ਪੰਜਾਬ ਵਿੱਚ ਸੂਫ਼ੀਵਾਦ

ਸੂਫ਼ੀਵਾਦ ਦਾ ਜਨਮ

ਸੋਧੋ

ਸੂਫ਼ੀਵਾਦ ਦਾ ਜਨਮ ਤੇ ਵਿਕਾਸ ਇਸਲਾਮੀ ਚਿੰਤਨ ਦੇ ਅੰਤਰਗਤ ਹੋਇਆ ਹੈ। ਦੱਸਵੀਂ ਸਦੀ ਈ. ਵਿੱਚ ਸੂਫ਼ੀਵਾਦ ਦੀ ਸੁਤੰਤਰ ਪਛਾਣ ਕਾਇਮ ਹੋ ਚੁੱਕੀ ਸੀ।ਇਮਾਮ ਗੱਜਾਲੀ (1058-1111 ਈ.) ਨੇ ਸੂਫ਼ੀਵਾਦ ਦੀ ਦਾਰਸ਼ਨਿਕ ਵਿਆਖਿਆ ਕੁਰਾਨ ਤੇ ਹਦੀਸ ਦੇ ਅੰਤਰਗਤ ਪ੍ਰਸਤੁਤ ਕਰਦਿਆਂ ਇਸਨੂੰ ਇਸਲਾਮੀ ਚਿੰਤਨ ਦੇ ਅਧਿਆਤਮਕ ਜੁਜ਼ ਵਜੋਂ ਸਥਾਪਿਤ ਕਰ ਦਿਤਾ। ਭਾਰਤ ਵਿੱਚ ਸੂਫ਼ੀਵਾਦ ਦਾ ਆਗਮਨ:- ਭਾਰਤ ਵਿੱਚ ਪ੍ਰਵੇਸ਼ ਕਰਨ ਤੋ ਪਹਿਲਾ ਸੂਫ਼ੀਵਾਦ ਆਪਣੇ ਵਿਕਾਸ ਦੀ ਸਿਖਰ ਨੂੰ ਛੂਹ ਚੁੱਕਾ ਸੀ। ਭਾਰਤ ਵਿੱਚ ਇਸਲਾਮ ਦਾ ਆਗਮਨ ਅੱਠਵੀਂ ਸਦੀ ਦੇ ਆਰੰਭ ਵਿੱਚ ਹੋਇਆ। ਮੁਹੰਮਦ ਬਿਨ ਕਾਸਿਮ ਦੁਆਰਾ ਸਿੰਧ ਤੇ ਮੁਲਤਾਨ ਜਿੱਤਣ ਉੱਪਰੰਤ ਇਸਲਾਮ ਦਾ ਪਾਸਾਰ ਸਾਰੇ ਭਾਰਤ ਵਿੱਚ ਹੋਣਾ ਆਰੰਭ ਹੋਇਆ। ਡਾ. ਲਾਜਵੰਤੀ ਰਾਮਾ ਕ੍ਰਿਸ਼ਨਾ ਅਨੁਸਾਰ "ਮੁਸਲਮਾਨਾਂ ਦੁਆਰਾ ਉੱਤਰੀ ਭਾਰਤ ਫ਼ਤਿਹ ਕਰਨ ਉੱਪਰੰਤ ਹੀ ਸੂਫ਼ੀਵਾਦ ਦਾ ਭਾਰਤ ਵਿੱਚ ਆਰੰਭ ਹੋਇਆ ਹੈ। ਭਾਰਤ ਵਿੱਚ ਮੁੱਢਲੇ ਕਾਲ ਦੇ ਪ੍ਰਸਿੱਧ ਸੂਫ਼ੀਆ ਵਿੱਚ ਹਜਰਤ ਮੁਇਨ-ਉਦ-ਦੀਨ ਚਿਸ਼ਤੀ (ਅਜਮੇਰ), ਕੁਤਬ-ਉਦ-ਦੀਨ ਬਖ਼ਤਿਆਰ ਕਾਕੀ (ਦਿੱਲੀ), ਨਿਜ਼ਾਮ-ਉਦ-ਦੀਨ ਔਲੀਆ (ਦਿੱਲੀ), ਫ਼ਰੀਦ-ਉਦ-ਦੀਨ ਮਸਊਦ ਸ਼ਕਰਗੰਜ (ਪਾਕਪਟਨ),ਅਲਾ-ਉਦ-ਦੀਨ ਅਲੀ ਅਹਿਮਦ ਸਾਬਿਰ (ਉੱਤਰ ਪ੍ਰਦੇਸ਼), ਸ਼ਰਫ਼-ਉਦ-ਦੀਨ-ਬੂਅਲੀ ਕਲੰਦਰ (ਪਾਣੀਪਤ), ਬਹਾ-ਉਦ-ਦੀਨ ਜ਼ਕਰੀਆ (ਮੁਲਤਾਨ) ਆਦਿ ਦਾ ਵਿਸ਼ੇਸ਼ ਰੂਪ ਵਿੱਚ ਜ਼ਿਕਰ ਕੀਤਾ ਜਾ ਸਕਦਾ ਹੈ।

