀ ਤੋਂ ਨਿਖਾਦ ਸੁਰ ਲਏ ਗਏ ਹਨ।
ਮੋਰ : ਸ
ਚਾਤਰਿਕ : ਰੇ
ਬੱਕਰਾ : ਗ
ਕਾਂ : ਮ
ਕੋਇਲ : ਪ
ਡੱਡੂ : ਧ
ਹਾਥੀ : ਨੀ[1]
ਸੰਗੀਤ ਦੇ ਪ੍ਰਕਾਰ
ਸੋਧੋ1. ਲੋਕ ਸੰਗੀਤ
ਸੋਧੋਲੋਕ ਸੰਗੀਤ ਲੋਕਾਂ ਲਈ ਅਤੇ ਲੋਕਾਂ ਦੁਆਰਾਂ ਸਿਰਜਿਆਂ ਗਿਆ ਉਹ ਸੰਗੀਤ ਹੈ, ਜੋ ਹਰ ਕਿਸੇ ਦੇ ਮੂਲ ਭਾਵਾਂ ਦੀ ਤਰਜ਼ਮਾਨੀ ਕਰਦਾ ਹੈ। ਇਸ ਵਿੱਚ ਕਠੋਰ ਤੇ ਕਰੜੇ ਨਿਯਮ ਨਹੀਂ ਹੁੰਦੇ, ਜਦੋਂ ਕੋਈ ਧੁਨ ਜਾਂ ਗੀਤ ਵਧੇਰਾ ਰੰਜਕ, ਗਾਇਨ, ਯੋਗ ਅਤੇ ਲੋਕ ਪ੍ਰਿਯਾ ਹੋ ਜਾਵੇ ਤਾਂ ਲੋਕ ਸੰਗੀਤ ਉਸ ਨੂੰ ਪਰਵਾਨ ਕਰ ਲੈਂਦਾ ਹੈ। ਸ਼ਾਸਤਰੀ ਸੰਗੀਤ ਦੀ ਤਰ੍ਹਾਂ ਲੋਕ ਸੰਗੀਤ ਵਾਦਨ ਅਤੇ ਨ੍ਰਿਤ ਦਾ ਸਮੂਹ ਹੈ। ਲੋਕ ਧੁਨਾਂ ਲੋਕ ਗੀਤਾਂ ਦਾ ਅਨੁਕਰਣ ਕਰਦੀਆਂ ਹਨ।[2]
2. ਸ਼ਾਸਤਰੀ ਸੰਗੀਤ
ਸੋਧੋਸ਼ਾਸਤਰੀ ਸੰਗੀਤ ਤੋਂ ਭਾਵ ਉਹ ਸੰਗੀਤ ਜੋ ਖਾਸ ਨਿਯਮਾਂ ਵਿੱਚ ਬੰਨ੍ਹਕੇ ਗਾਇਆ ਜਾਂਦਾ ਹੈ। ਸ਼ਾਸਤਰੀ ਸੰਗੀਤ ਵਿੱਚ ਸੁਰ, ਤਾਲ ਅਤੇ ਰਾਗਾਂ ਦੀ ਸ਼ੁੱਧਤਾ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਂਦਾ ਹੈ। ਸ਼ਾਸਤਰੀ ਸੰਗੀਤ ਦੀਆਂ ਪ੍ਰਚਲਿੱਤ ਗਾਇਨ ਸ਼ੈਲੀਆਂ ਜਿਵੇਂ ਧਰੁਪਦ, ਧਮਾਰ, ਖਿਆਲ ਤਰਾਨਾ ਅਤੇ ਚਤੁਰੰਗ ਆਦਿ ਹਨ। ਭਾਰਤ ਵਿੱਚ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਨੂੰ ਦੋ ਭਾਗਾਂ ਵਿੱਚ ਵੰਡਿਆਂ ਗਿਆ ਹੈ। ਦੱਖਣੀ ਭਾਰਤੀ ਸੰਗੀਤ ਅਤੇ ਉੱਤਰੀ ਭਾਰਤੀ ਸੰਗੀਤ।
ਪੰਜਾਬ ਦੀ ਸੰਗੀਤ ਪਰੰਪਰਾ ਵਿੱਚ ਸ਼ਾਸਤਰੀ ਸੰਗੀਤ ਦਾ ਅਹਿਮ ਯੋਗਦਾਨ ਰਿਹਾ ਹੈ। ਪੰਜਾਬ ਵਿੱਚ ਸ਼ਾਸਤਰੀ ਸੰਗੀਤ ਵਿੱਚ ਗਾਇਨ ਅਤੇ ਵਾਦਨ ਦੇ ਵਿਸ਼ੇਸ਼ ਘਰਾਣੇ ਵੀ ਪੂਰੇ ਸੰਸਾਰ ਵਿੱਚ ਪ੍ਰਸਿੱਧ ਹਨ।
ਘਰਾਣੇ ਦੀ ਪਰਿਭਾਸ਼ਾ
ਸੋਧੋ‘ਘਰ’ ਸ਼ਬਦ ਤੋਂ ਘਰਾਣਾ ਬਣਿਆ ਹੈ। ਘਰ ਤੋਂ ਚਾਰ ਦੀਵਾਰੀ ਜਾਂ ਮਕਾਨ ਦਾ ਬੋਧ ਹੁੰਦਾ ਹੈ ਅਤੇ ਘਰਾਣੇ ਤੋਂ ਪਰਿਵਾਰ, ਵੰਸ਼ ਜਾਂ ਖਾਨਦਾਨ ਦਾ ਇੱਕ ਨਿਸ਼ਚਿਤ ਜਾਂ ਕੁੱਝ ਵਿਸ਼ੇਸ਼ ਨਿਯਮਾਂ ਵਿੱਚ ਕਿਸੇ ਸ਼ੈਲੀ ਦਾ ਅਨੁਕਰਣ ਕਰਨਾ ਘਰਾਣਾ ਹੈ।
‘ਘਰਾਣੇ ਦਾ ਅਰਥ ਹੈ, ਕੁੱਝ ਗੁਣਾਂ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਨਾ ਅਰਥਾਤ ‘ਗੁਰੂ ਸ਼ਿਸ਼ ਪ੍ਰਣਾਲੀ ਮੱਧ ਕਾਲੀਨ’ ਪ੍ਰਸਿਥਿਤੀਆਂ ਦੇ ਪਰਿਣਾਮ ਸਦਕਾ ਘਰਾਣੇ ਦਾ ਜਨਮ ਤੇ ਵਿਕਾਸ ਹੋਇਆ। ਤਾਨਸੇਨ ਤੋਂ ਪਹਿਲਾਂ ਕੋਈ ਘਰਾਣਾ ਨਹੀਂ ਸੀ। ‘ਘਰਾਣਾ’ ਸ਼ਬਦ ਮੁਗਲ ਕਾਲ ਤੋਂ ਪ੍ਰਚਾਰ ਵਿੱਚ ਆਇਆ। ਇਸ ਲਈ ਜਿਹੜੇ ਲੋਕ ਪ੍ਰਾਚਿਨ ਕਾਲ ਦੇ ਨਾਮੀ ਸੰਗੀਤਕਾਰਾਂ ਨਾਲ ਆਪਣਾ ਸੰਬੰਧ ਜੋੜਦੇ ਹਨ, ਉਹ ਭੁੱਲਦੇ ਹਨ ਕਿ ਘਰਾਣੇ ਦਾ ਭਾਵਅਰਥ ਪਰਿਵਾਰ ਤੋਂ ਹੈ। ਗੁਰੂ ਪਰੰਪਰਾ ਜਾਂ ਵੰਸ਼ ਪਰੰਪਰਾ ਘਰਾਣੇ ਪ੍ਰਗਟਾਉਂਦੇ ਹਨ। ਸਹੀ ਅਰਥ ਵਿੱਚ ਤਿੰਨ ਪੀੜ੍ਹੀਆਂ ਤੱਕ ਕਿਸੇ ਵੱਡੇ ਸੰਗੀਤ ਗੁਰੂ ਦੀ ਤਾਲੀਮ ਦਾ ਅਨੁਕਰਣ ਕਰਕੇ ਹੋਏ ਉਸ ਵਿੱਚ ਨਿੱਜੀ ਸਾਧਨਾਂ ਦੇ ਗੁਣ ਮਿਲਾਕੇ, ਉਸ ਸ਼ੈਲੀ ਦਾ ਵਿਕਾਸ ਕਰਨ ਨੂੰ 'ਘਰਾਣਾ' ਆਖਦੇ ਹਨ।[3]
