ਉਪਭਾਸ਼ਾ ਵਿਗਿਆਨ
ਉਪਭਾਸ਼ਾ ਵਿਗਿਆਨ (ਅੰਗਰੇਜ਼ੀ: Dialectology) ਉਪਭਾਸ਼ਾਵਾਂ ਦੇ ਵਿਗਿਆਨਕ ਅਧਿਐਨ ਨੂੰ ਕਿਹਾ ਜਾਂਦਾ ਹੈ। ਇਹ ਸਮਾਜੀ ਭਾਸ਼ਾ ਵਿਗਿਆਨ ਦਾ ਇੱਕ ਉਪਵਿਸ਼ਾ ਹੈ। ਇਹ ਭੂਗੋਲਕ ਵੰਡ ਦੇ ਆਧਾਰ ਉੱਤੇ ਭਾਸ਼ਾ ਵਿੱਚ ਆਉਂਦੇ ਵਖਰੇਵਿਆਂ ਦਾ ਅਧਿਐਨ ਕਰਦਾ ਹੈ। ਉਪਭਾਸ਼ਾ ਵਿਗਿਆਨ, ਭਾਸ਼ਾ ਵਿਗਿਆਨ ਦੀ ਇੱਕ ਸ਼ਾਖਾ ਹੈ। ਇਸ ਸਾਖਾ ਵਿੱਚ ਇਕੋ ਭਾਸ਼ਾ ਦੇ ਭਾਸ਼ਾਈ ਵਖਰੇਵਿਆਂ ਦਾ ਅਧਿਐਨ ਕੀਤਾ ਜਾਂਦਾ ਹੈ। ਭਾਸ਼ਾ ਵਿਗਿਆਨ ਦੇ ਸੰਕਲਪਾਂ ਨੂੰ ਅਧਾਰ ਬਣਾ ਕੇ ਉਪਭਾਸ਼ਾਵਾਂ ਦਾ ਤੁਲਨਾਤਮਕ ਅਤੇ ਬਣਤਰਾਤਮਕ ਅਧਿਐਨ ਕੀਤਾ ਜਾਂਦਾ ਹੈ। ਇੱਕ ਵੱਡੇ ਖੇਤਰ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਨਿੱਕੇ-ਨਿੱਕੇ ਖੇਤਰਾਂ ਵਿੱਚ ਵੰਡ ਕੇ ਵੇਖਿਆਂ ਪਤਾ ਚਲਦਾ ਹੈ ਕਿ ਇੱਕ ਖਿੱਤੇ ਦੀ ਭਾਸ਼ਾ ਦੂਜਿਆਂ ਖਿੱਤਿਆਂ ਨਾਲੋਂ ਅਲੱਗ ਹੈ ਅਤੇ ਸਮੁੱਚੇ ਖੇਤਰ ਦੀ ਭਾਸ਼ਾ ਨਾਲ ਸਾਂਝ ਤੇ ਵਖਰੇਵੇਂ ਹਨ। ਇਸੇ ਤੱਥ ਨੂੰ ਅਧਾਰ ਬਣਾ ਕੇ ਉਪਭਾਸ਼ਾ ਵਿਗਿਆਨ ਹੋਂਦ ਵਿੱਚ ਆਉਂਦਾ ਹੈ। ਭਾਸ਼ਾ ਤੇ ਉਪਭਾਸ਼ਾ ਅਤੇ ਉਪਭਾਸ਼ਾ ਤੇ ਦੂਜੀ ਉਪਭਾਸ਼ਾ ਵਿਚਲੇ ਵਖਰੇਵਿਆਂ ਦੇ ਕਾਰਨ, ਸਥਾਨਾਂ ਦੀ ਦੂਰੀ ਜਾਂ ਕੁਦਰਤੀ ਰੁਕਾਵਟਾਂ, ਘਣੇ ਜੰਗਲ, ਪਹਾੜ ਅਤੇ ਦਰਿਆ ਆਦਿ ਬਣਦੇ ਹਨ। ਇਨ੍ਹਾਂ ਕੁਦਰਤੀ ਰੁਕਾਵਟਾਂ ਕਾਰਨ ਦੋ ਖਿੱਤਿਆਂ ਵਿਚਲੇ ਲੋਕਾਂ ਦੀ ਪਰਸਪਰ ਸਾਂਝ ਘੱਟ ਜਾਂਦੀ ਹੈ ਜਿਸ ਕਰਕੇ ਇਨ੍ਹਾਂ ਦੋਹਾਂ ਵਿੱਚ ਭਾਸ਼ਾਈ ਰੂਪਾਂ ਦੇ ਪੱਧਰ ’ਤੇ ਵਖਰੇਵੇਂ ਹੁੰਦੇ ਹਨ। ਉਪਭਾਸ਼ਾ ਵਿਗਿਆਨ ਰਾਹੀਂ ਇਹ ਪਤਾ ਚਲਦਾ ਹੈ ਕਿ ਇੱਕ ਖਿੱਤੇ ਦੀ ਭਾਸ਼ਾ ਦੀ ਦੂਜੇ ਖਿੱਤੇ ਦੀ ਭਾਸ਼ਾ ਨਾਲ ਸਾਂਝ ਅਤੇ ਵਖਰੇਵੇਂ ਹਨ। ਇਸ ਕਰਕੇ ਉਪਭਾਸ਼ਾਵਾਂ ਦੀਆਂ ਵਿਆਕਰਨਾਂ ਲਿਖੀਆਂ ਗਈਆਂ। ਇਸ ਤੋਂ ਪਹਿਲਾਂ ਇਹ ਸਮਝਿਆ ਜਾਂਦਾ ਸੀ ਕਿ ਵਿਆਕਰਨ ਸਿਰਫ ਲਿਖਤੀ ਅਤੇ ਟਕਸਾਲੀ ਭਾਸ਼ਾ ਦੀ ਹੁੰਦੀ ਹੈ ਪਰ ਇਹ ਤੱਥ ਗਲਤ ਸਾਬਤ ਹੋਇਆ। ਉਪਭਾਸ਼ਾਵਾਂ ਵਿੱਚ ਵਿਆਕਰਨ ਅਤੇ ਸ਼ਬਦਾਵਲੀ ਦੇ ਪੱਧਰ ’ਤੇ ਵਖਰੇਵੇਂ ਹੁੰਦੇ ਹਨ ਪਰ ਇਹ ਵਖਰੇਵੇਂ ਇੰਨੇ ਜ਼ਿਆਦਾ ਨਹੀਂ ਹੁੰਦੇ ਕਿ ਦੋਹਾਂ ਨੂੰ ਵੱਖੋ-ਵੱਖਰੀਆਂ ਭਾਸ਼ਾਵਾਂ ਕਿਹਾ ਜਾ ਸਕੇ ਪਰ ਫਿਰ ਵੀ ਵਖਰੇਵੇਂ ਮੌਜੂਦ ਹੁੰਦੇ ਹਨ। ਸ਼ਬਦਾਵਲੀ ਦੇ ਪੱਖ ਤੋਂ ਇਹ ਵਖਰੇਵੇਂ ਸਭ ਤੋਂ ਜ਼ਿਆਦਾ ਹੁੰਦੇ ਹਨ। ਇਸ ਪੱਖ ਤੋਂ ਪੰਜਾਬੀ ਦੀਆਂ ਉਪਭਾਸ਼ਾਵਾਂ ਨੂੰ ਦੋ ਭਾਗਾਂ ਵਿੱਚ ਰੱਖ ਕੇ ਵੇਖਿਆ ਜਾ ਸਕਦਾ ਹੈ : ਪੂਰਬੀ ਪੰਜਾਬੀ ਤੇ ਪੱਛਮੀ ਪੰਜਾਬੀ। ਪੂਰਬੀ ਪੰਜਾਬੀ ਵਿੱਚ ਮਾਝੀ, ਮਲਵਈ, ਪੁਆਧੀ ਆਦਿ ਨੂੰ ਰੱਖਿਆ ਜਾਂਦਾ ਹੈ ਜਦੋਂ ਕਿ ਪੱਛਮੀ ਪੰਜਾਬੀ ਵਿੱਚ ਮੁਲਤਾਨੀ, ਪੋਠੋਹਾਰੀ, ਸਰਾਇਕੀ ਨੂੰ ਲਿਆ ਜਾ ਸਕਦਾ ਹੈ। ਇਨ੍ਹਾਂ ਦੋਹਾਂ ਪੰਜਾਬੀਆਂ ਵਿੱਚ ਮੁੱਢਲਾ ਅੰਤਰ ਸੁਰ ਦਾ ਹੈ। ਜਿੱਥੇ ਪੱਛਮੀ ਪੰਜਾਬੀ ਵਿੱਚ ਸਘੋਸ਼ ਮਹਾਂ-ਪੁਰਾਣ ਧੁਨੀਆਂ (ਘ ਝ ਢ ਧ ਤੇ ਭ) ਉਚਾਰੀਆਂ ਜਾਂਦੀਆਂ ਹਨ ਉਥੇ ਪੂਰਬੀ ਪੰਜਾਬੀ ਵਿੱਚ ਇਨ੍ਹਾਂ ਦੀ ਥਾਂ ਸੁਰ ਨੇ ਲੈ ਲਈ ਹੈ। ਇਸ ਕਰਕੇ ਜਾਰਜ ਗਰੀਅਰਸਨ ਨੇ ਇਨ੍ਹਾਂ ਦਾ ਸਰੋਤ ਵੱਖੋ-ਵੱਖਰਾ ਮੰਨਿਆ ਹੈ ਪਰ ਇਹ ਉਪਭਾਸ਼ਾਈ ਵਖਰੇਵੇਂ ਹਨ, ਭਾਸ਼ਾਈ ਨਹੀਂ। ਨਕਸ਼ਿਆਂ, ਐਟਲਸਾਂ ਅਤੇ ਆਈਸੋਗਲਾਸਿਜ਼ ਰੇਖਾਵਾਂ ਦੀ ਮਦਦ ਨਾਲ ਇਨ੍ਹਾਂ ਵਖਰੇਵਿਆਂ ਦੀ ਸਥਿਤੀ ਨੂੰ ਵੇਖਿਆ ਜਾ ਸਕਦਾ ਹੈ। ਇਨ੍ਹਾਂ ਦੀ ਮਦਦ ਨਾਲ ਉਪਭਾਸ਼ਾਵਾਂ ਦੀ ਨਿਸ਼ਾਨਦੇਹੀ ਕੀਤੀ ਜਾਂਦੀ ਹੈ ਅਤੇ ਉਪਭਾਸ਼ਾਵਾਂ ਦੀ ਹੱਦਬੰਦੀ ਸੰਭਵ ਹੁੰਦੀ ਹੈ। ਇਸ ਵਿਗਿਆਨ ਦੇ ਤਹਿਤ ਹਰ ਉਪਭਾਸ਼ਾ ਦੀ ਵਿਆਕਰਨ ਤਿਆਰ ਕੀਤੀ ਜਾਂਦੀ ਹੈ ਅਤੇ ਸ਼ਬਦਾਵਲੀ ਦੀ ਲਿਸਟ ਬਣਾਈ ਜਾਂਦੀ ਹੈ ਕਿਉਂਕਿ ਇਹ ਉਪਭਾਸ਼ਾਵਾਂ ਆਮ ਤੌਰ ’ਤੇ ਬੋਲਚਾਲ ਲਈ ਹੀ ਵਰਤੀਆਂ ਜਾਂਦੀਆਂ ਹਨ। ਉਪਭਾਸ਼ਾ ਵਿਗਿਆਨ ਦੀ ਮਦਦ ਨਾਲ ਪਤਾ ਚਲਦਾ ਹੈ ਕਿ ਇੱਕ ਉਪਭਾਸ਼ਾ ਵਿੱਚ ਭਾਸ਼ਾ ਬਣਨ ਦੀ ਸਮਰੱਥਾ ਹੁੰਦੀ ਹੈ ਜਿਵੇਂ ਪੰਜਾਬੀ ਦੀ ਟਕਸਾਲੀ ਭਾਸ਼ਾ ਦਾ ਅਧਾਰ ਇੱਕ ਉਪਭਾਸ਼ਾ ਮਾਝੀ ਹੈ। ਉਪਭਾਸ਼ਾ ਵਿਗਿਆਨ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਉਪਭਾਸ਼ਾ ਊਣੀ ਜਾਂ ਹੀਣੀ ਨਹੀਂ ਹੁੰਦੀ ਸਗੋਂ ਕਈ ਵਾਰ ਭਾਸ਼ਾ ਨਾਲੋਂ ਵੀ ਵੱਧ ਸਮਰੱਥਾ ਵਾਲੀ ਹੁੰਦੀ ਹੈ।
ਇਤਿਹਾਸ
