ਅਦਭੁੱਤ ਰਸ
ਅਨੋਖੇ ਜਾਂ ਅਲੌਕਿਕ ਵਰਣਨਾਂ ਨੂੰ ਪੜ੍ਹ ਕੇ ਅਤੇ ਅਨੋਖੇ ਦ੍ਰਿਸ਼ਾਂ ਨੂੰ ਦੇਖ ਕੇ 'ਅਦਭੁਤ' ਰਸ ਦੀ ਉਤਪੱਤੀ ਹੁੰਦੀ ਹੈ। ਅਲੌਕਿਕ ਪਦਾਰਥ, ਵਿਸਮ੍ਯਕਾਰੀ ਘਟਨਾਵਾਂ ਅਤੇ ਅਨੋਖੇ ਕੰਮ ਇਸ ਰਸ ਦੇ ਆਲੰਬਨ ਵਿਭਾਵ; ਉਨ੍ਹਾਂ ਘਟਨਾਵਾਂ ਅਤੇ ਪਦਾਰਥਾਂ ਆਦਿ ਦਾ ਵਰਨਣ ਜਾਂ ਦਰਸ਼ਨ ਉੱਦੀਪਨ ਵਿਭਾਵ; ਵਾਹ-ਵਾਹ ਕਰਨਾ, ਹੈਰਾਨੀ ਨਾਲ ਅੱਖਾਂ ਫਾੜ-ਫਾੜ ਕੇ ਦੇਖਣਾ, ਕੰਬਣਾ, ਪਸੀਨਾ ਆਉਣਾ ਆਦਿ ਅਨੁਭਵ ਅਤੇ ਖੁਸ਼ੀ, ਉਤਸੁਕਤਾ, ਚਿੰਤਾ, ਵਿਤਰਕ ਆਦਿ ਵਿਅਭਿਚਾਰਿਭਾਵ ਹਨ। ਇਹਨਾਂ ਦੁਆਰਾ ਨਿਸ਼ਪੰਨ 'ਵਿਸਮ੍ਯ' ਨਾਮ ਵਾਲਾ ਸਥਾਈਭਾਵ ਹੀ 'ਅਦਭੁਤ' ਰਸ ਦੀ ਅਵਸਥਾ ਨੂੰ ਪ੍ਰਾਪਤ ਹੁੰਦਾ ਹੈ।[1] ਇਸਦਾ ਸਥਾਈ ਭਾਵ 'ਅਸਚਰਜ' ਹੈ। ਅਸਚਰਜ ਨੂੰ 'ਵਿਸਮ੍ਯ' ਕਹਿਕੇ ਵਿਸ਼ਵਨਾਥ ਨੇ ਇਸਦਾ ਲੱਛਣ ਦਿਤਾ ਹੈ ਕਿ ਲੋਕ-ਪ੍ਰਸਿੱਧ ਰੰਗ-ਰੂਪ ਨੂੰ ਤਿਆਗ ਕੇ ਜਦੋਂ ਪਦਾਰਥਾਂ ਵਿੱਚ ਵਿਚਿਤ੍ਰਤਾ ਪੈਦਾ ਹੁੰਦੀ ਹੈ ਉਸ ਨਾਲ ਚਿੱਤ ਦਾ ਵਿਸਤਾਰ (ਵਿਸਥਾਰ) ਹੁੰਦਾ ਹੈ ਉਹੋ ਹੀ 'ਵਿਸਮ੍ਯ' ਹੈ।
ਸਾਹਿਤ ਵਿੱਚ ਕਈ ਤਰ੍ਹਾਂ ਨਾਲ ਅਦਭੁਤ ਦੀ ਵਿਅੰਜਨਾ ਹੋਈ ਹੈ। ਕਬੀਰ ਦੀਆਂ ਉਲਟ-ਬਾਂਸੀਆਂ, ਸੂਰਦਾਸ ਜੀ ਦੇ ਕੂਟ-ਪਦ ਅਦਭੁਤ ਰਸ ਦੇ ਅਖੁਟ ਭੰਡਾਰ ਹਨ। ਗੁਰੂਬਾਣੀ ਵਿੱਚ ਵੀ ਅਜੇਹੇ ਪ੍ਰਸੰਗ ਉਪਲਬਧ ਹਨ। ਵਿਰੋਧਾਭਾਸ ਦੇ ਆਧਾਰ ਉਤੇ ਅਦਭੁਤ ਰਸ ਆਮ ਮਿਲਦਾ ਹੈ।
ਉਦਾਹਰਣ :-
ਇਹ ਕੀ ਉਹਲੇ ਉਹਲੇ
ਕਲੀਆਂ ਥਾਣੀਂ ਕੌਣ ਦੁਧਲੀਆਂ
ਲੁਕ ਲੁਕ ਪਲਕਾਂ ਖੋਲੇ।
ਨੀਲੇ ਨਭ ਦਾ ਨੀਲ ਪੰਘੂੜਾ,
ਝੂਲੇ ਝੂਲਣ ਤਾਰੇ।
ਸੌਦੇ ਜਾਂਦੇ, ਢਹਿੰਦੇ ਜਾਂਦੇ,
ਚੰਦਾ ਚੁੰਮੇ ਠਾਰੇ।
ਲੈ ਸੂਰਜ ਦਾ ਰੂਪ ਰੁਪਹਿਲਾ,
ਕੌਣ ਗੁਆਚੇ ਟੋਲੇ।
ਇਹ ਕੀ ਉਹਲੇ ਉਹਲੇ[2]
ਏਥੇ 'ਅਸਚਰਜ' ਸਥਾਈ ਭਾਵ ਹੈ। ਪ੍ਰਕ੍ਰਿਤੀ ਦੇ ਵਿਵਿਧ ਰੂਪ ਆਲੰਬਨ ਹਨ। ਜਿਗਿਆਸਾ, ਉਤਸੁਕਤਾ ਆਦਿ ਸੰਚਾਰੀ ਭਾਵ ਹਨ। ਇਉਂ ਏਥੇ ਅਦਭੁਤ ਰਸ ਦੀ ਵਿਅੰਜਨਾ ਨਿਰੂਪਿਤ ਹੋਈ ਮਿਲਦੀ ਹੈ।
ਹਵਾਲੇ :-
ਸੋਧੋ- ↑ ਸ਼ਰਮਾ, ਪ੍ਰੋ. ਸ਼ੁਕਦੇਵ (2017). ਭਾਰਤੀ ਕਾਵਿ-ਸ਼ਾਸਤਰ. ਪੰਜਾਬੀ ਯੂਨੀਵਰਸਿਟੀ, ਪਟਿਆਲਾ: ਪਬਲੀਕੇਸ਼ਨ ਬਿਊਰੋ. p. 174. ISBN 978-81-302-0462-8.
- ↑ ਸਿੰਘ, ਡਾ. ਪ੍ਰੇਮ ਪ੍ਰਕਾਸ਼ (1998). ਭਾਰਤੀ ਕਾਵਿ-ਸ਼ਾਸਤ੍ਰ. ਲੁਧਿਆਣਾ: ਲਾਹੌਰ ਬੁਕ ਸ਼ਾਪ, ਲੁਧਿਆਣਾ।. p. 251. ISBN 81-7647-018-x.
{{cite book}}
: Check|isbn=
value: invalid character (help)