ਆਚਾਰੀਆ ਮੰਮਟ ਦੀ ਕਾਵਿ ਸ਼ਾਸਤਰ ਨੂੰ ਦੇਣ

ਆਚਾਰੀਆ ਮੰਮਟ ਸੋਧੋ

ਆਚਾਰੀਆ ਮੰਮਟ ਗਿਆਰਵੀਂ ਸਦੀ ਦੇ ਪਿਛਲੇ ਅੱਧ ਵਿੱਚ ਹੋਏ ਹਨ। ਭਾਰਤੀ ਕਾਵਿ ਸ਼ਾਸਤਰ ਦੇ ਇਤਿਹਾਸ ਵਿੱਚ ਆਚਾਰੀਆ ਮੰਮਟ ਨੂੰ ਜਿਆਦਾ ਮਾਨ ਅਤੇ ਗੌਰਵ ਪ੍ਰਾਪਤ ਹੈ।

ਆਚਾਰੀਆ ਮੰਮਟ ਇੱਕ ਪ੍ਰਸਿੱਧ ਆਲੋਚਕ ਮੰਨੇ ਜਾਂਦੇ ਹਨ। ਉਹਨਾਂ ਦੇ ਗ੍ਰੰਥ 'ਕਾਵਯ ਪ੍ਰਕਾਸ਼' ਵਿੱਚ ਕਾਵਿ ਦੀ ਜਿਹੜੀ ਪਰਿਭਾਸ਼ਾ ਦਿੱਤੀ ਹੋਈ ਹੈ ਭਾਰਤੀ ਆਲੋਚਨਾ ਵਿੱਚ ਉਸਦੀ ਬੜੀ ਚਰਚਾ ਰਹੀ ਹੈ। ਮੰਮਟ ਅਨੁਸਾਰ," ਸ਼ਬਦ ਤੇ ਅਰਥ ਦਾ ਉਹ ਸੰਜੁਗਤ ਰੂਪ ਜਿਹੜਾ ਦੋਸ਼ਾਂ (ਨੁਕਸਾਂ) ਤੋਂ ਰਹਿਤ ਹੋਵੇ ਅਤੇ ਗੁਣਾ ਤੇ ਅਲੰਕਾਰਾਂ ਦੇ ਸਹਿਤ ਹੋਵੇ (ਭਾਵੇਂ ਕਿਤੇ ਕਿਤੇ ਅਲੰਕਾਰ ਸਪਸ਼ਟ ਨਾ ਵੀ ਹੋਣ) ਕਾਵਿ ਹੁੰਦਾ ਹੈ।[1]

ਪਰਿਵਾਰ ਅਤੇ ਵਿਅਕਤੀਗਤ ਜੀਵਨ ਸੋਧੋ

ਆਚਾਰੀਆ ਮੰਮਟ ਦੇ ਵਿਅਕਤੀਗਤ ਜੀਵਨ ਅਤੇ ਸਮੇਂ ਬਾਰੇ ਦੂਜੀਆਂ ਕਿਰਤਾਂ ਅਤੇ 'ਕਾਵਿਪ੍ਰਕਾਸ਼' ਵਿੱਚ ਉਦਾਹਰਣ ਵਜੋਂ ਉੱਧ੍ਰਿਤ ਸ਼ਲੋਕਾਂ ਤੋਂ ਇਲਾਵਾ ਕੁੱਝ ਪ੍ਰਾਪਤ ਨਹੀਂ ਹੈ। ਨਾਮ ਤੋਂ ਤਾਂ ਇਹਨਾਂ ਦਾ ਕਸ਼ਮੀਰੀ ਹੋਣਾ ਸਿੱਧ ਹੀ ਹੈ, ਪਰ 'ਕਾਵਿਪ੍ਰਕਾਸ਼' 'ਤੇ 'ਸੁਧਾਸਾਗਰ' ਟੀਕਾ ਦੇ ਲੇਖਕ ਭੀਮਸੇਨ ਨੇ ਮੰਮਟ ਦੇ ਪਰਿਚੈ ਲਈ ਕੁੱਝ ਸ਼ਲੋਕ ਦਿੱਤੇ ਹਨ ਜਿਹਨਾਂ ਸ਼ਲੋਕਾਂ ਦੇ ਅਨੁਸਾਰ, "ਮੰਮਟ ਦਾ ਜਨਮ ਕਸ਼ਮੀਰ ਵਿੱਚ ਹੋਇਆ ਅਤੇ ਇਹਨਾਂ ਨੂੰ ਵਾਗਦੇਵੀ ਸਰਸਵਤੀ ਦਾ ਅਵਤਾਰ ਮੰਨਿਆ ਜਾਂਦਾ ਸੀ।"[2]