ਪੰਜਾਬ ਵਿੱਚ ਸੂਫ਼ੀਵਾਦ

ਸੋਧੋ

ਪੰਜਾਬ ਵਿੱਚ ਸੂਫ਼ੀਵਾਦ ਦਾ ਆਗਮਨ ਗਿਆਰਵੀਂ ਸਦੀ ਈ. ਵਿੱਚ ਮਹਿਮੂਦ ਗਜ਼ਨਵੀ ਦੁਆਰਾ ਕੀਤੇ ਹਮਲਿਆ ਤੋ ਬਾਅਦ ਹੋਇਆ। ਪੰਜਾਬ ਦੇ ਮੁੱਢਲੇ ਸੂਫ਼ੀਆ ਵਿੱਚ ਹਜ਼ਰਤ ਸ਼ੇਖ ਅਲੀ ਹੁਜਵੀਰੀ (ਮ੍ਰਿ.1072 ਈ.),ਬਾਬਾ ਫ਼ਰੀਦ (1173-1266 ਈ.), ਸੱਈਅਦ ਅਹਿਮਦ ਸੁਲਤਾਨ ਸਖ਼ੀ ਸਰਵਰ (ਮ੍ਰਿ. 1181 ਈ.) ਅਤੇ ਬਹਾ ਉਦ-ਦੀਨ ਜ਼ਕਰੀਆ (1171-1267 ਈ.)ਆੀਦ ਦਾ ਉਲੇਖ ਕੀਤਾ ਜਾ ਸਕਦਾ ਹੈ। ਪੰਜਾਬੀ ਸਾਹਿਤ ਦੀ ਸ਼ੁਰੂਆਤ ਪ੍ਰਸਿੱਧ ਸੂਫ਼ੀ ਦਰਵੇਸ਼ ਸ਼ੇਖ਼ ਫਰੀਦ–ਉਦ-ਦੀਨ ਸ਼ਕਰਗੰਜ (1173-1266 ਈ.) ਤੋ ਸਵੀਕਾਰ ਕੀਤੀ ਜਾਂਦੀ ਹੈ।ਬਾਬਾ ਫਰੀਦ ਪੰਜਾਬੀ ਸੂਫ਼ੀ ਕਾਵਿ ਦੇ ਪਹਿਲੇ ਕਵੀ ਹਨ।ਸ਼ਾਹ ਹੁਸੈਨ, ਸਾਂਈ ਬੁੱਲੇ ਸ਼ਾਹ, ਸੁਲਤਾਨ ਬਾਹੂ, ਅਲੀ ਹੈਦਰ, ਫਰਦ ਫ਼ਕੀਰ, ਸੱਈਅਦ ਹਾਸ਼ਮ ਸ਼ਾਹ, ਵਜੀਦ, ਦਾਨਾ, ਖ਼ੁਆਜਾ ਗ਼ੁਲਾਮ ਫਰੀਦ ਆੀਦ ਕਵੀਆ ਦੁਆਰਾ ਇਹ ਕਾਵਿ ਧਾਰਾ ਨਿਰੰਤਰ ਵਿਕਾਸ ਕਰਦੀ ਰਹੀ ਹੈ। ਬਾਬਾ ਫ਼ਰੀਦ ਤੋ ਆਰੰਭ ਹੋਈ ਇਸ ਕਾਵਿ ਧਾਰਾ ਦਾ ਅੰਤਿਮ ਮਹਾਨ ਕਵੀ ਖ਼ੁਆਜਾ ਗ਼ੁਲਾਮ ਫ਼ਰੀਦ (1845-1901 ਈ.) ਸੀ। ਸੂਫ਼ੀ ਕਵੀਆ ਦੀ ਬਹੁਤੀ ਕਵਿਤਾ ਕਾਫੀ, ਬਾਰਾਂਮਾਹਾ, ਸਤਵਾਰਾ, ਸੀਹਰਫੀ, ਬੈਂਤ, ਦੋਹਾ, ਡਿਉਢ, ਸ਼ਬਦ ਆਦਿ ਰੂਪਾਂ ਵਿੱਚ ਹੈ। ਬਹੁਤ ਸਾਰੇ ਸੂਫ਼ੀਆ ਨੇ ਆਪਣੀ ਕਵਿਤਾ ਨੂੰ ਰਾਗਾਂ ਅਨੁਸਾਰ ਲਿਖਿਆ ਹੈ। ਪੰਜਾਬੀ ਸੂਫ਼ੀ ਕਾਵਿ ਦੇ ਪ੍ਰਸਿੱਧ ਕਵੀ ਇਸ ਤਰ੍ਹਾਂ ਹਨ:-

