ਕਵਿ ਦੇ ਲੱਛਣ ਤੇ ਸਰੂਪ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਧਾਲੀਵਾਲ, ਪ੍ਰੇਮ ਪ੍ਰਕਾਸ਼ ਸਿੰਘ. ਭਾਰਤੀ ਕਾਵਿ ਸ਼ਾਸਤਰ. ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ.
ਭਾਰਤ ਦੇ ਪੁਰਾਣੇ ਵਰਗੀਕਰਣ ਅਨੁਸਾਰ ਬਾਣੀ ਸਰੂਪ ਸਾਹਿਤ ਦੇ ਦੋ ਵੱਡੇ ਵਰਗ ਸਨ। ਇੱਕ ਸੀ 'ਕਾਵਿ' ਅਤੇ ਦੂਜਾ ਸ਼ਾਸ਼ਤਰ'। ਇਥੇ ਕਾਵਿ ਤੋਂ ਮੁਰਾਦ (ਭਾਵ) ਸਮੁੱਚਾ ਸਾਹਿਤ ਹੈ ਜਿਸ ਵਿੱਚ ਨਾਟਕ, ਕਵਿਤਾ ਸਭ ਕੁੱਝ ਸ਼ਾਮਿਲ ਸੀ। ਸ਼ਾਸਤਰ ਦਾ ਕੌਸ਼ਿਕ ਅਰਥ ਤਾਂ ਆਦੇਸ਼, ਆਗਿਆ, ਅਸੂਲ, ਨਿਯਮਾਵਲੀ ਆਦਿ ਹਨ ਪਰ ਇਹਦਾ ਇੱਕ ਹੋਰ ਅਰਥ ਵੀ ਹੈ, 'ਕਿਸੇ ਖਾਸ ਵਿਸ਼ੇ ਦਾ ਉਹ ਸਾਰਾ ਗਿਆਨ, ਜਿਸ ਨੂੰ ਕਿਸੇ ਖਾਸ ਤਰਤੀਬ ਨਾਲ ਰੱਖਿਆ ਗਿਆ ਹੋਵੇ।' ਸਰਬ ਪ੍ਰਥਮ ਵੈਦਿਕ ਯੁੱਗ ਵਿੱਚ ਕਵਿਤਾ ਤਾਂ ਰੱਚੀ ਜਾਂਦੀ ਰਹੀ ਪਰ ਉਹ ਲੌਕਿਕ ਕਵਿਤਾ ਨਾ ਬਣ ਸਕੀ। ਲੌਕਿਕ ਕਵਿਤਾ ਦੀ ਵੰਨਗੀ ਤਾਂ ਸਭ ਤੋਂ ਪਹਿਲਾਂ ਸਾਨੂੰ ਮਹਾਂਭਾਰਤ ਤੇ ਰਾਮਾਇਣ ਵਿੱਚ ਹੀ ਮਿਲਦੀ ਹੈ। ਇਹ ਸਾਡੇ ਪਹਿਲੇ ਮਹਾਂ ਕਾਵਿ ਹਨ ਜਿਵੇਂ ਕਿ ਗ੍ਰੀਸ-ਵਾਸੀ ਹੋਮਰ ਦੇ ਮਹਾ ਕਾਵਿ 'ਇਲੀਅਡ' ਤੇ 'ਓਡੀਸੀ' ਸਨ। ਮਹਾਭਾਰਤ-ਰਾਮਾਇਣ ਚੋਥੀ ਸਦੀ ਪੂਰਬ-ਈਸਵੀ ਵਿੱਚ ਰਚੇ ਗਏ ਮੰਨੇ ਜਾਂਦੇ ਹਨ। "ਨਾਟਯਸ਼ਾਸਤਰ" ਪਹਿਲੀ ਅਲੋਚਨਾ ਪੁਸਤਕ ਹੈ, ਜਿਸਦਾ ਮੁੱਖ ਵਿਸ਼ਾ ਨਾਟਕੀ ਅਲੋਚਨਾ ਹੈ ਅਤੇ ਕਾਵਿ ਦੀ ਅਲੋਚਨਾ ਦੇ ਅੰਗਾਂ ਬਾਰੇ ਭਾਵੇਂ ਕਾਫੀ ਨਿਰੂਪਣ ਕੀਤਾ ਗਿਆ ਹੈ ਪਰ ਉਹ ਮੁਕਾਬਲਤਨ ਥੋੜਾ ਹੈ। ਇਥੇ ਇੱਕ ਤੱਥ ਵਰਣਨਯੋਗ ਹੈ ਕਿ ਭਾਰਤੀ ਅਲੋਚਨਾ ਦੇ ਮੁੱਢਲੇ ਪੜਾਵਾਂ ਵਿੱਚ ਕਾਵਿ ਵਿੱਚ ਨਾਟਕੀ ਕਲਾ ਨੂੰ ਵੀ ਸ਼ਾਮਿਲ ਸਮਝਿਆ ਜਾਂਦਾ ਸੀ ਅਤੇ ਨਾਟਕ, ਕਵਿਤਾ ਤੇ ਵਾਰਤਕ ਲਈ ਇੱਕੋ ਸਾਂਝਾ ਸ਼ਬਦ ਕਾਵਿ (ਕਾਵ) ਹੀ ਸੀ। ਨਾਟਕ ਕਲਾ ਨੂੰ ਵੀ ਕਾਵਿ ਦੇ ਸਿਰਲੇਖ ਹੇਠ ਰੱਖਿਆ ਜਾਂਦਾ ਸੀ। ਇਸੇ ਲਈ ਅਗੇ ਜਾ ਕੇ ਕਾਵਿ ਦੇ ਪ੍ਰਕਾਰ ਦੱਸਣ ਸਮੇਂ ਨਾਟਕੀ ਕਲਾ ਨੂੰ ਦ੍ਰਿਸ਼-ਕਾਵਿ (ਅਰਥਾਤ ਵੇਖਣਯੋਗ ਕਾਵਿ ਰਚਨਾ) ਆਖਿਆ ਗਿਆ ਬਾਕੀ ਕਵਿਤਾ ਨੂੰ ਸ਼੍ਰਵ -ਕਾਵਿ (ਅਰਥਾਤ ਸੁਨਣ ਯੋਗ ਕਾਵਿ ਰਚਨਾ) ਦਾ ਨਾਂ ਦਿੱਤਾ ਗਿਆ। ਭਾਰਤੀ ਅਲੋਚਕਾਂ ਦੀ ਦ੍ਰਿਸ਼ਟੀ ਵਿੱਚ 'ਕਾਵਯ' ਸ਼ਬਦ ਤੋਂ ਮੁਰਾਦ ਕੇਵਲ ਛੰਦ-ਬੰਧ ਰਚਨਾ ਹੀ ਨਹੀਂ ਹੈ ਸਗੋਂ ਇਸ ਦੇ ਖੇਤਰ ਵਿੱਚ ਗੱਦ ਤੇ ਪਦ ਦੇ ਸਾਰੇ ਭੇਦ ਉਤਭੇਦ ਸਮਾਏ ਹੋਏ ਹਨ।[1]
ਕਵੀ ਸ਼ਬਦ ਦੀ ਵਿਉਂਤਪਤੀ
ਸੋਧੋਇਸ ਤਰ੍ਹਾਂ ਹੀ 'ਕਵੀ'ਸ਼ਬਦ ਦੀਆਂ ਦੋ ਵਿਉਂਤਪਤੀਆਂ ਮੰਨੀਆਂ ਜਾਂਦੀਆਂ ਹਨ। ਜੇ ਇਸ ਦੀ ਵਿੳਂਤਪਤੀ 'ਕਵ' ਧਾਤੁ ਤੋਂ ਮੰਨੀ ਜਾਵੇ, ਜਿਸਦਾ ਅਰਥ ਹੈ ਵਰਣਨ ਕਰਨਾ ਜਾਂ ਸਰਬੱਗ ਹੋਣਾ, ਤਾਂ ਕਵੀ ਤੋਂ ਭਾਵ ਹੈ ਵਰਣਨ ਕਲਾ ਵਿੱਚ ਨਿਪੁੰਨ ਜਾਂ ਸਭ ਕੁੱਝ ਜਾਣਨ ਵਾਲਾ ਵਿਅਕਤੀ। ਮੰਮਟ ਨੇ ਇਸ ਦੀ ਵਿਉ਼ਂਤਪਤੀ ਦੇ ਅਧਾਰ ਤੇ ਅਲੌਕਿਕ ਵਰਣਨ ਵਿੱਚ ਨਿਪੁੰਨ ਕਵੀ ਕਰਮ ਨੂੰ 'ਕਾਵਿ' ਕਿਹਾ ਗਿਆ ਹੈ। ਜੇ 'ਕੁ' ਧਾਤੂ ਤੋਂ 'ਕਵੀ' ਦੀ ਵਿਉਂਤਪਤੀ ਮੰਨੀ ਜਾਏ ਜਿਸ ਦਾ ਅਰਥ ਹੈ ਸ਼ਬਦ ਕਰਨਾ, ਤਾਂ 'ਕਵੀ' ਤੋਂ ਭਾਵ ਉਹ ਵਿਅਕਤੀ ਹੈ ਜ਼ੋ ਸ਼ਬਦ ਰਾਹੀਂ ਆਪਣਾ ਭਾਵ ਜਾਂ ਅਰਥ ਪ੍ਰਗਟ ਕਰਦਾ ਹੈ।[2]
ਕਾਵਿ ਦੀ ਪਰਿਭਾਸ਼ਾ ਦੀ ਲੋੜ
ਸੋਧੋਗ੍ਰੰਥ ਕਾਰ ਪੰਡਿਤ ਜਗਨਨਾਥ ਕਾਵਿ ਦੀ ਪਰਿਭਾਸ਼ਾ ਦੀ ਲੋੜ ਤੇ ਜ਼ੋਰ ਦਿੰਦੇ ਹਨ।ਜੱਸ, ਅਲੌਕਿਕ ਅਨੰਦ, ਅਤੇ ਗੁਰੂ ਰਾਜਾ ਤੇ ਦੇਵਤਿਆਂ ਆਦਿ ਦੀ ਪ੍ਰਸੰਨਤਾ ਆਦਿ ਜਿਸ ਕਾਵਿ ਦੇ ਅਨੇਕ ਪ੍ਰਯੋਜਨ ਹੁੰਦੇ ਹਨ ਉਸ ਦੀ ਪਰਿਭਾਸ਼ਾ ਕਰਨੀ ਅਤੇ ਉਸ ਬਾਰੇ ਮੁੱਢਲਾ ਗਿਆਨ ਪ੍ਰਾਪਤ ਕਰਨਾ ਕਵੀ ਅਤੇ ਸੁਹਿਰਦ (ਕਾਵਿ ਦਾ ਸੁਆਦ ਲੈਣ ਵਾਲਾ ਵਿਅਕਤੀ )ਦੋਹਾਂ ਲਈ ਪਰਮ ਅਵਸ਼ੱਕ ਹੈ, ਕਿਉਂਕਿ ਕਾਵਿ ਗੁਣ,ਕਾਵਿ ਦੋਸ਼,ਅਲੰਕਾਰ,ਰਸ ਆਦਿ ਦਾ ਸਹੀ ਗਿਆਨ ਉਦੋਂ ਤੱਕ ਸੰਭਵ ਨਹੀਂ ਹੈ। ਜਦੋਂ ਤਕ ਕਾਵਿ ਦੀ ਪਰਿਭਾਸ਼ਾ ਨਹੀਂ ਕੀਤੀ ਜਾਦੀ।ਇਸ ਦੀ ਪਰਿਭਾਸ਼ਾ ਪਹਿਲਾਂ ਕਰਨੀ ਇਸ ਲਈ ਵੀ ਜ਼ਰੂਰੀ ਹੈ,ਤਾਂ ਜੋ ਪਾਠਕ ਕਾਵਿ ਅਨੰਦ ਅਤੇ ਸੰਸਾਰ ਦੇ ਦੂਜੇ ਪਦਾਰਥਾਂ ਤੋਂ ਮਿਲਣ ਵਾਲੇ ਆਨੰਦ ਵਿੱਚ ਫਰਕ ਮਾਲੂਮ ਕਰ ਸਕਣ।[3]
ਕਾਵਿ ਦੀ ਪਰਿਭਾਸ਼ਾ
