ਜੀ ਆਇਆਂ ਨੂੰ ਗੁਰਚਰਨ ਨੂਰਪੁਰ ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ।

ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ:

ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ।

ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ

Satdeep gill (ਗੱਲ-ਬਾਤ) ੦੦:੪੬, ੧੪ ਜਨਵਰੀ ੨੦੧੫ (UTC)

ਕਦਰਾਂ-ਕੀਮਤਾਂ ਦੀ ਕੰਗਾਲੀ ਭੋਗ ਰਿਹਾ ਹੈ ਪੰਜਾਬੀ ਸਮਾਜ ਸੋਧੋ

ਪੰਜਾਬ ਦੀ ਧਰਤੀ ਉਨ੍ਹਾਂ ਮਹਾਨ ਮਹਾਂਪੁਰਸ਼ਾਂ ਦੀ ਧਰਤੀ ਹੈ, ਜਿਨ੍ਹਾਂ ਨੇ ਆਪਣੀ ਬੌਧਿਕਤਾ ਨਾਲ ਸਾਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ। ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਸਾਡੇ ਦਸ ਗੁਰੂ ਸਹਿਬਾਨ ਇਸ ਧਰਤੀ 'ਤੇ ਵਿਚਰੇ ਅਤੇ ਆਪਣੀ ਵਿਚਾਰਧਾਰਾ ਰਾਹੀਂ ਸਮਾਜ ਨੂੰ ਬੜੀ ਵੱਡੀ ਦੇਣ ਦਿੱਤੀ। ਜੋ ਕਿਹਾ ਉਹ ਸਿਰਫ ਕਿਹਾ ਹੀ ਨਹੀਂ ਬਲਕਿ ਕਰਕੇ ਵਿਖਾਇਆ। ਭਾਈ ਘਨੱਈਆ ਜੀ ਅਤੇ ਭਗਤ ਪੂਰਨ ਸਿੰਘ ਵਰਗੇ ਮਨੁੱਖਤਾ ਦੀ ਸੇਵਾ ਦੇ ਦੂਤ ਵੀ ਇਸੇ ਧਰਤੀ ਦੇ ਲੋਕ ਸਨ। ਗਊ ਗਰੀਬ ਦੀ ਰੱਖਿਆ ਕਰਨ ਵਾਲੇ ਅਤੇ ਹਕੂਮਤਾਂ ਦੇ ਜਬਰ ਨਾਲ ਆਹਢਾ ਲਾਉਣ ਵਾਲੇ ਦੁੱਲੇ ਭੱਟੀ ਜਿਹੇ ਕਿਰਦਾਰ ਵੀ ਇਸ ਧਰਤੀ 'ਤੇ ਪੈਦਾ ਹੋਏ। ਧਰਮਾਂ ਮਜ਼੍ਹਬਾਂ ਤੋਂ ਉੱਪਰ ਉੱਠ ਕੇ ਮਾਨਵਵਾਦੀ ਵਿਚਾਰਧਾਰਾ ਰੱਖਣ ਵਾਲੇ ਅਤੇ ਛੋਟੀ ਉਮਰ ਵਿਚ ਵੱਡੇ ਕਾਰਨਾਮੇ ਕਰਨ ਵਾਲੇ ਸ਼ਹੀਦ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਊਧਮ ਸਿੰਘ ਜਿਹੇ ਸੂਰਮੇ ਵੀ ਇਸ ਧਰਤੀ ਨੇ ਜੰਮੇ।ਸਾਡੇ ਪੰਜਾਬੀ ਸਮਾਜ ਦੀ ਇਹ ਬਦਕਿਸਮਤੀ ਹੈ ਕਿ ਸਾਡੇ ਚੇਤਿਆਂ 'ਚੋਂ ਚੰਗੇ ਕਿਰਦਾਰ ਲਗਾਤਾਰ ਵਿਸਰ ਰਹੇ ਹਨ। ਜੇਕਰ ਕਦੇ ਅਸੀਂ ਮਹਾਨ ਲੋਕਾਂ ਨੂੰ ਯਾਦ ਕਰਦੇ ਵੀ ਹਾਂ ਤਾਂ ਇਹ ਸਮਾਗਮ ਸਿਰਫ ਆਪਣੀ ਹਾਉਮੈ ਨੂੰ ਪੱਠੇ ਪਾਉਣ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੇ ਹਨ। ਅਸੀਂ ਬੌਧਿਕ ਪੱਖੋਂ ਕੰਗਾਲ ਹੋ ਰਹੇ ਹਾਂ। ਇਸ ਦੇ ਕਈ ਕਾਰਨ ਹਨ। ਪੰਜਾਬੀ ਸਮਾਜ ਵਿਚ ਪੜ੍ਹਨ ਦੀ ਰੁਚੀ ਦਾ ਘੱਟ ਹੋਣਾ, ਟੀ. ਵੀ. ਚੈਨਲਾਂ 'ਤੇ ਅੰਧਵਿਸ਼ਵਾਸੀ ਪ੍ਰੋਗਰਾਮਾਂ ਦਾ ਪ੍ਰਸਾਰਿਤ ਹੋਣਾ ਅਤੇ ਮਸ਼ੀਨੀ ਸੱਭਿਆਚਾਰ ਦਾ ਵਿਕਾਸ ਆਦਿ। ਬਹੁਤ ਸਾਰੇ ਪੰਜਾਬੀ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਅਖ਼ਬਾਰ ਤੱਕ ਨਹੀਂ ਪੜ੍ਹਦੇ, ਕਿਤਾਬਾਂ ਪੜ੍ਹਨੀਆਂ ਤਾਂ ਦੂਰ ਦੀ ਗੱਲ ਹੈ। ਸਾਡੇ ਲੋਕ ਮੋਬਾਈਲ 'ਤੇ ਟਿਊਨਾਂ ਲਗਵਾ ਕੇ ਜਾਂ ਫਜੂਲ ਹੀ ਕਿਸੇ ਨਾਲ ਗੱਲਾਂ ਕਰਕੇ ਦਸ ਪੰਦਰਾਂ ਰੁਪਏ ਬਰਬਾਦ ਕਰ ਦੇਣਗੇ ਪਰ 2-3 ਰੁਪਏ ਦਾ ਅਖ਼ਬਾਰ ਖਰੀਦਣਾ ਫਜ਼ੂਲ-ਖਰਚੀ ਲਗਦਾ ਹੈ। ਧਨਾਢ ਲੋਕ ਘਰ ਬਣਾਉਂਦਿਆਂ ਵੇਖਾ-ਵੇਖੀ ਘਰਾਂ ਵਿਚ ਪੂਜਾ ਲਈ ਕਮਰਾ ਤਾਂ ਬਣਾ ਲੈਣਗੇ ਪਰ ਕਿਤਾਬਾਂ ਲਈ ਘਰਾਂ ਵਿਚ ਕੋਈ ਥਾਂ ਨਹੀਂ ਹੁੰਦੀ। ਲੋਕ ਦਿਖਾਵਾ ਕਰਨ, ਫੋਕੀਆਂ ਰਸਮਾਂ, ਵਿਆਹਾਂ-ਸ਼ਾਦੀਆਂ 'ਤੇ ਬੇਤਹਾਸ਼ਾ ਕਰਜ਼ਾ ਚੁੱਕ-ਚੁੱਕ ਕੇ ਪੈਸਾ ਲਾਉਣ, ਉੱਚੇ ਮਹਿੰਗੇ ਘਰ ਉਸਾਰਨ ਅਤੇ ਮਹਿੰਗੀਆਂ ਗੱਡੀਆਂ ਖਰੀਦਣ ਵਿਚ ਇਕ-ਦੂਜੇ ਤੋਂ ਵਧ ਕੇ ਔਖੇ ਹੋ ਕੇ ਵੀ ਪੈਸਾ ਲਾਉਣ ਲਈ ਤਿਆਰ ਰਹਿੰਦੇ ਹਨ। ਅਜਿਹੇ ਹੋਰ ਵੀ ਕਈ ਕੰਮ ਕਰਨ ਵਿਚ ਅਸੀਂ ਹਿੰਦੁਸਤਾਨ ਵਿਚੋਂ ਪਹਿਲੇ ਨੰਬਰ 'ਤੇ ਹਾਂ। ਪਰ ਬਹੁਗਿਣਤੀ ਲੋਕਾਂ ਦਾ ਕਿਤਾਬਾਂ ਦਾ ਬਜਟ ਜ਼ੀਰੋ ਫ਼ੀਸਦੀ ਹੁੰਦਾ ਹੈ। ਇਸੇ ਕਰਕੇ ਅਖੌਤੀ ਬਾਬਿਆਂ, ਡੇਰਿਆਂ, ਜੋਤਸ਼ੀਆਂ, ਵਸਤੂ ਸ਼ਾਸਤਰੀਆਂ ਦਾ ਕਾਰੋਬਾਰ ਵੀ ਪੰਜਾਬ ਵਿਚ ਭਾਰਤ ਦੇ ਦੂਜੇ ਸੂਬਿਆਂ ਦੇ ਮੁਕਾਬਲੇ ਜ਼ਿਆਦਾ ਚਮਕ ਰਿਹਾ ਹੈ। ਸਗੋਂ ਦੂਜਿਆਂ ਸੂਬਿਆਂ ਖਾਸ ਕਰਕੇ ਬੰਗਾਲ ਤੋਂ ਅਖੌਤੀ ਕਾਲੇ ਇਲਮ ਦੇ ਮਾਹਰ ਇਥੇ ਆ ਕੇ ਆਪਣੀਆਂ ਸੇਵਾਵਾਂ ਦੇ ਰਹੇ ਹਨ। ਭਾਵ ਪੰਜਾਬੀ ਲੋਕ ਆਪਣੀ ਲੁੱਟ ਕਰਵਾ ਕੇ ਉਨ੍ਹਾਂ ਨੂੰ ਮਾਲਾਮਾਲ ਕਰ ਰਹੇ ਹਨ।

ਹਰੀ ਕ੍ਰਾਂਤੀ ਆਉਣ ਨਾਲ ਖੇਤੀ ਵਿਚ ਮਸ਼ੀਨੀ ਸੱਭਿਆਚਾਰ ਵਧ ਗਿਆ, ਜਿਸ ਦੇ ਸਿੱਟੇ ਵਜੋਂ ਮਨੁੱਖ ਦੀ ਮਨੁੱਖ 'ਤੇ ਨਿਰਭਰਤਾ ਘਟਣੀ ਸ਼ੁਰੂ ਹੋ ਗਈ। ਮਸ਼ੀਨੀ ਸੱਭਿਆਚਾਰ ਨਾਲ ਕੰਮ ਦੀ ਰਫ਼ਤਾਰ ਵੀ ਤੇਜ਼ ਹੋਈ ਅਤੇ ਸਾਡੇ ਅੰਦਰੋਂ ਸਹਿਜਤਾ ਹੌਲੀ-ਹੌਲੀ ਖ਼ਤਮ ਹੋਣ ਲੱਗ ਪਈ। ਇਕ ਪੀੜ੍ਹੀ ਵੱਲੋਂ ਦੂਜੀ ਪੀੜ੍ਹੀ ਤੱਕ ਜਾਂਦੇ ਗਿਆਨ ਜਾਂ ਉਸਾਰੂ ਕਦਰਾਂ-ਕੀਮਤਾਂ ਦੀ ਲੈਅ ਲਗਭਗ ਟੁੱਟ ਹੀ ਗਈ। ਇਸੇ ਸਮੇਂ ਦੌਰਾਨ ਟੈਲੀਵਿਜ਼ਨ 'ਤੇ ਚਲਦੇ ਦੋ-ਤਿੰਨ ਚੈਨਲਾਂ ਦੀ ਥਾਂ ਸੈਕੜੇ ਟੀ. ਵੀ. ਚੈਨਲ ਸਾਡੇ ਘਰਾਂ ਵਿਚ ਆਣ ਹਾਜ਼ਰ ਹੋਏ ਅਤੇ ਗੀਤ-ਸੰਗੀਤ ਸੁਣਨ ਦੀ ਬਜਾਏ ਵੇਖਣ ਦੀ ਕਲਾ ਬਣ ਗਿਆ। ਸਾਡੇ ਪੰਜਾਬੀ ਗਾਇਕਾਂ ਦਾ ਵਿਰਸਾ ਸੱਥਾਂ ਵਿਚ ਪੰਜਾਬੀ ਲੋਕ ਗੀਤ, ਲੋਕ ਗਥਾਵਾਂ, ਕਲੀਆਂ, ਗਾਉਣ ਦਾ ਰਿਹਾ ਹੈ। ਟੀ. ਵੀ. ਚੈਨਲਾਂ ਦੀ ਭਰਮਾਰ ਨਾਲ ਇਹ ਸਭ ਕੁਝ ਇਕਦਮ ਹੀ ਬਦਲ ਗਿਆ। ਕਦੇ ਸਾਡੇ ਨੌਜਵਾਨ, ਗਾਇਕਾਂ ਤੋਂ ਦੁੱਲਾ ਭੱਟੀ, ਪੂਰਨ ਭਗਤ, ਜੈਮਲ ਫੱਤਾ, ਸ਼ਹੀਦ ਭਗਤ ਸਿੰਘ ਦੀਆਂ ਗਥਾਵਾਂ ਸੁਣਦੇ ਸਨ। ਇਨ੍ਹਾਂ ਲੋਕ ਗਥਾਵਾਂ ਦੇ ਪਾਤਰ ਸਾਡੇ ਲੋਕ ਨਾਇਕ ਹੋਇਆ ਕਰਦੇ ਸਨ। ਪਰ ਟੀ. ਵੀ. ਚੈਨਲਾਂ 'ਤੇ ਸ਼ੁਰੂ ਹੋਈ ਲੱਚਰ ਅਤੇ ਅਸ਼ਲੀਲ ਗਾਇਕੀ ਨੇ ਨਸ਼ਈਆਂ, ਵੈਲੀਆਂ, ਕਾਤਲਾਂ, ਵਿਹਲੜਾਂ, ਲੜਾਈਆਂ ਮੁੱਲ ਲੈਣ ਵਾਲਿਆਂ, ਥਾਣਿਆਂ ਵਿਚ ਜਾ ਕੇ ਭੜਥੂ ਪਾਉਣ ਵਾਲਿਆਂ, ਸੋਚ-ਵਿਚਾਰ ਅਤੇ ਕਦਰਾਂ-ਕੀਮਤਾਂ ਤੋਂ ਰਹਿਤ ਨੌਜਵਾਨ ਮੁੰਡਿਆਂ ਨੂੰ ਰੋਲ ਮਾਡਲ ਬਣਾ ਕੇ ਸਾਡੀ ਨੌਜੁਆਨ ਪੀੜੀ ਅੱਗੇ ਪ੍ਰੋਸਿਆ। ਇਥੇ ਇਕ ਗੀਤ ਦਾ ਮੁੱਖੜਾ ਵੇਖੋ 'ਜਿਹੜਾ ਸੋਚ-ਵਿਚਾਰ ਕਰੇ ਉਹ ਕਾਹਦਾ ਜੱਟ ਬਈ।' ਇਸ ਤਰ੍ਹਾਂ ਸੋਚ-ਵਿਚਾਰ ਪੱਖੋਂ ਕੰਗਾਲ ਜਿਹੀ ਗਾਇਕੀ, ਗੀਤਕਾਰੀ ਅਤੇ ਅਸ਼ਲੀਲ ਫਿਲਮਾਂਕਣ ਸਾਡੀ ਨੌਜੁਆਨ ਪੀੜ੍ਹੀ ਅੱਗੇ ਪਰੋਸੇ ਜਾਣ ਲੱਗੇ।