(1) ਬਾਬਾ ਫ਼ਰੀਦ (1173-1266 ਈ.):- ਬਾਬਾ ਫ਼ਰੀਦ ਸੂਫ਼ੀ ਕਾਵਿ ਧਾਰਾ ਦੇ ਮੋਢੀ ਅਤੇ ਸ੍ਰੋਮਣੀ ਕਵੀ ਹਨ। ਆਦਿ ਗ੍ਰੰਥ ਵਿੱਚ ਉਹਨਾਂ ਦੇ 112 ਸਲੋਕ ਅਤੇ 4 ਸ਼ਬਦ ਸ਼ਾਮਿਲ ਕੀਤੇ ਗਏ ਹਨ। ਦੋ ਸ਼ਬਦ ਰਾਗ ਆਸਾ ਵਿੱਚ ਅਤੇ ਦੋ ਸ਼ਬਦ ਰਾਗ ਸੂਹੀ ਵਿੱਚ ਹਨ। ਪ੍ਰੋ. ਖਲੀਕ ਅਹਿਮਦ ਨਿਜ਼ਾਮੀ ਅਨੁਸਾਰ ਆਪ ਨੇ ਅਰਬੀ, ਫ਼ਾਰਸੀ ਤੇ ਕੁਝ ਸਥਾਨਕ ਉਪ ਭਾਸ਼ਾਵਾਂ ਵਿੱਚ ਵੀ ਕਾਵਿ ਸਿਰਜਨਾ ਕੀਤੀ ਹੈ। ਫ਼ਰੀਦ ਦੀ ਕਾਵਿ ਰਚਨਾ ਵਿਸ਼ੇ ਪੱਖੋਂ ਸਮੂੱਚੇ ਰੂਪ ਵਿੱਚ ਇਸਲਾਮੀ ਸਰੀਅਤ ਉੱਤੇ ਆਧਾਰਿਤ ਹੈ। ਬਾਬਾ ਫ਼ਰੀਦ ਨੇ ਆਮ ਲੋਕਾਂ ਦੁਆਰਾ ਵਰਤੀ ਜਾਂਦੀ ਭਾਸ਼ਾ ਵਿੱਚ ਕਾਵਿ ਰਚਨਾ ਕੀਤੀ।ਉਹਨਾਂ ਦੀ ਭਾਸ਼ਾ ਠੇਠ ਪੰਜਾਬੀ ਹੈ। ਫ਼ਰੀਦ ਦੀ ਸਾਰੀ ਰਚਨਾ ਵਿੱਚ ਉਸ ਦਾ ਨਾਂ ਆਉਂਦਾ ਹੈ।

