ਸਵਾਲ :-ਸਿਖ ਰਾਜ ਦੀ ਪਹਿਲੀ ਰਾਜਧਾਨੀ ਕਿਹੜੀ ਹੈ ? ਉਤਰ :-ਸਿੱਖ ਰਾਜ ਦੀ ਪਹਿਲੀ ਰਾਜਧਾਨੀ ਸ੍ਰੀ ਹਰਗੋਬਿੰਦਪੁਰ

ਰਿਆੜਕੀ ਇਲਾਕੇ ਦੇ ਸਿਰ ਵਜੋਂ ਜਾਣਿਆ ਜਾਂਦਾ ਸ੍ਰੀ ਹਰਗੋਬਿੰਦਪੁਰ ਸਿੱਖ ਇਤਿਹਾਸ ਦੀਆਂ ਅਨੇਕਾਂ ਅਨਮੋਲ ਨਿਸ਼ਾਨੀਆਂ ਨੂੰ ਆਪਣੀ ਬੁੱਕਲ ਵਿੱਚ ਸਮੋਈ ਬੈਠਾ ਹੈ। ਧਾਰਮਿਕ ਅਤੇ ਇਤਿਹਾਸਕ ਪੱਖ ਤੋਂ ਇਸ ਨਗਰ ਦਾ ਆਪਣਾ ਸਥਾਨ ਹੈ। ਨਗਰ ਨੇ ਮੁਗ਼ਲ ਕਾਲ ਦੌਰਾਨ ਕਈ ਉਤਰਾਅ-ਚੜ੍ਹਾਅ ਦੇਖੇ ਪਰ ਸਿੱਖ ਰਾਜ ਸਮੇਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਸ੍ਰੀ ਹਰਗੋਬਿੰਦਪੁਰ ਨੂੰ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਬਣਾਇਆ। ਨਗਰ ਦੇ ਚੁਫ਼ੇਰੇ ਮਜ਼ਬੂਤ ਦੀਵਾਰ ਅਤੇ ਦਰਵਾਜ਼ੇ ਸੁਰੱਖਿਆ ਦੇ ਪੱਖ ਤੋਂ ਆਪਣੀ ਮਿਸਾਲ ਆਪ ਸਨ। ਸਿੱਖ ਰਾਜ ਦੀ ਇਸ ਪਹਿਲੀ ਰਾਜਧਾਨੀ ਦੀ ਇਮਾਰਤ ਅਤੇ ਹੋਰ ਗੌਰਵਮਈ ਥਾਵਾਂ ਹੁਣ ਢਹਿ-ਢੇਰੀ ਹੋ ਰਹੀਆਂ ਹਨ। ਭਾਵੇਂ ਸਰਕਾਰ ਨੇ ਕਈ ਇਤਿਹਾਸਕ ਥਾਵਾਂ ਨੂੰ ਸੰਵਾਰਨ ਦੇ ਯਤਨ ਕੀਤੇ ਪਰ ਸ੍ਰੀ ਹਰਗੋਬਿੰਦਪੁਰ ਨੂੰ ਅਣਡਿੱਠ ਕੀਤਾ ਗਿਆ। ਰਾਜਧਾਨੀ ਦੀ ਇਮਾਰਤ ਅਤੇ ਨਗਰ ਵਿਚਲੀਆਂ ਹੋਰ ਪੁਰਾਤਨ ਨਿਸ਼ਾਨੀਆਂ ਦਾ ਵਜੂਦ ਬਚਾਉਣਾ ਸਮੇਂ ਦੀ ਲੋੜ ਹੈ। ਇਸ ਨਗਰ ਦਾ ਮੁੱਢ ਗੁਰੂ ਅਰਜਨ ਦੇਵ ਜੀ ਨੇ ਬੰਨ੍ਹਿਆ। ਉਨ੍ਹਾਂ ਨੇ ਆਪਣੇ ਪੁੱਤਰ ਸ੍ਰੀ ਹਰਿਗੋਬਿੰਦ ਸਾਹਿਬ ਦੇ ਨਾਂ ’ਤੇ ਇਸ ਦਾ ਨਾਂ ਰੱਖਿਆ। ਇਹ ਬਾਬਾ ਬੁੱਢਾ, ਭਾਈ ਗੁਰਦਾਸ, ਮਾਤਾ ਗੰਗਾ ਅਤੇ ਭਾਈ ਬਿਧੀਚੰਦ ਜੀ ਸਮੇਤ ਹੋਰ ਮਹਾਂਪੁਰਸ਼ਾਂ ਦੀ ਚਰਨ-ਛੂਹ ਪ੍ਰਾਪਤ ਸਥਾਨ ਹੈ। ਪੰਜ ਪਿਆਰਿਆਂ ’ਚੋਂ ਇੱਕ ਭਾਈ ਦਇਆ ਸਿੰਘ ਦੀ ਵੰਸ਼ ਜੁਲਕਾ ਪਰਿਵਾਰ ਹੈ, ਜੋ ਇੱਥੇ ਰਹਿੰਦਾ ਹੈ। ਸ੍ਰੀ ਹਰਗੋਬਿੰਦਪੁਰ ਵਿਸ਼ਵ ਪ੍ਰਸਿੱਧ ਚਿੱਤਰਕਾਰ ਸੋਭਾ ਸਿੰਘ ਦੀ ਜਨਮ ਭੋਇੰ ਹੈ। ਕਿਹਾ ਜਾਂਦਾ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਸੰਮਤ 1644 ਵਿੱਚ ਇਹ ਨਗਰ ਵਸਾਇਆ ਸੀ। ‘ਗੁਰ ਪ੍ਰਤਾਪ ਸੂਰਜ ਗੰ੍ਰਥ’ ਮੁਤਾਬਕ ਇਹ ਨਗਰ ਛੇਵੇਂ ਗੁਰੂ ਨੇ ਵਸਾਇਆ। ਨਾਮਵਰ ਲੇਖਕ ਸੁਜਾਨ ਰਾਏ ਭੰਡਾਰੀ ਨੇ ਇਸ ਨਗਰ ਦੀ ਪ੍ਰਸਿੱਧੀ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ: ‘ਹੈਬਤ ਪੱਟੀ ਦੁਆਰਾ ਬਾਰੀ ਵਿੱਚ ਇੱਕ ਪਰਗਨਾ ਹੈ, ਇਸ ਅੰਦਰ ਹਰਗੋਬਿੰਦਪੁਰ ਇੱਕ ਨਗਰ ਹੈ। ਜਿੱਥੇ ਵਧੀਆ ਬਾਗ਼ ਤੇ ਪਾਵਨ ਸਰੋਵਰ ਬਣੇ ਹੋਏ ਹਨ। ਵਿਸਾਖੀ ਨੂੰ ਮੇਲਾ ਲੱਗਦਾ ਹੈ। ਇੱਥੋਂ ਤੱਕ ਕਿ ਨਗਰ ਦੇ ਘੋੜਿਆਂ ਦੀ ਚਾਲ-ਢਾਲ ਇਰਾਕੀ ਘੋੜਿਆਂ ਦੇ ਬਰਾਬਰ ਦੱਸੀ ਗਈ ਹੈ। ਕਈਆਂ ਦੇ ਮੁੱਲ ਤਾਂ ਦਸ-ਦਸ ਹਜ਼ਾਰ ਤੱਕ ਪੁੱਜ ਜਾਂਦੇ ਹਨ।’ ਕਈ ਲੇਖਕਾਂ ਨੇ ਇਸ ਦਾ ਨਾਂ ਸ੍ਰੀ ਹਰਗੋਬਿੰਦਪੁਰ ਲਿਖਿਆ ਹੈ, ਜਦੋਂਕਿ ਗੁਰੂ ਅਰਜਨ ਦੇਵ ਜੀ ਨੇ ਇਸ ਦਾ ਨਾਂ ਸ੍ਰੀ ਗੋਬਿੰਦਪੁਰ ਰੱਖਿਆ। ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ’ਚ ਛੇਵੇਂ ਗੁਰੂ ਦੇ ਦੂਜੀ ਜੰਗ ਦੌਰਾਨ ਇੱਥੇ ਨਿਵਾਸ ਕਰਨ ਬਾਰੇ ਲਿਖਿਆ ਹੈ। ਇਨ੍ਹਾਂ ਲਿਖਤਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਸ੍ਰੀ ਹਰਗੋਬਿੰਦਪੁਰ ਪਿੰਡ ਸੀ। ਇੱਥੇ ਗੁਰੂ ਅਰਜਨ ਦੇਵ ਜੀ ਦੀ ਜ਼ਮੀਨ ਸੀ। ਮੌਜੂਦਾ ਨਗਰ ਕਿਸੇ ਸਮੇਂ ਰੋਹੀਲਾ ਨਾਂ ਦੇ ਮੁਸਲਮਾਨ ਪਠਾਣਾਂ ਦਾ ਪਿੰਡ ਦੱਸਿਆ ਜਾਂਦਾ ਸੀ। ਗ਼ੈਰ ਮੁਸਲਮਾਨਾਂ ਵਿਰੁੱਧ ਵਧੀਕੀਆਂ ਦੀਆਂ ਸ਼ਿਕਾਇਤਾਂ ਛੇਵੇਂ ਗੁਰੂ ਨੂੰ ਮਿਲਦੀਆਂ ਰਹਿੰਦੀਆਂ ਸਨ। ਇੱਕ ਦਿਨ ਛੇਵੇਂ ਗੁਰੂ ਨੇ ਆਪਣੇ ਪਿਤਾ ਗੁਰੂ ਅਰਜਨ ਦੇਵ ਜੀ ਨੂੰ ਖ਼ਰੀਦੀ ਜ਼ਮੀਨ ‘ਗੋਬਿੰਦਪੁਰ’ ਦੇਖਣ ਦੀ ਇੱਛਾ ਪ੍ਰਗਟਾਈ। ਇਸ ਤੋਂ ਪਹਿਲਾਂ ਹੀ ਭਗਵਾਨ ਦਾਸ ਘਿਰੜ ਨੇ ਇਸ ਜ਼ਮੀਨ ’ਤੇ ਕਬਜ਼ਾ ਕਰ ਲਿਆ ਸੀ। ਇਹ ਘਿਰੜ ਖੱਤਰੀ, ਚੰਦੂ ਦਾ ਰਿਸ਼ਤੇਦਾਰ ਦੱਸਿਆ ਜਾਂਦਾ ਹੈੈ। ਇਸ ਨੇ ਪੰਜਵੇਂ ਗੁਰੂ ਨੂੰ ਲਾਹੌਰ ’ਚ ਸ਼ਹੀਦ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਚੰਦੂ ਦੀ ਸ਼ਹਿ ’ਤੇ ਘਿਰੜ ਵੱਲੋਂ ਜ਼ਮੀਨ ’ਤੇ ਕੀਤੇ ਕਬਜ਼ੇ ਨੂੰ ਹਟਵਾਉਣ ਲਈ ਪਹਿਲਾਂ ਛੇਵੇਂ ਗੁਰੂ ਨੇ ਆਪਣਾ ਏਲਚੀ ਭੇਜਿਆ ਪਰ ਗੁਰੂ ਜੀ ਦੀ ਤਜਵੀਜ਼ ਨੂੰ ਘਿਰੜ ਨੇ ਰੱਦ ਕਰ ਦਿੱਤਾ। ਸਿੱਟੇ ਵਜੋਂ ਹੋਈ ਜੰਗ ਵਿੱਚ ਘਿਰੜ ਮਾਰਿਆ ਗਿਆ। ਗੁਰੂ ਜੀ ਨੇ ਭਾਈ ਬਿਧੀ ਚੰਦ ਜੀ ਨੂੰ ਲੋੜ ਮੁਤਾਬਕ ਸੇਵਾਵਾਂ ਲੈਣ ਲਈ ਕੋਲ ਰੱਖਿਆ ਹੋਇਆ ਸੀ। ਸੰਮਤ 1687 ’ਚ ਇਹ ਯੁੱਧ 14 ਦਿਨ ਤੇ 14 ਰਾਤਾਂ ਤੱਕ ਚੱਲਦਾ ਰਿਹਾ। ਇਸ ਯੁੱਧ ਵਿੱਚ ਅਬਦੁੱਲਾ ਖ਼ਾਂ ਦੀ ਹਾਰ ਹੋਈ। ਉਸ ਦੇ ਤਕਰੀਬਨ 1400 ਫ਼ੌਜੀ ਮਾਰੇ ਗਏ। ਇਸ ਲੜਾਈ ਵਿੱਚ ਜਿੱਥੇ ਨਗਰ ਢਹਿ-ਢੇਰੀ ਹੋ ਗਿਆ, ਉੱਥੇ ਗੁਰੂ ਜੀ ਦੇ ਵਫ਼ਾਦਾਰ ਭਾਈ ਮੇਦਨ, ਉਨ੍ਹਾਂ ਦੇ ਪੁੱਤਰ ਭਾਈ ਬਿਹਾਰੀ, ਭਾਈ ਧਰੂਹਾਂ, ਭਾਈ ਨਾਨੂੰ, ਭਾਈ ਪਰਾਗਦਾਸ, ਭਾਈ ਮੱਥਰਾਭੱਟ ਸਮੇਤ ਹੋਰਾਂ ਨੇ ਸ਼ਹੀਦੀ ਪਾਈ। ਗੁਰੂ ਜੀ ਨੇ ਸ਼ਹੀਦਾਂ ਦੇ ਸਸਕਾਰ ਕਰਕੇ ਅਸਥੀਆਂ ਬਿਆਸ ਦਰਿਆ ’ਚ ਜਲ ਪ੍ਰਵਾਹ ਕਰ ਦਿੱਤੀਆਂ। ਯੁੱਧ ਦੇ ਮੈਦਾਨ ’ਚ ਗੁਰੂ ਜੀ ਦੀਆਂ ਫ਼ੌਜਾਂ ਖ਼ਿਲਾਫ਼ ਲੜੀ ਫ਼ੌਜ ਦੇ ਸੈਨਾਪਤੀ ਅਬਦੁੱਲਾ ਖ਼ਾਂ, ਉਸ ਦੇ ਪੁੱਤਰਾਂ ਅਤੇ ਪੰਜ ਸੈਨਾਪਤੀਆਂ ਦੀਆਂ ਕਬਰਾਂ ਇੱਕ ਥਾਂ ’ਤੇ ਬਣਾਈਆਂ ਗਈਆਂ। ਲੜਾਈ ਤੋਂ ਪਿੱਛੋਂ ਜਿੱਥੇ ਗੁਰੂ ਜੀ ਨੇ ਆਰਾਮ ਕੀਤਾ, ਉੱਥੇ ਗੁਰਦੁਆਰਾ ਦਮਦਮਾ ਸਾਹਿਬ ਸੁਸ਼ੋਭਿਤ ਹੈ। ਛੇਵੇਂ ਗੁਰੂ ਢਹਿ-ਢੇਰੀ ਹੋਏ ਨਗਰ ਨੂੰ ਆਬਾਦ ਕਰਨ ਲਈ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਆਏ। ਉਸ ਸਮੇਂ ਗੁਰੂ ਜੀ ਦੀ ਰਿਹਾਇਸ਼ ਵਾਲੇ ਸਥਾਨ ’ਤੇ ਗੁਰਦੁਆਰਾ ‘ਗੁਰੂ ਕੇ ਮਹਿਲ’ ਹੈ। ਉਂਜ ਇਸ ਨੂੰ ਮੰਜੀ ਸਾਹਿਬ ਵੀ ਆਖਦੇ ਹਨ। ਰਾਮਗੜ੍ਹੀਆ ਮਿਸਲ ਦੇ ਮੁਖੀ ਜੱਸਾ ਸਿੰਘ ਰਾਮਗੜ੍ਹੀਆ ਨੇ ਸਿੱਖ ਰਾਜ ਦੌਰਾਨ ਸ੍ਰੀ ਹਰਗੋਬਿੰਦਪੁਰ ਨੂੰ ਆਪਣੀ ਰਾਜਧਾਨੀ ਬਣਾਇਆ। ਹੁਣ ਇਹ ਇਮਾਰਤ ਬਹੁਤ ਹੀ ਤਰਸਯੋਗ ਹਾਲਤ ’ਚ ਹੈ। ਇਸ ਦਾ ਜ਼ਿਆਦਾਤਰ ਹਿੱਸਾ ਢਹਿ ਚੁੱਕਿਆ ਹੈ। ਬਚੇ ਕਮਰਿਆਂ ਦੀ ਹਾਲਤ ਵੀ ਚੰਗੀ ਨਹੀਂ ਹੈ। ਦਰਿਆ ਬਿਆਸ ਕੰਢੇ ਵਸਾਇਆ ਇਹ ਨਗਰ ਭੂਗੋਲਿਕ ਪੱਖ ਤੋਂ ਬੜੀ ਅਹਿਮੀਅਤ ਰੱਖਦਾ ਹੈ। ਰਾਜਧਾਨੀ ਦੇ ਮੁੱਖ ਦਰਵਾਜ਼ੇ ਨੂੰ ਛੱਡਕੇ ਕੁਝ ਕਮਰਿਆਂ ਦੇ ਦਰਵਾਜ਼ੇ ਬੰਦ ਹਨ। ਇੱਥੇ ਘੋੜਿਆਂ ਨੂੰ ਬੰਨ੍ਹਣ ਅਤੇ ਚਾਰੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਸਨ। ਕਿਧਰੇ ਮਸ਼ਾਲਾਂ ਅਤੇ ਦੀਵੇ ਬਾਲਣ ਲਈ ਛੱਡੀ ਜਗ੍ਹਾ ਦਾ ਕਲਾਤਮਕ ਹੁਨਰ ਦੇਖਣ ਨੂੰ ਮਿਲਦਾ ਹੈ। ਦੋ ਮੰਜ਼ਿਲੀ ਇਮਾਰਤ ਦੇ ਉਪਰਲੇ ਹਿੱਸੇ ਦੀ ਛੱਤ ਬਿਲਕੁਲ ਤਬਾਹ ਹੋ ਗਈ ਹੈ। ਇਮਾਰਤ ਦੇ ਕੁਝ ਹਿੱਸੇ ਵਿੱਚ ਘਾਹ ਤੇ ਹੋਰ ਝਾੜੀਆਂ-ਬੂਟੀਆਂ ਉੱਗੀਆਂ ਹੋਈਆਂ ਹਨ। ਇਸ ਵਿਚਲੇ ਦੋ ਕਮਰੇ ਚੰਗੀ ਹਾਲਤ ’ਚ ਹਨ। ਮਜ਼ਬੂਤ ਇੱਟਾਂ ਅਤੇ ਮੋਟੇ ਸ਼ਤੀਰ ਨਾਲ ਤਿਆਰ ਕਰਵਾਈ ਗਈ ਰਾਜਧਾਨੀ ਦੀ ਇਮਾਰਤ ਦੀ ਦੀਵਾਰ ’ਤੇ ਇੱਕ ਥਾਂ ਕੁੱਤੇ ਦਾ ਚਿੱਤਰ ਉਕਰਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਰਾਜਧਾਨੀ ਰਹੀ ਇਸ ਇਮਾਰਤ ’ਚ ਹੋਰ ਵੀ ਚਿੱਤਰ ਬਣਾਏ ਹੋਣਗੇ। ਰਾਜਧਾਨੀ ਬਣਾਉਣ ਦੇ ਮੱਦੇਨਜ਼ਰ ਨਗਰ ਦੇ ਚਾਰ-ਚੁਫੇਰੇ ਇੱਕ ਮਜ਼ਬੂਤ ਦੀਵਾਰ ਬਣਾਈ ਗਈ। ਇਹ ਫ਼ਸੀਲ ਏਨੀ ਸੁਰੱਖਿਅਤ ’ਤੇ ਖੁੱਲ੍ਹੀ ਸੀ ਕਿ ਇਸ ’ਤੇ ਦੋ ਰੱਥ ਇੱਕੋ ਸਮੇਂ ਚੱਲ ਸਕਦੇ ਸਨ। ਅੱਜ ਇਸ ਦੇ ਖੰਡਰ ਹੀ ਦੇਖਣ ਨੂੰ ਮਿਲਦੇ ਹਨ। ਰਾਮਗੜ੍ਹੀਆ ਮਿਸਲ ਦੇ ਸਰਦਾਰ ਨੇ ਪੰਜ ਦਰਵਾਜ਼ੇ ਲਾਹੌਰੀ ਦਰਵਾਜ਼ਾ, ਸਾਹਮਣਾ ਦਰਵਾਜ਼ਾ, ਮੋਰੀ ਦਰਵਾਜ਼ਾ, ਘਿਰੜ ਦਰਵਾਜ਼ਾ ਅਤੇ ਮਿਆਣੀ ਦਰਵਾਜ਼ਾ ਬਣਵਾਏ ਸਨ। ਨਗਰ ਦੀ ਸੁਰੱਖਿਆ ਲਈ ਦਰਵਾਜ਼ੇ ਰਾਤ ਸਮੇਂ ਬੰਦ ਕਰ ਦਿੱਤੇ ਜਾਂਦੇ ਸਨ। ਚਾਰ ਦਰਵਾਜ਼ਿਆਂ ਦੀ ਹੋਂਦ ਤਾਂ ਹਮੇਸ਼ਾਂ ਲਈ ਖ਼ਤਮ ਹੋ ਗਈ ਹੈ। ਲਾਹੌਰੀ ਦਰਵਾਜ਼ਾ ਵੀ ਢਹਿਣ ਕਿਨਾਰੇ ਹੈ। ਸ੍ਰੀਹਰਗੋਬਿੰਦਪੁਰ ਵਿਚਲੀਆਂ ਅਨਮੋਲ ਨਿਸ਼ਾਨੀਆਂ ਖ਼ਤਮ ਹੋਣ ਕੰਢੇ ਹਨ। ਇਨ੍ਹਾਂ ਦੀ ਸੰਭਾਲ ਲਈ ਸਰਕਾਰ ਅਤੇ ਹੋਰ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਗੂਗਲ ਮੇਪ ਨਾਲ ਤੁਸੀਂ ਇਹ ਜਗਾ ਦੇਖ ਸਕਦੇ ਹੋ ਜੀ .. ਲਿੰਕ http://maps.google.com/maps?ll=31.590424%2C75.48329&z=11&t=m&hl=en-US

Tajinder singh saran (ਗੱਲ-ਬਾਤ) ੦੭:੫੦, ੩ ਅਕਤੂਬਰ ੨੦੧੩ (UTC)

== ਸਵਾਲ ==

{{ਮਦਦ}} ਆਪਣਾ ਸਵਾਲ ਜਾਂ ਮਸਲਾ। --~~~~
  • “ਆਪਣਾ ਸਵਾਲ ਜਾਂ ਮਸਲਾ” ਦੀ ਥਾਂ ਆਪਣਾ ਸਵਾਲ ਜਾਂ ਮੁਸ਼ਕਲ ਲਿਖੋ ਅਤੇ “~~~~” ਜਰੂਰ ਲਾਓ; ਇਹ ਆਪਣੇ-ਆਪ ਸਵਾਲ ਦੇ ਅਖ਼ੀਰ ਵਿਚ ਤੁਹਾਡੇ ਦਸਤਖਤ ਅਤੇ ਸਮਾਂ ਜੋੜ ਦੇਵੇਗਾ।