ਅਲਾਹੁਣੀਆਂ ਇੱਕ ਸੋਗਮਈ ਕਾਵਿ-ਰੂਪ ਹੈ ਜੋ ਪੰਜਾਬੀ ਦਾ ਲੋਕ ਕਾਵਿ-ਰੂਪ ਹੈ। ਅਲਾਹੁਣੀ ਤੋਂ ਭਾਵ ਹੈ, ਉਸਤਤੀ ਜਾਂ ਸਿਫ਼ਤ। ਜਦ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਸਦੀਵੀਂ ਵਿਛੋੜਾ ਦੇ ਗਏ ਵਿਅਕਤੀ ਦੇ ਗੁਣਾਂ ਵਾਲੇ ਜਿਹੜੇ ਕਰੁਣਾਮਈ ਤੇ ਸੋਗ-ਗੀਤ ਇਸਤਰੀਆਂ ਦੁਆਰਾ ਅਲਾਪੇ ਜਾਂਦੇ ਹਨ, ਪੰਜਾਬੀ ਵਿੱਚ ਉਹਨਾਂ ਨੂੰ ਅਲਾਹੁਣੀਆਂ ਕਿਹਾ ਜਾਂਦਾ ਹੈ।[1]

ਅਲਾਹੁਣੀ ਮਰਾਸਣ ਜਾਂ ਨਾਇਣ ਪਾਉਂਦੀ ਹੈ ਜੋ ਪੇਸ਼ਾਵਰ ਸਿਆਪਾਕਾਰ ਹੁੰਦੀ ਹੈ। ਮੂਹਰੇ-ਮੂਹਰੇ ਨੈਣ ਅਲਾਹੁਣੀ ਦੀ ਇੱਕ ਤੁਕ ਆਖੀ ਜਾਂਦੀ ਹੈ ਅਤੇ ਨਾਲੋ-ਨਾਲ ਇਸ ਵਿੱਚ ਜ਼ਨਾਨੀਆਂ ਸੁਰ ਮਿਲਾਉਂਦੀਆਂ ਜਾਂਦੀਆਂ ਹਨ। ਅਲਾਹੁਣੀ ਕੋਰਸ ਵਿੱਚ ਗਾਈ ਜਾਣ ਕਰ ਕੇ ਇੱਕ ਤਰ੍ਹਾਂ ਦਾ ਸਮੂਹ-ਗਾਨ ਹੈ। ਇਸ ਤੋੱ ਵੱਧ ਅਲਾਹੁਣੀ ਸਿਆਪਾ ਕਰਨ ਵੇਲੇ ਉੱਚਾਰੀ ਜਾਂਦੀ ਹੈ। ਮਾਲਵੇ ਵਿੱਚ ਪੇਸ਼ਾਵਾਰ ਸਿਆਪਾਕਾਰ ਤੇ ਅਲਾਹੁਣੀਕਾਰ ਦਾ ਕੰਮ ਮਿਰਾਸਣਾਂ, ਡੂਮਣੀਆਂ, ਨਾਇਣਾਂ ਆਦਿ ਨਿਭਾਉਂਦੀਆਂ ਹਨ। ਸਾਰੀਆਂ ਸਵਾਣੀਆਂ ਇੱਕ ਗੋਲ ਦਾਇਰੇ ਵਿੱਚ ਅਤੇ ਪੇਸ਼ੇਵਾਰ ਸਿਆਪਾਕਾਰ ਵਿਚਕਾਰ ਖਲੋ ਜਾਂਦੀ ਹੈ। ਉਹ ਆਪਣੇ ਦੋਵੇਂ ਹੱਥ ਪਹਿਲਾਂ ਮੱਥੇ ਉੱਤੇ ਫੇਰ ਪੱਟਾਂ ਉੱਤੇ ਮਾਰਦੀ ਜਾਂਦੀ ਹੈ। ਇਸੇ ਤਰ੍ਹਾਂ ਬਾਕੀ ਸਵਾਣੀਆਂ ਇੱਕੋ ਤਾਲ ਵਿੱਚ ਹੱਥ ਮਾਰਦੀਆਂ ਹੋਈਆਂ ਸਾਥ ਦਿੰਦੀਆਂ ਹਨ।