(2)ਸ਼ਾਹ ਹੁਸੈਨ (1539-1593 ਈ.):- ਸੂਫ਼ੀ ਕਾਵਿ ਧਾਰਾ ਦਾ ਅਗਲਾ ਪ੍ਰਮੁੱਖ ਕਵੀ ਸ਼ਾਹ ਹੁਸੈਨ ਹੈ। ਉਸ ਨੇ ਰੂਹਾਨੀ ਮੁਰਸ਼ਿਦ ਸ਼ੇਖ਼ ਬਹਿਲੋਲ ਸਨ। ਸ਼ਾਹ ਹੁਸੈਨ ਦੁਆਰਾ ਰਚਿਤ 163 ਕਾਫੀਆ ਉਪਲਬੱਧ ਹਨ। ਮੋਲਾ ਬਖ਼ਸ਼ ਕੁਸਤਾ ਅਨੁਸਾਰ "ਆਪ ਨੇ ਫ਼ਾਰਸੀ ਵਿੱਚ ਵੀ ਕਾਵਿ ਰਚਨਾ ਕੀਤੀ।" ਸ਼ਾਹ ਹੁਸੈਨ ਦੀਆ ਕਾਫੀਆਂ ਰਾਗਾਂ ਵਿੱਚ ਹਨ। ਉਸਨੇ ਕੁਝ ਸ਼ਬਦ ਤੇ ਸਲੋਕ ਵੀ ਲਿਖੇ ਹਨ। ਉਸ ਦੇ ਵਿੱਚ ਬਿਰਹੋ ਦਾ ਰੰਗ ਸਭ ਤੋ ਵਧੇਰੇ ਹੈ। ਇਸ ਕਰ ਕੇ ਉਸਨੂੰ ਬਿਰਹੋ ਦਾ ਕਵੀ ਵੀ ਕਿਹਾ ਜਾਂਦਾ ਹੈ।ਹਰ ਕਾਫੀ ਦੇ ਪਿਛੇ ਆਉਂਦੇ ਸ਼ਬਦ "ਕਹੇ ਹੁਸੈਨ ਫ਼ਕੀਰ ਰਬਾਣਾ ਜਾਂ ਨਮਾਣਾ" ਉਸ ਦੀ ਨਿਮਰਤਾ ਤੇ ਸਹਿਰਦਤਾ ਨੂੰ ਉਜਾਗਰ ਕਰਦੇ ਹਨ।ਸ਼ਾਹ ਹੁਸੈਨ ਦੀ ਭਾਸ਼ਾ ਠੇਠ ਅਤੇ ਕੇਂਦਰੀ ਪੰਜਾਬੀ ਹੈ। ਨੇੜੇ ਦਾ ਚੋਗਿਰਦਾ ਅਤੇ ਢੁਕੱਵਾ ਨਿਕਟਵਰਤੀ ਅਲੰਕਾਰ ਇਸ ਦੀਆ ਵਿਸ਼ੇਸ਼ ਖ਼ੂਬੀਆ ਹਨ।

(3) ਹਜ਼ਰਤ ਸੁਲਤਾਨ ਬਾਹੂ(1537-1691 ਈ.):- ਸੁਲਤਾਨ ਬਾਹੂ ਪੰਜਾਬੀ ਸੂਫ਼ੀ ਕਾਵਿ ਜਗਤ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ। ਬਾਹੂ ਕਾਦਿਰੀ ਸੰਪ੍ਰਦਾਇ ਨਾਲ ਸੰਬੰਧਿਤ ਹਜ਼ਰਤ ਅਬਦੁਲ ਰਹਿਮਾਨ ਕਾਦਿਰੀ ਦੇ ਮੁਰੀਦ ਸਨ। 'ਤਵਾਰੀਖ ਸੁਲਤਾਨ ਬਾਹੁ' ਅਨੁਸਾਰ ਆਪ ਦੀਆ ਫ਼ਾਰਸੀ ਤੇ ਅਰਬੀ ਵਿੱਚ 140 ਰਚਨਾਵਾਂ ਹਨ। ਸੁਲਤਾਨ ਬਾਹੁ ਨੇ ਸਹਿਰਫੀ ਕਾਵਿ ਰੂਪ ਵਿੱਚ ਰਚਨਾ ਕੀਤੀ। ਹਰ ਤੁਕ ਦੇ ਅੰਤ ਵਿੱਚ ਸਰੋਦੀ ਹੂਕ 'ਹੂ' ਦਾ ਪ੍ਰਯੋਗ ਇਸ ਕਾਵਿ ਦੀ ਵਿਲੱਖਣ ਵਿਸ਼ੇਸ਼ਤਾ ਹੈ। ਉਸ ਦੀ ਬੋਲੀ ਠੇਠ ਅਤੇ ਸਾਦਾ ਹੈ। ਅਲੰਕਾਰ ਬੇਹੱਦ ਢੁਕੱਵੇ ਹਨ। ਬਾਹੁ ਦੀ ਰਚਨਾ ਇਸ਼ਕ ਤੇ ਤਰੀਕਤ ਵਿੱਚ ਰੰਗੀ ਹੋਈ ਹੈ।

(4) ਸ਼ਾਹ ਸ਼ਰਫ਼ (1656-1724 ਈ.):- ਸ਼ਾਹ ਸ਼ਰਫ਼ ਬਟਾਲੇ ਦੇ ਰਹਿਣ ਵਾਲੇ ਸਨ। ਉਹ ਲਾਹੌਰ ਦੇ ਮੁਹੰਮਦ ਫ਼ਾਜਿਲ ਕਾਦਿਰੀ ਦੇ ਮੁਰੀਦ ਸਨ। ਸ਼ਾਹ ਸ਼ਰਫ਼ ਦੀ ਕਾਵਿ ਰਚਨਾ ਸ਼ੁਤਰਨਾਮਾ, ਕਾਫੀਆ ਤੇ ਦੋਹੜਿਆ ਦੇ ਰੂਪ ਵਿੱਚ ਮਿਲਦੀ ਹੈ।ਕਾਵਿ ਰਚਨਾ ਦਾ ਵਿਸ਼ਾ ਪ੍ਰਮੁੱਖ ਰੂਪ ਵਿੱਚ ਰੱਬੀ ਇਸ਼ਕ ਨਾਲ ਸੰਬੰਧਿਤ ਹੈ।

(5) ਹਜ਼ਰਤ ਸਾਂਈ ਬੁੱਲ੍ਹੇ ਸ਼ਾਹ (1680-1758 ਈ.):- ਬੁੱਲ੍ਹੇ ਸ਼ਾਹ ਸੂਫ਼ੀ ਧਾਰਾ ਦਾ ਉੱਘਾ ਸੂਫ਼ੀ ਫ਼ਕੀਰ ਹੈ। ਡਾ. ਲਾਜਵੰਤੀ ਦੇ ਅਨੁਸਾਰ ਉਸ ਦਾ ਦਰਜਾ ਜਗਤ ਪ੍ਰਸਿੱਧ ਸੂਫ਼ੀ ਸ਼ਮਸ ਤਬਰੇਜ ਅਤੇ ਜਲਾਲ-ਉਦ-ਦੀਨ ਰੂਮੀ ਦੇ ਸਮਾਨ ਹੈ। ਉਹ ਕਾਦਿਰੀ ਸੰਪ੍ਰਦਾਇ ਦੇ ਸੂਫ਼ੀ ਹਜ਼ਰਤ ਇਨਾਇਤ ਸ਼ਾਹ ਦੇ ਮੁਰੀਦ ਸਨ। ਬੁੱਲ੍ਹੇ ਸ਼ਾਹ ਦੀ ਰਚਨਾ 156 ਕਾਫੀਆ,3 ਸੀਹਰਫ਼ੀਆ, 1 ਬਾਰਾਂਮਾਹ, 1 ਅੱਠਵਾਰਾ, 49 ਦੋਹੜੇ ਅਤੇ 40 ਗੰਢਾ ਦੇ ਰੂਪ ਵਿੱਚ ਮਿਲਦੀ ਹੈ। ਬੁੱਲ੍ਹੇ ਸ਼ਾਹ ਦੀ ਰਚਨਾ ਦਾ ਵਿਸ਼ਾ ਇਸ਼ਕ ਹਕੀਕੀ ਹੈ।ਉਸ ਦੀ ਭਾਸ਼ਾ ਵਧੇਰੇ ਠੇਠ, ਸਾਦਾ ਤੇ ਲੋਕ ਪੱਧਰ ਦੇ ਨੇੜੇ ਦੀ ਹੈ। ਬੁੱਲ੍ਹੇ ਸ਼ਾਹ ਸੂਫ਼ੀ ਕਾਵਿ ਧਾਰਾ ਦੇ ਆਖਰੀ ਪ੍ਰਸਿੱਧ ਕਵੀ ਸਨ। ਉਹਨਾਂ ਤੋ ਬਾਅਦ ਸੂਫ਼ੀ ਕਾਵਿ ਗਿਰਾਵਟ ਵੱਲ ਜਾਣਾ ਸ਼ੁਰੂ ਹੋ ਗਿਆ ਸੀ।

