ਅਰਸਤੂ ਦਾ ਅਨੁਕਰਨ ਸਿਧਾਂਤ
ਅਰਸਤੂ
ਅਰਸਤੂ ਇੱਕ ਯੂਨਾਨੀ ਦਾਰਸ਼ਨਿਕ ਅਤੇ ਪੌਲੀਮੈਥ ਸੀ। ਇਹ ਅਫਲਾਤੂਨ ਦਾ ਵਿਦਿਆਰਥੀ ਸੀ ਅਤੇ ਸਿਕੰਦਰ ਮਹਾਨ ਦਾ ਅਧਿਆਪਕ ਸੀ। ਇਸ ਦੀਆਂ ਲਿਖਤਾਂ ਕਈ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਹਨ ਜਿਵੇਂ ਭੌਤਿਕ ਵਿਗਿਆਨ, ਕਾਵਿ, ਥੀਏਟਰ, ਭਾਸ਼ਾ ਵਿਗਿਆਨ, ਰਾਜਨੀਤੀ ਵਿਗਿਆਨ, ਜੀਵ ਵਿਗਿਆਨ ਅਤੇ ਪ੍ਰਾਣੀ ਵਿਗਿਆਨ। ਅਫਲਾਤੂਨ ਅਤੇ ਸੁਕਰਾਤ ਨਾਲ ਮਿਲ ਕੇ, ਅਰਸਤੂ ਪੱਛਮੀ ਦਰਸ਼ਨ ਦੇ ਸਭ ਤੋਂ ਮਹੱਤਵਪੂਰਨ ਸੰਸਥਾਪਕਾਂ ਵਿੱਚੋਂ ਇੱਕ ਹੈ।
ਅਰਸਤੂ ਦਾ ਜਨਮ 384 ਈ ਪੂ ਵਿੱਚ ਯੂਨਾਨ ਵਿੱਚ ਅੱਜਕੱਲ੍ਹ ਦੇ ਥੇਸਾਲੋਨੀਕੀ ਤੋਂ 55 ਕਿਲੋਮੀਟਰ ਪੂਰਬ ਵੱਲ ਸਟੇਗੀਰਾ ਵਿੱਚ ਹੋਇਆ। ਉਸ ਦਾ ਪਿਓ ਨਾਈਕੋਮਾਚਿਸ ਮਕਦੂਨੀਆ ਦੇ ਬਾਦਸ਼ਾਹ ਦਾ ਹਕੀਮ ਸੀ। ਉਹ 18 ਵਰਿਆਂ ਦਾ ਸੀ ਜਦੋਂ ਉਹ ਐਥਨਜ਼ ਅਫ਼ਲਾਤੂਨ ਦੀ ਅਕੈਡਮੀ ਚ ਪੜ੍ਹਨ ਲਈ ਗਿਆ। ਓਥੇ ਉਹ 20 ਵਰ੍ਹੇ (348/47 ਈ ਪੂ) ਤੱਕ ਰਿਹਾ। 343 ਈ ਪੂ ਵਿੱਚ ਮਕਦੂਨੀਆ ਦੇ ਬਾਦਸ਼ਾਹ ਫ਼ਿਲਿਪ ਦੂਜੇ ਨੇ ਉਸਨੂੰ ਆਪਣੇ ਪੁੱਤਰ ਸਿਕੰਦਰ ਦਾ ਗੁਰੂ ਬਣਾ ਦਿੱਤਾ। ਅਰਸਤੂ ਨੂੰ ਮਕਦੂਨੀਆ ਦੀ ਸ਼ਾਹੀ ਅਕੈਡਮੀ ਮੁਖੀ ਨਿਯੁਕਤ ਕਰ ਦਿੱਤਾ ਗਿਆ। ਇੱਥੇ ਸਿਕੰਦਰ ਦੇ ਇਲਾਵਾ ਦੋ ਹੋਰ ਵੀ ਭਵਿੱਖ ਦੇ ਬਾਦਸ਼ਾਹ ਉਹਦੇ ਸ਼ਗਿਰਦ ਸਨ।
ਅਰਸਤੂ ਦਾ ਅਨੁਕਰਣ ਸਿਧਾਂਤ