ਭਾਵੇਂ ਉਹਨਾਂ ਦੇ ਜੀਵਨ ਬਿਰਤਾਂਤ ਬਾਰੇ ਕੋਈ ਪ੍ਰਮਾਣਿਕ ਸਾਮਗਰੀ ਪ੍ਰਾਪਤ ਨਹੀਂ ਹੁੰਦੀ ਤਾਂ ਵੀ ਇੱਕ ਪਰੰਪਰਾ ਅਨੁਸਾਰ ਇਹ ਪ੍ਰਸਿੱਧ ਕਾਵਿ 'ਨੈਸ਼ਧਚਰਿਤ' ਦੇ ਲੇਖਕ ਸ਼੍ਰੀ ਹਰਸ਼ ਦੇ ਮਾਮਾ ਸਨ। ਇਹ ਜੈਯਟ ਦੇ ਪੁੱਤਰ ਸਨ। ਇਨ੍ਹਾਂ ਦੇ ਦੋ ਛੋਟੇ ਭਰਾ ਸਨ ਕੈਯਟ ਤੇ ਉਵਟ। ਕੈਯਟ ਨੇ ਮਹਾਂਭਾਸ਼ ਤੇ ਟੀਕਾ ਲਿਖੀ ਹੈ ਅਤੇ ਉਵਟ ਨੇ ਚਾਰਾਂ ਵੇਦਾਂ ਤੇ ਭਾਸ਼ ਲਿਖਿਆ ਹੈ ਪਰ ਇਸ ਬਾਰੇ ਵੀ ਅਜੇ ਭੁਲੇਖਾ ਹੈ। ਕਿਉਂਕਿ ਉਵਟ ਨੇ ਆਪਣੇ ਆਪ ਨੂੰ ਅਨੰਦਪੁਰ ਦੇ ਨਿਵਾਸੀ ਵਜ੍ਰਟ ਦਾ ਪੁੱਤਰ ਮੰਨਿਆ ਹੈ।[3]

ਸਿੱਖਿਆ ਸੋਧੋ

ਮੰਮਟ ਨੇ ਕਾਸ਼ੀ ਜਾ ਕੇ ਸਾਹਿਤ ਵਿਦਿਆ ਦਾ ਅਧਿਐਨ ਕੀਤਾ ਅਤੇ 'ਕਾਵਿਪ੍ਰਕਾਸ਼' ਨਾਮ ਦੇ ਕਾਵਿਸ਼ਾਸਤਰੀ ਗ੍ਰੰਥ ਦੀ ਰਚਨਾ ਕੀਤੀ ਹੈ।[4] ਪਰ ਇਸ ਬਾਬਤ ਵੀ ਆਲੋਚਕਾਂ ਦੀ ਸਹਿਮਤੀ ਨਹੀਂ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਉਸ ਸਮੇਂ ਕਾਵਿ ਸ਼ਾਸ਼ਤਰ ਦੇ ਅਧਿਐਨ ਲਈ ਕਾਸ਼ੀ ਦੀ ਬਜਾਏ ਕਸ਼ਮੀਰ ਦੀ ਜ਼ਿਆਦਾ ਪ੍ਰਸਿੱਧੀ ਸੀ।

