ਕਵਿਤਾ ਅਤੇ ਸਮਾਜਿਕ ਆਲੋਚਨਾ
ਜਾਣ ਪਛਾਣ
ਸੋਧੋਇਹ ਲੇਖ ਸੰਤ ਸਿੰਘ ਸੇਖੋਂ ਦੁਆਰਾ ਲਿਖਿਆ ਗਿਆ ਹੈ ਇਸ ਲੇਖ ਵਿੱਚ ਮੁੱਖ ਮੁੱਦਾ ਇਹ ਪੇਸ਼ ਕੀਤਾ ਗਿਆ ਹੈ ਕਿ ਆਲੇ ਦੁਆਲੇ ਦੀਆਂ ਨਾਕਾਰਾਤਮਕ ਗਤੀਵਿਧੀਆਂ ਨੂੰ ਸਾਹਿਤ ਆਲੋਚਨਾ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਜਾਂ ਨਹੀਂ? ਇਹ ਲੇਖ ਸਾਹਿਤ ਦੇ ਕਿਸੇ ਵੀ ਰੂਪ ਦੇ ਧਾਰਮਿਕ ਜਾਂ ਰੁਮਾਂਟਿਕ ਪਰਿਪੇਖ ਨੂੰ ਨਕਾਰਦਾ ਹੋਇਆ ਇਸਦੇ ਸਮਾਜਿਕ ਪ੍ਰਯੋਜਨ ਨੂੰ ਕੇਂਦਰੀ ਮਹੱਤਵ ਦਿੰਦਾ ਹੈ। ਇਸ ਵਿਚ ‘ਕਾਵਿ ਸ਼ਬਦ ਤੋਂ ਭਾਵ ਸਮੁੱਚੇ ਸਿਰਜਣਾਤਮਕ ਸਾਹਿਤ ਤੋਂ ਹੈ। ਉਹ ਸਾਹਿਤ, ਜੋ ਸਮੇਂ ਦੇ ਸੱਚ ਨਾਲ ਜੁੜਿਆ ਹੁੰਦਾ ਹੈ। ਅਸਲੀ ਚਿੰਤਕ , ਸਾਹਿਤ ਅਤੇ ਪ੍ਚਾਰ ਦੇ ਰਿਸ਼ਤੇ ਨੂੰ ਇਕ ਦੂਜੇ ਨਾਲ ਜੋੜਕੇ ਵੇਖਦਾ ਹੈ । ਇਸ ਸੱਚਾਈ ਤੋਂ ਮੁਕਰਿਆ ਨਹੀਂ ਜਾ ਸਕਦਾ ਕਿ ਸਮੁੱਚਾ ਸਾਹਿਤ ਹੀ ਇਕ ਢੰਗ ਨਾਲ ਪ੍ਰਚਾਰ ਹੁੰਦਾ ਹੈ।
ਸਾਰ
ਸੋਧੋਸੰਤ ਸਿੰਘ ਸੇਖੋਂ ਕਹਿੰਦੇ ਹਨ ਕਿ ਆਦਰਸ਼ਵਾਦੀ , ਉਦਾਰਵਾਦੀ ਤੇ ਪੂੰਜੀਵਾਦੀ ਸਮੀਖਿਆਕਾਰ ਕਵਿਤਾ ਨੂੰ ਸਮਾਜ ਦੇ ਇਤਿਹਾਸਿਕ ਦਾਇਰਿਆਂ ਵਿਚੋਂ ਕੱਢ ਕੇ ਇਸਨੂੰ ਸਿਰਫ਼ ਮਨੁੱਖ ਨਾਲ ਸੰਬੰਧਿਤ ਕਲਾ ਬਣਾ ਦਿੰਦੇ ਹਨ। ਉਹ ਕਵਿਤਾ ਦੇ ਸਾਰੇ ਸੰਬੰਧਾਂ ਦੀ ਡੂੰਘਾਈ ਵਿੱਚ ਨਹੀਂ ਜਾਂਦੇ ਸਗੋਂ ਕਵਿਤਾ ਨੂੰ ਕੇਵਲ ਮਨੁੱਖੀ ਭਾਵਨਾਵਾਂ ਤੱਕ ਸੀਮਿਤ ਕਰ ਦਿੰਦੇ ਹਨ ਅਤੇ ਜੇਕਰ ਕਿਸੇ ਕਵਿਤਾ ਵਿਚ ਸਮਾਜਿਕ ਵਿਸ਼ਿਆਂ ਬਾਰੇ ਗੱਲ ਕੀਤੀ ਗਈ ਹੋਵੇ ਤਾਂ ਉਹ ਇਸਦੀ ਆਲੋਚਨਾ ਨੂੰ ਪ੍ਰਾਪੇਗੰਡਾ ਜਾਂ ਪ੍ਰਚਾਰ ਆਖ ਕੇ ਨਿੰਦ ਦਿੰਦੇ ਹਨ।
ਕੋਈ ਵੀ ਸਾਹਿਤਿਕ ਰਚਨਾ ਜੋ ਕਿਸੇ ਸੰਸਕ੍ਰਿਤੀ ਉੱਪਰ ਅਧਾਰਿਤ ਹੋਵੇ ਉਹ ਇਕ ਤਰਾਂ ਨਾਲ ਉਸ ਸੰਸਕ੍ਰਿਤੀ ਦੀ ਅਤੇ ਉਸਦੇ ਮੱਤ ਤੇ ਵਿਚਾਰਾਂ ਦੀ ਪੁਸ਼ਟੀ ਕਰਦੀ ਹੈ। ਅਜਿਹੀ ਸਾਹਿਤਿਕ ਰਚਨਾ ਨੂੰ ਆਦਰਸ਼ਵਾਦੀ ਤੇ ਉਦਾਰਵਾਦੀ ਸਮੀਖਿਆਕਾਰ ਨਹੀਂ ਨਿੰਦਦੇ। ਉਹ ਉਹਨਾਂ ਵਿਚਾਰਾਂ ਦੀ ਨਿੰਦਿਆ ਕਰਦੇ ਹਨ ਜੋ ਉਹਨਾਂ ਨੂੰ ਪਸੰਦ ਨਹੀਂ ਹੁੰਦੇ।
ਸਮੇਂ ਦੇ ਹਿਸਾਬ ਨਾਲ ਲੋਕਾਂ ਦੀਆਂ ਰੁਚੀਆਂ ਪੂੰਜੀਵਾਦੀ ਤੇ ਯਥਾਰਥਵਾਦੀ ਹੋ ਗਈਆਂ ਹਨ ਸੋ ਸੁਭਾਵਿਕ ਹੀ ਇਸਦਾ ਅਸਰ ਸਾਹਿਤ ਤੇ ਪੈਣਾ ਲਾਜ਼ਮੀ ਹੈ। ਜਿਸ ਕਰਕੇ ਅੱਜ ਦੇ ਯੁੱਗ ਦੇ ਸਾਹਿਤਕਾਰ, ਸਾਹਿਤ ਨੂੰ ਆਪਣੀਆਂ ਪਦਾਰਥਕ ਭਾਵਨਾਵਾਂ ਨੂੰ ਪ੍ਰਗਟਾਉਣ ਦਾ ਮਾਧਿਅਮ ਬਣਾਉਂਦਾ ਹਨ। ਇਹ ਗੱਲ ਆਦਰਸ਼ਵਾਦੀ ਤੇ ਉਦਾਰਵਾਦੀ ਚਿੰਤਕਾਂ ਨੂੰ ਚੁੱਭਦੀ ਹੈ।