ਅਰਸਤੂ ਦੇ ਸਮੁੁੱਚੇ ਗਿਆਨ ਚਿੰਤਨ ਦੀ ਵਿਸ਼ੇਸ਼ਤਾ ਉਸਦਾ ਵਿਸ਼ੇਸ਼ ਪ੍ਰਬੰੰਧ ਹੈ, ਜਿਸ ਦੇ ਅਧੀਨ ਉਹ ਵਿਭਿੰਨ ਅਨੁੁੁਸ਼ਾਸਨਾ ਸੰੰਬੰਧੀ ਆਪਣਾ ਚਿੰਤਨ ਪੇੇੇਸ਼ ਕਰਦਾ ਹੈ। ਅਰਸਤੂ ਦੇ ਇਸ ਵਡੇਰੇ ਗਿਆਨ ਚਿੰਤਨ ਪ੍ਰਬੰਧ ਬਾਰੇ ਨਵ ਅਰਸਤੂਵਾਦੀ ਮੈਕਿਓਨ ਦੇ ਵਿਚਾਰ ਮਹੱਤਵਪੂਰਨ ਹਨ। ਉਸ ਦਾ ਵਿਸ਼ਵਾਸ ਹੈ ਕਿ ਅਰਸਤੂ ਨੇ ਗਿਆਨ ਨਾਲ ਸੰਬੰਧਤ ਸਾਰੀਆਂ ਰਚਨਾਵਾਂ ਨੂੰ ਤਿੰਨ ਮੂੂਲ ਵਿਗਿਆਨਾ ਵਿੱਚ ਵੰਡਿਆ ਹੈ:-
1 ਸਿਧਾਂਤਕ ਵਿਗਿਆਨ ( ਗਣਿਤ ਸ਼ਾਸਤਰ, ਮੈਟਾਫਿਜ਼ਿਕਸ, ਆਸਟ੍ਰਾਨੋਮੀ, ਭੌਤਿਕੀ ਆਦਿ ਨਾਲ ਸੰਬੰਧਤ ਪੁਸਤਕਾਂ)
2 ਵਿਵਹਾਰਿਕ ਵਿਗਿਆਨ ( ਪ੍ਰਮੁੱਖ ਰੂਪ ਵਿੱਚ ਰਾਜਨੀਤੀ ਅਤੇ ਨੈਤਿਕ ਸ਼ਾਸਤਰ ਨਾਲ ਸੰਬੰਧਤ ਪੁਸਤਕਾਂ)
3 ਉਤਪਾਦਕ ਵਿਗਿਆਨ[1]
ਇਸ ਅੰਤਲੇ ਵਿਗਿਆਨ ਨੂੰ ਅਰਸਤੂ ਅੱਗੇ ਦੋ ਹੋਰ ਉਪਭਾਗਾਂ ਵਿੱਚ ਵੰਡਦਾ ਹੈ-
ਉਪਯੋਗੀ ਕਲਾਵਾਂ ਅਤੇ ਲਲਿਤ ਕਲਾਵਾਂ
ਲਲਿਤ ਕਲਾਵਾਂ ਦਾ ਸੰਬੰਧ ਅਨੁਕਰਣ ਨਾਲ ਹੈ।[2]
ਅਰਸਤੂ ਦਾ ‘ਅਨੁਕਰਨ’ ਸ਼ਬਦ ਯੂਨਾਨੀ ਭਾਸ਼ਾ ਦੇ ਸ਼ਬਦ ਮਿਮੇਸਿਸ ( mimesis) ਦੇ ਸਮਾਨਾਰਥੀ ਰੂਪ ਵਿੱਚ ਵਰਤਿਆ ਜਾਂਦਾ ਹੈ। ਪੰਜਾਬੀ ਦਾ ‘ਅਨੁਕਰਨ ’ ਸ਼ਬਦ ਅੰਗਰੇਜੀ ਦੇ immitation ਦਾ ਅਨੁਵਾਦ ਹੈ। ਜਿਸ ਦਾ ਸ਼ਬਦ ਅਰਥ ‘ ਨਕਲ’ ਹੈ।[3] ਅਰਸਤੂ ਨੇ ਇਸ ਸ਼ਬਦ ਦੀ ਵਰਤੋਂ ਨਹੀਂ ਕੀਤੀ। ਦਰਅਸਲ ਪਲੈਟੋ ਨੇ ਕਾਵਿ ਨੂੰ ਇਸ ਸੰਕਲਪੀ ਸ਼ਬਦ ਦੇ ਅਧਾਰ ਤੇ ਰੱਦ ਕਰ ਦਿੱਤਾ ਸੀ।ਉਸ ਦਾ ਤਰਕ ਸੀ ਕਿ ਇੱਕ ਤਾਂ ਭੌਤਿਕ ਜਗਤ ਦੀ ਅਨੁਕ੍ਰਿਤੀ ਹੈ ਫ਼ਿਰ ਕਾਵਿ ਇਹੀ ਭੌਤਿਕ ਜਗਤ ਦੀ ਅਨੁਕ੍ਰਿਤਿ ਹੈ। ਇਸ ਪ੍ਰਕਾਰ ਸਾਹਿਤ ਜਾਂ ਕਾਵਿ ਨਕਲ ਦੀ ਨਕਲ ਹੈ। ਸੱਚ ਦੇ ਅਨੁਕਰਨ ਦਾ ਅਨੁਕਰਨ ਹੋਣ ਕਰਕੇ ਕਾਵਿ ਤਿਆਗਣ ਯੋਗ ਹੈ।