ਇਸਲਾਮ ਅਤੇ ਸਿੱਖ ਧਰਮ
ਸਿੱਖੀ ਜਾਂ ਸਿੱਖ ਧਰਮ (ਸਿੱਖ ਦਾ ਮਤਲਬ, "ਸਿੱਖਣ ਵਾਲ਼ਾ")[lower-roman 1] ਇੱਕ ਭਾਰਤੀ ਧਰਮ ਹੈ,[1][2][3] ਜੋ 15ਵੀਂ ਸਦੀ ਵਿੱਚ ਭਾਰਤੀ ਉਪਮਹਾਂਦੀਪ ਦੇ ਪੰਜਾਬ ਖੇਤਰ[4] ਵਿੱਚ ਸ਼ੁਰੂ ਹੋਇਆ।[lower-roman 2][5] ਇਹ ਜਗਤ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ ਅਤੇ ਸਾਰੇ ਵਿਸ਼ਵਵਿਆਪੀ ਪ੍ਰਮੁੱਖਤਾ ਪ੍ਰਾਪਤ ਧਰਮਾਂ ਵਿੱਚੋਂ ਸਭ ਤੋਂ ਹਾਲੀਆ ਸਥਾਪਤ ਹੋਇਆ। ਸਿੱਖ ਪੰਥ ਨੂੰ ਮੰਨਣ ਵਾਲਿਆਂ ਦੀ ਗਿਣਤੀ ਲਗਭਗ 3 ਕਰੋੜ (ਜਾਂ 25–30 ਮਿਲੀਅਨ) ਹੈ, ਇਨ੍ਹਾਂ ਦਾ ਬਹੁਮਤ ਪੰਜਾਬ, ਭਾਰਤ ਵਿੱਚ ਰਹਿੰਦਾ ਹੈ।[6] ਸਿੱਖ ਧਰਮ ਦਾ ਅਧਿਆਤਮਕ ਆਧਾਰ ਸਿੱਖਾਂ ਦੇ ਦਸ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਹੈ, ਜੋ ਕਿ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ।[7][8][9] ਗੂਰੂ ਨਾਨਕ ਦੇਵ ਨੇ ਸਿੱਖ ਧਰਮ ਦੀ ਨੀਂਹ ਰੱਖੀ ਸੀ ਅਤੇ ਗੂਰੂ ਗੋਬਿੰਦ ਸਿੰਘ ਨੇ ਗੂਰੂ ਗ੍ਰੰਥ ਸਾਹਿਬ ਨੂੰ ਇਸਦੇ ਅੰਤਮ ਗੁਰੂ ਵਜੋਂ ਨਿਯੁਕਤ ਕਰਕੇ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਸਮਾਪਤ ਕੀਤਾ। ਗੁਰੂ ਨਾਨਕ ਦੀਆਂ ਪ੍ਰਮੁੱਖ ਸਿੱਖਿਆਵਾਂ ਵਿੱਚ ਸ਼ਾਮਲ ਹਨ: ਰੱਬ ਉੱਪਰ ਯਕੀਨ ਰੱਖਕੇ ਉਸਦਾ ਨਾਮ ਜਪਣਾ, ਮਨੁੱਖਤਾ ਵਿੱਚ ਇਤਫ਼ਾਕ ਨਾਲ਼ ਰਹਿਣਾ, ਖ਼ੁਦਗਰਜ਼ੀ ਤੋਂ ਵਾਂਝੇ ਰਹਿਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਮਨੁੱਖੀ ਹੱਕਾਂ 'ਤੇ ਡੱਟਕੇ ਪਹਿਰਾ ਦੇਣਾ, ਅਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲ਼ਾ ਜੀਵਨ ਜਿਉਣਾ। ਗੁਰੂ ਹਰਿਗੋਬਿੰਦ (ਛੇਵਾਂ ਗੁਰੂ) ਨੇ ਮੀਰੀ-ਪੀਰੀ ਦੀ ਧਾਰਨਾ ਨੂੰ ਸਥਾਪਤ ਕੀਤਾ ਜਿਸਦੇ ਅਧੀਨ ਦੋਵਾਂ ਅਸਥਾਈ ਜਾਂ ਰਾਜਨੀਤਕ ਅਧਿਕਾਰ (ਮੀਰੀ) ਅਤੇ ਅਧਿਆਤਮਕ ਸ਼ਕਤੀ (ਪੀਰੀ) ਨੂੰ ਸਮਾਨ ਮਹੱਤਤਾ ਪ੍ਰਾਪਤ ਹੋਈ।