ਆਚਾਰੀਆ ਮੰਮਟ ਖ਼ੁਦ ਵਾਗਦੇਵੀ ਸਰਸਵਤੀ ਦੇ ਅਵਤਾਰ ਹੋਣ ਤੇ ਵੀ ਲੋਕ ਮਰਿਯਾਦਾ ਦੀ ਪਾਲਣਾ ਲਈ ਵਾਰਾਨਸੀ ਗਏ ਅਤੇ ਉੱਥੇ ਸ਼ਾਸਤਰਾਂ ਦਾ ਅਧਿਐਨ ਕਰਕੇ ਉਹਨਾਂ ਨੇ 'ਸਾਹਿਤਯਸੂਤ੍ਰ' ਅਰਥਾਤ 'ਕਾਵਿਪ੍ਰਕਾਸ਼' ਦੀ ਰਚਨਾ ਕੀਤੀ।[5]

ਆਚਾਰੀਆ ਮੰਮਟ ਦਾ ਸਮਾਂ ਸੋਧੋ

ਮੰਮਟ ਦੇ ਸਮੇਂ ਬਾਬਤ ਵੀ ਆਲੋਚਕਾਂ ਵਿੱਚ ਵਿਵਾਦ ਚਲਦਾ ਰਿਹਾ ਹੈ। ਮੰਮਟ ਨੇ 'ਕਾਵਿਪ੍ਰਕਾਸ਼' ਵਿੱਚ ਅਭਿਨਵਗੁਪਤ (980-1015 ਈ. ਸਦੀ ਲਗਭਗ) ਦਾ ਉਲੇਖ ਕੀਤਾ ਹੈ। 'ਕਾਵਿਪ੍ਰਕਾਸ਼' ਦੀ ਸਭ ਤੋਂ ਪਹਿਲੀ ਟੀਕਾ ਮਾਣਿਕਯਚੰਦ੍ਰ (1160 ਈ. ਸਦੀ) ਦੀ 'ਸੰਕੇਤ' ਨਾਮ ਦੀ ਟੀਕਾ ਹੈ। ਹੇਮਚੰਦ੍ਰ ਨੇ ਆਪਣੇ ਗ੍ਰੰਥ 'ਕਾਵਿਆਨੁਸ਼ਾਸਨ' (1143 ਈ. ਸਦੀ) ਵਿੱਚ ਮੰਮਟ ਦੇ ਮਤ ਦਾ ਉੱਲੇਖ ਕੀਤਾ ਹੈ[6] ਅਤੇ ਰੁੱਯਕ ਨੇ ਆਪਣੀ ਰਚਨਾ 'ਅਲੰਕਾਰਸਰਵਸਵ' ਵਿੱਚ ਮੰਮਟ ਦੇ ਮਤ ਦਾ ਖੰਡਨ ਕੀਤਾ ਹੈ।[7] ਇਸ ਲਈ ਮੰਮਟ ਜ਼ਰੂਰ ਇਹਨਾਂ ਤੋਂ ਪਹਿਲਾਂ ਹੋਏ ਹੋਣਗੇ, ਇਸੇ ਆਧਾਰ 'ਤੇ ਆਚਾਰੀਆ ਮੰਮਟ ਦਾ ਸਮਾਂ 1050-1100 ਈ. ਸਦੀ ਦੇ ਮੱਧਭਾਗ 'ਚ ਰੱਖਿਆ ਜਾ ਸਕਦਾ ਹੈ।

ਕਾਵਿ-ਸ਼ਾਸ਼ਤਰ ਨੂੰ ਦੇਣ ਸੋਧੋ

ਆਚਾਰੀਆ ਮੰਮਟ ਨੇ ਕਾਵਿ ਦੇ ਖੇਤਰ ਵਿੱਚ ਸਮਨਵੈ ਦਾ ਮਹਾਨ ਕਾਰਜ ਕੀਤਾ ਹੈ।[8] ਭਾਰਤੀ ਕਾਵਿ-ਸ਼ਾਸਤਰ ਦੇ ਇਤਿਹਾਸ 'ਚ ਆਚਾਰੀਆ ਮੰਮਟ ਦਾ 'ਕਾਵਿਪ੍ਰਕਾਸ਼' ਕਾਵਿ-ਸ਼ਾਸਤਰ ਦਾ ਸਭ ਤੋਂ ਜ਼ਿਆਦਾ ਪ੍ਰਸਿੱਧ, ਪ੍ਰੌੜ੍ਹ ਅਤੇ ਪ੍ਰਮਾਣਿਕ ਗ੍ਰੰਥ ਮੰਨਿਆਂ ਜਾਂਦਾ ਹੈ।