ਇਸ ਕਰਕੇ ਕਲਾ ਦਾ ਦਰਜਾ ਨੀਵਾਂ ਹੋ ਜਾਂਦਾ ਹੈ ਅਤੇ ਇਸ ਨਜ਼ਰੀਏ ਤੋਂ ਕਲਾ ਦਾ ਸਰੋਤੇ ਉੱਪਰ ਚੰਗਾ ਪ੍ਰਭਾਵ ਹੋ ਹੀ ਨਹੀਂ ਸਕਦਾ। ਪਲੈਟੋ ਅਨੁਸਾਰ ਸਾਹਿਤ ਸੱਚ ਤੋਂ ਦੁੱਗਣਾ ਦੂਰ ਹੈ( it is twice away from the reality)
ਇਸ ਪ੍ਰਕਾਰ ਪਲੈਟੋ ਨੇ ਅਨੁਕਰਨ ਦਾ ਅਰਥ –
ਸੱਚ ਦੀ ਇੰਨ ਬਿੰਨ ਨਕਲ ਦੇ ਰੂਪ ਵਿੱਚ ਲਿਆ ਹੈ। ਉਸ ਅਨੁਸਾਰ ਵਿਭਿੰਨ ਕਲਾਕਾਰ ਵਿਭਿੰਨ ਵਿਧੀਆਂ ਰਾਹੀਂ ਭੌਤਿਕ ਜਗਤ ਦਾ ਅਨੁਕਰਨ ਹੀ ਕਰਦੇ ਹਨ। ਜਿਵੇਂ ਚਿੱਤਰਕਾਰ ਰੰਗਾਂ ਨਾਲ, ਸੰਗੀਤਕਾਰ ਧੁਨਾਂ ਰਾਹੀਂ, ਅਭਿਨੇਤਾ ਵੇਸ਼– ਭੂਸ਼ਾ, ਅੰਗ ਚੇਸ਼ਟਾ ਆਵਾਜ਼ ( ਸੰਵਾਦ ) ਰਾਹੀਂ ਅਤੇ ਸਾਹਿਤਕਾਰ ਲਿਖਤ ਦੇ ਮਾਧਿਅਮ ਨਾਲਪਰ ਅਰਸਤੂ ਨੇ ਇਸ ਸ਼ਬਦ ਅਨੁਕਰਨ ਨੂੰ ਅਪਣਾ ਕੇ ਇਸ ਵਿੱਚ ਨਵੇਂ ਅਰਥ ਭਰ ਦਿੱਤੇ ਹਨ। ਉਸ ਅਨੁਸਾਰ ਕਲਾਕਾਰ ਕਿਸੇ ਵੀ ਕਲਾਕ੍ਰਿਤੀ ਵਿੱਚ ਭੌਤਿਕ ਜਗਤ ਦਾ ਅਨੁਕਰਨ ਬਿਲਕੁਲ ਉਸ ਤਰ੍ਹਾਂ ਦਾ ਨਹੀਂ ਕਰਦਾ ਜਿਸ ਤਰ੍ਹਾਂ ਦੀ ਉਹ ਵਸਤੂ ਹੁੰਦੀ ਹੈ ਬਲਕਿ ਜਿਸ ਤਰ੍ਹਾਂ ਦਾ ਉਸ ਦੀਆਂ ਇੰਦਰੀਆਂ ਨੂੰ ਪ੍ਰਾਪਤ ਹੁੰਦਾ ਹੈ, ਓਹੋ ਜਿਹਾ ਹੀ ਕਰਦਾ ਹੈਂ ਇਸ ਅਨੁਕਰਨ ਵਿੱਚ ਉਸ ਦੀ ਸਿਰਜਣਾਮਕਤਾ ਸ਼ਾਮਿਲ ਹੁੰਦੀ ਹੈ। ਇਸ ਲਈ ਕਲਾ ਨਕਲ ਨਹੀਂ ਬਲਕਿ ਉਸਦੀ ਪੁਨਰਸਿਰਜਨਾ ਕਰਨਾ ਹੈ ਤੇ ਉਸਨੂੰ ਆਪਣੇ ਅਨੁਸਾਰ ਢਾਲਣਾ ਹੈ।ਇਸੇ ਕਰਕੇ ਹੀ ਸਾਹਿਤਕਾਰ ਦੀ ਕਿਰਤ ਵਸਤੂ –ਸੰਸਾਰ ਵਰਗੀ ਲੱਗਦੀ ਹੋਈ ਵੀ ਉਸ ਦੀ ਨਕਲ ਨਹੀਂ ਹੁੰਦੀ ਕਿਉਂਕਿ ਸਾਹਿਤਕਾਰ ਉਸ ਨੂੰ ਆਪਣੇ ਨਿੱਜ ਦੀ ਛੋਹ ਦੇ ਕੇ ਮੌਲਿਕ ਬਣਾ ਦਿੰਦਾ ਹੈ। ਇੱਕ ਮਿਸਾਲ ਵਜੋਂ:—
