ਔਚਿੱਤ ਸਿਧਾਂਤ ਭਾਰਤੀ ਕਾਵਿ-ਸ਼ਾਸਤਰ ਵਿੱਚ ਇੱਕ ਸਿਧਾਂਤ ਹੈ ਜਿਸ ਵਿੱਚ ਕਾਵਿ(ਸਾਹਿਤ) ਦੀ ਆਤਮਾ ਇਸ ਦੇ ਸਾਰੇ ਅੰਗਾਂ ਦੀ ਉੱਚਿਤ ਵਰਤੋਂ ਵਿੱਚ ਮੰਨੀ ਗਈ ਹੈ। ਆਚਾਰੀਆ ਕਸ਼ੇਮੇਂਦਰ ਨੇ ਆਪਣੀ ਸ਼ਾਹਕਾਰ ਪੁਸਤਕ "ਔਚਿਤਯ ਵਿਚਾਰ ਚਰਚਾ" ਵਿੱਚ ਔਚਿੱਤ ਸਿਧਾਂਤ ਨੂੰ ਸਥਾਪਿਤ ਕੀਤਾ ਹੈ।[1]

ਔਚਿੱਤ ਦੇ ਭੇਦ

ਸੋਧੋ

ਕਸ਼ੇਮੇਂਦਰ ਨੇ ਉਚਿਤਤਾ ਜਾਂ ਔਚਿੱਤ ਦੇ 27 ਭੇਦ ਦੱਸੇ ਹਨ। ਵਿਦਵਾਨਾਂ ਨੇ ਇਹਨਾਂ 27 ਭੇਦਾਂ ਨੂੰ ਹੇਠਲੀਆਂ 4 ਸ਼੍ਰੇਣੀਆਂ ਵਿੱਚ ਵੰਡਿਆ ਹੈ:-

  1. ਸ਼ਬਦ-ਵਿਗਿਆਨ: ਪਦ, ਵਾਕ, ਕ੍ਰਿਆ, ਕਾਰਕ, ਲਿੰਗ, ਵਚਨ, ਵਿਸ਼ੇਸ਼ਣ, ਉਪਸਰਗ, ਨਿਪਾਤ
  2. ਕਾਵਿ-ਸ਼ਾਸਤਰੀ: ਪ੍ਰਬੰਧ-ਅਰਥ, ਗੁਣ ਅਲੰਕਾਰ, ਰਸ, ਸਾਰ-ਸੰਗ੍ਰਹਿ, ਤੱਤਵ, ਆਸ਼ੀਰਵਾਦ, ਨਾਮ
  3. ਚਰਿਤਰ-ਚਿਤਰਨ: ਵ੍ਰਤ, ਸੱਤਵ, ਅਭਿਪ੍ਰਾਏ, ਸੁਭਾ, ਪ੍ਰਤਿਭਾ, ਵਿਚਾਰ
  4. ਪਰਿਸਥਿਤੀ-ਵਰਣਨ: ਕਾਲ, ਦੇਸ਼, ਕੁਲ, ਅਵਸਥਾ

ਔਚਿਤਯ ਦੇ ਕਾਵਿ-ਆਤਮਤੱਵ ਦੀ ਸਮੀਖਿਆ:-[2]

