ਭਾਰਤੀ ਕਾਵਿ-ਸ਼ਾਸਤਰ ਵਿੱਚ ਦੋ ਵਾਗਭਟਾਂ ਦਾ ਉਲੇਖ ਮਿਲਦਾ ਹੈ। ਇਹਨਾਂ ਵਿਚੋਂ ਪਹਿਲੇ ਨੇ 'ਵਾਗਭਟਾਲੰਕਾਰ' ਅਤੇ ਦੂਜੇ ਨੇ 'ਕਾਵਿਅਨੁਸ਼ਾਸਨ' ਨਾਮ ਦੇ ਅਲੰਕਾਰਸ਼ਾਸਤਰੀ ਗਰੰਥਾਂ ਦੀ ਰਚਨਾ ਕੀਤੀ ਹੈ। 'ਵਾਗਭਟਾਲੰਕਾਰ' ਗਰੰਥ ਦੇ ਰਚਯਤਾ 'ਵਾਗਭਟ' ਪਹਿਲਾਂ ਹੋਏ; ਇਸੇ ਲਈ ਇਹਨਾਂ ਨੂੰ 'ਵਾਗਭਟ-ਪਰਥਮ' ਕਿਹਾ ਜਾਂਦਾ ਹੈ। ਵਾਗਭਟ ਭਾਰਤੀ ਚਿਕਿਤਸਾ ਵਿਗਿਆਨ ਦੇ ਤਿੰਨ ਮੁੱਖ ਨਾਮਾਂ ਵਿੱਚੋਂ ਇੱਕ ਹੈ। ਵਾਗਭਟ ਦਾ ਅਸ਼ਟਾਂਗਸੰਗਰਹਿ ਅੱਜ ਵੀ ਭਾਰਤੀ ਚਿਕਤਸਾ ਵਿਗਿਆਨ ਦਾ ਮਿਆਰੀ ਗਰੰਥ ਹੈ।[1]

ਜੀਵਨ ਸੋਧੋ

ਅਚਾਰੀਆ ਵਾਗਭਟ-ਦੇ ਵਿਆਕਤੀਗਤ ਜੀਵਨ ਅਤੇ ਸਮੇਂ ਬਾਰੇ ਨਿਸ਼ਚਿਤ ਉਲੇਖ ਮਿਲਦੇ ਹਨ। ਇਹ ਜੈਨ ਮਤ ਦੇ ਅਨੁਯਾਯੀ ਅਤੇ ਆਚਾਰੀਆ ਹੇਮਚੰਦਰ ਦੇ ਸਮਕਾਲੀਨ ਸਨ। ਉਹਨਾਂ ਦਾ ਸਮਾ ਕਾਲ 1088 ਤੋਂ 1173 ਈ. ਦੇ ਸਮੇਂ ਦਾ ਮੰਨਿਆ ਜਾਂਦਾ ਹੈ। ਇਹਨਾਂ ਦੇ ਪਿਤਾ ਦਾ ਨਾਮ 'ਸੋਮ' ਸੀ ਅਤੇ ਉਹ ਕਿਸੀ ਰਾਜਾ ਦੇ( ਨਾਮ ਅਗਿਆਤ) ਮੰਤਰੀ ਪਦ 'ਤੇ ਆਸੀਨ ਸਨ। ਇਹ ਸੰਸਕਿ੍ਤ ਭਾਸ਼ਾ ਦੇ ਚੰਗੇ ਵਿਦਵਾਨ ਸਨ। ਇਹਨਾਂ ਨੇ ਆਪਣੇ ਗਰੰਥ ਦੇ ਸਵੈ-ਰਚਿਤ ਉਦਾਹਰਣਾਂ ਰਾਹੀਂ 'ਅਨਹਿਲਵਾੜਹ' ਦੇ ਚਾਲੂਕਯਵੰਸ਼ੀ ਰਾਜਾ 'ਕਰਣ ਦੇਵ' ਦੇ ਪੁੱਤਰ ਜਯਸਿੰਘ ਦੀ ਅਨੇਕ ਥਾਵਾਂ 'ਤੇ ਉਸਤੁਤੀ ਕੀਤੀ ਹੈ। ਜਾਪਦਾ ਹੈ ਕਿ ਅਚਾਰੀਆ ਵਾਗਭਟ-1 ਦਾ ਰਾਜਾ ਜਯਸਿੰਘ ਨਾਲ ਕਾਫੀ ਗਹਿਰਾ ਸੰਬੰਧ ਰਿਹਾ ਹੋਵੇਗਾ। ਇਸ ਲਈ ਵਾਗਭਟ-1 ਦਾ ਸਮਾਂ 12 ਵੀਂ ਈ. ਸਦੀ ਦਾ ਪਹਿਲਾ ਭਾਗ ਮੰਨਿਆ ਜਾ ਸਕਦਾ ਹੈ।[1]