ਪੰਜਾਬ ਦੇ ਸੰਗੀਤ ਘਰਾਣੇ
ਸੋਧੋ- ਸ਼ਾਮ ਚੁਰਾਸੀ ਘਰਾਣਾ
- ਕਸੂਰ ਘਰਾਣਾ
- ਤਲਵੰਡੀ ਘਰਾਣਾ
- ਕਪੂਰਥਲਾ ਘਰਾਣਾ
- ਹਰਿਆਣਾ ਘਰਾਣਾ
- ਪਟਿਆਲਾ ਘਰਾਣਾ
- ਸਹਾਰਨਪੁਰ ਘਰਾਣਾ
- ਨੋਸ਼ਹਿਰਾ ਨੰਗਲੀ ਘਰਾਣਾ
ਪੰਜਾਬੀ ਤਬਲਾ ਵਾਦਕਾਂ ਦੇ ਘਰਾਣੇ
ਸੋਧੋ- ਨਾਈ ਘਰਾਣਾ
- ਲਾਹੌਰ ਘਰਾਣਾ
- ਕਸੂਰ ਘਰਾਣਾ[4]
ਪੰਜਾਬੀ ਸੰਗੀਤ ਦੀਆਂ ਗਾਇਨ ਸ਼ੈਲੀਆਂ
ਸੋਧੋਗਾਇਨ ਸ਼ੈਲੀਆਂ
ਸੋਧੋਧਰੁਪਦ
ਧਮਾਰ
ਖਿਆਲ
ਚਤੁਰੰਗ
ਠੁਮਰੀ
ਟੱਪਾ
ਗ਼ਜ਼ਲ
ਗੀਤ
ਕਾਫ਼ੀ
ਲੋਕ ਸੰਗੀਤ ਦੇ ਪ੍ਰਕਾਰ
ਸੋਧੋਲੋਕ ਗੀਤ
ਲੋਕ ਵਾਦਨ
ਲੋਕ ਨਾਚ[5]
ਸੰਗੀਤ ਕਲਾ ਦਾ ਇਤਿਹਾਸ
ਸੋਧੋਪੁਰਾਤਨ ਯੁੱਗ
ਸੋਧੋਇਹ ਕਲਾ ਵੈਦਿਕ ਕਾਲ ਵਿੱਚ ਹੀ ਵਿਕਸਿਤ ਹੋ ਚੁੱਕੀ ਸੀ। ਇਸ ਯੁੱਗ ਵਿੱਚ ਗੰਧਰਵ ਵੇਦ, ਨਾਟ ਵੇਦ, ਰਿਕ, ਪ੍ਰਤੀਸਾਕਿਯ; ਸਾਮ ਸੰਹਿਤਾ ਆਦਿ ਗ੍ਰੰਥਾਂ ਦੀ ਰਚਨਾ ਹੋ ਚੁੱਕੀ ਸੀ। ਰਮਾਇਣ ਕਾਲ ਵਿੱਚ ਇੱਕ ਪੰਜਾਬੀ ਸੰਗੀਤਕਾਰ ਅਤੇ ਮਹਾਂਕਵੀ ਮਹਾਂਰਿਸ਼ੀ ਬਾਲਮੀਕ ਨੇ ਪਵਿੱਤਰ 'ਰਮਾਇਣ ਗ੍ਰੰਥ' ਦੀ ਰਚਨਾ ਕੀਤੀ ਅਤੇ ਇਸ ਦੀ ਗਾਇਨ ਸਿੱਖਿਆ ਭਗਵਾਨ ਰਾਮ ਚੰਦਰ ਜੀ ਦੇ ਦੋਵੇਂ ਪੁੱਤਰ ਲਵ ਅਤੇ ਕੁਸ਼ ਨੂੰ ਦਿੱਤੀ। ਮਹਾਂ ਰਿਸ਼ੀ ਜੀ ਪੰਜਾਬ ਦੇ ਮਾਝਾ ਇਲਾਕਾ ਦੇ ਵਸਨੀਕ ਸਨ। ਮਹਾਂਭਾਰਤ ਕਾਲ ਵਿੱਚ ਭਗਵਾਨ ਕ੍ਰਿਸ਼ਨ ਨੇ ਇਸੇ ਹੀ ਧਰਤੀ ਤੇ ਸੂਰਬੀਰ ਅਰਜਨ ਨੂੰ ਸ੍ਰੀਮਦ-ਭਗਵਤ ਗੀਤਾ ਰੂਪੀ ਮਹਾਨ ਸੰਦੇਸ਼ ਦਿੱਤਾ ਅਤੇ ਸੰਗਤੀਕਾਰ ਮਹਾਂਰਿਸ਼ੀ ਵੇਦ ਵਿਆਸ ਨੇ ਕੌਰਵ-ਪਾਂਡਵਾਂ ਵਿੱਚ ਹੋਏ ਮਹਾਨ ਯੁੱਧ ਨੂੰ ਲੇਖ਼ਨੀਬਧ ਕੀਤਾ ਸੀ। ਬੋਧ ਕਾਲ ਵਿੱਚ ਇਸੇ ਧਰਤੀ ਦਾ ਉੱਘਾ ਸ਼ਹਿਰ ਜਲੰਧਰ ਬੁੱਧ ਧਰਮ ਦਾ ਮੁੱਖ ਕੇਂਦਰ ਸੀ। ਇਸ ਧਰਮ ਦੇ ਪ੍ਰਚਾਰ ਲਈ ਸੰਗੀਤ ਕਲਾ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਸੀ। ਹਿੰਦੂ ਕਾਲ ਵਿੱਚ ਇੱਥੋਂ ਦੇ ਵਸਨੀਕ ਮਹਾਂਕਵੀ ਕਾਲੀਦਾਸ ਨੇ ਸਰਸਵਤੀ ਨਦੀ ਦੇ ਪਵਿੱਤਰ ਕੰਢੇ ਉੱਤੇ ਸਕੁੰਤਲਾ ਅਤੇ ਮੇਘਦੂਨ, ਵਰਗੀਆਂ ਸੰਗੀਤ ਅਤੇ ਨਾਟਕ ਰੂਪੀ ਰਚਨਾਵਾਂ ਰਚੀਆਂ ਹਨ।