ਆਚਾਰੀਆ ਮੰਮਟ ਨੇ ਕਿਸੇ ਵਿਸ਼ੇਸ਼ ਸੰਪ੍ਰਦਾਇ ਦਾ ਅਨੁਸਰਣ ਨਹੀਂ ਕੀਤਾ, ਭਾਵੇਂ ਉਸਨੂੰ ਧੁਨੀਵਾਦੀ ਮੰਨਿਆਂ ਜਾਂਦਾ ਰਿਹਾ ਹੈ। ਇਸਦਾ ਕਾਰਨ ਇਹ ਹੋ ਸਕਦਾ ਹੈ ਕਿ ਉਸਦੇ ਗ੍ਰੰਥ ਕਾਵਿਪ੍ਰਕਾਸ਼ ਵਿੱਚ ਸ਼ੁਰੂ ਤੋਂ ਲੈ ਕੇ ਅੰਤ ਤੱਕ ਧੁਨੀ ਤੱਤ ਨੂੰ ਹੀ ਆਧਾਰ ਬਣਾਇਆ ਗਿਆ ਹੈ।

ਮੰਮਟ ਦੇ ਸਮੇਂ ਤੱਕ ਕਾਵਿ-ਸ਼ਾਸਤ੍ਰ ਦੇ ਬਾਰੇ ਜੋ ਵਿਚਾਰ ਪ੍ਰਗਟ ਕੀਤੇ ਗਏ ਸਨ, ਉਹਨਾਂ ਨੂੰ ਉਸਨੇ ਪ੍ਰਮਾਣਾਂ ਦੀ ਕਸਵੱਟੀ ਉੱਪਰ ਪਰਖ ਕੇ, ਚੁਣ-ਚੁਣ ਕੇ ਠੀਕ ਟਿਕਾਣੇ ਰੱਖ ਦਿੱਤਾ ਹੈ। ਮੰਮਟ ਨੇ ਧ੍ਵਨੀ ਨੂੰ ਪੱਕੀ ਪੈਰੀਂ ਖੜਾ ਹੀ ਨਹੀਂ ਕੀਤਾ, ਨਾਲ ਹੀ ਕਾਵਿ-ਸ਼ਾਸਤ੍ਰ ਦੇ ਸਭ ਅੰਗਾਂ ਦਾ ਨਿਰਨਾ ਕਰਕੇ ਪ੍ਰਮਣਿਕ ਕਾਵਿ-ਸ਼ਾਸਤ੍ਰ ਵੀ ਵਿਦਵਾਨਾਂ ਨੂੰ ਭੇਟ ਕਰ ਗਏ। ਇਸੇ ਕਰਕੇ ਸਾਹਿੱਤ ਦੇ ਪੰਡਿਤ ਉਹਨਾਂ ਨੂੰ ਸਰਸਵਤੀ ਦਾ ਅਵਤਾਰ ਕਹਿੰਦੇ ਹਨ।[9]

ਭਾਰਤੀ ਵੇਦਾਂਤ-ਦਰਸ਼ਨ ਵਿੱਚ ਜੋ ਆਚਾਰੀਆ ਸ਼ੰਕਰ ਦੇ ਸ਼ਾਰੀਰਿਕ ਭਾਸ਼ਯ ਅਤੇ ਸੰਸਕ੍ਰਿਤ ਵਿਆਕਰਣਸ਼ਾਸਤ੍ਰ ਵਿੱਚ ਜੋ ਪਤੰਜਲੀ ਦੇ 'ਮਹਾਂਭਾਸ਼ਯ' ਦੀ ਮਹੱਤਤਾ ਹੈ ; ਉਹ ਹੀ ਮਹੱਤਤਾ ਭਾਰਤੀ ਕਾਵਿ-ਸ਼ਾਸਤਰ ਵਿੱਚ ਮੰਮਟ ਦੇ 'ਕਾਵਿ-ਪ੍ਰਕਾਸ਼' ਨੂੰ ਪ੍ਰਾਪਤ ਹੈ। ਬਾਅਦ ਦੇ ਸਾਰੇ ਆਚਾਰੀਆ ਅਤੇ ਸਮੀਖਿਆਕਾਰ ਮੰਮਟ ਅਤੇ ਇਹਨਾਂ ਦੇ ਗ੍ਰੰਥ ਨੂੰ ਭਾਰਤੀ ਕਾਵਿ-ਸ਼ਾਸਤਰ ਦਾ ਸਰਵਸ਼੍ਰੇਸ਼ਠ ਗ੍ਰੰਥ ਹੋਣ ਦਾ ਵਿਸ਼ੇਸ਼ ਸਨਮਾਨ ਦਿੰਦੇ ਹੋਏ ਇਹਨਾਂ ਨੂੰ 'ਵਾਗਦੇਵਤਾਵਤਾਰ' (ਵਾਗਦੇਵੀ ਸਰਸਵਤੀ ਦਾ ਅਵਤਾਰ) ਹੀ ਮੰਨਦੇ ਹਨ।[10][11]

