ਅਫ਼ਸ਼ਾਂ
ਅਫ਼ਸ਼ਾਂ ਮਸ਼ਹੂਰ ਪੰਜਾਬੀ ਲੋਕ ਗਾਇਕਾ ਹੈ। ਅਫ਼ਸ਼ਾਂ ਦਾ ਜਨਮ 1966 ਵਿੱਚ ਕਸੂਰ ਵਿੱਚ ਹੋਇਆ।
ਨਿੱਜੀ ਜ਼ਿੰਦਗੀ
ਸੋਧੋਅਫ਼ਸ਼ਾਂ ਦਾ ਜਨਮ ਕਸੂਰ ਵਿੱਚ ਹੋਇਆ। ਉਸਨੇ ਬਚਪਨ ਤੋਂ ਹੀ ਗਾਉਣ ਦਾ ਰਿਆਜ਼ ਸ਼ੁਰੂ ਕਰ ਦਿੱਤਾ। ਉਹ ਬਹੁਤੀ ਤਾਲੀਮ ਨਾ ਹਾਸਲ ਕਰ ਸਕੀ। ਉਹ ਅਠ ਵਰ੍ਹਿਆਂ ਦੀ ਸੀ, ਜਦੋਂ ਉਸਨੇ ਗਾਣਾ ਸ਼ੁਰੂ ਕੀਤਾ। ਗਾਇਕੀ ਉਹਨਾਂ ਦਾ ਖ਼ਾਨਦਾਨੀ ਪੇਸ਼ਾ ਏ। ਅਫ਼ਸ਼ਾਂ ਦੇ ਪਿਤਾ ਸਰਦਾਰ ਮੁਹੰਮਦ ਨੇ ਉਸ ਦੇ ਗਾਉਣ ਦੇ ਸ਼ੌਕ ਨੂੰ ਅਗਾਂਹ ਵਧਾਇਆ। ਕਸੂਰ ਵਿੱਚ ਬਸੰਤ ਦਾ ਦਿਹਾੜਾ ਧੂਮਧਾਮ ਨਾਲ਼ ਮਨਾਇਆ ਜਾਂਦਾ ਸੀ। ਪੂਰਾ ਮੇਲਾ ਲਗਦਾ ਸੀ। ਅਫ਼ਸ਼ਾਂ ਏਸ ਮੌਕੇ ਤੇ ਗਾ ਰਹੀ ਸੀ ਕਿ ਰੇਲਵੇ ਦੇ ਇੱਕ ਗਾਰਡ ਆਲਮਗੀਰ ਨੇ ਉਸ ਨੂੰ ਗਾਉਂਦਿਆਂ ਸੁਣਿਆ ਤੇ ਬੜਾ ਮੁਤਾਸਿਰ ਹੋਇਆ। ਉਦੋਂ ਅਫ਼ਸ਼ਾਂ ਦੀ ਉਮਰ ਦਸ ਵਰ੍ਹਿਆਂ ਦੀ ਸੀ। ਆਲਮਗੀਰ ਨੇ ਉਸ ਦਾ ਨਾਂ ਪੁੱਛਿਆ ਤੇ ਉਹ ਆਖਣ ਲੱਗੀ, 'ਲਾਡੋ'। ਆਲਮਗੀਰ ਫ਼ਨਕਾਰਾਂ ਦਾ ਕਦਰਦਾਨ ਸੀ। ਉਹਦੀ ਰਿਹਾਇਸ਼ ਬੋਹੜ ਵਾਲਾ ਚੋਕ, ਰੇਲਵੇ ਸਟੇਸ਼ਨ, ਲਾਹੌਰ ਦੇ ਲਾਗੇ ਸੀ। ਉਸ ਨੇ ਉਸ ਸਮੇਂ ਦੀ ਲਾਡੋ ਤੇ ਅੱਜ ਦੀ ਅਫ਼ਸ਼ਾਂ ਨੂੰ ਆਪਣੇ ਘਰ ਦਾ ਪਤਾ ਦਿੱਤਾ ਤੇ ਆਖਿਆ, ਕਿਸੇ ਦਿਨ ਆਪਣੇ ਪਿਓ ਨਾਲ਼ ਲਾਹੌਰ ਆ ਕੇ ਮੈਨੂੰ ਮਿਲੀਂ। ਆਲਮਗੀਰ ਨੇ ਆਪਣੇ ਘਰ ਇੱਕ ਕਮਰਾ ਮਖ਼ਸੂਸ ਕੀਤਾ ਸੀ ਜਿਥੇ ਗਾਇਕ ਆ ਕੇ ਬਹਿੰਦੇ ਤੇ ਆਲਮਗੀਰ ਉਹਨਾਂ ਦੀ ਸੇਵਾ ਕਰਦਾ। ਇਨ੍ਹਾਂ ਫ਼ਨਕਾਰਾਂ ਵਿੱਚ ਪਰਵੇਜ਼ ਮਹਿੰਦੀ, ਗ਼ੁਲਾਮ ਅਲੀ, ਅਸਦ ਅਮਾਨਤ ਅਲੀ ਤੇ ਦੂਜੇ ਸ਼ਾਮਿਲ ਸਨ। ਲਾਡੋ (ਅਫ਼ਸ਼ਾਂ) ਆਪਣੇ ਪਿਓ ਨਾਲ਼ ਲਾਹੌਰ ਆਈ ਤੇ ਆਲਮਗੀਰ ਨੂੰ ਮਿਲੀ। ਆਲਮਗੀਰ ਨੇ ਗਾਣੇ ਦੀ ਫ਼ਰਮਾਇਸ਼ ਕੀਤੀ ਤਾਂ ਅਫ਼ਸ਼ਾਂ ਨੇ ਇਹ ਗਾਣਾ ਗਾਇਆ ਜਿਆ ਰਾ ਤਰਸੇ ਦੇਖਣ ਕੋ।
ਅਫ਼ਸ਼ਾਂ ਵਲੋਂ ਗਾਏ ਗੀਤ
ਸੋਧੋ- 'ਜਿਆ ਰਾ ਤਰਸੇ ਦੇਖਣ ਕੋ ਇਹ ਗਾਣਾ ਮਲਿਕਾ ਤਰੰਨਮ ਨੂਰਜਹਾਂ ਗਾ ਚੁੱਕੀ ਸੀ। ਅਫ਼ਸ਼ਾਂ ਨੇ ਮਲਿਕਾ ਤਰੰਨਮ ਦੇ ਗਾਏ ਹੋਏ ਇੱਕ ਦੋ ਪੰਜਾਬੀ ਗੀਤ ਵੀ ਗਾਏ। ਅਫ਼ਸ਼ਾਂ ਦਾ ਆਖਣਾ ਏ ਕਿ ਮੇਰੇ ਗਾਣੇ ਸੁਣ ਕੇ ਆਲਮਗੀਰ ਮੈਨੂੰ ਰੇਡੀਓ ਸਟੇਸ਼ਨ ਲੈ ਗਿਆ ਤੇ ਓਥੇ ਮਿਊਜ਼ਿਕ ਦੇ ਪ੍ਰੋਡਿਊਸਰ ਮੁਹੰਮਦ ਆਜ਼ਮ ਖ਼ਾਨ ਨਾਲ਼ ਮੇਰੀ ਮੁਲਾਕਾਤ ਕਰਾਈ। ਪ੍ਰੋਡਿਊਸਰ ਤਸਦਕ ਸਾਹਿਬ ਵੀ ਮੌਜੂਦ ਸਨ। ਉਹਨਾਂ ਮੇਰਾ ਆਡੀਸ਼ਨ ਲਿਆ ਤੇ ਪਾਸ ਕਰ ਦਿੱਤਾ। ਪ੍ਰੋਡਿਊਸਰ ਆਜ਼ਮ ਖ਼ਾਨ ਨੇ ਨਾਂ ਪੁੱਛਿਆ ਤੇ ਉਹਨਾਂ ਆਖਿਆ, ਲਾਡੋ। ਉਹ ਕਹਿਣ ਲੱਗੇ, ਲਾਡੋ ਤੁਹਾਨੂੰ ਪਿਆਰ ਨਾਲ਼ ਘਰ ਵਾਲੇ ਆਖਦੇ ਹੋਣਗੇ। ਅਪਣਾ ਅਸਲ ਨਾਂ ਦੱਸੋ, ਰੇਡੀਓ ਤੇ ਲਾਡੋ ਨਹੀਂ ਚੱਲਣਾ। ਉਹਨਾਂ ਆਖਿਆ ਕਿ ਤੁਸੀਂ ਮੇਰਾ ਕੋਈ ਵੀ ਨਾਂ ਰੱਖ ਦਿਓ, ਮੈਂ ਉਹੀ ਅਪਣਾ ਲਵਾਂਗੀ। ਅਫ਼ਸ਼ਾਂ ਨਾਂ ਮੁਹੰਮਦ ਆਜ਼ਮ ਖ਼ਾਨ ਹੋਰਾਂ ਰੱਖਿਆ ਤੇ ਏਸ ਨਾਂ ਨਾਲ਼ ਈ ਉਹ ਮਸ਼ਹੂਰ ਹੋਈ।