ਸੋਧੋਭਾਰਤੀ ਕਾਵਿ-ਸ਼ਾਸ਼ਤਰ ਦੇ ਇਤਿਹਾਸ ਵਿੱਚ ਪਿਛਲੇ ਲਗਭਗ ਦੋ ਹਜ਼ਾਰ ਸਾਲਾਂ ਤੋਂ ਕਾਵਿ ਦਾ ਲਕਸ਼ਣ(ਪਰਿਭਾਸ਼ਾ) ਪ੍ਰਸਤੂਤ ਕਰਨ ਲਈ ਸਮੇਂ ਸਮੇਂ ਤੇ ਅਨੇਕਾਂ ਜਤਨ ਹੁੰਦੇ ਰਹੇ ਹਨ। ਸੰਸਕ੍ਰਿਤ ਵਿੱਚ ਲਕਸ਼ਣ ਸੰਬੰਧੀ ਨਿਯਮਾਂ ਦੇ ਆਧਾਰ 'ਤੇ ਵਿਦਮਾਨ ਕਿਸੇ ਵੀ ਤੱਤ ਦਾ ਸਾਰਿਆ ਅੰਗਾਂ ਤੋਂ ਪਰਿਪੂਰਣ, ਸਟੀਕ(ਸ਼ਪਸ਼ਟ) ਤੇ ਅ-ਵਿਆਪਤੀ ਅਤੇ ਅਤੀ-ਵਿਆਪਤੀ ਦੋਸ਼ ਤੋਂ ਰਹਿਤ ਹੋਣਾ ਚਾਹੀਦਾ ਹੈ। ਲੱਛਣ (ਪਰਿਭਾਸ਼ਾ) ਦੇ ਅੰਗਾਂ ਦਾ ਸਭ ਥਾਂਈ ਅੰਗਾਂ ਦਾ ਨਾ ਘਟਨਾ 'ਅਵਿਆਪਤੀ' ਹੈ ਅਤੇ ਇਹਨਾਂ ਦਾ ਅਸਲੀ ਵਸਤੂਆਂ ਤੋਂ ਵੱਧ ਕੇ ਉਸੇ ਭਾਂਤ ਘੱਟ ਜਾਣਾ 'ਅਤਿ-ਵਿਆਪਤੀ' ਹੈ। ਅਰਥਾਤ ਹਰ ਪਰਿਭਾਸ਼ਾ ਇਹਨਾਂ ਦੋਹਾਂ ਦੋਸ਼ਾ ਤੋਂ ਰਹਿਤ ਹੋਵੇ।[4]
(ਨੋਟ: ਭਾਰਤੀ ਕਾਵਿ ਸ਼ਾਸ਼ਤਰ - ਪ੍ਰੇਮ ਪ੍ਰਕਾਸ਼ ਸਿੰਘ ਧਾਲੀਵਾਲ ਦੇ ਪੁਰਾਣੇ ਐਡੀਸ਼ਨ ਵਿੱਚ ਤਿੰਨ ਦੋਸ਼ਾ ਦੀ ਗੱਲ ਕੀਤੀ ਗਈ ਹੈ- ਅਵਿਆਪਤੀ,ਅਤਿ -ਵਿਆਪਤੀ ਅਤੇ ਅਸੰਭਵ।)[5]
ਉਕਤ ਦੋਹਾਂ ਦੋਸ਼ਾ ਤੋਂ ਲਕਸ਼ਣ ਪ੍ਰਸਤੂਤ ਕਰਨਾ ਇੱਕ ਬਹੁਤ ਔਖਾ ਕੰਮ ਹੈ। ਫਿਰ ਵੀ, ਕਾਵਿਤੱਵ ਕਿਸ 'ਚ ਹੈ। ਇਸ ਤੱਥ ਨੂੰ ਧਿਆਨ 'ਚ ਰੱਖ ਕੇ ਸਮੇਂ-ਸਮੇਂ ਤੇ ਭਾਰਤੀ ਸਮੀਖਿਆਕਾਰ ਕਾਵਿ ਲਕਸ਼ਣ ਦਾ ਵਿਵੇਚਨ ਕਰਦੇ ਰਹੇ ਹਨ।[6]
ਆਚਾਰੀਆ ਨੇ ਜਿੰਨੀਆਂ ਵੀ ਪਰਿਭਾਸ਼ਾਵਾਂ ਸਾਹਮਣੇ ਰੱਖੀਆਂ ਹਨ, ਉਹਨ੍ਹਾਂ ਨੂੰ ਜੇਕਰ ਗਹੁ ਨਾਲ ਵੇਖੀਏ ਤਾਂ ਸਾਫ ਪਤਾ ਲੱਗ ਜਾਂਦਾ ਹੈ ਕਿ ਉਹਨਾਂ ਦੇ ਕੀ-ਕੀ ਆਧਾਰ ਹਨ। ਅਸਲ ਵਿੱਚ ਇਹਨਾਂ ਦੇ ਦੋ ਹੀ ਆਧਾਰ ਹਨ-ਕਲਾ ਤੇ ਵਸਤੂ। ਕਲਾ ਤੋਂ ਸਾਡੀ ਮੁਰਾਦ ਕਾਵਿ ਦਾ ਬਹਾਰਲਾ ਰੂਪ ਹੈ ਅਰਥਾਤ ਰੱਚਨਾ-ਸ਼ਿਲਪ, ਇਹ ਕਾਵਿ ਦੀ ਦੇਹ (ਸ਼ਰੀਰ) ਹੈ। ਇਸ ਤੋਂ ਉਲਟ ਵਸਤੂ ਹੈ ਭਾਂਡੇ ਲਈ ਵਸਤੂ ਦੀ ਲੋੜ ਹੈ। ਸੋ ਵਸਤੂ ਹੀ ਵਿਸ਼ਾ ਹੈ ਜੋ ਕਲਾ ਵਿੱਚ ਚਰਚਿਤ ਹੁੰਦਾ ਹੈ ਅਤੇ ਜਿਸਦਾ ਪਾਠਕ -ਸਰੋਤੇ ਨੂੰ ਅਨੁਭਵ ਹੁੰਦਾ ਹੈ। ਕਾਵਿ ਅਨੁਭਵ ਹੀ ਵਸਤੂ ਹੈ। ਇਹ ਕਾਵਿ ਦੀ ਆਤਮਾ ਹੈ।[7]
ਭਰਤ ਮੁਨੀ ਅਨੁਸਾਰ
ਸੋਧੋਨਾਟਯ ਸ਼ਾਸ਼ਤਰ ਦਾ ਰਚਿਅਤਾ ਭਰਤ ਮੁਨੀ ਹੀ ਇੱਕ ਅਹਿਜਾ ਪਹਿਲਾ ਕਵਿ ਅਲੋਚਕ ਹੈ ਜਿਸ ਨੇ ਕਾਵਿ ਦੇ ਗੁਣ-ਵਰਣਨ ਦੇ ਬਹਾਨੇ ਕਾਵਿ ਦੇ ਲੱਛਣ ਉਲੀਕੇ ਹਨ। ਇਹ ਕਾਵਿ ਦੀ ਬੱਝਵੀਂ, ਸੁਨਿਸ਼ਚਿਤ ਸਹੀ ਪਰਿਭਾਸ਼ਾ ਤਾਂ ਨਹੀਂ ਕਹੀ ਜਾ ਸਕਦੀ ਪਰਤੂੰ ਇਸ ਦੁਆਰਾ ਕਾਵਿ ਦੇ ਚਰਿਤਰ ਉੱਤੇ ਕਾਫੀ ਚਾਨਣਾ ਪੈਂਦਾ ਹੈ। ਉਹ ਆਪਣੇ ਗ੍ਰੰਥ 'ਨਾਟਯਸ਼ਾਸ਼ਤਰ' ਵਿੱਚ ਲਿੱਖਦਾ ਹੈ-