ਸੋਧੋਪੰਜਾਬੀ ਵਿੱਚ ਉਪਭਾਸ਼ਾ ਵਿਗਿਆਨ ਪੱਛਮੀ ਅਧਿਐਨ ਦੇ ਪ੍ਰਭਾਵ ਹੇਠ ਸ਼ੁਰੂ ਹੋਇਆ। ਪੰਜਾਬੀ ਦੀਆਂ ਉਪਭਾਸ਼ਾਵਾਂ ਦਾ ਅਧਿਐਨ ਯੂਰਪੀ ਵਿਦਵਾਨਾਂ ਦੇ ਆਉਣ ਨਾਲ ਹੀ ਸ਼ੁਰੂ ਹੋਇਆ।
ਆਪਸੀ ਸਮਝਣਯੋਗਤਾ
ਸੋਧੋਭਾਸ਼ਾ ਨੂੰ ਆਪਸੀ ਸਮਝਣਯੋਗਤਾ ਰੱਖਣ ਵਾਲੀਆਂ ਉਪਭਾਸ਼ਾਵਾਂ ਦਾ ਸਮੂਹ ਕਿਹਾ ਜਾਂਦਾ ਹੈ।[1] ਇਸ ਲਿਹਾਜ਼ ਨਾਲ ਵੇਖਿਆ ਜਾਵੇ ਤਾਂ ਮਾਝੀ, ਮਲਵਈ, ਪੁਆਧੀ, ਮੁਲਤਾਨੀ ਆਦਿ ਪੰਜਾਬੀ ਦੀਆਂ ਉਪਭਾਸ਼ਾਵਾਂ ਹਨ[2] ਅਤੇ ਇਹਨਾਂ ਦੇ ਬੁਲਾਰੇ ਇੱਕ ਦੂਜੇ ਨੂੰ ਸਮਝ ਸਕਦੇ ਹਨ। ਪਰ ਇਸ ਦੇ ਉਲਟ ਸਪੇਨੀ ਅਤੇ ਇਤਾਲਵੀ ਦੋ ਵੱਖ-ਵੱਖ ਭਾਸ਼ਾਵਾਂ ਭਾਵੇਂ ਕਿ ਇਹਨਾਂ ਦੇ ਬੁਲਾਰੇ ਆਮ ਹਾਲਤਾਂ ਵਿੱਚ ਇੱਕ ਦੂਜੇ ਨੂੰ ਸਮਝ ਸਕਦੇ ਹਨ। ਇਸੀ ਤਰ੍ਹਾਂ ਜਰਮਨ ਨੂੰ ਇੱਕ ਭਾਸ਼ਾ ਮੰਨਿਆ ਜਾਂਦਾ ਹੈ ਪਰ ਇਸ ਦੀਆਂ ਕੁਝ ਉਪਭਾਸ਼ਾਵਾਂ ਵਿੱਚ ਆਪਸੀ ਸਮਝਣਯੋਗਤਾ ਨਹੀਂ ਹੈ ਭਾਵ ਕੁਝ ਉਪਭਾਸ਼ਾਵਾਂ ਦੇ ਬੁਲਾਰੇ ਇੱਕ ਦੂਜੇ ਨੂੰ ਸਮਝ ਨਹੀਂ ਸਕਦੇ।[3]
ਹਵਾਲੇ
ਸੋਧੋ- ↑ R. A. Hudson (1996). Sociolinguistics. Cambridge University Press. pp. 34-35.
- ↑ ਡਾ. ਪ੍ਰੇਮ ਪ੍ਰਕਾਸ਼ ਸਿੰਘ (2015). ਸਿਧਾਂਤਕ ਭਾਸ਼ਾ ਵਿਗਿਆਨ. ਮਦਾਨ ਪਬਲੀਕੇਸ਼ਨਜ਼ ਪਟਿਆਲਾ. pp. 231–232.
- ↑ J. K. Chambers, Peter Trudgill (1998). Dialectology. Cambridge University Press. pp. 3–4.