ਕਾਲੋਕੇ

(ਕਲੋਕੇ ਤੋਂ ਮੋੜਿਆ ਗਿਆ)

ਕਲੋਕੇ, ਪੰਜਾਬ ਵਿੱਚ ਬਠਿੰਡੇ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਤਹਿਸੀਲ ਫੂਲ ਦੇ ਅਧੀਨ ਆਉਂਦਾ ਹੈ।[1][2] ਪਿੰਡ ਕਾਲੋਕੇ ਰਾਮਪੁਰਾ ਫੂਲ ਤੋਂ ਲਗਪਗ 13 ਕਿਲੋਮੀਟਰ ਉੱਤਰ ਵੱਲ ਰਾਮਪੁਰਾ-ਸਲਾਬਤਪੁਰਾ ਮੁੱਖ ਸੜਕ ਤੋਂ ਇੱਕ ਕਿਲੋਮੀਟਰ ਹਟਵਾਂ ਹੈ। 2011 ਦੀ ਜਨਗਣਨਾ ਮੁਤਾਬਕ 170 ਘਰਾਂ ਵਾਲੇ ਪਿੰਡ ਦੀ ਆਬਾਦੀ 946 ਹੈ। ਪੁਰਸ਼ਾਂ ਦੀ ਗਿਣਤੀ 511 ਅਤੇ ਇਸਤਰੀਆਂ ਦੀ ਗਿਣਤੀ 435 ਹੈ। ਸਾਖ਼ਰਤਾ ਦਰ 65% ਹੈ ਜੋ ਕੌਮੀ ਪੱਧਰ ਦੀ ਦਰ ਤੋਂ ਤਕਰੀਬਨ 11% ਘੱਟ ਹੈ। ਇਸ ਪਿੰਡ ਵਿੱਚ ਇੱਕ ਡਾਕ ਘਰ ਹੈ। ਪਿੰਡ ਦਾ ਪ੍ਰਾਇਮਰੀ ਸਕੂਲ 1958 ਵਿੱਚ ਬਣਿਆ ਸੀ। ਇਹ ਸਕੂਲ ਅਪਗਰੇਡ ਨਹੀਂ ਹੋ ਸਕਿਆ। ਪਿੰਡ ਦੇ ਬੱਚਿਆਂ ਨੂੰ ਅਗਲੀ ਪੜ੍ਹਾਈ ਲਈ ਸੇਲਬਰਾਹ ਜਾਂ ਹਰਨਾਮ ਸਿੰਘ ਵਾਲਾ ਜਾਣਾ ਪੈਂਦਾ ਹੈ।

ਕਾਲੋਕੇ
ਸਮਾਂ ਖੇਤਰਯੂਟੀਸੀ+5:30
ਵਾਹਨ ਰਜਿਸਟ੍ਰੇਸ਼ਨPB 03, PB 40

ਪਿੰਡ ਬਾਰੇ

ਸੋਧੋ

ਇਹ ਪਿੰਡ ਲੜਾਈ-ਝਗੜਿਆਂ ਤੋਂ ਇਸ ਕਦਰ ਬਚਿਆ ਹੋਇਆ ਹੈ ਕਿ ਇਸ ਪਿੰਡ ਦੇ ਥਾਣੇ ਵਿੱਚ ਅਜਿਹਾ ਕੋਈ ਵੀ ਕੇਸ ਦਰਜ ਨਹੀਂ ਹੋਇਆ ਹੈ। ਇਹ ਆਪਣੇ-ਆਪ ਵਿੱਚ ਰਿਕਾਰਡ ਹੋਣ ਦੇ ਨਾਲ ਦੂਜੇ ਪਿੰਡਾਂ ਦੇ ਲੋਕਾਂ ਲਈ ਸੇਧ ਵਾਲੀ ਗੱਲ ਹੈ। ਇਸ ਲਈ ਇਸ ਪਿੰਡ ਨੂੰ 2000 ਵਿੱਚ ਡਾਇਰੈਕਟਰ ਜਨਰਲ ਪੰਜਾਬ ਵੱਲੋਂ ਸਨਮਾਨ ਵੀ ਹਾਸਲ ਹੋ ਚੁੱਕਿਆ ਹੈ ਅਤੇ 2010 ਵਿੱਚ ਪੰਚਾਇਤ ਨੂੰ ਵਧੀਆ ਸੇਵਾਵਾਂ ਦਾ ਮਾਣ ਵੀ ਮਿਲਿਆ ਹੈ।