“ਉਹ ਕਾਵਿ (ਨਾਟਕ ਸਮੇਤ) ਸਰਵੋਤਮ ਹੈ ਜਿਸ ਵਿੱਚ ਕੋਮਲ ਤੇ ਖੂਬਸੂਰਤ ਸ਼ਬਦ ਹੋਣ, ਜਿਸ ਦੇ ਅਰਥ ਗੂੜੇ ਨਾ ਹੋਣ, ਆਮ ਲੋਕਾਂ ਨੂੰ ਜਿਹੜਾ ਸੋਖੀ ਤਰ੍ਹਾਂ ਸਮਝ ਆ ਜਾਵੇ, ਜਿਸ ਵਿੱਚ ਦਲੀਲਾਂ ਹੋਣ (ਨਾਟਕ ਵਿੱਚ ਨ੍ਰਿਤ ਹੋਵੇ) ਜਿੱਥੇ ਕਾਵਿ ਰਸ ਦੀਆਂ ਧਾਰਾਂ ਵਹਿੰਦੀਆਂ ਹੋਣ, ਸੰਧੀਆਂ (ਨਾਟਕ ਵਿੱਚ) ਹੋਣ, ਅਹਿਜਾ ਕਾਵਿ (ਤੇ ਨਾਟਕ) ਦਰਸ਼ਕਾਂ ਲਈ ਸ਼ੁਭ ਹੁੰਦਾ ਹੈ।”
ਇਸ ਲਛਣ ਵਿੱਚ ਭਰਤ ਮੁਨੀ ਨੇ ਕਾਵਿ (ਨਾਟਕ) ਦੇ ਸਰੂਪ-ਚਿਤਰਣ ਸਬੰਧੀ ਸੱਤ ਗੱਲਾਂ ਕਹੀਆਂ ਹਨ-
1. ਕੋਮਲ ਸ਼ਬਦਾਵਲੀ (ਅਰਥਾਤ ਕੰਨਾਂ ਨੂੰ ਸੁੱਖਦਾਈ)
2. ਗੂੜੇ ਤੇ ਗੁੱਝੇ ਅੱਖਰਾਂ ਤੋਂ ਬਰੀ
3. ਸਾਰਿਆ ਲਈ ਆਸਾਨ ਅਰਥਾਤ ਸਮਝ ਆਉਣ ਦੇ ਯੋਗ
4. ਜੁਗਤੀਆ ਦਾ ਦਲੀਲਾਂ ਨਾਲ ਵਿਸ਼ਵਾਸਯੋਗ ਅਰਥਾਤ ਊਲ ਜਲੂਲ ਨਾ ਹੋਵੇ
5. ਨ੍ਰਿਤ ਲਈ ਜਿਸ ਦੀ ਵਰਤੋਂ ਕੀਤੀ ਜਾ ਸਕੇ (ਅਰਥਾਤ ਲੈ-ਬੱਧ, ਬਾਵਜ਼ਨ)
6. ਅਲੋਕਿਕ ਕਾਵਿ-ਰਸ ਦਾ ਧਾਰਨੀ
7. ਸ਼ਾਸਤ੍ਰਿਕ ਮਰਿਆਦਾ ਅਨੁਸਾਰ ਨਾਟਕ ਦੇ ਪ੍ਰਸੰਗ ਵਿੱਚ ਖਾਸ ਤੋਰ ਤੇ ਸੰਧੀਆਂ (ਕਥਾ ਪ੍ਰਸੰਗਾਂ ਨੂੰ ਜੋੜਨ ਦੇ ਢੰਗ) ਵਾਲਾ[7]
ਭਰਤ ਮੁਨੀ ਨੇ ਚਾਹੇ ਨਾਟਯ ਦੇ ਅੰਗਾਂ-ਪ੍ਰਤਿਅੰਗਾਂ-ਉਪਾਂਗਾਂ ਅਤੇ ਨਾਟਯ ਨਾਲ ਜੂੜੀਆਂ ਅਨੇਕ ਕਲਾਂਵਾ ਦਾ ਸੂਖਮ ਵਿਚੇਚਨ ਕੀਤਾ ਹੈ, ਪਰ ਉਸਦੇ ਗ੍ਰੰਥ ਵਿੱਚ ਕਾਵਿ ਦੇ ਸਰੂਪ ਬਾਰੇ ਕੋਈ ਸੰਕੇਤ ਨਹੀਂ ਮਿਲਦਾ।[6]
ਆਚਾਰੀਆ ਭਾਮਹ ਅਨੁਸਾਰ
ਸੋਧੋ'ਕਾਵਿਯਾਲੰਕਾਰ' ਦੇ ਰਚਯਤਾ ਆਚਾਰੀਆ ਭਾਮਹ ਅਨੁਸਾਰ ਸ਼ਬਦ ਅਤੇ ਅਰਥ ਦੇ ਸਹਿਭਾਵ ਨੂੰ ਕਾਵਿ ਕਿਹਾ ਜਾਂਦਾ ਹੈ। ਇਸ ਦਾ ਭਾਵ ਹੈ ਕਿ ਸ਼ਬਦ ਅਤੇ ਅਰਥ ਜਦੋਂ ਇੱਕਮਿਕ ਜਾਂ ਇੱਕਜਾਨ ਹੋ ਜਾਂਦੇ ਹਨ ਅਤੇ ਆਪੋ-ਆਪਣੀ ਵਿੱਥ ਤੇ ਵੱਖਰਤਾ ਛੱਡ ਕੇ ਆਪਸ ਵਿੱਚ ਪਰਸਪਰ ਲੀਨ ਹੋ ਜਾਂਦੇ ਹਨ ਤਾਂ ਕਾਵਿ ਦੀ ਰਚਨਾ ਹੁੰਦੀ ਹੈ।[7]
(ਸ਼ਬਦਾਰਥੌ ਸਹਿਤੌ ਕਾਵਯੰ- ਕਾਵਯਾਲੰਕਾਰ 1/16)[8]