ਪੇਸ਼ੇਵਾਰ ਸਿਆਪਾਕਾਰ ਆਪਣੀ ਦੁੱਹਥੜ ਦੀ ਤਾਲ ਅਨੁਸਾਰ ਅਲਾਹੁਣੀ ਉੱਚਾਰਦੀ ਜਾਂਦੀ ਹੈ ਅਤੇ ਬਾਕੀ ਸਵਾਣੀਆਂ ਦੀ ਤਾਲ ਦਾ ਖਿਆਲ ਰੱਖਦੀਆਂ ਹਨ। ਹਰ ਤੁਕ ਦੇ ਅੰਤ ਉੱਤੇ ਦੂਜੀਆਂ ਸਵਾਣੀਆਂ ਅੰਤਰੇ ਦੀ ਕਿਸੇ ਇੱਕ ਕੇੱਦਰੀ ਤੁਕ ਨੂੰ ਉੱਚਾਰਦੀਆਂ ਜਾਂ ਦੁਹਰਾਉਂਦੀਆਂ ਜਾਂਦੀਆਂ ਹਨ। ਸਾਰੀ ਅਲਾਹੁਣੀ ਇੱਕਲੀ ਸਿਆਪਾਕਾਰ ਵਲੋਂ ਉੱਚਾਰੀ ਜਾਂਦੀ ਹੈ ਅਤੇ ਬਾਕੀ ਸਮੂਹ ਇੱਕ ਕੇਂਦਰੀ ਤੁਕ ਦੇ ਦੁਹਰਾਉ ਰਾਹੀਂ ਹੁੰਗਾਰਾ ਭਰਦਾ ਹੈ ਜਿਵੇਂ:-

ਪੇਸ਼ਾਵਰ ਸਿਆਪਾਕਾਰ: ਮਾਵਾਂ-ਧੀਆਂ ਦੀ ਦੋਸਤੀ ਕੋਈ ਟੁੱਟਦੀ ਕਹਿਰਾਂ ਦੇ ਨਾਲ, ਪੱਟੀ ਧੀ ਨੀ ਮੇਰੀਏ ਅੰਬੜੀਏ
ਸਮੂਹ: ਹਾਏ ਹਾਏ ਨੀ ਮੇਰੀਏ ਅੰਬੜੀਏ ···

ਅਲਾਹੁਣੀਆਂ ਦੇ ਨਾਲ ਚਲਦਾ ਸਿਆਪਾ ਕਈ ਤਰ੍ਹਾਂ ਦਾ ਹੁੰਦਾ ਹੈ। ਜਦੋਂ ਪਹਿਲਾਂ ਗੱਲ੍ਹਾਂ ਜਾਂ ਪੁੜਪੁੜੀਆਂ ਉੱਤੇ, ਫੇਰ ਪੱਟਾਂ ਉੱਤੇ, ਮੁੜ ਫੇਰ ਪੱਟਾਂ ਉੱਤੇ ਅਤੇ ਫਿਰ ਛਾਤੀ ਜਾਂ ਗੱਲ੍ਹਾਂ ਉੱਤੇ ਹੱਥ ਮਾਰੇ ਜਾਣ ਉਹ ਤਿੱਹਥੜਾ-ਸਿਆਪਾ ਕਹਾਉਂਦਾ ਹੈ। ਸਿਆਪੇ ਦੀਆਂ ਹਰਕਤਾਂ ਅਨੁਸਾਰ ਹੀ ਅਲਾਹੁਣੀਕਾਰ ਦੇ ਉੱਚਾਰ ਦਾ ਲਹਿਜੇ ਹੌਲੀ-ਤੇਜ਼ ਅਤੇ ਬਹੁਤ ਤੇਜ਼ ਹੁੰਦਾ ਹੈ। ਅਲਾਹੁਣੀ ਵਿੱਚ ਸਿਆਪੇ ਦਾ ਸਾਥ ਹੋਣ ਕਰ ਕੇ ਅਲਾਹੁਣੀਕਾਰ ਦੇ ਦੁੱਖ ਦਾ ਪ੍ਰਗਟਾਵਾ ਬੋਲ ਅਤੇ ਸਰੀਰਕ ਹਰਕਤ ਵਿੱਚ ਵੰਡਿਆ ਜਾਂਦਾ ਹੈ।