ਕਾਵਿ-ਸ਼ਾਸਤਰ ਵਿਸ਼ੇਸ਼ ਰੂਪ ਤੋਂ ਰਸ-ਧੁਨੀ ਰਸ ਅਤੇ ਧੁਨੀ ਦੀ ਦ੍ਰਿਸ਼ਟੀ ਤੋਂ ਆਚਾਰੀਆ ਮੰਮਟ ਦਾ ਯੋਗਦਾਨ ਉਲੇਖ ਕਰਨਯੋਗ ਹੈ। "तददषौं शब्दाथौं सगणावनलङकृती पुनः क्वायि" ਇਸ ਕਾਵਿ ਪ੍ਰੀਭਾਸ਼ਾ, ਕਾਵਿ-ਹੇਤੂ ਤੇ ਕਾਵਿ ਪ੍ਰਯੋਜਨਾ ਸਾਰਿਆਂ ਵਿੱਚ ਉਸਦੀ ਸ਼ਮੂਲੀਅਤ ਤਾਂ ਹੈ ਹੀ 'ਧੁਨੀਆਤਮਕਤਾ' ਵੀ ਘੱਟ ਨਹੀਂ ਹੈ। ਉਹ ਕਦਮ-ਕਦਮ 'ਤੇ ਵਿਅੰਜਨਾ ਦੀ ਪੁਨਰਸਥਾਪਨਾ ਦੇ ਲਈ ਵਿਆਕੁਲ ਹਨ ਅਤੇ ਸੁਚੇਤ ਵੀ।[12]

ਕਾਵਿ ਦੇ ਸਭ ਤੋਂ ਪ੍ਰਸਿੱਧ ਕੰਮਾਂ ਵਿੱਚੋਂ ਇੱਕ ਕਸ਼ਮੀਰੀ ਬ੍ਰਾਹਮਣ ਮੰਮਟ ਦਾ ਕਾਵਿਪ੍ਰਕਾਸ਼ ਹੈ। ਉਹ ਜ਼ਿਆਦਾਤਰ ਉਦਭੱਟ ਅਤੇ ਰੁਦ੍ਰਟ 'ਤੇ ਨਿਰਭਰ ਕਰਦਾ ਹੈ। ਉਸ ਅਨੁਸਾਰ ਸਭ ਤੋਂ ਵਧੀਆ ਕਵਿਤਾ ਸੰਯੋਗ ਭਾਵ (ਧ੍ਵਨੀ) ਨਾਲ ਹੈ। ਕਾਵਿਪ੍ਰਕਾਸ਼ ਗ੍ਰੰਥ 'ਤੇ ਬਹੁਤ ਸਾਰੇ ਟੀਕੇ ਲਿਖੇ ਗਏ, ਇਸ ਗੱਲ ਨੇ ਇਸਨੂੰ ਬਹੁਤ ਮਾਨਤਾ ਦਿੱਤੀ ਅਤੇ ਵੱਡੀ ਗਿਣਤੀ ਵਿੱਚ ਇਸਦਾ ਅਧਿਐਨ ਹੋਇਆ ਅਤੇ ਵਰਤਿਆ ਗਿਆ।[13]