ਸੋਧੋ

ਆਚਾਰੀਆ ਕਸ਼ੇਮੇਂਦੂ ਨੇ ਲੋਕ - ਮਰਯਾਦਾ ਦੇ ਆਧਾਰ ' ਤੇ ਔਚਿਤਯ ' ਨੂੰ ਕਾਵਿ ਦੀ ਆਤਮਾ ਅਥਵਾ ਜੀਵਿਤ ਪ੍ਰਤਿਪਾਦਿਤ ਕੀਤਾ ਹੈ । ਜਿਸ ਤਰ੍ਹਾਂ ਲਈ ਔਚਿਤਯ ਦਾ ਨਿਰਵਾਹ ਕਰਨਾ ਅਤਿਜ਼ਰੂਰੀ ਹੁੰਦਾ ਹੈ ; ਉਸੇ ਤਰ੍ਹਾਂ ਕਾਵਿ ਦੀ ਮਰਯਾਦਾ ਅਤੇ ਉਸ ਵਿੱਚ ਚਮਤਕਾਰ ਜਾਂ ਆਨੰਦ ਪੈਦਾ ਕਰਨ ਲਈ ਔਚਿਤਯ ਦਾ ਪਾਲਨ ਕਰਨਾ ਵੀ ਬਹੁਤ ਆਵਸ਼ਕ ਹੈ । ਕਾਵਿ ’ ਚ ਰਸ , ਗੁਣ , ਅਲੰਕਾਰ ਆਦਿ ਦਾ ਨਿਯੋਜਨ ਕਰਨ ’ ਚ ਔਚਿਤਯ ਦੀ ਮਰਯਾਦਾ ਦਾ ਪਾਲਨ ਕਰਨਾ ਇਸ ਲਈ ਜ਼ਰੂਰੀ ਹੈ ਕਿ ਔਚਿਤਯ ਤੋਂ ਬਿਨਾਂ ਕਾਵਿ ਦੀਆਂ ਵਿਸ਼ੇਸ਼ਤਾਵਾਂ ਅਤੇ ਸਾਰੇ ਗੁਣ ਨਿਰਰਥਕ ਜਾਪਦੇ ਹਨ । ਕਸ਼ੇਮੇਂਦਰ ਦੀ ਧਾਰਨਾ ਹੈ ਕਿ ਔਚਿਤਯ ਹੀ ਸਾਰੇ ਸੰਸਾਰ ` ਚ ਵਿਆਪਤ ਹੈ ; ਇਸੇ ਕਰਕੇ ਇਹ ਕਾਵਿ ਦੇ ਹਰੇਕ ਅੰਗ ਵਿੱਚ ਵੀ ਵਿਆਪਤ ਹੈ । ਸੋ , ਇਸਨੂੰ ਕਾਵਿ ਦਾ ਜੀਵਿਤ ( ਪ੍ਰਾਣ ) ਮੰਨ ਲੈਣਾ ਚਾਹੀਦਾ ਹੈ । ਜਿਸ ਤਰ੍ਹਾਂ ਲੋਕ - ਵਿਵਹਾਰ ’ ਚ ਔਚਿਤਯ ਦਾ ਪਾਲਨ ਨਾ ਕਰਨ ਵਾਲਾ ਮਨੁੱਖ ਸਾਰਿਆਂ ਦੇ ਮਖੌਲ ਅਤੇ ਅਪਮਾਨ ਦਾ ਪਾਤ੍ਰ ਬਣ ਜਾਂਦਾ ਹੈ , ਉਸੇ ਤਰ੍ਹਾਂ ਕਾਵਿ ਵਿੱਚ ਵੀ ਔਚਿਤਯ ਦਾ ਪਾਲਨ ਨਾ ਹੋਣ ' ਤੇ ਉਹ ਕਾਵਿ ਵੀ ਵਿਦਵਾਨਾਂ ਦੀ ਸਭਾ ਚ ਉਪਹਾਸ ਦਾ ਹੀ ਪਾਤਰ ਬਣਦਾ ਹੈ ।