ਇਤਿਹਾਸਕਾਰਾਂ ਦੇ ਮੱਤ ਅਨੁਸਾਰ ਈਸਾ ਤੋਂ 200 ਤੋਂ 500 ਵਰ੍ਹੇ ਪਹਿਲਾਂ ਇਸੇ ਧਰਤੀ ਦੇ ਸਪੂਤ ਮਹਾਰਿਸ਼ੀ ਭਾਰਤ ਦੇ ਨਾਟ-ਸ਼ਾਸਤਰ ਦੀ ਰਚਨਾ ਕਰਕੇ ਸੰਗੀਤ ਨਾਟ ਸੰਸਾਰ ਨੂੰ ਚਕਰਿਤ ਕਰ ਦਿੱਤਾ। ਇਸ ਤੋਂ ਬਾਅਦ ਇਸੇ ਪਰੰਪਰਾ ਵਿੱਚ ‘ਕੋਹਲ’, ‘ਦਤਿਲ’ ਮਤੰਗ ਅਤੇ ਨਾਰਦ ਆਦਿ ਵਿਦਵਾਨਾਂ ਨੇ ‘ਕੋਹਲਮ’ ਦਤਿਲਮ, ਬ੍ਰਹਦੇਸ਼ੀ ਸੰਗੀਤ ਮਕਰੰਦ ਆਦਿ ਗ੍ਰੰਥਾਂ ਦੀ ਰਚਨਾ ਕੀਤੀ ਜੋ ਉਸ ਸਮੇਂ ਸੰਗੀਤ ਕਲਾ ਵਿਕਸਿਤ ਅਵਸਥਾ ਦੇ ਸਾਖੀ ਸਨ। 12ਵੀਂ ਸਦੀ ਵਿੱਚ ਸ਼ੇਖ ਫ਼ਰੀਦ ਜਿਹੇ ਉੱਘੇ ਸੰਤ ਕਵੀ ਅਤੇ 13ਵੀਂ ਸਦੀਂ ਦੇ ਉੱਘੇ ਸੰਗੀਤ ਸ਼ਾਸ੍ਰਤੀ ਪੰਡਿਤ ਸ਼ਾਰੰਗਦੇਵ ਨੇ 'ਸੰਗੀਤ ਰਤਨਾਕਰ' ਜਿਹੇ ਮਹਾਨ ਗ੍ਰੰਥਾ ਦੀ ਰਚਨਾ ਕੀਤੀ, ਜਿਸ ਨੂੰ ਅੱਜ ਦੇ ਕਲਾਕਾਰ ਵੀ ਆਪਣਾ ਆਧਾਰ ਮੰਨਦੇ ਹਨ।
ਮੱਧ ਯੁੱਗ
ਸੋਧੋਮੁਗਲ ਕਾਲ ਨੂੰ ਸੰਗੀਤ ਕਲਾ ਦਾ ਸਵਰਨ ਯੁੱਗ ਬਣਾਉਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ, ਸੁਆਮੀ ਹਰੀਦਾਸ, ਬੈਜੂ-ਬਾਵਰਾ, ਗੋਪਾਲ ਲਾਲ, ਤਾਨਸੇਨ, ਪੰਡਿਤ ਸੋਮਨਾਥ, ਸੁਧਾਕਰ ਅਤੇ ਵਿਦਾਕਰ ਆਦਿ ਮੋਢੀ ਕਲਾਕਾਰ ਇਸੇ ਧਰਤੀ ਦਾ ਯੋਗਦਾਨ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ‘ਨਨਕਾਣਾ ਸਾਹਿਬ, ਸੁਆਮੀ ਹਰੀਦਾਸ ਜੀ ਹਰਿਆਣਾ, ਸ੍ਰੀ ਬੈਜੂ-ਬਾਵਰਾ ਅਤੇ ਗੋਪਾਲ ਲਾਲ ਬਜਵਾੜਾ ਦੇ ਵਸਨੀਕ ਸਨ। ਇਹ ਸਭ ਸੰਤ ਅਤੇ ਸੰਗੀਤਕਾਰ ਚਮਤਕਾਰੀ ਗਾਇਕ ਸਨ। ਇਹ ਕਲਾਕਾਰ ਪੰਜਾਬ ਦੀ ਪ੍ਰਸਿੱਧੀ ਗਾਇਕੀ ਧਰੁਵਪਦ ਦੇ ਕਾਲਾਕਾਰ ਸਨ। ਇੱਥੇ ਇਹ ਗੱਲ ਸਪਸ਼ਟ ਤੌਰ ਤੇ ਪ੍ਰਤੀਤ ਹੁੰਦੀ ਹੈ ਕਿ ਧਰੁਵਪਦ ਇੱਕ ਵੈਦਿਕ ਗਾਇਨ ਸ਼ੈਲੀ ਹੈ, ਜਿਹੜੀ ਪੰਜਾਬ ਵਿੱਚ ਜੰਮੀ ਪੁੰਗਰੀ ਤੇ ਜਵਾਨ ਹੋਈ। ਅੱਜ ਤੋਂ 40-50 ਸਾਲ ਪਹਿਲਾਂ ਸਾਰੇ ਕਲਾਕਾਰ ਤੇ ਸਰੋਤੇ ਇਸ ਗਾਇਕੀ ਦਾ ਗਾਇਨ ਕਰਦੇ ਸਨ। ਇਹ ਉਨ੍ਹਾਂ ਦੀ ਮਨ-ਭਾਉਂਦੀ ਗਾਇਕੀ ਸੀ।
ਦੇਸ਼ ਦੇ ਮਹਾਨ ਸੰਤ ਕਵੀਆਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ, ਸ਼ੇਖ ਫ਼ਰੀਦ, ਸ਼ਾਹ ਹੂਸੈਨ ਬੁੱਲੇ ਸ਼ਾਹ ਜੀ, ਧੰਨਾਂ ਭਗਤ ਪੰਜਾਬੀ ਹੀ ਸਨ, ਜਿੰਨ੍ਹਾਂ ਨੇ ਸੰਗੀਤਕ ਰਚਨਾ ਦੁਆਰਾ ਸੰਸਾਰ ਨੂੰ ਸੱਚਾ ਮਾਰਗ ਦੱਸਿਆ। ਪੰਜਵੇਂ ਗੁਰੂ, ਸ੍ਰੀ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਬਹੁਤ ਸਾਰੇ ਮਹਾਂ ਪੁਰਖਾਂ ਦੀਆ ਸੰਗੀਤ ਰਚਨਾਵਾਂ ਦਾ ਸੰਗ੍ਰਹਿ ਕਰਕੇ ਆਦਿ ਗ੍ਰੰਥ ਨਾਮ ਦੇ ਮਹਾਨ ਗ੍ਰੰਥ ਵਿੱਚ ਸੰਕਲਨ ਕੀਤਾ। ਜਿਸ ਵਿੱਚ ਹਰ ਇੱਕ ਰਚਨਾ ਉੱਤੇ ਰਾਗ ਅਤੇ ਤਾਲ ਦਾ ਨਂਮ ਅੰਕਿਤ ਹ,। ਜਿਸ ਵਿੱਚ ਉਹ ਗਾਇਆ ਜਂਾਦਾ ਹੈ। ਇੰਨ੍ਹਾਂ ਵਿੱਚੋਂ ਕੁੱਝ ਨੂੰ ਪ੍ਰਬੰਧ ਕਾਵਿ ਵੀ ਆਖਿਆ ਗਿਆ ਹੈ। ਇਹ ਸਭ ਰਚਨਾਵਾਂ ਸੰਗੀਤ ਦੇ ਮੱਧ ਕਾਲ ਦੇ ਇਤਿਹਾਸ ਤੇ ਪੰਜਾਬੀ ਸੰਗੀਤਕਾਰਾਂ ਦਾ ਬਹੁਤ ਪ੍ਰਭਾਵ ਰਿਹਾ। ਉਸ ਵੇਲੇ ਦੇ ਪੰਜਾਬ ਵਿੱਚ ਸੰਗੀਤ ਕਲਾ ਦੇ ਪ੍ਰਚਾਰ, ਵਿਕਾਸ ਅਤੇ ਪ੍ਰਭਾਵ ਬਾਰੇ ਪੰਡਿ, ਦਲੀਖ ਚੰਦਰਵੇਦੀੀ ਕਹਿੰਦੇ ਹ। ਕਿ ਪੰਜਾਬ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਸ਼ੇਖ ਫ਼ਰੀਦ ਦੀਆਂ ਰਚਨਾਵਾ ਪ੍ਰਚਲਿੱਤ ਹਨ। ਭਾਈ ਮਰਦਾਨਾਨਾਮਲ ਦਾ ਰਬਾਬੀ ਮਹਾਨ ਗਾਇਕ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਏਸ਼ੀਆ ਖੰਡ ਯਾਤਰਾ ਵਿੱਚ ਭਾਈ ਮਰਦਾਨਾ ਜੀ ਉਨ੍ਹਾਂ ਦੇ ਨਾਲ ਸੀ। ਸੰਗੀਤ ਦੀ ਮਹਾਨ ਸ਼ਕਤੀ ਦੇ ਕਾਰਨ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰ ਦੇ ਕੋਨੇ ਵਿੱਚ ਦੁਨਿਆਵੀ ਭਾਈਚਾਰਾ ਤੇ ਸਤਿ ਅਹਿੰਸਾ ਦਾ ਸਨੇੁਹ ਪਹੁੰਚਾ ਸਕੇ ਸਨ। ਉਨ੍ਹਾਂ, ਇਰਾਨ, ਇਰਾਕ, ਮੱਕਾ-ਮਦੀਨ, ਕਾਬਲ, ਬਗਦਾਦ ਵਰੇਗ ਦੇਸ਼ਾ ਵਿੱਚ ਪ੍ਰਚਾਰ ਕੀਤਾ।
ਸੁਆਮੀ ਹਰੀਦਾਸ ਅਤੇ ਉਨ੍ਹਾਂ ਦੇ ਸ਼ਿਖਸਤ-ਨਾਇਕ ਬੈਜੂ ਅਤੇ ਸੋਮਨਾਥ ਨੇ ਉਨ੍ਹਾਂ ਦਿਨਾ ਵਿੱਚ ਪੰਜਾਬ ਵਿੱਚ ਧਰੁਵਪਦ ਗਾਇਨ ਸ਼ੈਲੀ ਦਾ ਪ੍ਰਚਾਰ ਕੀਤਾ। ਪੰਡਿਤ ਦਿਵਾਕਰ ਤੇ ਸੁਧਾਕਰ ਵੀ ਉਨ੍ਹਾਂ ਦੇ ਨਾਲ ਸਨ। ਭਾਈ ਸੱਤਾ ਤੇ ਬਲਵੰਡ ਨੇ ਗੁਰਬਾਣੀ ਨੂੰ ਧਰੁਵਪਦ ਸ਼ੈਲੀ ਵਿੱਚ ਗਾਇਆ। ਧਰੁਵਪਦ ਦੇ ਚਾਰ ਪ੍ਰਕਾਰ ਧਮਾਰ, ਪੱਤਲ, ਧੀਰੂ ਅਤੇ ਚਤੁਰੰਗ ਪ੍ਰਸਿੱਧ ਹਨ।
ਗ਼ਜ਼ਲ ਅਤੇ ਕਵਾਲੀ ਸ਼ੈਲੀਆਂ ਨੂੰ ਰਾਜ ਦਰਬਾਰ ਵਿੱਚ ਬਹੁਤ ਮਾਣ ਪ੍ਰਾਪਤ ਸੀ, ਕਿਉਂਕਿ ਮੁਸਲਮਾਨ ਹਾਕਮ ਉਰਦੂ ਅਤੇ ਫਾਰਸੀ ਭਾਸ਼ਾਵਾਂ ਨੂੰ ਵਧੇਰੇ ਚਾਹੁੰਦੇ ਸਨ। ਉਹ ਸ਼ਿੰਗਾਰ ਰਸ ਦੇ ਸ਼ੈਦਾਈ ਸਨ। ਧਰੂਵਪਦ, ਧਮਾਰ, ਖ਼ਿਆਲ ਭਜਨ ਅਤੇ ਸ਼ਬਦ ਪ੍ਰਬੰਧ ਰਾਗਦਾਰੀ ਸੰਗੀਤ ਵਿੱਚ ਸ਼ਾਮਿਲ ਸਨ।
ਮੱਧ ਕਾਲ ਦੇ ਸ਼ੁਰੂ ਸਮੇਂ ਇਸ ਕਲਾ ਦੀ ਉਸਾਰੀ ਵਿੱਚ ਸੂਫ਼ੀ ਮੁਸਲਮਾਨਾਂ ਨੇ ਵੀ ਯੋਗਦਾਨ ਪਾਇਆ। ਸੂਫ਼ੀ ਮੁਸਲਮਾਨਾਂ ਦੇ ਮੁੱਖ ਕੇਂਦਰ ਲਹਿੰਦੇ ਪੰਜਾਬ ਵਿੱਚ ਸਨ, ਜਿੰਨ੍ਹਾਂ ਵਿੱਚ ਮੁਲਤਾਨ ਸਭ ਤੋਂ ਪ੍ਰਸਿੱਧ ਹੈ। ਸ਼ਾਹ ਹੂਸ਼ੈਨ ਆਦਿ ਸੂਫ਼ੀਆਂ ਦੀਆਂ ਰਚਨਾਵਾਂ ਭਾਰਤੀ ਰਾਗਾਂ ਵਿੱਚ ਗਾਈਆਂ ਜਾਂਦੀਆ ਹਨ। ਮੁਗਲ ਰਾਜ ਕਾਲ ਦੇ ਸਮੇਂ ਪੰਜਾਬ ਵਿੱਚ ਸੰਗੀਤ ਨੂੰ ਧਾਰਮਿਕ ਰੂਪ ਬਖ਼ਸ਼ਣ ਦਾ ਯਸ਼ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਹੋਰ ਗੁਰੁ ਸਾਹਿਬਾਨਾਂ ਨੂੰ ਪ੍ਰਾਪਤ ਹੈ। ਇਹ ਕਾਲ ਸੰਗੀਤ-ਕਲਾ ਦੇ ਇਤਿਹਾਸ ਵਿੱਚ ਉਤਸ਼ਾਹ ਭਰਿਆ ਯੁੱਗ ਮੰਨਿਆ ਜਾਂਦਾ ਹੈ। ਰਾਜ ਦਰਬਾਰ ਵਿੱਚ ਸੰਗੀਤ ਮਨੋਰੰਜਨ ਦਾ ਦਿਲ ਬਹਿਲਾਉਣ ਦਾ ਸਾਧਨ ਹੁੰਦਾ ਹੈ। ਪਰ ਭਗਵਾਨ ਦੇ ਦਰਬਾਰ ਵਿੱਚ ਸੰਗੀਤ ਰਾਹੀਂ ਭਗਵਾਨ ਦੀ ਪੂਜਾ ਵੀ ਹੁੰਦੀ ਹੈ। ‘ਧੰਨ ਸੁਰਾਗ ਸੁਰੰਗੜੇ ਆਲਾਪਿਤ ਸਭਿ ਤਿਖ ਜਾਏ’ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਨੂੰ ਆਪਣੇ ਸਦਾ ਹੀ ਅੰਗ –ਸੰਗ ਰੱਖਿਆ।
ਭਾਈ ਮਰਦਾਨਾ ਤੇ ਉਸਦਾ ਰਬਾਰ ਸਤਿਗੁਰੂ ਜੀ ਦੇ ਪਵਿੱਤਰ ਸੰਦੇਸ਼ ਨੂੰ ਜਨਤਾ ਦੇ ਕੰਨਾਂ ਅਤੇ ਦਿਲਾਂ ਤੱਕ ਪਹੁੰਚਾਉਣ ਦੇ ਸਾਧਨ ਬਣੇ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪਵਿੱਤਰ ਸ਼ਬਦ ਲਗਭਗ 31 ਰਾਗ ਤੇ ਰਾਗਨੀਆ ਦੁਆਰਾ ਗਾਏ ਜਾਂਦੇ ਹਨ।
ਅਕਬਰ ਦੇ ਸਮੇਂ ਤਾਨਸੇਨ ਇੱਕ ਚਮਤਕਾਰੀ ਗਵਾਈਏ ਹੋਏ ਹਨ, ਜਿੰਨ੍ਹਾਂ ਦੇ ਨਾਲ, ਅਨੇਕਾਂ ਕਹਾਣੀਆਂ ਪ੍ਰਚਲਿਤ ਹਨ। ਜਿੱਥੋਂ ਤੱਕ ਭਾਤਰੀ ਇਤਿਹਾਸਕਾਰਾਂ ਦੀ ਖੋਜ ਦਾ ਸੰਬੰਧ ਹੈ। ਉੱਥੋਂ ਤਕ ਇਸ ਤਰ੍ਹਾਂ ਦਾ ਪ੍ਰਭਾਵਸ਼ਾਲੀ ਗਵਈਆ ਕੇਵਲ ਇੱਕ ਹੀ ਮਿਲਦਾ ਸੀ ਉਹ ਸੀ ਪੰਜਾਬ ਦਾ ਉੱਘਾ ਕਲਾਕਾਰ ਤਾਨਸੇਨ। ਕਈਆ ਦਾ ਖ਼ਿਆਲ ਹੈ ਕਿ ਉਹ ਮੁਲਤਾਨ ਦਾ ਵਸਨੀਕ ਸੀ। ਕਈਆਂ ਦਾ ਖ਼ਿਆਲ ਸੀ ਕਿ ਉਹ ਲਾਹੌਰ ਦਾ ਵਸਨੀਕ ਸੀ। ਧਰੁਵਪਦ ਤੋਂ ਪਿੱਛੋਂ ਭਾਰਤ ਸੰਗੀਤ ਖੇਤਰ ਵਿੱਚ ਖਿਆਲ ਗਾਇਕੀ ਦਾ ਯੁੱਗ ਆਉਂਦਾ ਹੈ। ਇਸ ਦੇ ਆਰੰਭ ਕਰਤਾ ਭਾਵੇਂ ਕੋਈ ਵੀ ਹੋਣ ਪਰ ਇਸਨੂੰ ਪ੍ਰਸਿੱਧੀ ਤੇ ਲੋਕ ਪ੍ਰਿਅਤਾ ਦੇਣ ਦਾ ਸਿਹਰਾ ਸਦਾ-ਰੰਗ, ਅਦਾਰੰਗ ਦੇ ਸਿਰ ਹੀ ਹੈ। ਇੰਨ੍ਹਾਂ ਦੇ ਪੰਜਾਬੀ ਅਤੇ ਮੁਲਤਾਨੀ ਹੋਣ ਦੇ ਸਬੂਤ ਇੰਨ੍ਹਾਂ ਦੀਆਂ ਅਣਗਣਿਤ ਖਿਆਲ ਰਚਨਾਵਾਂ ਤੋਂ ਪ੍ਰਾਪਤ ਹੁੰਦੇ ਹਨ।।
ਆਧੁਨਿਕ ਯੁੱਗ
ਸੋਧੋ19ਵੀਂ ਸਦੀ ਅਤੇ 20ਵੀਂ ਸਦੀਆਂ ਦੇ ਪ੍ਰਸਿੱਧ ਪੰਜਾਬੀ ਸੰਗੀਤਕਾਰ ਹਨ- ਭਾਈ ਚਾਂਦ ਰਬਾਬੀ, ਭਾਈ ਗੁਰਮੁੱਖ ਸਿਘ, ਭਾਈ ਉੱਤਮ ਸਿੰਘ, ਪੰਡਿਤ ਵੈਸ਼ਨਵ ਦਾਸ, ਭਾਈ ਵਧਾਵਾ ਮੌਲਾ ਦਾਦ, ਮੌਲਾ ਬਖਸ਼, ਭਾਈ ਅਲਯਾਸ ਕਰੀਮ ਬਖ਼ਸ਼ ਮੁਹੰਮਦ ਹੂਸੈਨ, ਜਿਹੇ ਕਲਾਕਾਰਾਂ ਨੂੰ ਧਰੁਵਪਦ ਗਾਇਨ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ। ਪੰਜਾਬ ਵਿੱਚ ਉਸ ਸਮੇਂ ਧਰੁਵਪਦ ਗਾਉਣ ਦੀ ਰੁੱਚੀ ਆਮ ਜਨਤਾ ਵਿੱਚ ਇਤਨੀ ਵੱਧ ਗਈ ਕਿ ਲੋਕ ਨਾਲ-ਨਾਲ ਗਾਉਂਦੇ ਸਨ। ਇਸ ਤਰ੍ਹਾਂ ਮਾਲੂਮ ਹੁੰਦਾ ਸੀ ਜਿਵੇਂ ਸਾਰਾ ਪੰਜਾਬ ਹੀ ਧਰੁਵਪਦ ਦੀਆਂ ਧੁਨਾਂ ਨਾਲ ਗੂੰਜ ਰਿਹਾ ਹੈ।
ਭਾਰਤ ਮਾਂ ਦਾ ਜੇਠਾ ਪੁੱਤਰ ਹੋਣ ਕਰਕੇ ਪੰਜਾਬ ਪੁਰਾਤਨ ਕਾਲ ਤੋਂ ਹੀ ਸਮੁੱਚੇ ਦੇਸ਼ ਦੀ ਅਗਵਾਹੀ ਕਰਦਾ ਚਲਿਆ ਆ ਰਿਹਾ ਹੈ। ਉਸਨੂੰ ਇਹ ਗੌਰਵ ਪੁਰਤਾਨ ਕਾਲ ਤੋਂ ਹੀ ਪ੍ਰਾਪਤ ਹੈ। 