ਭਗਤ ਸਾਧੂ ਜਨ ਨਿਰਗੁਣ-ਸਗੁਣ ਮਿਸ਼ਰਿਤ ਭਗਤੀ ਕਾਵਿ-ਪਰੰਪਰਾ ਦਾ ਇੱਕ ਮਹੱਤਵਪੂਰਨ ਧਰਮ ਸਾਧਕ ਹੈ। ਉਸ ਦੀ ਅਧਿਆਤਮਿਕਤਾ ਅਤੇ ਕਾਵਿ-ਸਾਧਨਾ ਬਾਰੇ ਪੰਜਾਬੀ ਸਾਹਿਤ ਦੇ ਇਤਿਹਾਸਾਂ ਵਿੱਚ ਜਾਣਕਾਰੀ ਦਾ ਲਗਭਗ ਅਭਾਵ ਹੈ।

ਜੀਵਨ ਸੋਧੋ

ਬਾਬਾ ਸਾਧੂ ਜਨ ਦੇ ਜੀਵਨ ਬਾਰੇ ਪ੍ਰਕਾਸ਼ ਪਾਉਂਦਿਆਂ ਪਿਆਰਾ ਸਿੰਘ ਪਦਮ ਨੇ ਉਸ ਨੂੰ 17ਵੀਂ ਸਦੀ ਦਾ ਮਹਾਨ ਕਵੀ ਮੰਨਿਆ ਹੈ ਜੋ ਗੁਰੂ ਹਰਗੋਬਿੰਦ ਜੀ ਦਾ ਸ਼ਰਧਾਲੂ ਅਤੇ ਜਵਾਈ ਸੀ। ਉਸ ਨੇ ਭਾਈ ਧਰਮਚੰਦ ਖੋਸਲੇ ਦੇ ਘਰ ਬੀਬੀ ਨੰਦ ਕੌਰ ਦੀ ਕੁਖੋਂ ਬਠਿੰਡਾ ਜ਼ਿਲ੍ਹੇ ਦੇ ਮਹੱਲਾ ਨਾਂ ਦੇ ਪਿੰਡ ਵਿੱਚ ਜਨਮ ਲਿਆ। ਉਸ ਦੀ ਸਹੀ ਜਨਮ-ਤਿਥੀ ਬਾਰੇ ਜਾਣਕਾਰੀ ਉਪਲਬਧ ਨਹੀਂ ਹੈ।

ਭਟ-ਵਹੀ (ਪੂਰਬੀ ਦੱਖਣੀ) ਅਨੁਸਾਰ ਗੁਰੂ ਤੇਗ ਬਹਾਦਰ ਦੁਆਰਾ ਪੂਰਵ-ਦਿਸ਼ਾ ਵੱਲ ਨੂੰ ਕੀਤੀ ਯਾਤਰਾ ਵੇਲੇ ਹੋਰਨਾ ਸਕ-ਸੰਬੰਧੀਆ ਵਾਂਗ ਸਾਧੂਰਾਮ ਵੀ ਆਪ ਦੇ ਨਾਲ ਸੀ। ਉਸ ਤੋਂ ਬਾਅਦ ਸਾਧੂ ਰਾਮ ਗੁਰੂ ਜੀ ਨਾ ਪਟਨੇ ਤੱਕ ਰਿਹਾ ਅਤੇ ਗੁਰੂ ਜੀ ਦੀ ਬੰਗਾਲ ਅਤੇ ਆਸ਼ਰਮ ਦੀ ਯਾਤਰਾ ਵੇਲੇ ਮਾਮਾ ਕਿਰਪਾਲ ਅਤੇ ਸਾਧੂ ਰਾਮ ਪਟਨੇ ਹੀ ਰਹੇ ਅਤੇ ਬਾਲਕ ਗੋਵਿੰਦ ਰਾਇ ਦੇ ਪੰਜਾਬ ਪਰਤਣ ਵੇਲੇ ਸੰਨ 1670 ਈ. (ਸੰਨ 1727 ਬਿ.) ਵਿੱਚ ਆਪ ਨਾਲ ਆਏ।