ਕਿਸੇ ਸਮੇਂ ਟਿੱਬਿਆਂ ਦੇ ਵਿਚਕਾਰ ਵਸਿਆ ਇਹ ਪਿੰਡ ਹੁਣ ਜਰਖੇਜ਼ ਜ਼ਮੀਨ ਵਾਲਾ ਬਣ ਚੁੱਕਾ ਹੈ। ਕਦੇ ਛੋਲੇ, ਸਰ੍ਹੋਂ, ਜੌਂ, ਬਾਜਰਾ ਤੇ ਮੋਠਾਂ ਦੀ ਸਰਦਾਰੀ ਹੁੰਦੀ ਸੀ ਪਰ ਹੁਣ ਝੋਨੇ ਅਤੇ ਕਣਕ ਤੋਂ ਇਲਾਵਾ ਹੋਰ ਫ਼ਸਲਾਂ ਘੱਟ ਹੀ ਦਿਖਾਈ ਦਿੰਦੀਆਂ ਹਨ। ਉਂਜ ਖੁੱਲ੍ਹੇ ਅਤੇ ਚੌੜੇ ਘਰਾਂ ਵਾਲੇ ਇਸ ਪਿੰਡ ਦੀ ਦਿੱਖ ਬਹੁਤ ਸੁੰਦਰ ਹੈ। ਪਿੰਡ ਛੋਟਾ ਹੋਣ ਕਰਕੇ ਪਾਣੀ ਦੀ ਨਿਕਾਸੀ ਦੀ ਕੋਈ ਸਮੱਸਿਆ ਨਹੀਂ ਹੈ।

ਪਿੰਡ ਦਾ ਇਤਿਹਾਸ

ਸੋਧੋ

ਫੂਲਕੀਆ ਰਿਆਸਤ ਦੇ ਬਾਨੀ ਬਾਬਾ ਫੂਲ ਦੀ ਮੌਤ ਹੋਈ ਤਾਂ ਵੱਡੀ ਮਾਈ ਬਾਲੀ ਆਪਣੇ ਪੇਕੇ ਢਿੱਲਵੀਂ ਰਹਿੰਦੀ ਸੀ ਅਤੇ ਛੋਟੀ ਮਾਈ ਰੱਜੀ ਆਪਣੇ ਚਾਰੇ ਪੁੱਤਰਾਂ ਸਮੇਤ ਫੂਲ ਵਿੱਚ ਹੀ ਰਹਿੰਦੀ ਸੀ। ਮਾਈ ਬਾਲੀ ਦੇ ਤਿੰਨੋਂ ਪੁੱਤਰ ਜਵਾਨ ਸਨ, ਉਹ ਵਾਪਸ ਫੂਲ ਆ ਗਏ। ਦੋਨੋਂ ਮਾਈਆਂ ਵਿੱਚ ਕਲੇਸ਼ ਰਹਿਣ ਲੱਗ ਪਿਆ। ਕਲੇਸ਼ ਮੁੱਕਦਾ ਨਾ ਦੇਖ ਮਾਈ ਰੱਜੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਬੈਰਾੜਕੀ ਦੀ ਹੱਦ ’ਤੇ ਸੇਲਬਰਾਹ ਦੇ ਪਾਸ ਇੱਕ ਥੇਹ ’ਤੇ ਜਾ ਬੈਠੀ। ਇੱਥੋਂ ਹੀ ‘ਕੋਲੇ-ਕੋਲੇ’ ਹੋਣ ਕਰਕੇ ਇਸ ਦਾ ਨਾਂ ਵਿਗੜ ਕੇ ਕਾਲੋਕੇ ਪੈ ਗਿਆ ਪਰ ਮਾਈ ਕਾਲੋਕੇ ਨੂੰ ਵੀ ਛੱਡ ਕੇ ਆਪਣੀ ਭੈਣ ਕੋਲ ਸੁਖਨੰਦ ਚਲੀ ਗਈ ਅਤੇ ਉਸ ਤੋਂ ਬਾਅਦ ਕਾਫ਼ੀ ਸਮੇਂ ਤੱਕ ਇਹ ਇਲਾਕਾ ਬੇ-ਆਬਾਦ ਹੀ ਰਿਹਾ। ਜਦੋਂ ਚੌਧਰੀ ਤਲੋਕ ਚੰਦ ਅਤੇ ਰਾਮ ਚੰਦ ਦਾ ਪ੍ਰਤਾਪ ਤੇਜ਼ ਹੋਣ ਲੱਗਾ ਤਾਂ ਉਹਨਾਂ ਨੇ ਨਵੇਂ ਇਲਾਕਿਆਂ ’ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਅਖ਼ੀਰ ਭਦੌੜ ਤੱਕ ਜਾ ਪੁੱਜੇ ਤਾਂ ਇਨ੍ਹਾਂ ਚੌਧਰੀਆਂ ਦੀ ਔਲਾਦ ਨੇ ਦੁਬਾਰਾ ਭਦੌੜੋਂ ਆ ਕੇ ਕਾਲੋਕੇ ਮੁੜ ਆਬਾਦ ਕਰ ਲਿਆ।

ਹਵਾਲੇ

ਸੋਧੋ
  1. "ਬਲਾਕ ਅਨੁਸਾਰ ਪਿੰਡਾਂ ਦੀ ਸੂਚੀ". ਪੰਜਾਬ ਰਾਜ ਪਲਾਨਿੰਗ ਬੋਰਡ. Retrieved 4 ਅਗਸਤ 2013.
  2. Villages in Bathinda District, Punjab state