ਆਚਾਰੀਆ ਕਸ਼ੇਮੇਂਦਰ ਨੇ ਅਨੇਕਾਂ ਦਲੀਲਾਂ ਰਾਹੀਂ ਕਾਵਿ ਦੀ ਆਤਮਾ ਦੇ ਰੂਪ ' ਚ ਔਚਿਤਯ ਦੀ ਵਿਵਸਥਾ ਤਾਂ ਜ਼ਰੂਰ ਕੀਤੀ ਹੈ , ਪਰੰਤੂ ਇੰਨੇ ਨਾਲ ਹੀ ਔਚਿਤਯ ਦਾ ਕਾਵਿਆਤਮਤਵ ਸਿੱਧ ਨਹੀਂ ਹੋ ਜਾਂਦਾ ਹੈ । ਚਾਹੇ ਪ੍ਰਾਚੀਨ ਭਾਰਤੀ ਕਾਵਿ - ਸ਼ਾਸਤਰ ਦੇ ਸਾਰਿਆਂ ਆਚਾਰੀਆਂ ਨੇ “ ਔਚਿਤਯ ' ਨੂੰ ਕਾਵਿ ਦਾ ਅਨਿਵਾਰਯ ਤੱਤ ਤਾਂ ਜ਼ਰੂਰ ਮੰਨਿਆ ਹੈ , ਪਰ ਉਹ ਕਾਵਿ ਦੀ ਆਤਮਾ ਨਹੀਂ ਹੋ ਸਕਦਾ ਕਿਉਂਕਿ ਇਸਦੇ ਬਿਨਾਂ ਵੀ ਕਾਵਿ ’ ਚ ਕਾਵਿਤੱਵ ਵਿਦਮਾਨ ਰਹਿ ਸਕਦਾ ਹੈ । ਇੱਥੇ ਇਸ ਗੱਲ ਦਾ ਨਿਰਣੈ ਕਰਨਾ ਪਵੇਗਾ ਕਿ ਕਾਵਿ ਦੇ ਉਤਕਰਸ਼ ਲਈ ਔਚਿਤਯ ਸਾਧਨ ( ਕਾਰਣ ) ਹੈ ਜਾਂ ਸਾਧਯ ( ਕਾਰਯ ) ? ਜੇ ਔਚਿਤਯ ਸਾਧਯ ਹੈ ਤਾਂ ਇਸਨੂੰ ਕਾਵਿ ਦੀ ਆਤਮਾ ਸਵੀਕਾਰ ਕੀਤਾ ਜਾ ਸਕਦਾ ਹੈ , ਨਹੀਂ ਤਾਂ ਇਹ ਕਾਵਿ ਦੀ ਆਤਮਾ ਹੋਣ ਦੀ ਬਜਾਏ ਕਾਵਿ ਦੇ ਸਾਧਯ ਆਤਮ - ਤੱਤ` ਦੇ ਉਤਕਰਸ਼ ਦਾ ਸਾਧਨ ਮਾਤਰ ਹੈ । ਕਵੀ ਕਾਵਿ ਦੀ ਰਚਨਾ ਸੁਹਿਰਦ ਨੂੰ ਰਸ ਦੀ ( ਆਨੰਦ ਦੇਣ ਵਾਲੀ ) ਅਨੁਭੂਤੀ ਕਰਵਾਉਣ ਲਈ ਕਰਦਾ ਹੈ , ਸਿਰਫ਼ ਕਲਪਨਾ ਲਈ ਨਹੀਂ । ਅਸਲ ਚ ਔਚਿਤਯ ‘ ਰਸ ਦੇ ਉਤਕਰਸ਼ ਦਾ ਕਾਰਣ ਜ਼ਰੂਰ ਹੈ , ਪਰ ਔਚਿਤਯ ਹੀ ਕਵੀ ਦਾ ਸਾਧਯ ਅਥਵਾ ਉੱਦੇਸ਼ ਨਹੀਂ ਹੁੰਦਾ ਹੈ । ਸਪਸ਼ਟ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਕਿ ਸਿਰਫ ਸੁਹਿਰਦ ਜਾਂ ਪਾਠਕ ਨੂੰ ਰਸ ਦੀ ਅਨੁਭੂਤੀ ਕਰਵਾਉਣ ਲਈ ਹੀ ਔਚਿਤਯ ਦੀ ਅਨਿਵਾਰਤਾ ਹੁੰਦੀ ਹੈ , ਔਚਿਤਯ ਦੇ ਨਿਰਵਾਹ ਲਈ ਰਸ ਆਦਿ ਦੀ ਨਹੀਂ । ਇਸ ਲਈ ਕਾਵਿ ’ ਚ ਔਚਿਤਯ ਦੀ ਬਜਾਏ ‘ ਰਸ ’ ਦੀ ਹੀ ਪ੍ਰਧਾਨਤਾ ਰਹਿੰਦੀ ਹੈ ।

ਆਚਾਰੀਆ ਕਸ਼ੇਮੇਂਦੇਰ ਨੇ ਔਚਿਤਯ ਨੂੰ ਰਸਸਿੱਧ ਕਾਵਿ ਦਾ ਜੀਵਿਤ ਪ੍ਰਤਿਪਾਦਿਤ ਕਰਦੇ ਹੋਏ ਕਿਹਾ ਹੈ ਕਿ , “ ਜਿਸ ਤਰ੍ਹਾਂ ਉਚਿਤ ਰੂਪ ' ਚ ‘ ਧਾਤੂਵਾਦਰਸਸਿੱਧ ’ ( ਅਰਥਾਤ ਪਾਰੇ ਰੂਪ ਰਸ ਤੋਂ ਸਿੱਧ ) ਦਵਾਈ ਦਾ ਪ੍ਰਯੋਗ ਸ਼ਰੀਰ ` ਚ ਜੀਵਨ ਨੂੰ ਸਥਿਰ ਰੱਖਦਾ ਹੈ ; ਉਸੇ ਤਰ੍ਹਾਂ ਸ਼ਿੰਗਾਰ ਆਦਿ ਰਸਾਂ ਤੋਂ ਸਿੱਧ ਕਾਵਿ ’ ਚ ਔਚਿਤਯ ਕਾਵਿ ਦੇ ਜੀਵਨ ਨੂੰ ਸਥਿਰ ਰੱਖਦਾ ਹੈ । ਕਸ਼ੇਮੇਂਦਰ ਦਾ ਇਹ ਕਥਨ ਹੀ ਆਪਣੇ - ਆਪ ਸਿੱਧ ਕਰਦਾ ਹੈ ਕਿ ਕਾਵਿ ਦਾ ਜੀਵਿਤ ਕੋਈ ਦੂਜਾ ਤੱਤ ਹੈ ਅਤੇ ਔਚਿਤਯ ਉਸ ਜੀਵਿਤ ਨੂੰ ਸਥਿਰ ਰੱਖਣ ਵਾਲਾ ਤੱਤ ਹੈ । ਹੋਰ ਸਪਸ਼ਟ ਸ਼ਬਦਾਂ ' ਚ , ਜਿਵੇਂ ਪਾਰਦ ( ਪਾਰੇ ) - ਰਸ ਤੋਂ ਸਿੱਧ ( ਬਣੀ ਹੋਈ ) ਦਵਾਈ ਜੀਵਨ ਨਹੀਂ ਬਲਕਿ ਜੀਵਨ ਨੂੰ ਸਥਿਰ ਰੱਖਣ ਵਾਲੀ ਵਸਤੂ ਹੈ , ਉਸੇ ਤਰ੍ਹਾਂ ਕਾਵਿ ਦਾ ਜੀਵਨ ਤਾਂ ਰਸਧੁਨੀ ਹੈ ਅਤੇ ਔਚਿਤਯ ਉਸਨੂੰ ਸਥਿਰ ਰੱਖਣ ਵਾਲਾ ਤੱਤ ਹੈ । ਜਾਪਦਾ ਹੈ ਕਿ ਕਸ਼ੇਮੇਂਦਰ ਕਾਵਿ ਦੇ ਬਾਹਰਲੇ ਖੇਤਰ ਤੱਕ ਹੀ ਸੀਮਿਤ ਰਹੇ ਅਤੇ ਕਾਵਿ ਦੇ ਅੰਤਰੰਗ ਤੱਤ ਰਸਧੁਨੀ ਨੂੰ ਜਾਣਦੇ ਹੋਏ ਵੀ ਉਸਦੇ ਮਹਤੱਵ ਨੂੰ ਪ੍ਰਤਿਪਾਦਿਤ ਨਹੀਂ ਕਰ ਸਕੇ ਹਨ । ਅਸਲ ` ਚ ‘ ਰਸਧੁਨੀ` ਹੀ ਕਾਵਿ ਦੀ ਆਤਮਾ ਹੈ ; ਇਹੋ ਇੱਕ ਮਾਤ੍ਰ ਸਾਧਯ ਹੈ । ‘ ਰਸ ’ ਦੇ ਉਤਕਰਸ਼ ਦਾ ਸਾਧਨ ਹੋਣ ਕਰਕੇ ‘ ਔਚਿਤਯ ਉਸਦਾ ਸਿਰਫ਼ ਅੰਗ ਹੈ ਅਰਥਾਤ ਅਪ੍ਰਧਾਨ ਤੱਤ ਹੈ । ਇਸ ਲਈ ‘ ਔਚਿਤਯ` ਕਾਵਿ ਦੀ ਆਤਮਾ ਦੇ ਪਦ ’ ਤੇ ਵਿਰਾਜਮਾਨ ਨਹੀਂ ਹੋ ਸਕਦਾ ਹੈ ।

ਹਵਾਲੇ

ਸੋਧੋ
  1. ਡਾ. ਪ੍ਰੇਮ ਪ੍ਰਕਾਸ਼ ਧਾਲੀਵਾਲ (2012). ਭਾਰਤੀ ਕਾਵਿ-ਸ਼ਾਸਤ੍ਰ. ਮਦਾਨ ਪਬਲੀਕੇਸ਼ਨ, ਪਟਿਆਲਾ. pp. 178–179.
  2. ਸ਼ਰਮਾ, ਪ੍ਰੋ. ਸ਼ੁਕਦੇਵ ਸ਼ਰਮਾ (2017). ਭਾਰਤੀ ਕਾਵਿ ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. pp. 252, 253. ISBN 978-81-302-0462-8.