ਅਲਾਹੁਣੀਆਂ ਵੱਖੋ-ਵੱਖਰੀਆਂ ਹੁੰਦੀਆਂ ਹਨ। ਮਰਨ ਵਾਲਾ ਇਨਸਾਨ ਬੱਚਾ, ਜਵਾਨ, ਵੱਡੀ ਉਮਰ ਦਾ ਬਜ਼ੁਰਗ ਅਤੇ ਛੋਟੀ ਉਮਰ ਦੀ ਕੁੜੀ, ਨੂੰਹ, ਧੀ, ਸੱਸ ਆਦਿ ਵੀ ਹੋ ਸਕਦੀ ਹੈ। ਸੋ ਇਹਨਾਂ ਸੰਬੰਧੀ ਅਲਾਹੁਣੀਆਂ ਵੱਖੋ-ਵੱਖਰੀਆਂ ਹੋਣਗੀਆਂ ਕਿਉਂਕਿ ਇਸਤਰੀਆਂ ਦੇ ਗੁਣ ਕ੍ਰਮ ਮਰਦਾਂ ਨਾਲੋਂ ਵੱਖਰੇ ਹੋਣਗੇ। ਬੱਚੇ ਜਾਂ ਕੱਚੀ ਉਮਰ ਵਿੱਚ ਹੋਈ ਮੌਤ ਸੰਬੰਧੀ ਅਲਾਹੁਣੀਆਂ ਵਿੱਚ ਮਮਤਾ ਵਧੇਰੇ ਹੋਵੇਗੀ ਅਤੇ ਜੇ ਬਹੁਤ ਹੀ ਪੱਕੀ ਉਮਰ ਦਾ ਬੁੱਢਾ ਵਾਹਿਗੁਰੂ ਨੂੰ ਪਿਆਰਾ ਹੋ ਜਾਏ ਤਾਂ ਵੱਡਾ ਕਰਨ ਦੀ ਰੀਤ ਨਾਲ ਵਿਛੋੜੇ ਦੀ ਭਾਵਨਾ ਦੇ ਨਾਲ ਸਤੰਸ਼ਟਤਾ ਅਤੇ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਜਾਂਦਾ ਹੈ।

ਸਿਆਪੇ ਦਾ ਕਿਰਦਾਰ ਨਾਇਣ ਦੁਆਰਾ ਕੀਤਾ ਜਾਂਦਾ ਹੈ। ਜਦੋਂ ਕਿਸੇ ਦੇ ਜੁਆਨ ਪੁੱਤ ਜਾਂ ਧੀ ਦੀ ਮੌਤ ਹੋ ਜਾਵੇ ਤਾਂ ਉਸ ਉੱਤੋਂ ਦੁੱਖੀ ਹਿਰਦੇ ਨਾਲ ਪਾਈ ਜਾਣ ਵਾਲੀ ਅਲਾਹੁਣੀ ਇਸ ਤਰ੍ਹਾਂ ਦੀ ਹੁੰਦੀ ਹੈ: ਸੋਹਣੀ ਛੈਲ ਛਬੀਲੀ, ਨੀ ਧੀਏ ਮੋਰਨੀਏ, ਹਾਏ ਹਾਏ ਧੀਏ ਮੋਰਨੀਏ।