ਪਰੰਤੂ ਇਹ ਪਰਿਭਾਸ਼ਾ ਵੀ ਦੋਸ਼ ਪੂਰਨ ਹੈ, ਕਿਉ਼ਂਕਿ ਇਸ ਦਾ ਘੇਰਾ ਇਤਨਾ ਵਿਸ਼ਾਲ ਹੈ ਕਿ ਇਸ ਵਿੱਚ ਕਾਵਿ ਦੇ ਨਾਲ-ਨਾਲ ਇਤਿਹਾਸ, ਸ਼ਾਸਤਰ, ਪੁਰਾਣ ਅਤੇ ਹੋਰ ਕਾਵਿ-ਹੀਣ ਰਚਨਾਵਾਂ ਵੀ ਸ਼ਾਮਿਲ ਹੋ ਜਾਂਦੀਆਂ ਹਨ।[9] ਉਸ ਦੇ ਇਸ ਕਥਨ ਤੋਂ ਨਾ ਇਹ ਭਾਵ ਜਾਪਦਾ ਹੈ ਕਿ ਜਿਸ ਰਚਨਾ ਵਿੱਚ ਵਰਣਿਤ ਅਰਥ ਦੇ ਅਨੁਰੂਪ ਸ਼ਬਦਾਂ ਦਾ ਪ੍ਰਯੋਗ ਹੋਵੇ ਅਥਵਾ ਸ਼ਬਦਾਂ ਦੇ ਅਨੁਰੂਪ ਅਰਥ ਦਾ ਗਿਆਨ ਵਰਣਨ ਹੋਵੇ, ਉਹ ਸ਼ਬਦ ਅਤੇ ਅਰਥ ਕਾਵਿ ਹੁੰਦਾ ਹੈ। ਇਹ ਕਹਿਣਾ ਜਰੂਰੀ ਹੈ ਭਾਮਹ ਨੇ ਆਪਣੇ ਕਾਵਿ ਦੇ ਲਕ੍ਸ਼ਣ 'ਚ ਸ਼ਬਦ ਅਤੇ ਅਰਥ ਤੋਂ ਭਰਪੂਰ ਕਾਵਿ-ਸਰੀਰ ਦੀ ਗੱਲ ਕਹਿਣ ਤੋਂ ਤਤਕਾਲ ਬਾਅਦ ਅਲੰਕਾਰਾਂ ਦਾ ਵਿਵੇਚਨ ਸ਼ੁਰੂ ਕਰ ਦਿੱਤਾ ਅਤੇ ਸਾਹਿਤ (ਸਹਿਭਾਵ) ਬਾਰੇ ਚੁੱਪੀ ਧਾਰਨ ਕਰ ਲਈ ਹੈ।[6]
ਆਚਾਰੀਆ ਢੰਡੀ ਅਨੁਸਾਰ
ਸੋਧੋਆਚਾਰੀਆ ਢੰਡੀ ਨੇ ਆਪਣੇ ਗ੍ਰੰਥ ਕਾਵਯਦਰਸ਼ ਵਿੱਚ ਇਸ਼ਟ (ਇੱਛਿਤ) ਅਰਥ ਨਾਲ ਪੂਰਨ ਸ਼ਬਦਾਵਾਲੀ ਨੂੰ ਕਾਵਿ ਦਾ ਸਰੀਰ ਮੰਨਿਆ ਹੈ।
(ਸ਼ਰੀਰੰ ਤਾਵਦ੍ਰਿਸ਼ਟਾਰਥਵਯਵਚਛਿੰਨਾ ਪਦਾਵਲੀ — ਕਾਵਯਦਰਸ਼ 1/10)[10]
ਭਾਵ ਕਿ ਸੁੰਦਰ ਜਾਂ ਚਮਤਕਾਰੀ ਅਰਥ ਨਾਲ ਭਰਪੂਰ ਪਦਾਵਲੀ ਦਾ ਨਾਂ ਕਾਵਿ-ਸਰੀਰ ਹੈ। ਦੰਡੀ ਨੇ ਇਸ ਪਰਿਭਾਸ਼ਾ ਵਿੱਚ ਆਪਣੇ ਪੂਰਬਲੇ ਆਚਾਰਯ ਭਾਮਹ ਤੋਂ ਉਲਟ ਸ਼ਬਦ ਦੇ ਅਰਥ ਦੋਹਾਂ ਦੀ ਥਾਂ ਕੇਵਲ ਸ਼ਬਦਾ ਨੂੰ ਹੀ ਕਾਵਿ ਮੰਨਿਆ ਹੈ। ਇਸ ਦੀ ਪਰਿਭਾਸ਼ਾ ਅਗਨੀਪੁਰਾਣ ਵਿੱਚ ਦਿੱਤੀ ਪਰਿਭਾਸ਼ਾ ਨਾਲ ਕਾਫੀ ਮੇਲ ਖਾਂਦੀ ਹੈ।[5]
ਅਗਨੀਪੁਰਾਣ ਗ੍ਰੰਥ ਅਨੁਸਾਰ
ਸੋਧੋਅਗਨੀਪੁਰਾਣ ਦੇ ਰਚਯਤਾ ਅਨੁਸਾਰ 'ਇਸ਼ਟ (ਇੱਛਿਤ) ਅਰਥਾਤ ਹਿਰਦੇ ਨੂੰ ਆਨੰਦਤ ਕਰਨ ਵਾਲੇ ਅਰਥ ਤੋਂ ਯੁਕਤ, ਦੋਸ਼ ਰਹਿਤ, ਗੁਣਾ ਅਤੇ ਅਲੰਕਾਰਾ ਤੋਂ ਸ਼ੁਸ਼ੋਭਿਤ (ਅਲੰਕ੍ਰਿਤ) ਸ਼ਬਦ-ਸਮੂਹ ਹੀ ਕਾਵਿ ਹੈ।'[6]
ਆਚਾਰੀਆ ਵਾਮਨ ਅਨੁਸਾਰ
