ਆਚਾਰੀਆ ਧਨੰਜਯ ਦਾ ਨਾਮ ਭਾਰਤੀ ਕਾਵਿ-ਸ਼ਾਸਤਰ ਦੇ ਇਤਿਹਾਸ ਵਿੱਚ ਇੱਕ ਨਾਟਯ ਸ਼ਾਸਤਰੀ ਦੇ ਰੂਪ ਵਿੱਚ ਪ੍ਰਸਿੱਧ ਹੈ। ਧਨੰਜਯ ਵਿਸ਼ਣੂ ਦਾ ਪੁੱਤਰ ਅਤੇ ਮੁੰਜਰਾਜ (974-995 ਈ.ਸਦੀ) ਦਾ ਦਰਬਾਰੀ ਸੀ।[1]ਚਾਹੇ ਇਹਨਾਂ ਦੇ ਗ੍ਰੰਥ "ਦਸ਼ਰੂਪਕ" ਦੀ ਰਚਨਾ ਭਰਤ ਦੇ ਨਾਟਯ ਸ਼ਾਸਤਰ ਦੇ ਆਧਾਰ 'ਤੇ ਹੋਈ ਹੈ,ਪਰ ਫਿਰ ਵੀ ਇਸ ਗ੍ਰੰਥ ਦੇ ਚੋਥੇ ਪ੍ਰਕਾਸ਼ ਵਿੱਚ "ਰਸ" ਦੀ ਵੀ ਸਰਬਾਂਗ ਵਿਸਥਾਰ ਸਹਿਤ ਵਿਆਖਿਆ ਕੀਤੀ ਗਈ ਹੈ। ਜਿਸ ਲਈ ਅਸੀਂ ਇਸ ਗ੍ਰੰਥ ਨੂੰ ਕਾਵਿ ਸ਼ਾਸਤਰੀ ਗ੍ਰੰਥ ਵੀ ਕਹਿ ਸਕਦੇ ਹਾਂ।

"ਦਸ਼ਰੂਪਕ" 'ਤੇ ਧਨੰਜਯ ਦੇ ਭਰਾ ਧਨਿਕ ਦੀ 'ਅਵਲੋਕ' ਨਾਮ ਦੀ ਟੀਕਾ ਪ੍ਰਾਪਤ ਹੈ ਜਿਸ ਬਿਨਾਂ ਇਸ ਗ੍ਰੰਥ ਨੂੰ ਅਪੂਰਣ ਸਮਝਿਆ ਜਾਂਦਾ ਹੈ। ਇਸ ਗ੍ਰੰਥ ਦਾ ਨਾਮ ਦਸ਼ਰੂਪਕ ਇਸ ਲਈ ਰੱਖਿਆ ਗਿਆ ਹੋਵੇਗਾ ਕਿਉਂਕਿ ਇਸ ਵਿੱਚ ਰੂਪਕ (ਨਾਟਕ) ਦੇ ਦਸ ਪ੍ਰਮੁੱਖ ਭੇਦਾਂ ਦੀ ਵਿਆਖਿਆ ਕੀਤੀ ਹੋਈ ਹੈ।ਇਹ ਦਸ ਰੂਪਕ ਇਸ ਪ੍ਰਕਾਰ ਹਨ :- ਨਾਟਕ, ਪ੍ਰਕਰਣ, ਅੰਕ, ਵਯਾਯੋਗ, ਭਾਣ, ਸਮਵਕਾਰ, ਵੀਥੀ, ਪ੍ਰਹਸਨ, ਡਿਮ, ਈਹਾਮਿਰਗ ।[2]

ਆਚਾਰੀਆ ਧਨੰਜਯ ਦੀ ਇੱਕ ਹੀ ਕਾਵਿ ਸ਼ਾਸਤਰੀ ਰਚਨਾ 'ਦਸ਼ਰੂਪਕ' ਦੇ ਰੂਪ ਵਿਚ ਧਨੰਜਯ ਦੀ 'ਆਵਲੋਕ' ਟੀਕਾ ਨਾਲ ਪ੍ਰਾਪਤ ਹੈ। ਇਹ ਗ੍ਰੰਥ ਚਾਰ ਪ੍ਰਕਾਸ਼ਾਂ ਵਿੱਚ ਵੰਡਿਆ ਹੋਇਆ ਅਤੇ ਇਸ ਵਿੱਚ ਕੁੱਲ ਤਿੰਨ ਸੌਂ ਕਾਰਿਕਾਵਾਂ (ਗਤੀਧੀਆ) ਹਨ ।[3]ਉਦਾਹਰਣ ਵਜੋਂ ਸ਼ਲੋਕਾਂ ਦਾ ਸੰਗ੍ਰਹਿ ਦੂਜੀਆਂ ਸੰਸਕ੍ਰਿਤ ਦੀਆਂ ਸਾਹਿਤਕ ਰਚਨਾਵਾਂ 'ਚੋਂ ਧਨਿਕ ਨੇ ਕੀਤਾ ਹੈ। ਇਸ ਦੇ ਵਿਸ਼ਾ ਨਿਮਨਲਿਖਤ ਅਨੁਸਾਰ ਹੈ-