ਪਹਿਲੀ ਤੁਕ ਦਾ ਉੱਚਾਰਨ ਨਾਇਣ ਜਾਂ ਮਰਾਸਣ ਕਰੇਗੀ ਅਤੇ ਪਿਛਲੀ ਤੁਕ ਦਾ ਉੱਚਾਰਨ ਸਮੂਹ ਦੇ ਰੂਪ ਵਿੱਚ ਇਸਤਰੀਆਂ ਕਰੀ ਜਾਣ ਗਈਆਂ। ਮਰੀ ਹੋਈ ਧੀ ਦੇ ਗੁਣਾਂ ਦੀ ਸਿਫ਼ਤ ਇਸਤਰੀਆਂ ਕਰਦੀਆਂ ਜਾਣਗੀਆਂ।

“ਜੇ ਕਿਸੇ ਜੁਆਨ ਆਦਮੀ ਮੌਤ ਹੋ ਜਾਏ ਅਤੇ ਦੋਨੋਂ ਪਾਸਿਆਂ ਤੋਂ ਔਰਤਾਂ ਪਿੜ ਬੰਨ੍ਹ ਕੇ ਖਲੋਤੀਆਂ ਹੋਣ ਤਾਂ ਨਾਇਣ ਪਹਿਲਾਂ ਬੋਲ ਉੱਚਾਰ ਕੇ ਅਲਾਹੁਣੀ ਇੰਝ ਸ਼ੁਰੂ ਕਰੇਗੀ:

ਮੌਤ ਪੁੱਛੇਂਦੀ ਆਈ, ਹਾਏ ਵੇ ੇਰ ਜਵਾਨਾ

ਦੋਹਾਂ ਹੱਥਾਂ ਨਾਲ ਆਪਣੀ ਛਾਤੀ, ਪੱਟਾਂ ਅਤੇ ਮੂੰਹ ਉੱਪਰ ਦੱਹਥੜਾ ਮਾਰ ਕੇ ਬਾਕੀ ਕਹਿਣਗੀਆਂ:

ਹਾਇ ਵੇ ੇਰ ਜਵਾਨਾ”

ਜੇ ਪਕੇਰੀ ਉਮਰ ਦੇ ਬੁੱਢੇ ਦੀ ਮੌਤ ਹੋ ਜਾਵੇ ਤਾਂ ਅਜਿਹੇ ਮੌਕੇ ’ਤੇ ਮਰਾਸਣ ਵਲੋਂ ਪਾਈ ਜਾਣ ਵਾਲੀ ਅਲਾਹੁਣੀ ਦਾ ਨਮੂਨਾ ਇਸ ਤਰ੍ਹਾਂ ਹੈ: ਬੁੱਢਾ ਤਾਂ ਬਹਿੰਦਾ ਕੁਰਸੀ ਡਾਹ, ਹਾਏ ਨੀ ਬੁਢੜਾ ਮਰ ਨੀ ਗਿਆ ਬੁਢੜੀ ਰੰਡੀ ਕਰ ਨੀ ਗਿਆ।

ਮੌਤ ਵਿਅਕਤੀ ਨੂੰ ਇੱਕ ਗਹਿਰੇ ਦੁੱਖ ਵਿੱਚ ਸੁੱਟ ਦਿੰਦੀ ਹੈ ਅਤੇ ਜਦੋਂ ਸਮੂਹ ਇਸ ਦੁੱਖ ਵਿੱਚ ਸ਼ਰੀਕ ਹੁੰਦਾ ਹੈ ਤਾਂ ਦੁੱਖ ਦਾ ਭਾਰ ਵੰਡਿਆ ਜਾਂਦਾ ਹੈ।

ਸੱਭਿਆਚਾਰਕ ਮਹੱਤਵ

ਸੋਧੋ

ਸਾਡਾ ਰਿਸ਼ਤਾ-ਨਾਤਾ ਢਾਂਚਾ, ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਰਸਮਾਂ-ਰੀਤਾਂ ਨੂੰ ਮੁੱਖ ਰੱਖ ਕੇ ਅਲਾਹੁਣੀਆਂ ਪੰਜਾਬੀ ਸੱਭਿਆਚਾਰ ਦਾ ਅਨਿੱਖੜ ਅੰਗ ਹੋ ਨਿਬੜਦੀਆਂ ਹਨ। ਅਲਾਹੁਣੀਆਂ ਦਾ ਸੱਭਿਆਚਾਰਕ ਮਹੱਤਵ ਹੋਣ ਦੇ ਨਾਲ-ਨਾਲ ਇਨ੍ਹਾਂ ਦੀ ਸਾਹਿਤਕ ਮਹੱਤਤਾ ਬਹੁਤ ਹੈ। ਮਨੁੱਖ ਗੀਤਾਂ ਵਿੱਚ ਜੰਮਦਾ ਹੈ ਅਤੇ ਗੀਤਾਂ ਵਿੱਚ ਮਰਦਾ ਹੈ। ਮਨੁੱਖ ਦੇ ਜਨਮ ਸਮੇਂ ਬਹੁਤ ਹੀ ਵਧੀਆਂ ਖ਼ੁਸ਼ੀ ਭਰੇ ਮਾਹੌਲ ਵਿੱਚ ਖ਼ੁਸ਼ੀਆਂ ਦੇ ਗੀਤ ਗਾਏ ਜਾਂਦੇ ਹਨ ਅਤੇ ਅਖ਼ੀਰ ਜਦੋਂ ਮਨੁੱਖ ਦੀ ਮੌਤ ਹੁੰਦੀ ਹੈ ਤਾਂ ਉਸ ਸਮੇਂ ਵੀ ਸੋਗਮਈ ਗੀਤ ਗਾਏ ਜਾਂਦੇ ਹਨ। ਉਸ ਸਮੇਂ ਅਲਾਹੁਣੀਆਂ, ਕੀਰਨੇ ਅਤੇ ਵੈਣ ਪਾਏ ਜਾਂਦੇ ਹਨ। ਜੇ ਮਨੁੱਖ ਦੀ ਜ਼ਿੰਦਗੀ ਵਿੱਚ ਇਹ ਲੋਕ ਗੀਤ ਨਾ ਹੋਣ ਤਾਂ ਮਨੁੱਖ ਦੀ ਜ਼ਿੰਦਗੀ ਅਧੂਰੀ ਹੈ।

ਅਲਾਹੁਣੀਆਂ ਨੂੰ ਇੱਕਠਾ ਕਰਨ ਅਤੇ ਖੋਜ ਕਰਨ ਸੰਬੰਧੀ ਬਹੁਤ ਉੱਪਰਾਲੇ ਕੀਤੇ ਗਏ ਹਨ। ਡਾ· ਨਾਹਰ ਸਿੰਘ ਨੇ ਕੀਰਨਾ ਅਤੇ ਅਲਾਹੁਣੀ ਦਾ ਬਤੌਰ ਲੋਕ-ਕਾਵਿ ਦੇ ਰੂਪ ਦੇ ਅਧਿਐਨ ਕੀਤਾ ਹੈ। ਸੱਭਿਆਚਾਰਕ ਮਹੱਤਵ ਨਾਲ-ਨਾਲ ਅਲਾਹੁਣੀਆਂ ਦੀ ਸਾਹਿਤਕ ਮਹੱਤਤਾ ਵੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਲਾਹੁਣੀਆਂ ਦੀ ਭਾਵਨਾ ਦੇ ਨੌ ਸ਼ਬਦ ਮਿਲਦੇ ਹਨ:

ਹਰ ਇਨਸਾਨ ਦੀ ਮੌਤ ਸਮੇਂ ਵੱਖੋ-ਵੱਖਰੀਆਂ ਅਲਾਹੁਣੀਆਂ ਉੱਚਾਰੀਆਂ ਜਾਂਦੀਆਂ ਹਨ। ਬੁੱਢੇ ਦੀ ਮੌਤ ਸਮੇਂ ਹੋਰ ਅਲਾਹੁਣੀ ੳਚਾਰੀ ਜਾਂਦੀ ਹੈ ਅਤੇ ਕੁੜੀ ਅਤੇ ਜੁਆਨ ਮੁੰਡੇ ਦੀ ਮੌਤ ਸਮੇਂ ਹੋਰ ਅਲਾਹੁਣੀ ਉੱਚਾਰੀ ਜਾਂਦੀ ਹੈ। ਜਦੋਂ ਅਲਾਹੁਣੀ ਅਲਾਪੀ ਜਾਂਦੀ ਹੈ ਤਾਂ ਬੰਦੇ ਦੇ ਮਨ ਦੀਆਂ ਭਾਵਨਾਵਾਂ ਨੂੰ ਬਾਹਰ ਕੱਢ ਦਿੰਦੀ ਹੈ। ਅਲਾਹੁਣੀ ਇੱਕ ਅਜਿਹਾ ਕਾਵਿ-ਰੂਪ ਹੈ ਜੋ ਕਿ ਮਨੁੱਖ ਦੇ ਮਨ ਦਾ ਭਾਰ ਹਲਕਾ ਕਰਦਾ ਹੈ।

  1. ਡਾ· ਕਰਨੈਲ ਸਿੰਘ ਥਿੰਦ, ਪੰਜਾਬੀ ਦਾ ਲੋਕ ਵਿਰਸਾ, ਪੰਜਾਬੀ ਭਾਸ਼ਾ ਵਿਕਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1996, ਪੰਨਾ-163
  2. ਡਾ· ਨਾਹਰ ਸਿੰਘ, ਲੋਕ-ਕਾਵਿ ਦੀ ਸਿਰਜਣ ਪ੍ਰਕਿਰਿਆ, ਲੋਕ ਗੀਤ ਪ੍ਰਕਾਸ਼ਨ, ਸਰਹਿੰਦ, 1983, ਪੰਨਾ-181-182
  3. ਡਾ· ਕਰਨੈਲ ਸਿੰਘ ਥਿੰਦ, ਪੰਜਾਬੀ ਦਾ ਲੋਕ ਵਿਰਸਾ, ਪੰਜਾਬੀ ਭਾਸ਼ਾ ਵਿਕਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1996, ਪੰਨਾ-164
  4. ਡਾ· ਨਾਹਰ ਸਿੰਘ, ਲੋਕ-ਕਾਵਿ ਦੀ ਸਿਰਜਣ ਪਕਿਰਰਿਆ, ਲੋਕ ਗੀਤ ਪ੍ਰਕਾਸ਼ਨ, ਸਰਹਿੰਦ, 1983, ਪੰਨਾ-188
  5. ਡਾ· ਕਰਨੈਲ ਸਿੰਘ ਥਿੰਦ, ਪੰਜਾਬੀ ਦਾ ਲੋਕ ਵਿਰਸਾ, ਪੰਜਾਬੀ ਭਾਸ਼ਾ ਵਿਕਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1996, ਪੰਨਾ-164-165
  6. ਡਾ· ਨਾਹਰ ਸਿੰਘ, ਲੋਕ-ਕਾਵਿ ਦੀ ਸਿਰਜਣ ਪ੍ਰਕਿਰਿਆ, ਲੋਕ ਗੀਤ ਪ੍ਰਕਾਸ਼ਨ, ਸਰਹਿੰਦ, 1983, ਪੰਨਾ-190
  7. ਡਾ· ਕਰਨੈਲ ਸਿੰਘ ਥਿੰਦ, ਪੰਜਾਬੀ ਦਾ ਲੋਕ ਵਿਰਸਾ, ਪੰਜਾਬੀ ਭਾਸ਼ਾ ਵਿਕਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1996, ਪੰਨਾ-165-166

ਹਵਾਲੇ

ਸੋਧੋ