ਸੋਧੋਕਾਵਯਲੰਕਾਰ ਸੂਤ੍ਰਵ੍ਰਿਤਿ ਗ੍ਰੰਥ ਦੇ ਰਚਯਤਾ ਆਚਾਰਿਆ ਵਾਮਨ ਨੇ ਭਾਵੇਂ ਕਾਵਿ ਦਾ ਲੱਛਣ ਵੱਖਰਾ ਨਹੀਂ ਦਿੱਤਾ ਪਰਤੂੰ ਉਸਦੀਆਂ ਇਹ ਪੰਕਤੀਆਂ ਕਾਵਿ ਦੀ ਪਰਿਭਾਸ਼ਾ ਸੰਬੰਧੀ ਉਸ ਦੇ ਵਿਚਾਰਾਂ ਨੂੰ ਦਰਸਾਂੳਦੀਆਂ ਹਨ ਕਿ 'ਕਾਵਿ ਅਲੰਕਾਰ ਦੇ ਕਾਰਨ ਮਾਨਣ-ਯੋਗ ਹੁੰਦਾ ਹੈ, ਸੁਹਜ ਦਾ ਨਾਂ ਅਲੰਕਾਰ ਹੈ, ਕਾਵਿ ਵਿੱਚ ਇਹ ਸੁਹਜ ਦੋਸ਼ਾਂ ਦੇ ਤਿਆਗ ਤੇ ਗੁਣਾਂ ਤੇ ਅਲੰਕਾਰਾਂ ਦੇ ਗ੍ਰਹਿਣ ਨਾਲ ਹੀ ਆਉਂਦਾ ਹੈ ਕਹਿਣ ਨੂੰ ਭਾਵੇਂ ਕੋਰੇ ਸ਼ਬਦ ਤੇ ਅਰਥ ਨੂੰ ਕਾਵਿ ਕਹਿ ਦਿੱਤਾ ਜਾਏ।'[5]
(ਕਾਵਯਸ਼ਬਦੋਹਯੰ ਗੁਣਾਲੰਕਾਰਸੰਸਕਿਤਯ: ਸ਼ਬਦਾਰਥਯੋਰਵਰਤਤੇ -ਕਾਵਿਯਲੰਕਾਰ ਸੂਤ੍ਰਵ੍ਰਿਤੀ- 1/1/2)[10]
ਇਸ ਪ੍ਰਭਿਾਸ਼ਾ ਦੀ ਸਿਫਤ ਇਹ ਹੈ ਕਿ ਇਸ ਵਿੱਚ ਸਿਰਫ ਸ਼ਬਦ ਅਰਥ ਦੇ ਸੰਜੋਗ ਜਾਂ ਸਹਿਤ ਭਾਵ ਨੂੰ ਕਾਵਿ ਨਹੀਂ ਮੰਨਿਆ ਸਗੋਂ ਕਾਵਿ ਵਿਚਲੇ ਦੋਸ਼ਾ ਦੇ ਤਿਆਗ ਅਤੇ ਕਾਵਿਕ ਗੁਣਾ ਤੇ ਅਲੰਕਾਰਾਂ ਦੀ ਸੱਤਾ ਉੱਤੇ ਜ਼ੋਰ ਦਿੱਤਾ ਹੈ। ਅੱਗੇ ਜਾ ਕੇ ਵਾਮਨ ਨੇ ਕਾਵਿ-ਪੂਰਖ ਦੀ ਆਤਮਾ ਵੱਲ ਸੰਕੇਤ ਕਰਦਿਆ ਫੇਰ ਲਿਖਿਆ ਹੈ ਕਿ ਕਾਵਿ ਦੀ ਆਤਮਾ ਰੀਤੀ ਹੈ। ਕਾਵਿ ਦੀ ਸ਼ੋਭਾ ਵਧਾਉਣ ਵਾਲੇ ਸ਼ਬਦ ਤੇ ਅਰਥ ਦੇ ਚਮਤਕਾਰ ਸਹਤਿ ਪਦ-ਰਚਨਾ ਨੂੰ ਰੀਤੀ ਕਹਿੰਦੇ ਹਨ।[5]
ਆਚਾਰੀਆ ਵਿਸ਼ਵਨਾਥ ਅਨੁਸਾਰ
ਸੋਧੋਵਿਸ਼ਵਨਾਥ ਨੇ ਸਾਹਿਤਯ ਦਰਪਣ ਵਿੱਚ ਲਿੱਖਿਆ ਹੈ-
(ਕਾਵਯਮਯ ਸ਼ਬਦਾਰਥੌ ਸ਼ਰੀਰੰ, ਰਮਾਦਿਸ਼ਚਾਤਮਾ
ਗੁਣਾਂ: ਸ਼ੌਰਯਾਦਿਵਤ੍, ਦਸ਼ਾ: ਕਾਣਤਵਾਦਿਵਤ
ਰੀਤਯੋਰਵਯਵਸੰਸਥਾਨਵਿਸ਼ੇਸ਼ਵਤ੍
ਅਲੰਕਾਰਾ: ਕਟਕਕੁੰਡਲਾਦਿਵਤ੍)
ਅਰਥਾਤ ਸ਼ਬਦ ਅਤੇ ਅਰਥ ਕਾਵਿ ਦੇ ਸ਼ਰੀਰ ਹਨ, ਰਸ ਆਦਿ ਆਤਮਾ ਹੈ, (ਮਾਧੁਰਯ, ਪ੍ਰਸ਼ਾਦਿ ਆਦਿ) ਗੁਣ ਸੂਰਬੀਰਤਾ ਵਾਂਗ ਹਨ, (ਕਾਵਿ) ਦੋਸ਼ ਕਾਣੇਪਨ ਦੇ ਸਮਾਨ ਹਨ, (ਵੈਦਰਭੀ ਆਦਿ) ਰੀਤਿਆਂ ਅੰਗਾਂ ਦੀ ਸੁਚੱਜੀ ਸਥਿਤੀ ਵਾਂਗ ਹਨ ਅਤੇ (ਅਨੁਪ੍ਰਾਸ, ਉਪਮਾ ਆਦਿ) ਅਲੰਕਾਰ ਕੰਗਣਾ, ਵਾਲੀਆਂ ਦੇ ਸਮਾਨ ਹਨ।
ਵਿਸ਼ਵਨਾਥ ਨੇ ਆਪਣੇ ਤੋਂ ਪਹਿਲਾਂ ਦੇ ਸਾਰੇ ਵਿਦਵਾਨਾਂ ਦੇ ਮੱਤਾਂ ਦਾ ਖੰਡਨ ਕਰਕੇ ਰਸਾਤਮਕ ਵਾਕਯ ਨੂੰ ਕਾਵਿ ਕਿਹਾ,
(ਵਾਕਯੰ ਰਸਾਤਮਕੰ ਕਾਵਯੰ- ਸਾਹਿਤਯ ਦਰਪਣ, ਪ੍ਰਥਮ ਪਰਿਛੇਦ)
ਇਸ ਪਰਿਭਾਸ਼ਾ ਵਿੱਚ ਰਸ, ਰਸ-ਆਭਾਸ, ਭਾਂਵ ਅਤੇ ਭਾਵ-ਆਭਾਸ ਸਭ ਸਮੇਟੇ ਜਾ ਸਕਦੇ ਹਨ।[11]
ਪੰਡਿਤਰਾਜ ਜਗਨਨਾਥ ਅਨੁਸਾਰ