ਪ੍ਰਕਾਸ਼ 1-: ਮੰਗਲਾਚਰਨ, ਰੂਪਕ (ਨਾਟਕ) ਦਾ ਲੱਛਣ ਅਤੇ ਉਸਦੇ ਭੇਦ, ਨਿੱਤ੍ਰ ਨਾਟਕ ਦਾ ਸਰੂਪ, ਨਾਟਕ ਦੀ ਆਲੋਚਨਾ ਕਰਨ ਦੀ ਸਲਾਹ, ਨਾਟਕ ਦੇ ਤੱਤ, ਸੰਵਾਦ ਆਦਿ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ।

ਪ੍ਰਕਾਸ਼ 2-: ਨਾਟਕ ਦੇ ਨਾਇਕ, ਸਰੂਪ ਅਤੇ ਉਸਦੇ ਭੇਦਾਂ, ਨਾਇਕ ਦੇ ਸਹਾਇਕ ਪਾਤਰ, ਉਹਨਾਂ ਦੇ ਸਰੂਪ, ਵਿਸ਼ੇਸ਼ਤਾਵਾਂ, ਅਲੰਕਾਰਾਂ, ਭਾਸ਼ਾ ਅਤੇ ਸੰਵਾਦ ਆਦਿ ਪੱਖਾਂ ਨੂੰ ਪ੍ਰਸਤੁਤ ਕੀਤਾ ਗਿਆ ਹੈ।

ਪ੍ਰਕਾਸ਼ 3-: ਨਾਟਕ ਨੂੰ ਆਰੰਭ ਕਰਨ ਦਾ ਤਰੀਕਾ, ਪ੍ਰਸਤਾਵਨਾ ਦੇ ਭੇਦ , ਅੰਕ ਯੋਜਨਾ ਅਤੇ ਨਾਟਕਾਂ ਦੀ ਪਰਿਭਾਸ਼ਾ ਦੀ ਵਿਆਖਿਆ ਕੀਤੀ ਗਈ ਹੈ।

ਪ੍ਰਕਾਸ਼ 4-: ਰਸ ਦੇ ਸਰੂਪ, ਉਸਦੇ ਅੰਗ, ਰਸ ਨਿਸ਼ਪੱਤੀ ਅਤੇ ਨੌਂ ਰਸਾਂ ਦਾ ਤਰਜ਼ਮਾ ਕੀਤਾ ਹੈ।

ਭਾਰਤੀ ਕਾਵਿ ਸ਼ਾਸਤਰ ਦੇ ਇਤਿਹਾਸ ਵਿਚ ਆਚਾਰੀਆ ਧਨੰਜਯ ਦਾ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਨੇ ਅਨੇਕ ਵਿਸ਼ਿਆਂ ਵਾਲੇ ਭਰਤ ਦੇ 'ਨਾਟਯਸ਼ਾਸਤਰ' 'ਚੋਂ 'ਰੂਪਕ' ਸੰਬੰਧੀ ਸਾਰੀ ਸਮੱਗਰੀ ਨੂੰ ਸੰਖੇਪ ਰੂਪ ਦੇ ਕੇ ਸਰਲ ਭਾਸ਼ਾ 'ਚ ਦ੍ਰਿਸ਼ਟੀਗੋਚਰ ਕੀਤਾ ਹੈ। ਰੂਪਕ ਦੀ ਰਚਨਾ ਅਤੇ ਉਸਦੇ ਤੱਤਾਂ ਦੀ ਆਲੋਚਨਾ ਦੀ ਦ੍ਰਿਸ਼ਟੀ ਤੋਂ ਇਹ ਗ੍ਰੰਥ ਬਹੁਤ ਮਹੱਤਵਪੂਰਨ ਹੈ ।[4]

ਹਵਾਲੇ

ਸੋਧੋ
  1. ਦਿਵਵੇਦੀ, ਆਯਾਰੀਯ ਹਜ਼ਾਰੀ ਪ੍ਰਸ਼ਾਦ (1981). ਭਾਰਤੀ ਨਾਟਯ ਸ਼ਾਸਤਰ ਦੀ ਪਰੰਪਰਾ. ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ. pp. 39, 40.
  2. ਭਰਤਮੁਨੀ, ਕਿ੍ਤ (1985). ਨਾਟਯ - ਸ਼ਾਸਤਰ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ,ਪਟਿਆਲਾ. pp. 252, 253.
  3. ਮੰਮਟ, ਆਚਾਰੀਆ (1981). ਕਾਵਿ ਪ੍ਰਕਾਸ਼. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. pp. 13, 14.
  4. ਸ਼ਰਮਾ, ਪ੍ਰੋਫ਼ੈਸਰ ਸ਼ੁਕਦੇਵ. ਭਾਰਤੀ ਕਾਵਿ ਸ਼ਾਸਤਰ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. pp. 375, 376, 377.