ਅਸੀਂ ਕਹਿ ਸਕਦੇ ਹਾਂ ਪਿਛਲੇ ਦਿਨੀਂ ਪੰਜਾਬ ਵਿਚ ਵਾਪਰੀਆਂ ਫਰੀਦਕੋਟ ਵਿਚ ਲੜਕੀ ਦਾ ਅਗਵਾਕਾਂਡ ਅਤੇ ਅੰਮ੍ਰਿਤਸਰ ਵਿਚ ਆਪਣੀ ਧੀ ਦੀ ਇੱਜ਼ਤ ਦੀ ਰੱਖਿਆ ਕਰਦਿਆਂ ਪਿਤਾ ਦਾ ਕਤਲ ਕਰ ਦਿੱਤਾ ਜਾਣਾ ਆਦਿ ਘਟਨਾਵਾਂ ਦਾ ਸਬੰਧ ਕਿਤੇ ਨਾ ਕਿਤੇ ਅਸਿੱਧੇ ਢੰਗ ਨਾਲ ਸਾਡੀ ਅਜੋਕੀ ਗਾਇਕੀ ਨਾਲ ਵੀ ਜਾ ਜੁੜਦਾ ਹੈ। ਦੂਜਿਆਂ ਦੀਆਂ ਧੀਆਂ-ਭੈਣਾਂ ਦੀਆਂ ਇੱਜ਼ਤਾਂ ਦੀ ਰਾਖੀ ਕਰਨ ਵਾਲੇ ਪੰਜਾਬੀ ਲੋਕ, ਅੱਜ ਕਿਸ ਦਿਸ਼ਾ ਵੱਲ ਜਾ ਰਹੇ ਹਨ ਇਹ ਸਾਡੇ ਵਿਚਾਰਨ ਵਾਲੀ ਗੱਲ ਹੈ। ਸਾਡੀਆਂ ਮਾਨਵਵਾਦੀ ਸੋਚਾਂ ਮਰਦੀਆਂ ਕਿਉਂ ਜਾ ਰਹੀਆਂ ਹਨ? ਅੱਜ ਸਾਡੀ ਨੌਜਵਾਨ ਪੀੜ੍ਹੀ ਸਾਹਮਣੇ ਰੋਲ ਮਾਡਲ ਦਾ ਬੜਾ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਰਾਜਨੀਤਕ ਪੱਖ ਤੋਂ ਜੇਕਰ ਵੇਖਿਆ ਜਾਵੇ ਤਾਂ ਸਾਡੇ ਨੇਤਾ ਅੱਜਕਲ੍ਹ ਜਲਸੇ-ਜਲੂਸਾਂ ਵਿਚ ਵਿਰੋਧੀਆਂ ਨੂੰ ਭੰਡਣ ਲਈ ਕਈ ਵਾਰ ਬੜੀ ਘਟੀਆ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ। ਪਾਰਲੀਮੈਂਟ ਹਾਊਸ ਅਤੇ ਵਿਧਾਨ ਸਭਾਵਾਂ ਵਿਚ ਵੀ ਇਕ-ਦੂਜੇ ਖਿਲਾਫ਼ ਗਾਲ੍ਹੀ-ਗਲੋਚ ਕਰਨ ਅਤੇ ਹੱਥੋਪਾਈ ਹੋਣ ਤੱਕ ਚਲੇ ਜਾਂਦੇ ਹਨ। ਰਾਜਨੀਤੀ ਵਿਚ ਇਕ-ਦੂਜੇ ਤੋਂ ਅਗਾਂਹ ਲੰਘਣ ਲਈ ਫ਼ਿਲਮੀ ਹੀਰੋ, ਹੀਰੋਇਨਾਂ ਅਤੇ ਗਾਇਕਾਂ ਦਾ ਸਹਾਰਾ ਲਿਆ ਜਾਂਦਾ ਹੈ। ਸੰਤਾਂ-ਭਗਤਾਂ, ਬਾਬਾ ਫ਼ਰੀਦ ਅਤੇ ਕਰਤਾਰ ਸਿੰਘ ਸਰਾਭਾ ਵਰਗਿਆਂ ਦੇ ਜਨਮ ਦਿਨ ਮਨਾਉਣ ਲਈ ਵੀ ਗੰਦੇ ਗੀਤਾਂ ਦੇ ਅਖਾੜੇ ਲੱਗਣੇ ਸ਼ੁਰੂ ਹੋ ਗਏ ਹਨ। ਇਹ ਇਕ ਤਰ੍ਹਾਂ ਨਾਲ ਉਨ੍ਹਾਂ ਮਹਾਨ ਲੋਕਾਂ ਦਾ ਸਨਮਾਨ ਨਹੀਂ ਸਗੋਂ ਉਨ੍ਹਾਂ ਦੀ ਸੋਚ ਦੇ ਉਲਟ ਜਾ ਕੇ ਉਨ੍ਹਾਂ ਦਾ ਅਪਮਾਨ ਕਰਨ ਦੇ ਤੁਲ ਹੈ। ਉਹ ਗਾਇਕ ਜਿਨ੍ਹਾਂ ਦੇ ਗੀਤ ਅਸੀਂ ਪਰਿਵਾਰ ਵਿਚ ਬਹਿ ਕੇ ਸੁਣ ਨਹੀਂ ਸਕਦੇ, ਉਹ ਹੁਣ ਲੜਕੇ/ਲੜਕੀਆਂ ਦੇ ਕਾਲਜਾਂ ਵਿਚ ਜਾ ਕੇ ਆਪਣੀਆਂ ਫ਼ਿਲਮਾਂ, ਕੈਸਟਾਂ ਦਾ ਪ੍ਰਚਾਰ ਕਰਨ ਲੱਗ ਪਏ ਹਨ। ਕਾਲਜਾਂ-ਸਕੂਲਾਂ ਦੇ ਨੌਜੁਆਨ ਲੜਕੇ/ਲੜਕੀਆਂ ਜਿਨ੍ਹਾਂ ਨੂੰ ਜ਼ਿੰਦਗੀ ਦੀਆਂ ਉਸਾਰੂ ਕਦਰਾਂ-ਕੀਮਤਾਂ ਸਿੱਖਣ ਦੀ ਲੋੜ ਹੁੰਦੀ ਹੈ, ਅਜਿਹੇ ਅਖੌਤੀ ਗਾਇਕਾਂ ਤੋਂ ਕੀ ਸਿੱਖਿਆ ਲੈਂਦੇ ਹੋਣਗੇ? ਸਗੋਂ ਉਨ੍ਹਾਂ ਨੂੰ ਤਾਂ ਦੱਸਣ ਦੀ ਲੋੜ ਹੈ ਕਿ ਕਚਹਿਰੀਆਂ ਨੂੰ ਮੇਲੇ ਦੱਸਣ ਵਾਲੇ, ਬੰਦੂਕਾਂ, ਪਸਤੋਲਾਂ, ਜੀਪਾਂ, ਮੋਟਰ ਸਾਈਕਲਾਂ ਤੇ ਬਜ਼ਾਰਾਂ ਦੇ ਗੇੜੇ ਲਾਉਣ ਵਾਲੇ ਸਾਡੇ ਨਾਇਕ ਨਹੀਂ ਹਨ ਬਲਕਿ ਸਾਡੇ ਲੋਕਨਾਇਕ ਉਹ ਹਨ ਜਿਨ੍ਹਾਂ ਨੇ ਆਪਣੀ ਸਰਜ਼ਮੀਂ ਲਈ ਵੱਡੀਆਂ-ਵੱਡੀਆਂ ਕੁਰਬਾਨੀਆਂ ਕੀਤੀਆਂ। ਸਾਡੀਆਂ ਸਿਲੇਬਸ ਦੀਆਂ ਕਿਤਾਬਾਂ ਦੇ ਪਾਠਕ੍ਰਮ ਵਿਚ ਸਾਨੂੰ ਵੱਡੀਆਂ ਤਬਦੀਲੀਆਂ ਕਰਨ ਦੀ ਲੋੜ ਹੈ। ਸਾਡੀ ਅਜੋਕੀ ਵਿੱਦਿਆ ਮਨੁੱਖ ਨੂੰ ਪੂਰਨ ਮਨੁੱਖ ਨਹੀਂ ਬਣਾਉਂਦੀ। ਕਿੱਤਾਮੁਖੀ ਸਿੱਖਿਆ ਤੋਂ ਵੀ ਜ਼ਿਆਦਾ ਜ਼ਰੂਰਤ ਇਸ ਗੱਲ ਦੀ ਹੈ ਕਿ ਸਿੱਖਿਆ ਮਨੁੱਖ ਨੂੰ ਪੂਰਨ ਮਨੁੱਖ ਬਣਾਉਣ ਦਾ ਦਰਜਾ ਰੱਖਦੀ ਹੋਵੇ। ਸਾਡੇ ਸਮਾਜ ਨੂੰ ਅੱਜ ਸਭ ਤੋਂ ਵੱਧ ਚੰਗੇ ਇਨਸਾਨਾਂ ਦੀ ਲੋੜ ਹੈ। ਜਾਗਦੀਆਂ ਜ਼ਮੀਰਾਂ ਵਾਲੇ ਲੋਕ ਆਪਣੇ ਰੁਜ਼ਗਾਰ, ਰਾਜਨੀਤਕ ਅਤੇ ਉਸਾਰੂ ਸੱਭਿਆਚਾਰ ਦੇ ਪ੍ਰਬੰਧ ਨੂੰ ਬਿਹਤਰ ਬਣਾਉਣ ਦੇ ਵਧੇਰੇ ਸਮਰੱਥ ਹੁੰਦੇ ਹਨ।

ਗੁਰਬਾਣੀ ਦਾ ਪਾਠ ਕਰਨ ਤੋਂ ਬਾਅਦ ਜਦੋਂ ਅਸੀਂ ਅਰਦਾਸ ਕਰਦੇ ਹਾਂ ਤਾਂ ਉਸ ਵਿਚ ਬਿਬੇਕ ਦਾਨ ਮੰਗਦੇ ਹਾਂ। ਜਿਸ ਦਾ ਭਾਵ ਹੈ ਸਾਡੀ ਸੋਚ-ਵਿਚਾਰ ਕਰਨ ਦੀ ਸ਼ਕਤੀ ਵਧੇ। ਪਰ ਇਸ ਲਈ ਅਸੀਂ ਆਪ ਬਹੁਤ ਘੱਟ ਜ਼ਹਿਮਤ ਕਰਦੇ ਹਾਂ। ਚੰਗੀਆਂ ਅਖ਼ਬਾਰਾਂ, ਚੰਗੀਆਂ ਕਿਤਾਬਾਂ ਇਸ ਵਿਚ ਸਾਡੀਆਂ ਸਭ ਤੋਂ ਵਧ ਸਹਾਈ ਹੋ ਸਕਦੀਆਂ ਹਨ। ਇਸ ਤੋਂ ਇਲਾਵਾਂ ਚੰਗੀ ਸੋਚ ਰੱਖਣ ਵਾਲੇ ਚੰਗੇ ਸਾਹਿਤਕਾਰਾਂ, ਲੇਖਕਾਂ, ਵਿਦਵਾਨਾਂ, ਚਿੰਤਕਾਂ ਦੇ ਸਕੂਲਾਂ-ਕਾਲਜਾਂ ਵਿਚ ਸੈਮੀਨਾਰ ਕਰਵਾਉਣੇ ਚਾਹੀਦੇ ਹਨ। ਸੋਚ-ਵਿਚਾਰ ਦਾ ਵਿਕਾਸ ਅਤੇ ਆਪਣੇ ਇਤਿਹਾਸ, ਵਿਰਸੇ ਵਿਚਲੀ ਮਹਾਨ ਲੋਕਾਂ ਦੀਆਂ ਨਿੱਗਰ ਕਦਰਾਂ-ਕੀਮਤਾਂ ਗ੍ਰਹਿਣ ਕਰਕੇ ਅਸੀਂ ਬੌਧਿਕ ਪੱਖ ਤੋਂ ਅੱਗੇ ਵਧ ਸਕਦੇ ਹਾਂ। -ਜ਼ੀਰਾ ਮੋ:98550-51099