ਆਚਾਰੀਆ ਮੰਮਟ (11ਵੀਂ ਸਦੀ ਉੱਤਰ ਅਰਧ) ਨੇ ਆਪਣੇ ਪ੍ਰਸਿੱਧ ਗ੍ਰੰਥ 'ਕਾਵਿ-ਪ੍ਰਕਾਸ਼' ਵਿੱਚ ਵਿੰਭਿਨ ਮੱਤਾਂ ਦੇ ਧੁਨੀ ਵਿਰੋਧੀ ਆਚਾਰੀਆਂ ਦੇ ਕਥਨਾਂ ਦਾ ਖੰਡਣ ਕਰਕੇ ਵਿਅੰਜਨਾ ਦੀ ਇੱਕ ਸੁਤੰਤਰ ਵ੍ਰਿਤੀ ਦੇ ਰੂਪ ਵਿੱਚ ਸਥਾਪਨਾ ਕੀਤੀ।[14]

ਆਚਾਰੀਆ ਮੰਮਟ ਨੇ ਸ਼ਬਦਾਰਥ ਨੂੰ ਕਾਵਿ ਦਾ ਸਰੀਰ, ਰਸ ਨੂੰ ਆਤਮਾ ਅਤੇ ਗੁਣਾ, ਅਲੰਕਾਰਾਂ ਨੂੰ ਕਾਵਿ ਦੇ ਉਤਕਰਸ਼ ਨੂੰ ਵਧਾਉਣ ਵਾਲਾ ਤੱਤ ਮੰਨਿਆਂ ਹੈ।[15]

ਮੰਮਟ ਨੇ ਧ੍ਵਨੀ ਸਿਧਾਂਤ ਦੇ ਪ੍ਰਸਾਰ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ। ਉਸਨੇ ਧ੍ਵਨੀ ਵਿਰੋਧੀਆਂ ਦੀਆਂ ਯੁਕਤੀਆਂ ਦਾ ਖੰਡਨ ਕੀਤਾ ਅਤੇ ਧ੍ਵਨੀ ਦੀ ਕਾਵਿ ਵਿੱਚ ਇੱਕ ਮਾਤਰ ਸੱਤਾ ਸਿੱਧ ਕੀਤੀ। ਉਸਨੇ ਕਾਵਿ ਵਿੱਚ ਵਿਅੰਗ ਦੀ ਮਾਤਰਾ ਦੇ ਹਿਸਾਬ ਨਾਲ ਕਾਵਿ ਦੇ ਤਿੰਨ ਭੇਦਾਂ ਦਾ ਵਰਨਣ ਕੀਤਾ, ਜਿਵੇਂ- ਧ੍ਵਨੀ ਕਾਵਿ (ਉੱਤਮ ਕਾਵਿ), ਗੁਣੀਭੂਤ ਵਿਅੰਗ (ਮੱਧਮ ਕਾਵਿ) ਅਤੇ ਚਿੱਤਰ ਕਾਵਿ (ਅਧਮ ਕਾਵਿ)।[16]

ਮੰਮਟ ਦੀ ਦੂਸਰੀ ਕ੍ਰਿਤ ਵੀ ਹੈ ਜਿਸਦਾ ਨਾਮ 'ਸ਼ਬਦਵਪਾਰਵਿਚਾਰ' ਹੈ।[17]

ਮੰਮਟ ਦੀਆਂ ਤਿੰਨ ਰਚਨਾਵਾਂ ਹਨ :-

  1. ਕਾਵਿਪ੍ਰਕਾਸ਼
  2. ਸ਼ਬਦਵਪਾਰਵਿਚਾਰ
  3. ਸੰਗੀਤਰਤਨਮਾਲਾ[18]

ਹਵਾਲੇ ਸੋਧੋ

  1. ਧਾਲੀਵਾਲ, ਡਾ. ਪ੍ਰੇਮ ਪ੍ਰਕਾਸ਼ ਸਿੰਘ (2018). ਭਾਰਤੀ ਕਾਵਿ-ਸ਼ਾਸਤ੍ਰ. ਪਟਿਆਲਾ: ਮਦਾਨ ਪਬਲੀਸ਼ਿੰਗ ਹਾਊਸ. p. 8.
  2. ਸ਼ਰਮਾ, ਪ੍ਰੋ. ਸ਼ੁਕਦੇਵ (2017). ਭਾਰਤੀ ਕਾਵਿ-ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 353. ISBN 978-81-302-0462-8.
  3. ਮੰਮਟ, ਆਚਾਰੀਆ (1981). ਕਾਵਿਪ੍ਰਕਾਸ਼ (ਪੰਜਾਬੀ ਅਨੁਵਾਦ). ਪਟਿਆਲਾ: ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ. p. 16.
  4. ਸ਼ਰਮਾ, ਪ੍ਰੋ. ਸ਼ੁਕਦੇਵ (2017). ਭਾਰਤੀ ਕਾਵਿ-ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ. p. 353. ISBN 978-81-302-0462-8.
  5. प्रो. धुंडिराज गोपाल (1971). आचार्य मंम्ट. इन्दौर: भारती प्रिण्टिंग प्रेस. p. 4.
  6. ਹੇਮਚੰਦ੍ਰ. ਕਾਵਿਆਨੁਸ਼ਾਸਨ. p. 109.
  7. ਰੁੱਯਕ. ਅਲੰਕਾਰਸਰਵਸਵ. p. 150.
  8. ਮੰਮਟ, ਆਚਾਰੀਆ (1981). ਕਾਵਿ ਪ੍ਰਕਾਸ਼ (ਪੰਜਾਬੀ ਅਨੁਵਾਦ). ਪਟਿਆਲਾ: ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ. p. 21.
  9. ਪ੍ਰੋ. ਦੁਨੀ ਚੰਦ (1972). ਸ਼੍ਰੀ ਵਿਸ਼ਵਨਾਥ ਕਵੀਰਾਜ ਕ੍ਰਿਤ ਸਾਹਿਤਯਦਰਪਣ ਦਾ ਪੰਜਾਬੀ ਅਨੁਵਾਦ. ਚੰਡੀਗੜ: ਪਬਲੀਕੇਸ਼ਨ ਬਿਉਰੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ. p. 12.
  10. ਰੁਚਕ. ਕਾਵਿਪ੍ਰਕਾਸ਼ (ਰੁਚਕ ਦੀ ਸੰਕੇਤ ਟੀਕਾ). p. 130.
  11. ਜਗਨਨਾਥ. ਰਸਗੰਗਾਧਰ (ਪਹਿਲਾ ਆਨਨ). pp. 220, 227, 355.
  12. मलिक, श्रीमती शकुन्तला (1996). संस्कृत साहित्य को कश्मीर का योगदान. दिल्ली: परिमल पब्लिकेशन्स, दिल्ली. p. 130.
  13. JHA, SUBHADRA (1963). History of Indian literature (VOL-III, Part-I). Delhi-6: Shri Jainendra Press. pp. 23, 24.{{cite book}}: CS1 maint: location (link)
  14. चौहान, शिवदान सिंह (2001). आलोचना के सिद्धांत. दिल्ली: स्वराज प्रकाशन. p. 61. ISBN 81-85999-35-X.
  15. रामप्रताप (2005). मम्मटोत्तरयुग मे भारतीय काव्यशास्त्र मे नूतन अवधारणाए. दिल्ली: ईस्टर्न बुक लिंकर्स. p. 5. ISBN 81-7854-060-6.
  16. ਜੱਗੀ, ਡਾ. ਗੁਰਸ਼ਰਨ ਕੌਰ (1994). ਭਾਰਤੀ ਕਾਵਿ ਸ਼ਾਸਤ੍ਰ ਸਰੂਪ ਤੇ ਸਿਧਾਂਤ. ਦਿੱਲੀ: ਆਰਸੀ ਪਬਲਿਸ਼ਰਜ. p. 112.
  17. Shukla, Pandit Ramadeva. KAVYALANKARA OF RUDRATA. Varanasi: Chaukhamba Surbharati Prakashan. p. 48.
  18. रामप्रताप (2005). मम्मटोत्तरयुग में भारतीय काव्यशास्त्र में नूतन अवधारणाएँ. दिल्ली: ईस्टर्न बुक लिंकर्स. p. 2. ISBN 81-7854-060-6.