ਅੱਗ ਦਾ ਸਫ਼ਾ ਹੈ, ਉਸ ਉੱਤੇ ਮੈਂ ਫੁੱਲਾਂ ਦੀ ਸਤਰ ਹਾਂ
ਓਹ ਬਹਿਸ ਕਰ ਰਹੇ ਨੇ, ਗ਼ਲਤ ਹਾਂ ਕੇ ਠੀਕ ਹਾਂ[4]
ਵਸਤੂ–ਸੰਸਾਰ ਵਿੱਚ ਅਸੀਂ ਅੱਗ, ਸਫ਼ਾ ਅਤੇ ਫੁੱਲ ਦੇਖਦੇ ਹਾਂ ਇਹ ਚਾਰੇ ਵਸਤੂ ਸੰਸਾਰ ਦੀਆਂ ਵਸਤਾਂ ਹਨ। ਪਰ ਕਵੀ ਨੇ ਇਹਨਾਂ ਵਸਤਾਂ ਦੀ ਆਪਣੀ ਕਵਿਤਾ ਵਿੱਚ ਬਦਲਵੇਂ ਰੂਪ ਵਿੱਚ ਇਸ ਪ੍ਰਕਾਰ ਦੀ ਵਰਤੋਂ ਕੀਤੀ ਹੈ ਕਿ ਇਹ ਭੌਤਿਕ ਜਗਤ ਵਾਂਗ ਪ੍ਰਤੀਤ ਹੁੰਦੇ ਹੋਏ ਵੀ ਉਸ ਤੋਂ ਵੱਖਰੇ ਅਤੇ ਮੌਲਿਕ ਹਨ।
ਇਸੇ ਕਰਕੇ ਹੀ ਅਨੁਕਰਨ ਬਾਰੇ ਕਿਹਾ ਗਿਆ ਹੈ :—
Immitation is a process of creative philosophy ਅਰਥਾਤ ਅਨੁਕਰਨ ਸਿਰਜਣਾਤਮਕ ਦਰਸ਼ਨ ਪ੍ਰਕਿਰਿਆ ਹੈ[4]।
ਇਓਂ ਅਰਸਤੂ ਦੇ ਕਾਵਿ ਸ਼ਾਸਤਰ ਵਿੱਚ ਅਨੁਕਰਨ ਦਾ ਅਰਥ ਹੈ -ਸਾਹਿਤ ਵਿੱਚ ਜੀਵਨ ਦਾ ਵਸਤੂਮੂਲਕ ਅੰਕਨ, ਜਿਸ ਨੂੰ ਅਸੀਂ ਆਪਣੀ ਭਾਸ਼ਾ ਵਿੱਚ ਜੀਵਨ ਦੀ ਕਲਪਨਾਤਮਕ ਮੁੜ ਉਸਾਰੀ ਕਹਿ ਸਕਦੇ ਹਾਂ।
ਅਰਸਤੂ ਕਵਿਤਾ ਬਾਰੇ ਕਹਿੰਦਾ ਹੈ ਕਿ ਕਵਿਤਾ ਸਿਰਫ਼ ਜ਼ਿੰਦਗੀ ਦੇ ਅਨੁਭਵਾਂ ਤੇ ਘਟਨਾਵਾਂ ਦੀ ਸਿਰਫ਼ ਨਕਲ ਹੀ ਨਹੀਂ ਹੁੰਦੀ। ਅਰਸਤੂ ਕਵਿਤਾ ਨੂੰ ਅਸਲ ਜ਼ਿੰਦਗੀ ਦੀਆਂ ਘਟਨਾਵਾਂ ਨਾਲੋਂ ਵੀ ਕਿਤੇ ਵਧੀਆ ਚੀਜ਼ ਮੰਨਦਾ ਹੈ। ਕਵੀ ਜਿਸ ਵਸਤ ਜਾਂ ਭਾਵ ਦਾ ਅਨੁਕਰਣ ਕਰਦਾ ਹੈ ਉਹ ਤਿੰਨ ਕਿਸਮ ਦੀਆਂ ਹੋ ਸਕਦੀਆਂ ਹਨ-
1 ਜਿਹੋ ਜਿਹੀਆਂ ਉਹ ਵਸਤਾਂ ਸਨ ਜਾਂ ਹਨ।