ਭਟ-ਵਹੀ (ਮੁਲਤਨੀ ਸਿੰਧੀ) ਅਨੁਸਾਰ ਉਸ ਦੇ ਪੰਜ ਪੁੱਤਰ ਸਨ - ਸੰਗੋ ਸ਼ਾਹ, ਗੁਲਾਬ ਚੰਦ, ਜੀਤ ਮੱਲ, ਗੰਗਾ ਰਾਮ ਅਤੇ ਮਾਹਰੀ ਚੰਦ। ਇਨ੍ਹਾਂ ਪੰਜਾਂ ਨੇ ਭੰਗਾਣੀ ਦੇ ਯੁੱਧ ਵਿੱਚ ਡਟ ਕੇ ਭਾਗ ਲਿਆ ਸੀ ਅਤੇ ਦੋ ਪੁੱਤਰਾਂ ਨੇ ਇਸ ਯੁੱਧ ਵਿੱਚ ਵੀਰ-ਗਤਿ ਪ੍ਰਾਪਤ ਕੀਤੀ ਸੀ।

ਪਦਮ ਹੋਰਾਂ ਦੇ ਤਰਕਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੈ ਕਿ ਉਸ ਸਾਧੂਜਨ ਨੂੰ ਗੁਰੂ ਹਰਗੋਬਿੰਦ ਦਾ ਜਵਾਈ ਮੰਨ ਕੇ ਹੀ ਚਲੇ ਹਨ ਅਤੇ ਆਪਣੀ ਪੂਰਵ ਧਾਰਣਾ ਨੂੰ ਪੁਸ਼ਟ ਕਰਨ ਲਈ ਤੱਥ ਪੇਸ਼ ਕੀਤੇ ਹਨ। ਪਰ ਕੁਝ ਕੁ ਤੱਥ ਉਹਨਾਂ ਦੀ ਸਥਾਪਨਾ ਨੂੰ ਸਹੀ ਸਿੱਧ ਨਹੀਂ ਕਰਦੇ - ਜਿਹਨਾਂ ਵਿਚੋਂ ਪਹਿਲਾਂ ਤੱਥ ਹੈ ਉਸ ਦਾ 33 ਸਾਲ ਦੀ ਉਮਰ ਵਿੱਚ ਗੁਰੂ ਦੀ ਮਿਹਰ ਦਾ ਪਾਤਰ ਬਣਨਾ ਵੀ ਸਿੱਧ ਕਰਦਾ ਹੈ ਕਿ 33 ਸਾਲ ਦੀ ਵੱਡੀ ਉਮਰ ਦੇ ਬੰਦੇ ਨਾਲ ਸੰਨ 1629 ਈ. ਵਿੱਚ 13 ਜਾਂ 14 ਵਰ੍ਹਿਆਂ ਦੀ ਬੀਬੀ ਵੀਰੋ ਦਾ ਵਿਆਹ ਕਿਵੇਂ ਕਰ ਦਿੱਤਾ ਗਿਆ। ਦੂਜਾ ਉਸ ਨੇ ਗਉੜੀ ਰਾਗ ਵਿੱਚ ਆਪਣੇ ਗੁਰੂ ਦਾ ਜੋ ਨਖ-ਸ਼ਿਖ ਵਰਣਨ ਕੀਤਾ ਹੈ, ਉਸ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੇ ਸਰੂਪ ਦੇ ਪਛਾਣ ਚਿੰਨ੍ਹਾਂ - ਦੋ ਕਿਰਪਾਨਾਂ, ਕਲਗੀ ਤੇ ਅਕਾਲ-ਤਖਤ ਉੱਤੇ ਸੁਸ਼ੋਭਿਤ ਹੋਣਾ ਆਦਿ ਦਾ ਕੋਈ ਵਰਣਨ ਨਹੀਂ ਆਇਆ।

ਸਰੂਪ ਦਾਸ ਭੱਲਾ ਰਚਿਤ ‘ਮਹਿਮਾ ਪ੍ਰਕਾਸ਼` ਵਿੱਚ ਆਈ ਸੂਚਨਾ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਆਪ ਗੁਰੂ ਅਰਜਨ ਦੇਵ ਜੀ ਦੇ ਅਨਿੰਨ ਸਿੱਖ ਸਨ ਅਤੇ ਆਪ ਦਾ ਸਾਧੂ ਜਨ ਨਾਂ ਵੀ ਗੁਰੂ ਅਰਜਨ ਦੇਵ ਜੀ ਨੇ ਹੀ ਰੱਖਿਆ ਸੀ। ਉਸ ਸਮੇਂ ਉਸਨੇ ਜਿਹੜਾ ਸ਼ਬਦ ਗੁਰੂ ਦੀ ਮਹਿਮਾ ਵਿੱਚ ਉਚਾਰਿਆ, ਉਹ ਵੀ ਮਹਿਮਾ ਪ੍ਰਕਾਸ਼ ਵਿੱਚ ਦਰਜ ਹੈ। ਪਰ ਇਹ ਸ਼ਬਦ ਅਧੂਰਾ ਹੈ। ਇਸ ਵਿੱਚ ਸਿਰਫ਼ 9 ਸ਼ਿਅਰ ਹੀ ਦਿੱਤੇ ਗਏ ਹਨ।ਪਰ ਸਾਧੂ ਜਨ ਦੇ ਕਾਵਿ-ਸੰਗ੍ਰਹਿ ਵਿੱਚ ਪ੍ਰਾਪਤ ਸ਼ਬਦ ਦੇ 53 ਸ਼ਿਅਰ ਹਨ। ਉਸ ਨੇ ਆਪਣੀ ਬਾਣੀ ਦੇ ਗਉੜੀ ਰਾਗ ਵਿੱਚ ਖੁਦ ਮੰਨਿਆ ਹੈ -

ਮੈਂ ਬਨੀਆ ਮਨੀਆ ਕਾਂਚ ਕਾ।

ਗੁਰੂ ਮੋਤੀ ਕੀਨਾ ਸਾਚ ਕਾ

ਸਾਧੂ ਜਨ ਮੇਰਾ ਨਾਉਂ ਕੀਆ।

ਕਰਿ ਕ੍ਰਿਪਾ ਸਤਿਗੁਰ ਮੇਲ ਲੀਆ।

ਪਰ ਭਾਈ ਚੌਪਾ ਸਿੰਘ ਦੇ ਰਹਿਤਨਾਮੇ ਵਿੱਚ ਸੰਕੇਤ ਮਿਲਦਾ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਗੱਦੀ ਨਸ਼ੀਨ ਹੋਣ ਤੱਕ ਜੀਵਤ ਸੀ।

ਹੁਣ ਤੱਕ ਹੋਈ ਖੋਜ ਦੇ ਉਪਰੋਕਤ ਤੱਥਾਂ ਦੇ ਪ੍ਰਕਾਸ਼ ਵਿੱਚ ਨਾ ਤਾਂ ਸਾਧੂ ਜਨ 18ਵੀਂ ਸਦੀ ਦਾ ਕੋਈ ਕਵੀ ਸਾਬਤ ਹੁੰਦਾ ਹੈ ਅਤੇ ਨਾ ਹੀ ਗੁਰੂ ਹਰਗੋਬਿੰਦ ਦਾ ਜਵਾਈ। ਸਾਧੂ ਰਾਮ ਅਤੇ ਸਾਧੂ ਜਨ ਅਸਲੋਂ ਦੋਵੇਂ ਵੱਖਰੇ-ਵੱਖਰੇ ਵਿਅਕਤੀ ਹਨ। ਸਾਧੂ ਰਾਮ ਪੂਰਵ-ਵਰਤੀ ਹੈ ਤੇ ਸਾਧੂ ਜਨ ਪਰਵਰਤੀ। ਅਸਲ ਵਿੱਚ ਉਹ 17ਵੀਂ ਸਦੀ ਦਾ ਇੱਕ ਮਹੱਤਵਪੂਰਨ ਭਗਤ ਕਵੀ ਹੈ ਜਿਸ ਦੇ ਜੀਵਨ ਬਾਰੇ ਹੋਰ ਖੋਜ ਦੀ ਲੋੜ ਬਣੀ ਹੋਈ ਹੈ।