- ਤੇਰੇ ਨਾਲ਼ ਚੰਨਾਂ ਅਸੀਂ ਪਿਆਰ ਪਾ ਕੇ ਭੁੱਲ ਗਏ, ਗਲੀਆਂ ਦੇ ਕੱਖਾਂ ਵਾਂਗੂੰ ਗਲੀਆਂ ਵਿੱਚ ਰੁਲ਼ ਗਏ, ਅਫ਼ਸ਼ਾਂ ਨੇ ਤੁਫ਼ੈਲ ਹੁਸ਼ਿਆਰਪੁਰੀ ਦਾ ਲਿਖਿਆ ਇਹ ਗਾਣਾ ਗਾਇਆ ਜਿਹੜਾ ਬਹੁਤ ਮਸ਼ਹੂਰ ਹੋਇਆ। ਅਫ਼ਸ਼ਾਂ ਹੋਰਾਂ ਨੂੰ 40 ਵਰ੍ਹੇ ਗਾਉਂਦੀਆਂ ਹੋ ਗਏ ਨੇਂ। ਹੁਣ ਤੱਕ ਉਹ ਹਜ਼ਾਰਾਂ ਗਾਣੇ ਤੇ ਗੀਤਗਾ ਚੁੱਕੀਆਂ ਨੇਂ। ਅੱਜ ਕੱਲ੍ਹ ਅਫ਼ਸ਼ਾਂ ਜ਼ਿਆਦਾ ਤਰ ਸੂਫ਼ੀਆਂ ਤੇ ਬਜ਼ੁਰਗਾਨੇ ਦੇਣ ਦੀਆਂ ਦਰਗਾਹਵਾਂ ਤੇ ਗਾਉਂਦੀਆਂ ਨੇਂ। ਉਹਦੀ ਵਜ੍ਹਾ ਉਹਨਾਂ ਇਹ ਦੱਸੀ ਕਿ ਗ਼ੁਲਾਮ ਅੱਬਾਸ ਰਾਹੀ ਨਾਲ਼ ਉਹਨਾਂ ਦੂਜਾ ਵਿਆਹ ਕਰ ਲਿਆ, ਉਹ ਉਹਨਾਂ ਨੂੰ ਸ਼ਾਮ-ਏ-ਕਲੰਦਰ ਵਿੱਚ ਲੈ ਗਏ। ਓਥੇ ਉਹਨਾਂ ਧਮਾਲਾਂ ਤੇ ਕਸੀਦੇ ਯਾਦ ਕਰਾਏ। ਅਫ਼ਸ਼ਾਂ ਦੇ ਸ਼ੌਹਰ ਅੱਬਾਸ ਰਾਹੀ ਟਿਊਨ ਖ਼ੁਦ ਬਣਾਂਦੇ ਨੇਂ। ਏਸ ਪਾਰੋਂ ਅਫ਼ਸ਼ਾਂ ਦਾ ਰੁਜਹਾਨ ਆਰਿਫ਼ਾਨਾ ਕਲਾਮ ਵੱਲ ਹੋ ਗਿਆ ਤੇ ਉਹਨਾਂ ਤਕਰੀਬਨ ਹਰ ਮਜ਼ਾਰ ਤੇ ਉਰਸ ਦੇ ਮੌਕਿਆਂ ਤੇ ਗਾਇਆ। ਅਫ਼ਸ਼ਾਂ ਦੀ ਪਹਿਲੀ ਸ਼ਾਦੀ ਮਕਬੂਲ ਬੁੱਟ ਨਾਲ਼ ਹੋਈ ਸੀ। ਔਲਾਦ ਪਹਿਲੇ ਸ਼ੌਹਰ ਵਿਚੋਂ ਈ ਏ।
- ਜ਼ਿੰਦਗੀ ਤਮਾਸ਼ਾ ਬਣੀ, ਦੁਨੀਆ ਦਾ ਹਾਸਾ ਬਣੀ (ਗੀਤਕਾਰ ਅਹਿਮਦ ਰਾਹੀ)