2.ਜਿਹੋ ਜਿਹੀਆਂ ਵਸਤਾਂ ਉਹ ਕਹੀਆ ਜਾਂ ਮੰਨੀਆਂ ਜਾਂਦੀਆਂ ਹਨ।
3.ਜਿਹੋ ਜਿਹੀਆਂ ਉਹ ਵਸਤਾਂ ਹੋਣੀਆ ਚਾਹੀਦੀਆਂ ਹਨ।ਭਾਵ ਕਿ ਵਸਤਾਂ ਦਾ ਆਦਰਸ਼ ਰੂਪ।
ਕਾਵਿ ਸੱਚ -
ਅਰਸਤੂ ਨੇ ਕਾਵਿ ਸੱਚ ਦੀ ਗੱਲ ਕੀਤੀ ਹੈ। ਅਰਸਤੂ ਅਨੁਸਾਰ ਕਵੀ ਦਾ ਫ਼ਰਜ਼ ਜੋ ਹੋ ਚੁੱਕਾ ਹੈ ਉਸਦਾ ਵਰਣਨ ਕਰਨਾ ਨਹੀਂ ਸਗੋਂ ਜੋ ਹੋ ਸਕਦਾ ਹੈ ਉਸਦਾ ਵਰਣਨ ਕਰਨਾ ਹੈ। ਅਰਸਤੂ ਨੇ ਸੱਚ ਦੋ ਤਰ੍ਹਾਂ ਦਾ ਦੱਸਿਆ ਹੈ -
1.ਸਰਬਵਿਆਪਕ ਸੱਚ - ਸਰਬਵਿਆਪਕ ਸੱਚ ਦਾ ਸੁਭਾਅ ਕਲਾਸਕੀ ਤੇ ਅਬਦਲ ਹੁੰਦਾ ਹੈ ਅਜਿਹਾ ਸੱਚ ਕਿਸੇ ਵੀ ਦੇਸ਼ ਕਾਲ ਤੋਂ ਮੁਕਤ ਹੁੰਦਾ ਹੈ।
2.ਖਾਸ ਸੱਚ- ਜੋ ਵਾਪਰ ਚੁੱਕਾ ਹੈ ਉਹ ਖਾਸ ਜਾਂ ਸੀਮਿਤ ਸੱਚ ਹੈ। ਇਹ ਸੱਚ ਇੱਕ ਖਾਸ ਦੇਸ਼ ਕਾਲ ਨਾਲ ਬੱਝਿਆ ਹੁੰਦਾ ਹੈ
ਹਵਾਲੇ
ਸੋਧੋ- ↑ ਡਾ ਜਸਵਿੰਦਰ ਸਿੰਘ, ਹਰਿਭਜਨ ਸਿੰਘ ਭਾਟੀਆ (2018). ਪੱਛਮੀ ਕਾਵਿ ਸਿਧਾਂਤ. ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ. p. 57. ISBN 978-81-302-0471-0.
- ↑ ਜਸਵਿੰਦਰ ਸਿੰਘ, ਹਰਿਭਜਨ ਸਿੰਘ ਭਾਟੀਆ (2018). ਪੱਛਮੀ ਕਾਵਿ ਸਿਧਾਂਤ. ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ. p. 57. ISBN 978-81-302-0471-0.
- ↑ ਸੇਖੋਂ, ਰਾਜਿੰਦਰ ਸਿੰਘ. ਅਲੋਚਨਾ ਅਤੇ ਪੰਜਾਬੀ ਅਲੋਚਨਾ. ਲਾਹੌਰ ਬੁੱਕਸ ਲੁਧਿਆਣਾ. p. 82.
- ↑ 4.0 4.1 ਸੇਖੋਂ, ਰਾਜਿੰਦਰ ਸਿੰਘ. ਅਲੋਚਨਾ ਅਤੇ ਪੰਜਾਬੀ ਅਲੋਚਨਾ. ਲਾਹੌਰ ਬੁੱਕਸ ਲੁਧਿਆਣਾ. p. 83.