ਖੋਜ ਸੋਧੋ

ਸਾਧੂ ਜਨ ਬਾਰੇ ਸਭ ਤੋਂ ਪਹਿਲਾਂ ਖੋਜ ਕਰਨ ਦਾ ਉੱਦਮ ਡਾ. ਧਰਮਬੀਰ ਸਿੰਘ ਜੌਲੀ ਨੇ ਸੰਨ 1963 ਈ. ਵਿੱਚ ਉਸ ਦੀ ਸਾਰੀ ਰਚਨਾ ਦੇ ਸੰਪਾਦਨ ਲਈ ਪੀ.ਐਚ.ਡੀ. ਦਾ ਸ਼ੋਧ-ਪ੍ਰਬੰਧ ਲਿਖ ਕੇ ਕੀਤਾ। ਡਾ. ਜੌਲੀ ਤੋਂ ਬਾਅਦ ਪਿਆਰਾ ਸਿੰਘ ਪਦਮ ਨੇ ਸੰਨ 1977 ਈ. ਵਿੱਚ ‘ਬਾਬਾ ਸਾਧੂਜਨ` ਨਾਂ ਦੀ ਇੱਕ ਪੁਸਤਕ ਦਾ ਪ੍ਰਕਾਸ਼ਨ ਕੀਤਾ। ਇਸ ਪਿਛੋਂ ਡਾ. ਗੋਬਿੰਦ ਸਿੰਘ ਲਾਂਬਾ ਨੇ 1980 ਈ. ਵਿੱਚ ਪ੍ਰਕਾਸ਼ਿਤ ਆਪਣੀ ਪੁਸਤਕ ‘ਆਦਿ ਗ੍ਰੰਥ ਤੋਂ ਬਾਹਰਲੇ ਭਗਤ ਅਤੇ ਉਹਨਾਂ ਦਾ ਸਾਹਿਤ` ਵਿੱਚ ਇੱਕ ਲੇਖ ‘ਭਗਤ ਸਾਧੂ ਜਨ ਤੇ ਉਸ ਦੀ ਕਵਿਤਾ` ਸਿਰਲੇਖ ਅਧੀਨ ਛਾਪਿਆ, ਜਿਸ ਵਿੱਚ ਉਸ ਦੇ ਜੀਵਨ ਅਤੇ ਕਾਵਿ ਉੱਤੇ ਪ੍ਰਕਾਸ਼ ਪਾਉਣ ਤੋਂ ਇਲਾਵਾ ਵੰਲਗੀ ਮਾਤਰ ਕੁਝ ਬਾਣੀ ਵੀ ਸ਼ਾਮਿਲ ਕੀਤੀ। ਸਪਸ਼ਟ ਹੈ ਕਿ ਅਜੇ ਤੱਕ ਸਾਧੂ ਜਨ ਦੀ ਕਵਿਤਾ ਦਾ ਗੰਭੀਰਤਾ ਪੂਰਵਕ ਅਧਿਐਨ ਨਹੀਂ ਹੋਇਆ ਹੈ ਅਤੇ ਨਾ ਹੀ ਪੁਰਾਤਨ ਹੱਥ-ਲਿਖਤਾਂ ਦੇ ਆਧਾਰ ਤੇ ਉਸ ਦੀ ਬਾਣੀ ਦੇ ਪਾਠ ਨੂੰ ਨਿਰਧਾਰਿਤ ਕਰਨ ਦਾ ਉੱਦਮ ਕੀਤਾ ਗਿਆ ਹੈ।

ਰਚਨਾ ਸੋਧੋ

ਸਾਧੂ ਜਨ ਦੀ ਸੰਪੂਰਨ ਬਾਣੀ ਇੱਕ ਹੱਥ-ਲਿਖਤ ਵਿੱਚ ਉਪਲਬਧ ਹੈ ਜੋ ਮੇਲਾ ਮੱਲ ਸਰਾਫ਼ ਨੇ ਸਾਹਿਬ ਦਿੱਤਾ ਚੋਪੜਾ ਤੋਂ ਦਸ ਭਾਦਰੋਂ 1887 ਬਿ. ਨੂੰ ਲਿਖਵਾਈ ਸੀ ਅਤੇ ਜੋ ਹੁਣ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀ ਲਾਇਬ੍ਰੇਰੀ ਵਿੱਚ ਮੌਜੂਦ ਹੈ। ਇਸ ਹੱਥ-ਲਿਖਤ ਵਿੱਚ ਕੁਲ 444 ਪੱਤਰੇ ਹਨ, ਹਰ ਪਤਰੇ ਤੇ ਲਗਭਗ 11 ਪੰਕਤੀਆਂ ਅਤੇ ਹਰ ਪੰਕਤੀ ਵਿੱਚ ਲਗਭਗ 13 ਸ਼ਬਦ ਹਨ।