- ਰੁੱਖ ਡੋਲਦੇ ਤੇ ਅੱਖ ਨਹੀਂ ਲਗਦੀ, ਨੀਮੀ ਨਿਮੀ ਵਾ ਵਗਦੀ, ਸਾਹਨੂੰ ਠੱਗ ਗਈ ਯਾਦ ਇੱਕ ਠੱਗ ਦੀ, ਨਿਮੀ ਨਿਮੀ ਵਾ ਵਗਦੀ (ਗੀਤਕਾਰ ਅਹਿਮਦ ਰਾਹੀ)
ਯਾਦਾਂ
ਸੋਧੋਅਫ਼ਸ਼ਾਂ ਨੇ ਦੁਨੀਆ ਦੇ ਕਈ ਮੁਲਕਾਂ ਦਾ ਦੌਰਾ ਕੀਤਾ ਤੇ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ। ਉਹ ਕੁਝ ਅਜਿਹੇ ਮੁਲਕਾਂ ਵਿੱਚ ਵੀ ਗਈ ਜਿਹਨਾਂ ਵਿੱਚ ਫ਼ਨਕਾਰ ਘਟ ਜਾਂਦੇ ਹਨ ਜਿਵੇਂ ਜਾਪਾਨ, ਅਫ਼ਰੀਕਾ ਤੇ ਨੈਰੋਬੀ ਵਗ਼ੈਰਾ। ਹੁਣ ਤਾਂ ਉਰਦੂ ਗਾਉਣ ਵਾਲੇ ਵੀ ਜ਼ਿਆਦਾ ਤਰ ਪੰਜਾਬੀ ਗੀਤ ਈ ਗਾਂਦੇ ਹਨ ਤੇ ਇਹੋ ਹਿਟ ਹੁੰਦੇ ਨੇਂ। ਉਸ ਦਾ ਆਖਣਾ ਹੈ ਕਿ ਲੰਦਨ, ਕੈਨੇਡਾ ਵਿੱਚ ਜ਼ਿਆਦਾ ਸਿੱਖ ਰਹਿੰਦੇ ਨੇ ਏਸ ਲਈ ਉਹ ਪੰਜਾਬੀ ਗੀਤਾਂ ਨੂੰ ਪਸੰਦ ਕਰਦੇ ਨੇਂ। ਅਫ਼ਸ਼ਾਂ ਨੇ ਸੰਗੀਤਕਾਰ ਵਜਾਹਤ ਅਲੀ, ਏ ਹਮੀਦ, ਮਾਸਟਰ ਅਬਦੁੱਲਾ, ਬਖ਼ਸ਼ੀ ਵਜ਼ੀਰ ਤੇ ਵਜ਼ੀਰ ਅਫ਼ਜ਼ਲ ਨਾਲ਼ ਬਹੁਤਾ ਕੰਮ ਕੀਤਾ। ਉਹ ਸਭ ਤੋਂ ਜ਼ਿਆਦਾ ਮੁਤਾਸਿਰ ਮੈਡਮ ਨੂਰਜਹਾਂ ਤੋਂ ਹੈ। ਇੰਜ ਵੀ ਮੈਡਮ ਨੂਰਜਹਾਂ ਨਾਲ਼ ਅਫ਼ਸ਼ਾਂ ਦੀ ਦੂਰੋਂ ਰਿਸ਼ਤੇਦਾਰੀ ਵੀ ਏ ਤੇ ਦੋਵੇਂ ਇੱਕੋ ਸ਼ਹਿਰ (ਕਸੂਰ) ਦੀਆਂ ਹਨ। ਅਜ਼ਰਾ ਜਹਾਂ ਨਾਲ਼ ਵੀ ਉਹ ਆਪਣੀ ਰਿਸ਼ਤੇਦਾਰੀ ਦੱਸਦੀਆਂ ਹਨ।
ਸ਼ਹਿਬਾਜ਼ ਕਲੰਦਰ (ਰਹਿ.) ਦੇ ਮਜ਼ਾਰ ਤੇ ਉਹ ਹਰ ਸਾਲ ਜਾਂਦੀਆਂ ਹਨ। ਅਫ਼ਸ਼ਾਂ ਨੇ ਦੱਸਿਆ ਕਿ ਮੇਰੀ ਔਲਾਦ ਵਿਚੋਂ ਕਿਸੇ ਨੂੰ ਗਾਉਣ ਦਾ ਸ਼ੌਕ ਨਹੀਂ, ਸਾਰੇ ਬੇਸੁਰੇ ਈ ਨੇ। ਸਹਿਰ, ਸੂਬਿਆ ਜਹਾਂ ਤੇ ਅਤੀਆ ਜਹਾਂ ਨੂੰ ਉਹ ਅਪਣਾ ਸ਼ਾਗਿਰਦ ਆਖਦੀ ਹੈ। ਅਫ਼ਸ਼ਾਂ ਦੀ ਭਾਰਤ ਵਿੱਚ ਵੀ ਇੱਕ ਸ਼ਾਗਿਰਦ ਹੈ ਜਿਸਦਾ ਨਾਂ ਰੂਬੀ ਹੈ। ਰੂਬੀ ਨੂੰ ਅਫ਼ਸ਼ਾਂ ਦਾ ਹਰ ਗਾਣਾ ਯਾਦ ਹੈ। ਅਫ਼ਸ਼ਾਂ ਨੂੰ ਨੈਰੋਬੀ ਮੁਲਕ ਪਸੰਦ ਆਇਆ, ਉਹਦੇ ਵਸਨੀਕ ਸੁਰ ਤੇ ਸ਼ਿਅਰ ਨੂੰ ਸਮਝਦੇ ਤੇ ਦਾਦ ਦਿੰਦੇ ਹਨ। ਅਫ਼ਸ਼ਾਂ ਨੇ ਪਰਵੇਜ਼ ਮਹਿਦੀ, ਗ਼ੁਲਾਮ ਅਲੀ ਤੇ ਆਸਿਫ਼ ਜਾਵੇਦ ਨਾਲ਼ ਦੋ ਗਾਣੇ ਵੀ ਗਾਏ। ਮਰਦ ਗਾਇਕਾਂ ਵਿਚੋਂ ਉਹ ਮਹਿਦੀ ਹਸਨ ਦੀ ਬੜੀ ਪ੍ਰਸੰਸਕ ਹੈ।
ਅਫ਼ਸ਼ਾਂ 1972 ਵਿੱਚ ਕਸੂਰ ਤੋਂ ਲਾਹੌਰ ਆ ਗਈ ਸੀ। ਉਦੋਂ ਉਸ ਦੀ ਉਮਰ 12 ਸਾਲ ਸੀ। ਅਫ਼ਸ਼ਾਂ ਕਹਿੰਦੀ ਹੈ ਕਿ ਗ਼ਰੂਰ, ਤਕੱਬਰ ਮੇਰੇ ਵਿੱਚ ਉੱਕਾ ਨਹੀਂ। ਮੈਂ ਅਪਣਾ ਬੀਤਾ ਵੇਲ਼ਾ ਨਹੀਂ ਭੁੱਲੀ। ਕਾਰ ਹੋਣ ਦੇ ਬਾਵਜੂਦ ਮੈਂ ਵੈਗਨ, ਬੱਸ ਤੇ ਰਿਕਸ਼ੇ ਵਿੱਚ ਸਫ਼ਰ ਕਰ ਲੈਨੀ ਹਾਂ। ਕਰੀਬ ਦੀਆਂ ਦੁਕਾਨਾਂ ਤੇ ਮਾਰਕੀਟ ਤੋਂ ਪੈਦਲ ਜਾ ਕੇ ਸੌਦਾ ਲੈ ਆਨੀ ਆਂ, ਕੋਈ ਨਖ਼ਰਾ ਨਹੀਂ। ਅਫ਼ਸ਼ਾਂ ਦੀ ਰਿਹਾਇਸ਼ ਹੁਮਾ ਬਲਾਕ ਅੱਲਾਮਾ ਇਕਬਾਲ ਟਾਊਨ ਵਿੱਚ ਹੈ। ਵੈਗਨ ਜਾਂ ਰਿਕਸ਼ੇ ਵਿੱਚ ਸਫ਼ਰ ਕਰਦਿਆਂ ਕਈ ਲੋਕ ਅਫ਼ਸ਼ਾਂ ਨੂੰ ਪਛਾਣ ਲੈਂਦੇ ਤੇ ਪੁੱਛਦੇ ਨੇ। ਅਫ਼ਸ਼ਾਂ ਆਖਦੀ ਹੈ ਕਿ ਮੈਂ ਆਪਣੀ ਔਕਾਤ ਨਹੀਂ ਭੁੱਲੀ। ਬਾਦਸ਼ਾਹੀ ਸਿਰਫ਼ ਅੱਲ੍ਹਾ ਦੀ ਏ। ਮੈਂ ਤਾਂ ਫ਼ਕੀਰ ਆਂ।