19ਵੀਂ ਸਦੀ ਛੇਕੜਲਿਆਂ ਵਰਿਆਂ ਵਿੱਚ ਪੰਜਾਬ ਨੇ ਇਸ ਕਲਾ ਦੀ ਮੁੜ ਉਸਾਰੀ ਲਈ ਜ਼ੋਰਦਾਰ ਯਤਨ ਸ਼ੁਰੂ ਕਰ ਦਿੱਤਾ ਸੀ। ਪੜ੍ਹੇ ਲਿਖੇ ਲੋਕ ਇਸ ਕਲਾ ਤੋਂ ਦੂਰ ਹੋ ਚੁੱਕੇ ਸਨ। ਉਹ ਕਲਾ ਤੇ ਕਲਾਕਾਰ ਦੋਹਾਂ ਤੋਂ ਹੀ ਨਫ਼ਰਤ ਕਰਦੇ ਸਨ। ਇਸ ਦਾ ਮੁੱਖ ਕਾਰਨ ਕਲਾ ਦਾ ਧੰਦਾ ਅਪਵਿੱਤਰ ਹਥਾਂ ਵਿੱਚ ਚਲੇ ਜਾਣਾ ਸੀ। ਕਲਾਕਾਰ ਅਨਪੜ੍ਹਤਾ ਕਾਰਨ ਰੂੜੀਵਾਦੀ ਹੋ ਚੁੱਕੇ ਸਨ। ਜਿਸ ਦੇ ਸਿੱਟੇ ਵਜੋਂ ਕਲਾ ਵਿੱਚ ਦੋਸ਼ ਆ ਗਏ ਸਨ ਅਤੇ ਇਸ ਦੀ ਆੜ ਵਿੱਚ ਅਨੇਕਾ ਪ੍ਰਕਾਰ ਦੇ ਸ੍ਰਿਸ਼ਟਾਚਾਰ ਹੋ ਰਹੇ ਸਨ। ਅੰਗਰੇਜ ਸ਼ਾਸਕ ਭਾਰਤੀ ਸੰਗੀਤ ਨਾਲ ਵਿਤਕਰੇ ਦੀ ਵਰਤੋਂ ਕਰਦੇ ਸਨ ਅਤੇ ਇਸਨੂੰ ਕਿਸੇ ਵੀ ਕਿਸਮ ਦੀ ਸਰਕਾਰੀ ਸਹਾਇਤਾ ਨਹੀਂ ਸੀ ਮਿਲਦੀ। ਇੰਨ੍ਹਾਂ ਹਾਲਾਤਾਂ ਵਿੱਚ ‘ਬਜਵਾੜਾ’ ਹੁਸ਼ਿਆਰਪੁਰ ਦੇ ਉੱਘੇ ਕਲਾ ਸੇਵਕ ਸੰਤੁ ਹਰਵੱਲਭ ਜੀ ਨੇ ਆਪਣੇ ਗੁਰੂ ਤੁਲਜਾ ਗਿਰੀ ਜੀ ਪਵਿੱਤਰ ਯਾਦ ਵਿੱਚ ਜਲੰਧਰ ਦੇ ਦੇਵੀ ਤਲਾਅ ਉੱਤੇ ਇੱਕ ਵਾਰਸਿਕ ਸੰਗੀਤ ਸੰਮੇਲਨ ਸ਼ੁਰੂ ਕੀਤਾ। ਸ਼ੁਰੂ-ਸ਼ੁਰੂ ਵਿੱਚ ਇਸ ਮੇਲੇ ਵਿੱਚ ਉੱਚ ਕੋਟੀ ਦੇ ਸਾਧੂ ਸੰਗੀਤਕਾਰ ਭਾਗ ਲੈਂਦੇ ਰਹੇ ਅਤੇ ਮਗਰੋਂ ਜਾ ਕੇ ਮਹਾਨ ਕਲਾਕਾਰਾਂ ਨੇ ਭਾਗ ਲੈਣਾ ਸ਼ੁਰੂ ਕਰ ਦਿੱਤਾ। ਜਿਸ ਨਾਲ ਇਹ ਮੇਲਾ ਦੇਸ਼ ਵਿਆਪੀ ਰੂਪ ਧਾਰਨ ਕਰ ਗਿਆ। ਇਸ ਵਿੱਚ ਪੇਸ਼ਾਵਰ, ਆਸਾਮ, ਬੰਗਾਲ, ਮਦਰਾਸ ਤੇ ਬੰਬਈ ਤੱਕ ਦੇ ਕਲਾਕਾਰਾਂ ਤੇ ਸਰੋਤੇ ਸ਼ਾਮਿਲ ਹੋਣ ਲੱਗੇ। ਅੱਜ ਇਹ ਮੇਲਾ ਮਹਾਨ ਕਾਨਫ਼ਰੰਸ ਦਾ ਰੂਪ ਧਾਰਨ ਕਰ ਚੁੱਕਾ ਹੈ। ਇਸ ਮੇਲੇ ਵਿੱਚ ਸੈਂਕੜੇ ਸੰਗੀਤਕਾਰ ਅਤੇ ਹਜ਼ਾਰਾ ਸਰੋਤੇ ਇੱਕਤਰ ਹੁੰਦੇ ਹਨ। ਇਹ ਭਾਰਤ ਦੀ ਸਭ ਤੋਂ ਵੱਡੀ ਕਾਨਫ਼ਰੰਸ ਹੈ।
ਇਸ ਮੇਲੇ ਵਜੋਂ ਪੰਜਾਬ ਵਿੱਚ ਸੰਗੀਤ ਪ੍ਰਤੀ ਕਾਫੀ ਪਿਆਰ ਜਾਗਰਤ ਹੋ ਗਿਆ ਹੈ। ਜਨਤਾ ਨੇ ਸੰਗੀਤ ਸੁਣਨਾ ਤੇ ਸਿੱਖਣਾ ਆਰੰਭ ਕਰ ਦਿੱਤਾ। ਤਲਵੰਡੀ, ਜਾਡਲਾ, ਕਪੂਰਥਲਾ, ਪਟਿਆਲਾ, ਹਰਿਆਣਾ, ਸ਼ਾਮ-ਚੈਰਾਸੀ, ਫਿਲੌਰ ਅਤੇ ਰਾਮਪੁਰ ਦੇ ਮੁਸਲਮਾਨ ਸੰਗੀਤ ਘਰਾਣੇ ਜਾਗ ਪਏ ਅਤੇ ਉਨ੍ਹਾਂ ਨੇ ਸੰਗੀਤ ਕਾਂ ਦੀ ਸਿਖਲਾਈ ਦਾ ਕੰਮ ਸ਼ੁਰੂ ਕਰ ਦਿੱਤਾ। ਲਾਹੋਰ ਦੇ ਕਾਲੇ ਖਾਨ, ਪਟਿਆਲੇ ਦੇ ਕਾਲੂ ਖਾਨ, ਸ਼ਾਮਰਾਸੀਰੀ ਦੇ ਕਰੀਮ ਬਖਸ਼, ਹਰਿਆਣਾ ਦੇ ਗੁਜਰ ਰਾਮ ਅਤੇ ਮੁਹੰਮਦ ਹੂਸ਼ੈਨ, ਫਿਲੌਰ ਦੇ ਅਹਿਮਦ ਬਖਸ਼ ਰਾਮਪੁਰ ਦੇ ਊਧੋ ਖਾਨ, ਹਸ਼ਿਆਰਪੁਰ ਦੇ ਮਲੰਗ ਖਾਨ ਆਦਿ ਹਨ।
ਸੰਨ 1900 ਵਿੱਚ ਮਹਾਰਾਸ਼ਟਰ ਦੇ ਉੱਘੇ ਜਵਾਨ ਕਲਾਕਾਰ ਪੰਡਿਤ ਵਿਸ਼ਣ ਦਿਗੰਬਰ ਨੇ ਇਸ ਇੱਕਠ ਵਿੱਚ ਭਾਗ ਲੈ ਕੇ ਸੰਗੀਤ ਪ੍ਰੇਮੀਆਂ ਨੂੰ ਆਪਣੇ ਪ੍ਰਭਾਵਸ਼ਾਲੀ ਗਾਇਨ ਕਲਾ ਦੀ ਮੁੜ ਉਸਾਰੀ ਅਤੇ ਕਲਿਆਣ ਲਈ ਪ੍ਰੇਰਿਆ। ਕਈ ਜਵਾਨ ਗੱਭਰੂ ਪੰਡਿਤ ਜੀ ਪਾਸੋਂ ਸਿੱਖਣ ਲਈ ਤਿਆਰ ਹੋ ਗਏ, ਇਸੇ ਤੋਂ ਪ੍ਰਭਾਵਿਤ ਹੋ ਕੇ ਪੰਡਿਤ ਜੀ ਨੇ ਲਾਹੋਰ ਵਿੱਚ ਗੰਧਰਵ ਮਹਾਂ ਵਿਦਿਆਲੇ ਦੀ ਨੀਂਹ ਰੱਖ ਦਿੱਤੀ, ਦੂਰ-ਦੂਰ ਦੇ ਸੂਬਿਆਂ ਤੋਂ ਸਿੱਖਣ ਲਈ ਲੜਕੀਆਂ ਤੇ ਲੜਕੇ ਆਉਣ ਲੱਗੇ, ਕੰਨਿਆ ਮਹਾਂ ਵਿਦਿਆਲੇ ਵੀ ਖੋਲਿਆ। ਪੰਡਿਤ ਵਿਸ਼ਨੂੰ ਦਿਗੰਬਰ ਜੀ ਨੇ ਕਲਾ ਅਤੇ ਕਲਾਕਾਰਾਂ ਨੂੰ ਭਲੇ ਪਾਸੇ ਲਾਉਣ ਲਈ ਭਗਤੀ, ਵੀਰ ਅਤੇ ਵਾਤਸਲਯ ਦੇ ਕਈ ਗੀਤ ਰਚ ਕੇ ਕਈ ਪੁਸਤਕਾਂ ਛਾਪ ਦਿੱਤੀਆਂ ਅਤੇ ਉੱਘੇ ਸੰਤਾਂ ਦੀਆਂ ਬਾਣੀਆਂ ਨੂੰ ਰਾਗਾਂ ਵਿੱਚ ਰੰਗ ਦਿੱਤਾ। ਆਸਾਮ, ਬੰਗਾਲ, ਨੇਪਾਲ, ਅਤੇ ਮਹਾਂਰਾਸ਼ਟਰ ਤੋਂ ਸੰਗੀਤ ਸਿੱਖਣ ਲਈ ਵਿਦਿਆਰਥੀ ਆਉਣੇ ਸ਼ੁਰੂ ਹੋ ਗਏ। ਆਧੁਨਿਕ ਕਾਲ ਦੇ ਉੱਘੇ ਸੰਗੀਤਕਾਰ ਪਦਮ ਸ੍ਰੀ ਉਦਾਰ ਨਾਥ ਠਾਕੁਰ, ਸੰਗੀਤ ਚੂੜਾਮਣੀ ਪੰਡਿਤ ਵਿਨਾਇਕ ਰਾਉ ਪਟਵਰਧਨ, ਡਾ. ਨਿਰਾਇਣ ਰਾਉ ਵਿਆਸ, ਹੋਰ ਅਨੇਕ ਸੰਗੀਤ ਦੇ ਚਮਕਦੇ ਹੋਏ ਸੂਰਜ ਇਸੇ ਤਕਸ਼ਿਲਾ ਗੰਧਰਵ ਮਹਾਂ ਵਿਦਿਆਲਾ ਦੀ ਦੇਣ ਹਨ। ਇਸ ਤੋਂ ਇਲਾਵਾਂ ਹੰਸਰਾਜ ਮਦਨ, ਪੰਡਿਤ ਦਲੀਪ ਚੰਦਰ ਬੇਦੀ, ਪ੍ਰੋ. ਹਰੀਚੰਦਰ ਬਾਲੀ, ਸ੍ਰੀ ਅੱਲਾ ਰੱਖਾ, ਬੜੇ ਗੁਲਾਮ ਆਲੀ ਖਾਨ, ਸ੍ਰੀ ਨਜਾਕਤ ਅਲੀ ਤੇ ਸਲਾਮਤ ਆਲੀ ਆਦਿ ਅਨੇਕ ਭਾਰਤੀ ਸੰਗੀਤਕਾਰ ਇਸ ਜਣਨੀ ਦੇ ਲਾਲ ਹਨ।
ਪਟਿਆਲੇ ਦੇ ਸ੍ਰੀ ਫਤਹਿ ਅਲੀ ਅਤੇ ਅਲੀ ਬਖਸ਼ ਪਹਿਲੇ ਕਲਾਕਾਰ ਸਨ ਜਿੰਨ੍ਹਾਂ ਨੂੰ ਜਰਨਲ ਅਤੇ ਕਰਨਲ ਦੀਆਂ ਉਪਾਧੀਆਂ ਨਾਲ ਸਨਮਾਨਿਆ ਗਿਆ। ਇਸੇ ਹੀ ਧਰਤੀ ਦੇ ਉੱਘੇ ਕਲਾਕਾਰ ਬੜੇ ਗੁਲਾਮ ਖਾਨ ਨੂੰ ਪਦਮ-ਭੂਸ਼ਣ ਦਾ ਸਨਮਾਨ ਮਿਲਿਆ। ਇੱਥੋਂ ਦੇ ਅਨੇਕ ਕਲਾਕਾਰ ਗ੍ਰੰਥ ਰਚਨਾਂ ਵੀ ਕਰ ਚੁੱਕੇ ਹਨ। ਨਾਟਕ ਅਤੇ ਫ਼ਿਲਮ ਦੇ ਵੱਡੇ ਖੇਤਰ ਵਿੱਚ ਇਸੇ ਭੂਮੀ ਨੇ ਮੀਆ ਝੰਡੇ ਖਾਨ, ਸ੍ਰੀ ਗੁਲਾਮ ਹੈਦਰ, ਪੰਡਿਤ ਅਮਰਥਾਪ, ਪੰਡਿਤ ਹਸਨ ਲਾਲ, ਭਗਤ ਸ੍ਰੀ ਨੌਸ਼ਾਦ ਅਲੀ, ਸ੍ਰੀ ਕੇ.ਐੱਲ.ਸਹਿਗਲ ਵਰਗੇ ਸੰਗੀਤ ਨਿਰਦੇਸ਼ਕ ਅਤੇ ਨੂਰਜਹਾਂ ਬੇਗਮ ਅਤੇ ਸ੍ਰੀ ਮੁਹੰਮਦ ਰਫੀ ਜੇਹੇ ਸੁਰੀਲੇ ਗਾਇਕਾਂ ਦਾ ਯੋਗ ਦਿੱਤਾ ਹੈ ਜੋ ਸਰਲ ਸੰਗੀਤ ਦੇ ਖੇਤਰ ਵਿੱਚ ਪਰਵਰਤਕ ਸਿੱਧ ਹੋਇਆ ਹੈ।
ਪੰਜਾਬ ਵਿੱਚ ਜਿੱਥੇ ਸਭ ਤਰ੍ਹਾਂ ਦੀਆਂ ਸ਼ਾਸਤਰੀ ਗਾਇਨ ਸ਼ੈਲੀਆ ਅਰਥਾਂਤ ਧਰੁਵਪਦ, ਧਮਾਰ, ਝੂੱਮਰਾ, ਟੱਪਾ, ਖਿਆਲ, ਤਰਾਨਾ, ਚਤੁਰੰਗ ਆਦਿ ਪਨਪ ਰਹੀਆਂ ਹਨ ਉੱਥੇ ਲੋਕ ਸੰਗੀਤ ਖੇਤਰ ਵਿੱਚ ਪੰਜਾਬ ਵੀ ਇੱਕ ਬੜਾ ਭਾਰੀ ਭੰਡਾਰ ਅਤੇ ਸ੍ਰੋਤ ਹੈ ਜਿਸ ਵਿੱਚ ਭਾਰਤ ਤੋਂ ਇਲਾਵਾਂ ਸੰਸਾਰ ਦੀਆਂ ਬਾਕੀ ਪੱਧਤੀਆਂ ਵੀ ਪ੍ਰਭਾਵਿਤ ਹਨ।[6]
ਸਮਕਾਲੀ ਪੰਜਾਬੀ ਸੰਗੀਤ ਪਰੰਪਰਾ
ਸੋਧੋਸਮਕਾਲੀ ਪੰਜਾਬੀ ਸੰਗੀਤ ਪਰੰਪਰਾ ਨਵੇਂ ਰੂਪ ਵਿੱਚ ਵਿਕਸਿਤ ਹੋ ਰਹੀ ਹੈ। ਪਰੰਤੂ ਪੋਪ ਮਿਊਜਿਕ ਤੋਂ ਪ੍ਰਭਾਵਿਤ ਪੌਪ ਗਾਇਕੀ ਜਾ ਪੰਜਾਬੀ ਗੀਤਾਂ ਦੀ ਪੇਸ਼ਕਾਰੀ ਵਿੱਚ ਅਸ਼ਲੀਲਤਾ ਦੀ ਪ੍ਰਵਿਰਤੀ ਚਿੰਤਾ ਜਨਕ ਹੈ। ਪਰ ਪੰਜਾਬੀ ਸੰਗੀਤ ਨੇ ਛੇਤੀ ਹੀ ਇੰਨ੍ਹਾਂ ਦੇ ਪ੍ਰਭਾਵਾ ਨੂੰ ਕਬੂਲਿਆ ਹੈ। ਇੰਨ੍ਹਾਂ ਦੇ ਪ੍ਰਭਾਵਾਂ ਸਦਕਾ ਹੀ ਪੰਜਾਬੀ ਸੰਗੀਤ ਦਾ ਅਜੋਕਾ ਸਰੂਪ ਅਤੇ ਦਿੱਖ ਬਣੀ ਹੈ।