ਰਚਨਾਵਾਂ ਸੋਧੋ

ਅਚਾਰੀਆ ਵਾਗਭਟ-1ਦੀ ਕਾਵਿਸ਼ਾਸਤਰੀ ਇੱਕੋ ਰਚਨਾ 'ਵਾਗਭਟ-ਭਟਾਲੰਕਾਰ' ਮਿਲਦੀ ਹੈ। ਇਸ ਵਿੱਚ ਵਾਗਭਟ ਨੇ 'ਨੇਮੀਨਿਰਮਾਣ ਮਹਾਕਾਵਿ' ਦੇ ਛੇ ਸ਼ਲੋਕਾਂ ਨੂੰ ਉੱਧਿ੍ਤ ਕੀਤਾ ਹੈ ਜਿਹਨਾਂ ਵਿੱਚੋਂ ਇੱਕ ਪੂਰਾ ਸ਼ਲੋਕ 'ਕ' ਅੱਖਰ ਦਾ ਬਣਿਆ ਹੈ।ਕੁੱਝ ਵਿਦਵਾਨਾਂ ਦਾ ਮਤ ਹੈ ਕਿ ਇਸ ਮਹਾਕਾਵਿ ਦਾ ਰਚਯਤਾ ਵੀ ਕੋਈ ਵਾਗਭਟ ਹੀ ਹੈ; ਪਰੰਤੂ ਉਕਤ 'ਕ' ਅੱਖਰ ਵਾਲਾ ਸ਼ਲੋਕ ਇਸ ਮਹਾਕਾਵਿ 'ਚ ਨਹੀਂ ਮਿਲਦਾ। ਇਸ ਸੰਦੇਹ ਦਾ ਨਿਵਾਰਣ ਡਾ.ਪੀ.ਵੀ.ਕਾਣੇ ਦੇ ਮਤ ਵਿੱਚ ਵਿਦਮਾਨ ਹੈ' ਜਿਹਨਾਂ ਨੇ ਮਹਾਕਾਵਿ ਅਤੇ ਵਾਗਭਟਾਲੰਕਾਰ ਦੋਹਾ ਦਾ ਲੇਖਕ ਵਾਗਭਟ ਨੂੰ ਹੀ ਮੰਨਿਆ ਹੈ। ਵਾਗਭਟ ਦਾ ਗਰੰਥ ਵਾਗਭਟਲੰਕਾਰ ਹੈ। ਜੋ ਸ਼ਲੋਕਾਂ ਵਿੱਚ ਰਚਿਆ ਹੋਇਆ ਹੈ। ਇਸ ਦੇ ਪੰਜ ਪਰਿਸ਼ੇਦ ਹਨ। ਇਸ ਵਿੱਚ ਕਾਵਿ ਦਾ ਅਤੇ ਕਾਵਿ ਦੀਆਂ ਭਾਸ਼ਾਵਾਂ ਦਾ ਪਦ ਅਤੇ ਵਾਕ ਦੇ ਦੋਸ਼ਾ ਦਾ ਅਰਥਾਂ ਦੋਸ਼ਾ ਦਾ ਤੇ ਗੁਣਾਂ ਦਾ ਸ਼ਬਦਾਲੰਕਾਰਾਂ ਤੇ ਅਰਥਲੰਕਾਰਾਂ ਦਾ ਅਤੇ ਰੀਤੀਆਂ ਤੇ ਰਸਾ ਦਾ ਵਰਣਨ ਹੈ।[2] ਆਚਾਰੀਆ ਵਾਗਭਟ ਦੇ ਉਕਤ ਗਰੰਥ 'ਚ ਨਾਟ੍ਯਸ਼ਾਸਤ੍ਰ ਨਾਲ ਸੰਬੰਧਿਤ ਵਿਸ਼ਿਆਂ ਨੂੰ ਛੱਡ ਕੇ ਲਗਭਗ ਅਲੰਕਾਰ-ਸ਼ਾਸਤਰੀ ਸਾਰਿਆਂ ਵਿਸ਼ਿਆਂ ਦਾ ਸੰਖੇਪ 'ਚ ਪ੍ਰਤਿਪਾਦਨ ਹੋਇਆ। ਵਿਸ਼ੈ-ਪ੍ਰਤਿਪਾਦਨ ਦੇ ਪੱਖੋਂ ਪ੍ਰਾਚੀਨ ਆਚਾਰੀਆਂ ਤੋਂ ਕਿਤੇ-ਕਿਤੇ ਵੱਖਰਾਪਨ ਦਿਖਾਈ ਦੇਂਦਾ ਹੈੈ:- ਇਹਨਾਂ ਨੇ ਆਚਾਰੀਆ ਮੰਮਟ ਦੇ ਤਿੰਨ ਗੁਣਾਂ ਦੀ ਥਾਂ ਦਸ ਗੁਣਾਂ ਦਾ ਅਤੇ ਤਿੰਨ ਰੀਤੀਆਂ ਦੀ ਥਾਂ ਸਿਰਫ਼ ਵੈਦਰਭੀ ਅਤੇ ਗੌੜੀ ਦੋ ਰੀਤੀਆਂ ਦਾ ਹੀ ਵਿਵੇਚਨ ਕੀਤਾ ਹੈ। ਚਾਹੇ ਇਹ ਛੋਟਾ ਜਿਹਾ ਗਰੰਥ ਹੈ ਪਰ ਫਿਰ ਵੀ ਭਾਰਤੀ ਕਾਵਿ ਸ਼ਾਾਸਤਰ ਦੇ ਇਤਿਹਾਸ ਦੀ ਦ੍ਰਿਸ਼ਟੀ ਤੋਂ ਇਸ ਗਰੰਥ ਨੂੰ ਇੱਕ ਜੋੜਨ ਵਾਲੀ ਕੜੀ ਜ਼ਰੂਰ ਕਿਹਾ ਜਾ ਸਕਦਾ ਹੈ।

ਹਵਾਲੇ ਸੋਧੋ

  1. 1.0 1.1 ਸ਼ਰਮਾ, ਪ੍ਰੋ.ਸ਼ੁਕਦੇਵ (2017). ਭਾਰਤੀ ਕਾਵਿ ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ,ਪਟਿਆਲਾ. p. 363. ISBN 9788130204628.
  2. ਚੰਦ, ਪ੍ਰੋ.ਦੁਨੀ (1972). ਸ਼੍ਰੀ ਵਿਸ਼ਵਨਾਥ ਕਵੀਰਾਜ ਕ੍ਰਿਤ ਸਾਹਿਤਯ ਦਰਪਣ. ਚੰਡੀਗੜ੍ਹ: ਪਬਲੀਕੇਸ਼ਨ ਬਿਊਰੋ,ਪੰਜਾਬ ਯੂਨੀਵਰਸਿਟੀ,ਚੰਡੀਗੜ੍ਹ. p. 14.