ਸਿੱਖ ਪੰਥ ਦੇ ਦਰਸ਼ਨ ਨੂੰ ਗੁਰਮਤ ਕਿਹਾ ਜਾਂਦਾ ਹੈ, ਜਿਸਦਾ ਬੀਜ ਵਾਹਿਗੁਰੂ ਵਿੱਚ ਯਕੀਨ ਰੱਖਣਾ ਹੈ। ਗੁਰੂ ਗ੍ਰੰਥ ਸਾਹਿਬ ਮੂਲ ਮੰਤਰ ਨਾਲ ਸ਼ੁਰੂ ਕਰਦਾ ਹੈ ਜੋ ਇੱਕ ਓਅੰਕਾਰ (ੴ - ਇੱਕ ਰੱਬ) ਬਾਬਤ ਇੱਕ ਬੁਨਿਆਦੀ ਪ੍ਰਾਰਥਨਾ ਹੈ। ਸਿਰਜਣਹਾਰ ਦੇ ਵਿੱਚ ਵਿਸ਼ਵਾਸ ਅਤੇ ਉਸ ਦੇ ਨਾਮ ਦਾ ਸਿਮਰਨ, ਸਾਰੀ ਮਨੁੱਖਜਾਤੀ ਦੀ ਬ੍ਰਹਮ ਏਕਤਾ ਅਤੇ ਸਮਾਨਤਾ; ਸੇਵਾ ਵਿੱਚ ਰੁੱਝਣਾ ('ਨਿਰਸਵਾਰਥ ਸੇਵਾ'); ਸਾਰਿਆਂ ਦੇ ਹਿੱਤ ਚਾਹੁਣਾ; ਇਮਾਨਦਾਰ ਅਚਰਣ ਅਤੇ ਸਧਾਰਨ ਘਰੇਲੂ ਜੀਵਨ ਜਿਊਣਾ ਗੁਰੂ ਗ੍ਰੰਥ ਸਾਹਿਬ ਵਿੱਚ ਵਰਣਿਤ ਸਿੱਖ ਧਰਮ ਦੀਆਂ ਮੁੱਖ ਸਿੱਖਿਆਵਾਂ ਵਿੱਚ ਸ਼ਾਮਲ ਹਨ। ਇਸ ਕਰਕੇ, ਸਿੱਖ ਧਰਮ ਇਨ੍ਹਾਂ ਦਾਅਵਿਆਂ ਦੇ ਨਾਲ ਇਤਫ਼ਾਕ ਨਹੀਂ ਰੱਖਦਾ ਹੈ ਜਿਨ੍ਹਾਂ ਅਨੁਸਾਰ ਕਿਸੇ ਇੱਕ ਵਿਸ਼ੇਸ਼ ਧਾਰਮਿਕ ਪਰੰਪਰਾ ਦਾ ਪੂਰਨ ਸੱਚ 'ਤੇ ਏਕਾਧਿਕਾਰ ਹੈ। ਸਿੱਖ ਧਰਮ ਵਿੱਚ ਧਿਆਨ ਅਤੇ ਸਿਮਰਨ ਰੱਬ ਦੀ ਮੌਜੂਦਗੀ ਨੂੰ ਮਹਿਸੂਸ ਕਰਨ ਦੇ ਸਾਧਨ ਵਜੋਂ ਪ੍ਰਗਟ ਕੀਤੇ ਗਏ ਹਨ, ਇਸ ਕਰਕੇ ਇਨ੍ਹਾਂ ਨੂੰ ਸਿੱਖੀ ਦੇ ਸਭ ਤੋਂ ਮਹੱਤਵਪੂਰਨ ਅੰਗਾਂ ਵਿੱਚੋਂ ਗਿਣੇ ਜਾਂਦੇ ਹਨ ਜਿਨ੍ਹਾਂ ਦਾ ਅਧਿਆਤਮਕ ਅਭਿਆਸ ਕੀਰਤਨ ਅਤੇ ਨਾਮ ਜੱਪਣਾ ਵਜੋਂ ਕੀਤਾ ਜਾਂਦਾ ਹੈ। ਸਿੱਖ ਧਰਮ ਵੀ ਪੰਜ ਚੋਰਾਂ (ਕਾਮ, ਕ੍ਰੋਧ, ਲੋਭ, ਮੋਹ, ਅਤੇ ਹੰਕਾਰ) ਨੂੰ ਕਾਬੂ ਵਿੱਚ ਰੱਖਣ ਦੀ ਸਿੱਖਿਆ 'ਤੇ ਜ਼ੋਰ ਦਿੰਦਾ ਹੈ।
ਸਿੱਖ ਧਰਮ ਭਾਰਤੀ ਉਪਮਹਾਂਦੀਪ ਵਿੱਚ ਵਿਆਪਕ ਧਾਰਮਕ ਅਤਿਆਚਾਰ ਦੇ ਸਮੇਂ ਵਿੱਚ ਵਿਕਸਤ ਹੋਇਆ, ਅਤੇ ਇਸਨੇ ਦੋਵਾਂ ਹਿੰਦੂ ਅਤੇ ਮੁਸਲਮਾਨੀ ਧਰਮ ਦੇ ਪੈਰੋਕਾਰਾਂ ਨੂੰ ਅਕਰਸ਼ਤ ਕੀਤਾ। ਭਾਰਤ ਦੇ ਮੁਗਲ ਸ਼ਾਸਕਾਂ ਨੇ ਦੋ ਸਿੱਖ ਗੁਰੂਆਂ - ਗੁਰੂ ਅਰਜਨ ਦੇਵ (1563-1605) ਅਤੇ ਗੁਰੂ ਤੇਗ ਬਹਾਦਰ (1621-1675) ਨੂੰ ਤਸੀਹੇ ਦਿੱਤੇ ਅਤੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕਿਉਂਕਿ ਉਨ੍ਹਾਂ ਨੇ ਮੁਸਲਮਾਨੀ ਧਰਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ। ਸਿੱਖਾਂ ਉੱਪਰ ਅਤਿਆਚਾਰ ਦੀ ਵਜ੍ਹਾ 1699 ਵਿੱਚ ਗੁਰੂ ਗੋਬਿੰਦ ਸਿੰਘ ਦੁਆਰਾ ਧਾਰਮਕ ਅਜ਼ਾਦੀ ਦੀ ਰੱਖਿਆ ਕਰਨ ਹੇਤ ਖਾਲਸੇ ਦੀ ਸਥਾਪਨਾ ਕੀਤੀ ਗਈ, ਜਿਸਦੇ ਸਦੱਸ ਅੱਜ ਤੱਕ ਸੰਤ-ਸਿਪਾਹੀ ਹੋਣ ਦਾ ਉਦੇਸ਼ ਰੱਖਦੇ ਹਨ।