ਸੰਗੀਤ ਪਹਿਲਾਂ ਰੂਹ ਨੂੰ ਸਕੂਨ ਤੇ ਮਨੋਰੰਜਨ ਦਾ ਸਾਧਨ ਮੰਨਿਆ ਜਾਂਦਾ ਸੀ, ਪਰ ਅੱਜ ਕੱਲ ਇਹ ਮੰਡੀਕਰਨ ਦੇ ਨਾਲ ਜੁੜਕੇ ਮੁਨਾਫ਼ਾ ਪ੍ਰਧਾਨ ਬਣ ਗਿਆ ਹੈ। ਜਦੋਂ ਕਲਾ ਮੰਡੀ ਦੀ ਵਸਤ ਬਣ ਜਾਵੇ ਤਾਂ ਉਸ ਦੀ ਸਿਰਜਣਾ ਵਿੱਚ ਪਹਿਲਾ ਪੈਸਾ ਲੱਗਣਾ ਅਤੇ ਫਿਰ ਮੁੜਨਾ, ਤਦ ਇੱਕ ਆਪਸੀ ਪ੍ਰਤਿਯੋਗਤਾ ਦਾ ਸ਼ਿਲਸ਼ਿਲਾ ਵੀ ਸਾਹਮਣੇ ਆਉਂਦਾ ਹੈ। ਅੱਜ ਦੇ ਕਿਸੇ ਗਾਇਕ ਲਈ ਮੰਡੀ ਵਿੱਚ ਟਿਕਣਾ ਤਦ ਹੀ ਸੰਭਵ ਹੈ ਜੇਕਰ ਗਾਇਕ ਵਿੱਚ ਕਲਾ ਅਤੇ ਯੋਗਤਾ ਹੋਵੇਗੀ। ਪਰ ਹੁਣ ਮੰਡੀਕਰਨ ਨੇ ਹੋਰ ਵੀ ਪ੍ਰਸਿੱਧ ਕਰਨ ਲਈ ਰਸਤੇ ਤੇ ਢੰਗ ਤਰੀਕੇ ਲੱਭ ਲਏ ਹਨ। ਜਿਵੇਂ ਬਾਹਰਲੇ ਦੇਸ਼ਾ ਵਿੱਚ Video Shot ਕਰਨਾ ਜਾਂ ਫਿਰ ਬਾਹਰਲੇ ਅਦਾਕਾਰਾਂ ਨੂੰ Video ਵਿੱਚ ਲੈਣਾ, ਜਿਸ ਨਾਲ ਸਫ਼ਲਤਾ ਪ੍ਰਾਪਤ ਕਰਨ ਦੀ ਕੋਸ਼ਿਸ ਕੀਤੀ ਜਾਂਦੀ ਹੈ, ਪਰ ਇਸ ਦੇ ਕਾਰਨ ਸੱਭਿਆਚਾਰ ਵਿੱਚ ਵਿਗਾੜ ਵੀ ਪੈਦਾ ਹੋ ਰਹੇ ਹਨ। ਇਸ ਲਈ ਅਜੋਕੇ ਗਾਇਕ ਅਤੇ ਸੰਗੀਤਕਾਰਾਂ ਦੇ ਸਾਹਮਣੇ ਜਿੱਥੇ ਥੋੜੇ ਸਮੇਂ ਵਿੱਚ ਪ੍ਰਸਿੱਧ ਹੋਣ ਦੇ ਮੌਕੇ ਹਨ, ਉੱਥੇ ਹੀ ਕਈ ਤਰ੍ਹਾਂ ਦੀਆ ਚੁਣੌਤੀਆਂ ਵੀ ਹਨ। ਇੰਨ੍ਹਾਂ ਚੁਣੌਤੀਆਂ ਦਾ ਭਵਿੱਖ ਕੀ ਹੋਵੇਗਾ? ਇਸ ਬਾਰੇ ਵਿਚਾਰ ਕਰਨ ਦੀ ਲੋੜ ਹੈ।[7]
ਹਵਾਲੇ
ਸੋਧੋ
- ↑ ਪੰਨਾ ਲਾਲ ਮਦਾਨ(ਸੰਪਾਦਕ) (1986). ਪੰਜਾਬ ਵਿੱਚ ਸੰਗੀਤ ਕਲਾ ਦਾ ਨਿਕਾਸ ਤੇ ਵਿਕਾਸ. ਪਬਲੀਕੇਸ਼ਨ ਬਿਓਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. pp. 12–13.
- ↑ ਗੁਰਨਾਮ ਸਿੰਘ (2003). ਸੰਗੀਤ ਨਿਬੰਧਾਵਲੀ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 10.
- ↑ ਕੰਵਲ, ਬਲਵੀਰ ਸਿੰਘ (2017). ਪੰਜਾਬ ਦੇ ਸੰਗੀਤ ਘਰਾਣੇ ਅਤੇ ਭਾਰਤੀ ਸੰਗੀਤ ਪਰੰਪਰਾ. ਸਿੰਘ ਬ੍ਰਦਰਜ਼, ਅੰਮ੍ਰਿਤਸਰ. p. 89.
- ↑ ਕੰਵਲ, ਬਲਵੀਰ ਸਿੰਘ (2017). ਪੰਜਾਬ ਦੇ ਸੰਗੀਤ ਘਰਾਣੇ ਅਤੇ ਭਾਰਤੀ ਸੰਗੀਤ ਪਰੰਪਰਾ. ਸਿੰਘ ਬ੍ਰਦਰਜ਼, ਅੰਮ੍ਰਿਤਸਰ. p. 27.
- ↑ ਪਾਂਧੀ, ਪੂਰਨ ਸਿੰਘ (2015). ਸੰਗੀਤ ਦੀ ਦੁਨੀਆ. ਲੋਕ ਪ੍ਰਕਾਸ਼ਨ, ਚੰਡੀਗੜ੍ਹ. pp. 121–125.
- ↑ ਪੰਨਾ ਲਾਲ ਮਦਾਨ(ਸੰਪਾਦਕ) (1986). ਪੰਜਾਬ ਵਿੱਚ ਸੰਗੀਤ ਕਲਾ ਦਾ ਨਿਕਾਸ ਤੇ ਵਿਕਾਸ. ਪਬਲੀਕੇਸ਼ਨ ਬਿਓਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. pp. 23–32.
- ↑ ਹੁੰਦਲ(ਡਾ.), ਹਰਿੰਦਰ (2015). ਪੰਜਾਬ ਦਾ ਲੋਕ ਸੰਗੀਤ ਪਰੰਪਰਾ ਅਤੇ ਸਮਕਾਲ. ਚੇਤਨਾ ਪ੍ਰਕਾਸ਼ਨ, ਲੁਧਿਆਣਾ. p. 89.