ਸੋਧੋਪੰਡਿਤਰਾਜ ਜਗਨਨਾਥ ਨੇ ਰਸ ਗੰਗਾਧਰ ਵਿੱਚ ਕਾਵਿ ਦੇ ਲੱਛਣ ਪੇਸ਼ ਕਰਦਿਆ ਕਿਹਾ ਹੈ ਕਿ ਰਸਣੀਕ ਅਰਥ ਨੂੰ ਪ੍ਰਗਟਾਉਣ ਵਾਲਾ ਸ਼ਬਦ ਹੀ ਕਾਵਿ ਹੈ।
(ਰਮਣੀਯਾਰਖਪਤਿਪਾਦਕ: ਸ਼ਬਦ ਕਾਵਯੰ— ਰਸਗੰਗਾਧਰ)
ਇਥੇ ਰਮਣੀਕਤਾ ਤੋਂ ਭਾਵ ਉਹ ਅਰਥ ਹੈ ਜਿਸ ਦੇ ਗਿਆਨ ਨਾਲ ਅਲੌਕਿਕ ਅਨੰਦ ਦੀ ਪ੍ਰਾਪਤੀ ਹੋਵੇ। ਅਰਥਾਤ ਜਿਸ ਅਰਥ ਨੂੰ ਸੁਣ ਕੇ ਸੁਹਿਰਦ ਵਿਅਕਤੀ ਅਚੰਭੇ ਵਾਲੀ ਜਾਂ ਵਿਸਮਾਦੀ ਅਵਸਥਾ ਵਿੱਚ ਪਹੁੰਚ ਜਾਵੇ, ਉਹ ਅਰਥ ਰਮਣੀਕ ਹੋਵੇਗਾ। ਇਸ ਪਰਿਭਾਸ਼ਾ ਵਿੱਚ ਕਾਵਿ ਦੇ ਅੰਦਰਲੇ ਅਤੇ ਬਾਹਰਲੇ ਦੋਹਾਂ ਪੱਖਾਂ ਨੂੰ ਸਮੇਟਿਆ ਗਿਆ ਹੈ। ਇਥੇ ਸ਼ਬਦ ਨੂੰ ਰਮਣੀਕ ਅਰਥ ਦਾ ਪ੍ਰਤਿਪਾਦਕ ਮੰਨ ਕੇ ਅਰਥ ਦੀ ਸਮਾਈ ਸ਼ਬਦ ਵਿੱਚ ਹੀ ਕਰ ਦਿੱਤੀ ਗਈ ਹੈ।[12]
ਆਚਾਰੀਆ ਅਨੰਦਵਰਧਨ ਅਨੁਸਾਰ
ਸੋਧੋਆਨੰਦ ਵਰਧਨ ਨੇ ਧਵਨਯਾਲੋਕ ਦੀ ਰਚਨਾ ਅਤੇ ਧੁਨੀ ਸੰਪਰਦਾਇ ਦੀ ਸਥਾਪਨਾ ਕੀਤੀ। ਅਨੰਦ ਵਰਧਨ ਅਨੁਸਾਰ ਧੁਨੀ ਹੀ ਕਾਵਿ ਦੀ ਆਤਮਾ ਹੈ ਅਤੇ ਸ਼ਬਦ ਤੇ ਅਰਥ ਕਾਵਿ ਦੇ ਸ਼ਰੀਰ ਹਨ।
(ਧ੍ਵਨਿਰਾਤਮਾ ਕਾਵਯਸਯ-ਧ੍ਵਨਯਾਲੋਕ 1/1)[13]
ਧੁਨੀ ਦਾ ਭਾਵ ਹੈ ਰਮਜ਼, ਸੁਝਾ ਅਰਥਾ ਦੀ ਉਹ ਗੂੰਜ ਜਾਂ ਪ੍ਰਤੀ ਧੁਨੀ ਹੈ ਜਿਹੜੀ ਕੋਈ ਕਵਿਤਾ ਪੜਨ ਜਾਂ ਸੁਣਨ ਤੋਂ ਬਾਅਦ ਸਰੋਤੇ ਦੇ ਦਿਲ ਦਿਮਾਗ ਵਿੱਚ ਗੂੰਜਦੀ ਰਹਿੰਦੀ ਹੈ ਅਤੇ ਸਰੋਤਾ ਨਵੇਂ ਨਵੇਂ ਅਰਥ, ਰਮਜ਼ਾਂ ਉਸ ਵਿਚੋਂ ਕੱਢਦਾ ਰਹਿੰਦਾ ਹੈ।[14] ਇਸ ਤਰ੍ਹਾਂ ਅਨੰਦਵਰਧਨ ਅਨੁਸਾਰ ਧੁਨੀ ਹੀ ਕਾਵਿ ਦਾ ਪ੍ਰਮੁੱਖ ਤੱਤ ਹੈ ਜਿਸ ਦੇ ਬਿਨ੍ਹਾਂ ਸੁੰਦਰ ਸ਼ਬਦ ਅਤੇ ਅਰਥ ਵੀ ਪ੍ਰਾਣ ਬਿਨ੍ਹਾਂ ਸ਼ਰੀਰ ਵਾਂਗ ਹਨ। ਇਸ ਨੇ ਵਾਮਨ ਦੀ ਰੀਤੀ ਨੂੰ ਕੇਵਲ ਇੱਕ ਤਰ੍ਹਾਂ ਦੀ ਸ਼ੈਲੀ ਮੰਨਦੇ ਹੋਏ ਨਕਾਰਿਆ ਹੈ।[6]
ਆਚਾਰੀਆ ਕੁੰਤਕ
ਸੋਧੋਅਚਾਰਿਆ ਕੁੰਤਕ ਨੇ ਵਕ੍ਰੋਕਤੀ ਜੀਵਿਤ ਗ੍ਰੰਥ ਵਿੱਚ ਕਿਹਾ, ਰਮਣੀਯਤਾ ਅਥਵਾ ਚਮਤਕਾਰ ਦੀ ਵਿਸ਼ੇਸ਼ਤਾ ਰੱਖਣ ਵਾਲਾ ਨਾ ਤਾਂ ਕੇਵਲ ਸ਼ਬਦ ਅਤੇ ਨਾ ਹੀ ਕੇਵਲ ਅਰਥ, ਬਲਕਿ ਇਹਨਾਂ ਦੋਹਾਂ ਦਾ ਸਹਭਾਵ (ਇੱਕਠਾਪਣ) ਹੀ ਕਾਵਿ ਹੈ। ਪਰ ਇਹ (ਸ਼ਬਦ ਅਤੇ ਅਰਥ ਦਾ) ਸਹਭਾਵ ਵਕ੍ਰੋਕਤੀ ਅਰਥਾਤ ਚਮਤਕਾਰਭਰੀ ਉਕਤੀ (ਕਥਨ) ਤੋਂ ਪਰਿਪੁਸ਼ਟ ਹੋਣਾ ਚਾਹਿਦਾ ਹੈ। ਕੁੰਤਕ ਸ਼ਬਦ ਅਤੇ ਅਰਥ ਨੂੰ ਅਲੰਕਾਰਯ (ਜਿਸ ਨੂੰ ਸਜਾਇਆ ਜਾਵੇ)ਅਤੇ ਵਿਕ੍ਰੋਕਤੀ ਨੂੰ ਅਲੰਕਾਰ (ਸਜਾਉਣ ਵਾਲਾ)ਮੰਨਦੇ ਹਨ।