ਸੇਖੋਂ ਮੁਤਾਬਿਕ ਸਾਹਿਤ ਦਾ ਕਿਸੇ ਵੀ ਸੰਸਕ੍ਰਿਤੀ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਜੇਕਰ ਇਹ ਗੱਲ ਨਾ ਮੰਨੀ ਜਾਵੇ ਤਾਂ ਇਸਦਾ ਮਤਲਬ ਇਹ ਹੈ ਕਿ ਭਾਰਤੀ ਸੰਸਕ੍ਰਿਤੀ ਦੇ ਨਿਰਮਾਣ ਤੇ ਵਿਕਾਸ ਵਿਚ ਰਮਾਇਣ, ਮਹਾਂਭਾਰਤ, ਗੀਤਾ ਆਦਿ ਦਾ ਕੋਈ ਯੋਗਦਾਨ ਨਹੀਂ। ਇੱਥੇ ਇਹ ਕਹਿਣਾ ਗਲਤ ਹੋਵੇਗਾ ਕਿ ਉਪਰੋਕਤ ਗ੍ਰੰਥਾਂ ਨੇ ਸਮਾਜ ਵਿੱਚ ਸਿਰਫ਼ ਆਦਰਸ਼ਵਾਦੀ ਜਾਂ ਉਦਾਰਵਾਦੀ ਪੱਖਾਂ ਤੋਂ ਹੀ ਹਿੱਸਾ ਪਾਇਆ ਹੈ ਅਤੇ ਸਮਾਜਿਕ, ਇਤਿਹਾਸਿਕ ਤੇ ਪਦਾਰਥਕ ਪੱਖਾਂ ਤੋਂ ਨਹੀਂ। ਅੱਗੇ ਇਸ ਲੇਖ ਵਿੱਚ ਲੇਖਕ ਕਹਿੰਦਾ ਹੈ ਕਿ ਸਾਹਿਤ ਨੇ ਸਮਾਜ ਵਿੱਚ ਸਦਾ ਹੀ ਹਰ ਪੱਖ ਤੋਂ ਹਿੱਸਾ ਪਾਉਂਦੇ ਰਹਿਣਾ ਹੈ ਅਤੇ ਇਹ ਇਕ ਅਟੱਲ ਸਚਾਈ ਹੈ। ਇਹ ਹਿੱਸਾ ਪੈਣਾ ਕਦੇ ਵੀ ਬੰਦ ਨਹੀਂ ਹੋ ਸਕਦਾ। ਲੇਖਕ ਅਨੁਸਾਰ ਇਸ ਤਰਾਂ ਸੋਚਣਾ ਬਿਲਕੁਲ ਹਾਸੋ ਹੀਣੀ ਗੱਲ ਹੋਵੇਗੀ।
ਇਸ ਲੇਖ ਵਿਚ ਇਕ ਮੁੱਖ ਗੱਲ ਇਹ ਹੈ ਕਿ ਜੇਕਰ ਸੰਸਕ੍ਰਿਤੀ ਦਾ ਵਿਰੋਧ ਕਰਨ ਵਾਲੀ ਕਿਸੇ ਰਚਨਾ ਦੀ ਆਲੋਚਨਾ ਕੀਤੀ ਵੀ ਜਾਂਦੀ ਹੈ ਜਾਂ ਉਸਦਾ ਸਮਰਥਨ ਕੀਤਾ ਵੀ ਜਾਂਦਾ ਹੈ ਤਾਂ ਉਹ ਸਪੱਸ਼ਟ ਰੂਪ ਵਿਚ ਨਹੀਂ ਹੁੰਦਾ। ਸਮੀਖਿਅਕਾਂ ਦਾ ਮੰਨਣਾ ਹੈ ਕਿ ਇਹ ਵਿਰੋਧ ਸਾਹਿਤ ਦਾ ਇਕ ਭਾਗ ਹੋ ਸਕਦਾ ਹੈ ਪਰ ਪਹਿਲਤਾ ਨਹੀਂ ਹੋਣਾ ਚਾਹੀਦਾ। ਲੇਖਕ ਇਹ ਵੀ ਕਹਿੰਦਾ ਹੈ ਕਿ ਅਸਲ ਵਿੱਚ ਇਹ ਪਰਭਾਸ਼ਿਤ ਕਰਨਾ ਗ਼ਲਤ ਹੈ ਕਿ ਸਾਹਿਤ ਜਾਂ ਕਵਿਤਾ ਦਾ ਕੀ ਕੁਝ ਮੁੱਖ ਵਿਸ਼ਾ ਹੈ ਤੇ ਕੀ ਨਹੀਂ ।
ਸਾਹਿਤ ਦੇ ਵੱਖ ਵੱਖ ਰੂਪਾਂ ਦੇ ਅਭਿਵਿਅੰਜਨ (ਪ੍ਰਗਟਾ ਢੰਗ) ਕਰਕੇ ਵਿਸ਼ੇ ਵਿਚ ਥੋੜਾ ਜਿਹਾ ਭੇਦ ਆਉਣਾ ਲਾਜ਼ਮੀ ਹੈ ਪਰ ਪ੍ਰਗਟਾ ਢੰਗ ਦੇ ਕਾਰਨ ਆਏ ਇਸ ਭੇਦ ਨੂੰ ਪਹਿਲਾ ਵਸਤੂ ਭੇਦ ਬਣਾ ਲੈਣਾ ਇਕ ਬੁਨਿਆਦੀ ਗਲਤੀ ਹੈ । ਇਸ ਗਲਤੀ ਦੀ ਪੁਸ਼ਟੀ ਇਸ ਗੱਲ ਤੋਂ ਹੋ ਜਾਂਦੀ ਹੈ ਕਿ ਬਹੁਤ ਸਾਰੇ ਸਾਹਿਤਕਾਰਾਂ ਦੀਆਂ ਅਜਿਹੀਆਂ ਕਿਰਤਾਂ ਹਨ ਜਿੰਨਾ ਦਾ ਮੁੱਖ ਮੰਤਵ ਹੀ ਸਮਾਜਿਕ ਆਲੋਚਨਾ ਤੇ ਪ੍ਰਚਾਰ ਸੀ , ਉਹ ਸਾਹਿਤ ਨਹੀਂ ਬਣ ਸਕੀਆਂ ਪਰ ਨਾਲ ਹੀ ਇਹ ਵੀ ਸੱਚ ਹੈ ਕਿ ਜਿੰਨਾਂ ਕਿਰਤਾਂ ਵਿੱਚ ਸਮਾਜਿਕ ਆਲੋਚਨਾ ਜਾਂ ਪ੍ਰਚਾਰ ਤੋਂ ਸੰਕੋਚ ਕੀਤਾ ਗਿਆ ਹੈ , ਉਹ ਵੀ ਸਾਹਿਤ ਨਹੀਂ ਬਣ ਸਕੀਆਂ।
ਇਸ ਲੇਖ ਦੀ ਇਕ ਮੁੱਖ ਗੱਲ ਇਹ ਹੈ ਕਿ ਬਹੁਤ ਸਾਰੇ ਪਦਾਰਥਵਾਦੀ ਖ਼ਾਸ ਕਰਕੇ ਸਮਾਜਵਾਦੀ ਸਾਹਿਤਕਾਰ ਆਪਣੇ ਵਿਚਾਰ-ਵਸਤੂ ਨੂੰ ਸ੍ਰੇਸ਼ਟ ਮੰਨ ਕੇ ਇਸਦੇ ਅਭਿਵਿਅੰਜਨ ਦੀ ਸੁੰਦਰਤਾ ਵੱਲੋਂ ਲਾਪਰਵਾਹੀ ਵਰਤ ਜਾਂਦੇ ਹਨ। ਇਸ ਕਰਕੇ ਪਦਾਰਥਵਾਦੀ ਤੇ ਸਮਾਜਵਾਦੀ ਵਿਚਾਰਾਂ ਦੀ ਪ੍ਰਧਾਨਤਾ ਕਰਕੇ ਕਈ ਤੁੱਛ ਬੁੱਧੀ ਵਾਲੇ ਲੇਖਕ ਇਹਨਾਂ ਵਿਚਾਰਾਂ ਦੇ ਛੁੱਟ-ਪੂੰਜੀਏ ਵਣਜਾਰੇ ਬਣ ਜਾਂਦੇ ਹਨ। ਪਰ ਅਸਲ ਗੱਲ ਇਹ ਹੈ ਕਿ ਇਹਨਾਂ ਦਾ ਵਸਤੂ ਮਹਾਨ ਨਹੀਂ ਹੁੰਦਾ, ਬਸ ਇਸ ਉਪਰ ਪਦਾਰਥਵਾਦ ਤੇ ਸਮਾਜਵਾਦ ਦੀ ਇਕ ਪਰਤ ਚੜਾਈ ਹੁੰਦੀ ਹੈ। ਦੁੱਖ ਦੀ ਗੱਲ ਇਹ ਹੈ ਕਿ ਇਹ ਛੁੱਟ-ਪੂੰਜੀਏ ਵਣਜਾਰੇ ਇਸ ਪਰਤ ਸਦਕਾ ਮਹਾਨ ਸਮਾਜਵਾਦੀ ਤੇ ਪਦਾਰਥਵਾਦੀ ਸਾਹਿਤਕਾਰ ਪ੍ਰਤੀਤ ਹੋਣ ਵਿੱਚ ਸਫ਼ਲ ਹੋ ਜਾਂਦੇ ਹਨ ਅਤੇ ਅਸਲੀ ਤੇ ਸੱਚੇ ਸਾਹਿਤਕਾਰਾਂ ਨੂੰ ਬਦਨਾਮ ਕਰਨਾ ਆਪਣਾ ਕੰਮ ਬਣਾ ਲੈਂਦੇ ਹਨ। ਇਸ ਤਰ੍ਹਾਂ ਇਹ ਅਖੌਤੀ ਸਾਹਿਤਕਾਰ ,ਆਦਰਸ਼ਵਾਦੀ ਤੇ ਉਦਾਰਵਾਦੀਆਂ ਨੂੰ ਇਹ ਬਹਾਨਾ ਪ੍ਰਦਾਨ ਕਰਦੇ ਹਨ ਕਿ ਉਹ ਆਪਣੇ ਵਸਤੂ ਵਿਰੋਧ ਨੂੰ ਨਿਆਇਕਾਰੀ ਦੱਸ ਸਕਣ।
ਅੰਤ ਵਿੱਚ ਸੰਤ ਸਿੰਘ ਸੇਖੋਂ ਕਹਿੰਦੇ ਹਨ ਕਿ ਸਾਹਿਤ ਦੇ ਰੂਪ ਸਮਾਜਿਕ ਕਰਮ ਹੀ ਹਨ ਪਰ ਸਮਾਜਿਕ ਆਲੋਚਨਾ , ਸਮਾਜਿਕ ਭਾਵਾਂ ਤੇ ਵਿਚਾਰਾਂ ਦੀ ਢਾਹ ਭੰਨ ਤੇ ਉਸਾਰੀ ਤੋਂ ਬਿਨਾਂ ਸਾਹਿਤ ਦੇ ਰੂਪਾਂ ਦਾ ਵਸਤੂ ਥੋਥਾ ਰਹਿ ਜਾਵੇਗਾ। ਸੰਸਕ੍ਰਿਤੀ ਦੇ ਪ੍ਰਭਾਵ ਸਦਕਾ ਇਹ ਨਹੀਂ ਕਹਿਣਾ ਚਾਹੀਦਾ ਕਿ ਸਾਹਿਤ ਵਿੱਚ ਕਿਸੇ ਪ੍ਰਕਾਰ ਦਾ ਬਦਲਾਅ ਤੇ ਢਾਹੀ ਜਾਂ ਉਸਾਰੀ ਨਾ ਕੀਤੀ ਜਾਵੇ, ਤੇ ਜਾਂ ਉਸਾਰੀ ਸਿਰਫ਼ ਪੁਰਾਣੇ ਤਰੀਕੇ ਦੀ ਹੀ ਕੀਤੀ ਜਾਵੇ।
ਹਵਾਲੇ
ਸੋਧੋhttps://pa.wikipedia.org/s/26es ਪੱਛਮੀ ਕਾਵਿ ਸਿਧਾਂਤ ਕਵਿਤਾ ਅਤੇ ਸਮਾਜਿਕ ਆਲੋਚਨਾ ਸੰਤ ਸਿੰਘ ਸੇਖੋਂ