ਇਸ ਵਿਚੋਂ ਸਾਧੂਜਨ ਦੀ ਬਾਣੀ ਨੂੰ ਬਾਕੀ ਫ਼ਕੀਰਾਂ ਦੀ ਬਾਣੀ ਤੋਂ ਵੱਖ ਕਰਕੇ ਡਾ. ਧਰਮਬੀਰ ਸਿੰਘ ਜੌਲੀ ਨੇ ਆਪਣੇ ਸ਼ੋਧ-ਪ੍ਰਬੰਧ ਦੇ ਇੱਕ ਹਿੱਸੇ ਵਜੋਂ ਪ੍ਰਕਾਸ਼ਿਤ ਕਰਵਾਇਆ, ਜਿਸ ਦਾ ਬਾਣੀ-ਕ੍ਰਮ ਪੋਥੀ ਅਨੁਸਾਰ ਹੀ ਹੈ। ਇਹ ਸੰਸਕਰਣ ‘ਦਾ ਨਿਊ ਸੂਰਜ ਟ੍ਰਾਂਸਪੋਰਟ ਕੰਪਨੀ, ਅੰਮ੍ਰਿਤਸਰ` ਵਲੋਂ ਛਾਪਿਆ ਗਿਆ। ਉਪਰੋਕਤ ਪੋਥੀ ਤੋਂ ਇਲਾਵਾ, ਇੱਕ ਹੋਰ ਬਾਣੀ-ਸੰਕਲਨ ‘ਸ਼ਬਦ ਸ਼ਲੋਕ ਭਗਤਾਂ ਦੇ` ਸੰਨ 1901 ਈ. ਵਿੱਚ ਮੁਨਸ਼ੀ ਗੁਲਾਬ ਸਿੰਘ ਐਂਡ ਸਨਜ਼ ਵਲੋਂ ਸੁਫ਼ਫੀਤੇ ਆਮ ਪ੍ਰੈਸ ਲਾਹੌਰ ਤੋਂ ਪ੍ਰਕਾਸ਼ਿਤ ਕੀਤਾ ਗਿਆ। ਇਸ ਵਿੱਚ ਸਾਧੂ ਜਨ ਦੀ ਚੋਣਵੀਂ ਬਾਣੀ ਦਰਜ ਹੈ।

ਬਾਣੀ ਦਾ ਵਰਗੀਕਰਨ ਸੋਧੋ

ਸਾਧੂਜਨ ਦੀ ਬਾਣੀ ਦਾ ਵਰਗੀਕਰਨ ਕਰਨਾ ਸਰਲ ਨਹੀਂ ਕਿਉਂਕਿ ਉਸ ਨੇ ਕਾਵਿ ਵੰਨਗੀਆਂ ਉਤੇ ਹੱਥ ਅਜ਼ਮਾਇਆ ਹੈ। ਸਥੂਲ ਤੌਰ 'ਤੇ ਡਾ. ਧਰਮਬੀਰ ਸਿੰਘ ਜੌਲੀ ਨੇ ਇਹ ਵਰਗੀਕਰਨ ਇਸ ਪ੍ਰਕਾਰ ਕੀਤਾ ਹੈ-

  1. ਦਾਰਸ਼ਨਿਕ ਰਹੋਸਵਾਦੀ ਪ੍ਰਕਿਰਤੀ ਵਾਲੀਆਂ ਕਵਿਤਾਵਾਂ
  2. ਲੰਮੀਆਂ ਵਿਅਕਤੀਗਤ ਕਵਿਤਾਵਾਂ
  3. ਪੁਰਾਤਨ ਕਥਾਵਾਂ
  4. ਵਾਰਾਂ
  5. . ਆਰਤੀ
  6. ਮੱਧਕਾਲੀਨ ਕਥਾਵਾਂ
  7. ਗੋਸ਼ਟੀ
  8. ਛੋਟੀਆਂ ਵਿਅਕਤੀਗਤ ਕਵਿਤਾਵਾਂ
  9. ਵਿਸ਼ੇਸ਼ ਬਹਿਰਾਂ ਵਾਲੀਆਂ ਕਵਿਤਾਵਾਂ
  10. ਲਘੂ ਗੀਤ।