(6)ਖ਼ੁਆਜ਼ਾਗ਼ੁਲਾਮ ਫ਼ਰੀਦ (1845-1901 ਈ.):- ਖ਼ੁਆਜ਼ਾ ਗ਼ੁਲਾਮ ਫ਼ਰੀਦ ਬਾਬਾ ਫ਼ਰੀਦ ਤੋ ਚਲੀ ਸੂਫ਼ੀ ਕਾਵਿ ਧਾਰਾ ਦੇ ਅੰਤਿਮ ਮਹਾਨ ਕਵੀ ਸਨ। ਉਹ ਆਪਣੇ ਵੱਡੇ ਭਰਾ ਖ਼ੁਆਜ਼ਾ ਫ਼ਖਰ-ਉਦ-ਦੀਨ ਦੇ ਮੁਰੀਦ ਸਨ। ਉਹ ਚਿਸ਼ਤੀ ਸੰਪ੍ਰਦਾਇ ਨਾਲ ਸੰਬੰਧ ਰੱਖਦੇ ਹਨ।ਆਪ ਦੀਆ ਰਚਨਾਵਾਂ ਵਿੱਚ 272 ਕਾਫੀਆ ਅਤੇ 72 ਦੋਹੜੇ ਉਪਲਬੱਧ ਹੁੰਦੇ ਹਨ। ਆਪ ਦੀ ਕਾਵਿ ਰਚਨਾ ਲਹਿੰਦੀ ਵਿੱਚ ਹੈ। ਜਿਸ ਉੱਤੇ ਅਰਬੀ ਫ਼ਾਰਸੀ ਸ਼ਬਦਾਵਲੀ ਦਾ ਕਾਫੀ ਪ੍ਰਭਾਵ ਹੈ। ਉੱਪਰੋਕਤ ਕਵੀਆਂ ਤੋ ਇਲਾਵਾ ਹੋਰ ਕਵੀਆਂ ਨੇ ਵੀ ਸੂਫ਼ੀ ਕਾਵਿ ਦੀ ਰਚਨਾ ਕੀਤੀ ਜਿਵੇਂ:-ਹੈਦਰ ਅਲੀ (1690-1785 ਈ.), ਫ਼ਰਦ ਫ਼ਕੀਰ (1704-1800 ਈ.), ਵਜੀਦ, ਦਾਨਾ, ਹਾਸ਼ਮ ਸ਼ਾਹ (1535-1843 ਈ.), ਸੱਈਅਦ ਗ਼ੁਲਾਮ ਜੀਲਾਨੀ ਰੋਹਤਕੀ (1749-1849 ਈ.), ਸ਼ਾਹ ਮੁਰਾਦ ਆਦਿ।

ਹਵਾਲੇ

ਸੋਧੋ
  1. ਇਸਲਾਮੀ ਚਿੰਤਨ ਅਤੇ ਪੰਜਾਬੀ ਸੂਫ਼ੀ ਕਵਿਤਾ (ਡਾ. ਅਨਵਰ ਚਿਰਾਗ਼)
  2. ਪੰਜਾਬੀ ਸਾਹਿਤ ਦੀ ਉਤਪੱਤੀ ਤੇ ਵਿਕਾਸ(ਪ੍ਰੋ. ਕਿਰਪਾਲ ਸਿੰਘ ਕਸੇਲ, ਡਾ. ਪਰਮਿੰਦਰ ਸਿੰਘ ਅਤੇ ਡਾ. ਗੋਬਿੰਦ ਸਿੰਘ ਲਾਂਬਾ)
  3. ਸੂਫ਼ੀ ਮਤ ਅਤੇ ਪੰਜਾਬੀ ਸੂਫ਼ੀ ਸਾਹਿਤ (ਡਾ. ਸਾਧੂ ਰਾਮ ਸਾਰਦਾ)

ਹਵਾਲੇ

ਸੋਧੋ