ਧਿਆਨਪੂਰਵਕ ਵੇਖੀਏ ਤਾਂ ਉਪਰੋਕਤ ਵਰਗੀਕਰਨ ਸਥਿਤੀ ਨੂੰ ਸਪਸ਼ਟ ਕਰਨ ਵਿੱਚ ਸਹਾਇਕ ਨਹੀਂ ਹੈ। ਇਸ ਦਾ ਉਚਿਤ ਵਰਗੀਕਰਨ ਦੋ ਤਰੀਕਿਆਂ ਨਾਲ ਹੋ ਸਕਦਾ ਹੈ। ਇੱਕ ਇਸ ਦੇ ਵਰਣਿਤ ਵਿਸ਼ੇ ਦੇ ਆਧਾਰ ਤੇ ਅਤੇ ਦੂਜਾ ਕਾਵਿ-ਰੂਪਾਂ ਦੇ ਆਧਾਰ ਤੇ।

ਪ੍ਰਮੁੱਖ ਬਾਣੀਆਂ ਸੋਧੋ

  1. ਜਪੁ
  2. ਸਹੰਸ੍ਰਨਾਮਾ
  3. ਲੀਲਾ ਲਾਡੁਲੀ
  4. ਲੋਰੀ
  5. ਪ੍ਰਹਿਲਾਦ ਚਰਿਤ੍ਰ
  6. ਵਾਰ ਆਸਾ
  7. ਵਾਰ ਗਉੜੀ ਰਸਨਾ ਪਿਆਰੀ
  8. ਵਾਰ ਗਉੜੀ
  9. ਵਾਰ ਸੂਹੀ ਕੀ
  10. ਪੂਤਨਾ ਕੀ ਵਾਰ
  11. ਪ੍ਰਚਲਿਤ
  12. ਸੁਦਾਮਾ ਚਰਿਤ੍ਰ
  13. . ਸੋਰਠ ਦੀ ਵਾਰ
  14. ਮਾਰੂ ਦੀ ਵਾਰ
  15. ਰਾਮਾਇਣ ਮਾਰੂ
  16. ਬਾਵਨ-ਅੱਖਰੀ
  17. ਉਦਾਸ ਗੋਪੀਚੰਦ
  18. ਵਾਰ ਰਾਗ ਕੇਦਾਰਾਂ
  19. ਸੁਖਮਨੀ
  20. ਫੁਟਕਲ ਪਦੇ

ਕਾਵਿ-ਸਾਧਨਾ ਸੋਧੋ

ਸਾਧੂ ਜਨ ਦੀ ਲਗਭਗ ਸਾਰੀ ਬਾਣੀ ਰਾਗ-ਬੱਧ ਹੈ। ਕੁਲ ਮਿਲਾ ਕੇ ਉਸਨੇ 32 ਰਾਗ, ਰਾਗਨੀਆਂ ਅਤੇ ਮਿਸ਼ਰਿਤ ਰਾਗਾਂ ਦੀ ਵਰਤੋਂ ਕੀਤੀ ਹੈ। ਸਾਧੂਜਨ ਨੇ ਰਾਗ-ਬੋਧ ਬਾਣੀ ਨੂੰ ਗੁਰਬਾਣੀ ਵਾਲੀ ਬਣਤਰ-ਜੁਗਤ ਅਨੁਰੂਪ ਢਾਲਿਆ ਹੈ, ਪਰ ਇਸ ਵਿੱਚ ਗੁਰਬਾਣੀ ਵਾਲੀ ਤਕਨੀਕੀ ਪੁਖਤਗੀ ਨਹੀਂ ਅਤੇ ਨਾ ਹੀ ਪੈਟਰਨ ਵਿੱਚ ਕੋਈ ਵਿਸ਼ੇਸ਼ ਅਨੁਸਾਸ਼ਨ ਵਰਤਿਆ ਗਿਆ ਹੈ। ਤੁਕਾਂ ਦੀ ਅਸਮਾਨਤਾ ਅਤੇ ਬਹਿਰਾਂ ਵਿੱਚ ਵਾਰ-ਵਾਰ ਪਰਿਵਰਤਨ ਕਾਰਨ ਗੰਭੀਰ ਅਤੇ ਸੰਗੀਤਕ ਵਾਤਾਵਰਨ ਸਿਰਜਣ ਵਿੱਚ ਸਫਲਤਾ ਪ੍ਰਾਪਤ ਨਹੀਂ ਹੋਈ।

ਸਾਧੂ ਜਨ ਨੇ ਆਪਣੀ ਬਾਣੀ ਵਿੱਚ ਕਈ ਭਾਸ਼ਾ-ਪ੍ਰਯੋਗ ਕੀਤੇ ਹਨ। ਮੁੱਖ ਤੌਰ 'ਤੇ ਉਸ ਨੇ ਦੋ ਭਾਸ਼ਾਵਾਂ ਵਰਤੀਆਂ ਹਨ - ਇੱਕ ਪੰਜਾਬੀ ਸਧੁੱਕੜੀ, ਦੂਜੀ ਠੇਠ ਪੰਜਾਬੀ। ਅਰਬੀ ਫਾਰਸੀ ਦੀ ਸ਼ਬਦਾਵਲੀ ਵੀ ਕਵੀ ਨੇ ਆਮ ਵਰਤੀ ਹੈ। ਸਮੁੱਚੇ ਤੌਰ 'ਤੇ ਪੰਜਾਬੀ ਦੇ ਵਿਕਾਸ ਵਿੱਚ ਸਾਧੂ ਜਨ ਦਾ ਵਡਮੁੱਲਾ ਯੋਗਦਾਨ ਹੈ।

ਸੰਖੇਪ ਵਿੱਚ ਸਾਧੂਜਨ ਇੱਕ ਮਹੱਤਵਪੂਰਨ ਅਧਿਆਤਮਕ ਸਾਧਕ ਹੋਇਆ ਹੈ ਜਿਸ ਨੇ ਨਿਰਗੁਣ ਅਤੇ ਸਗੁਣ ਦੋਹਾਂ ਤਰ੍ਹਾਂ ਦੀਆਂ ਭਗਤੀਆਂ ਵਿੱਚ ਸਮਨਵੈ ਕਾਇਮ ਕਰਨ ਦਾ ਉਦਮ ਕੀਤਾ ਹੈ। ਮੱਧ-ਯੁੱਗ ਦੇ ਸੰਤਾਂ ਅਤੇ ਭਗਤਾਂ ਦੇ ਉਦਾਗਰਾਂ ਤੋਂ ਲਾਭ ਉਠਾਉਂਦਿਆਂ ਉਸ ਨੇ ਗੁਰਬਾਣੀ ਦੀ ਦ੍ਰਿਸ਼ਟੀ ਨੂੰ ਹੋਰ ਵਿਸਤਾਰਿਆ ਹੈ। ਉਸ ਨੇ ਸਰਲ ਭਾਸ਼ਾ ਸ਼ੈਲੀ ਵਿੱਚ ਬਾਣੀ ਰਚ ਕੇ ਸਾਧਨਾ ਅਤੇ ਲੋਕ-ਜੀਵਨ ਵਿੱਚ ਇਕਸੁਰਤਾ ਲਿਆਂਦੀ ਹੈ।

ਹਵਾਲੇ ਅਤੇ ਟਿੱਪਣੀਆਂ ਸੋਧੋ

1. ਪੰਜਾਬੀ ਸਾਹਿਤ ਦਾ ਸਰੋਤ - ਮੂਲਕ ਇਤਿਹਾਸ ਭਾਗ ਤੀਜਾ (ਪੂਰਵ ਮੱਧਕਾਲ-2) ਡਾ. ਰਤਨ ਸਿੰਘ ਜੱਗੀ

2. ਬਾਬਾ ਸਾਧੂਜਨ ਦ ਸੰਪੂਰਨ ਕਾਵਿ ਰਚਨਾ, ਪੰਨੇ 13-14 - ਡਾ. ਧਰਮਬੀਰ ਸਿੰਘ ਜੌਲੀ

3. ਪੰਜਾਬੀ ਸਾਹਿਤ ਦੀ ਉਤਪੱਤੀ ਤੇ ਵਿਕਾਸ - ਡਾ. ਪਰਮਿੰਦਰ ਸਿਘ ਕਿਰਪਾਲ ਸਿੰਘ ਕਸੇਲ, ਡਾ. ਗੋਬਿੰਦ ਸਿੰਘ ਲਾਂਬਾ।