[6] ਸੋ ਕੁੰਤਕ ਨੇ ਵਿਕ੍ਰੋਕਤੀ ਨੂੰ ਹੀ ਕਾਵਿ ਦੀ ਆਤਮਾ ਦੀ ਪਦਵੀ ਬਖਸ਼ੀ ਹੈ। ਵਕ੍ਰ+ਉਕਤੀ ਅਰਥਾਤ ਕਹਿਣ ਦੇ ਢੰਗ ਵਿੱਚ ਵਕ੍ਰਤਾ ਅਰਥਾਤ ਕਟਾਕਸ਼, ਤਨਸ਼, ਟੇਢਾਪਣ, ਵਿਅੰਗ, ਬਾਂਕਾਪਨ, ਵਿਚਿਤਰਤਾ ਹੀ ਵਕ੍ਰੋਕਤੀ ਹੈ। ਕੁੰਤਕ ਨੇ ਕਵੀ ਦੇ ਕਾਵਿ -ਕੋਸ਼ਲ ਦੁਆਰਾ ਵਰਤੀ ਗਈ ਕਾਵਿ -ਭਾਸ਼ਾ ਦੀ ਵਿਲੱਖਣਤਾ ਨੂੰ ਵਕ੍ਰੋਕਤੀ ਕਿਹਾ ਹੈ। ਹਵਾ ਨੂੰ ਹਵਾ ਨਾ ਕਹਿ ਕੇ 'ਸੁਰਗਾਂ ਦਾ ਹੌਂਕਾ' ਕਹਿਣਾ ਵਕ੍ਰੋਕਤੀ ਹੈ।[14]
ਆਚਾਰੀਆ ਭੋਜ ਅਨੁਸਾਰ
ਸੋਧੋਰਾਜਾ ਭੋਜ ਨੇ ਗਿਆਰਵੀਂ ਸਦੀ ਵਿੱਚ ਪੂਰਵ-ਵਰਤੀ ਆਚਾਰਯਾ ਦੀਆਂ ਪਰਿਭਾਸ਼ਵਾਂ ਨੂੰ ਗ੍ਰਹਿਣ ਕਰਕੇ ਦੋਸ਼ ਰਹਿਤ, ਗੁਣ ਸਹਿਤ, ਅਲੰਕਾਰ ਨਾਲ ਸਜੀ ਹੋਈ ਅਤੇ ਰਸ ਪੂਰਨ ਰਚਨਾ ਹੀ ਉੱਤਮ ਕਾਵਿ ਹੈ।[15] ਇਸ ਦੇ ਗ੍ਰੰਥ ਦਾ ਨਾਂ ਸਰਸਵਤੀ—ਕੰਠਾਭਰਣ ਹੈ।(ਅਧਿਆਏ—1/2)[13]
ਆਚਾਰੀਆ ਰੁਦ੍ਰਟ ਅਨੁਸਾਰ
ਸੋਧੋਰੁਦ੍ਰਟ ਵਾਮਨ ਦਾ ਉੱਤਰ ਸਮਕਾਲੀ ਸੀ। ਇਸ ਨੇ ਭਾਮਹ ਵਾਂਗ ਸ਼ਬਦ ਅਤੇ ਅਰਥ ਦੋਹਾਂ ਨੂੰ ਕਾਵਿ ਮੰਨਿਆ ਹੈ।
(ਨਨੁ ਸ਼ਬਦਾਰਥੋ ਕਾਵਯੰ -ਕਾਵਯਾਲੰਕਾਰ 3/1)
ਇਸ ਲਈ ਰੁਦ੍ਰਟ ਦੀ ਇਸ ਸੰਬੰਧ ਵਿੱਚ ਕੋਈ ਉਚੇਰੀ ਦੇਣ ਨਹੀਂ ਹੈ।[10]
ਰਾਜ ਸ਼ੇਖਰ ਅਨੁਸਾਰ
ਸੋਧੋਕਾਵਿ ਦੇ ਸਰੂਪ ਨੂੰ ਸਪਸ਼ਟ ਕਰਨ ਲਈ ਰਾਜ ਸ਼ੇਖਰ ਨੇ ਕਾਵਯ ਮੀਸਾਂਸ (ਪੰਨਾ ੧੪) ਵਿੱਚ ਕਾਵਿ ਪੁਰਸ਼ ਦੇ ਰੂਪਕ ਦਾ ਵਰਣਨ ਇਸ ਤਰ੍ਹਾਂ ਕੀਤਾ ਹੈ—
(ਸ਼ਬਦਾਰਥੌ ਤੇ ਸ਼ਰੀਰੰ ਸੰਸਕ੍ਰਿਤੰ ਮੁਖੰ ਪ੍ਰਾਕ੍ਰਿਤੰ ਬਾਹੁ:
ਜੰਘਨਮਪਭ੍ਰੰਸ਼, ਪੈਸ਼ਾਂਚਪਾਦੋ, ਉਰੋ ਮਿਸ਼ਮ੍।
ਸਮ: ਪ੍ਰਸੰਨੋ ਮਧੁਰ ਉਦਾਰ ਓਜਸਵੀ ਚਾਸਿ। ਉਕਤਿਚਣੰ ਚ ਤੇ ਵਚੋ,
ਰਸ ਆਤਮਾ, ਰੋਸਾਣਿ ਛੰਦਾਸਿ, ਪ੍ਰਸ਼ਨੋਤੱਰ- ਪ੍ਰਵਹੁਲਿਕਾਦਿਕੰ ਚ
ਵਾਕਕੇਲਿ: ਅਨੁਪ੍ਰਾਸੋਪਸਾਦਯਸ਼ਚ ਤਵਾਮਲੰਕੁਰਵੰਤਿ।)
ਅਰਥਾਤ ਸ਼ਬਦ ਅਤੇ ਅਰਥ ਤੇਰੇ ਸ਼ਰੀਰ ਹਨ, ਸੰਸਕ੍ਰਿਤ ਭਾਸ਼ਾ ਮੁੱਖ ਹੈ, ਪ੍ਰਾਕ੍ਰਿਤਾਂ ਭੁਜਾਵਾਂ ਹਨ, ਅਪਭ੍ਰੰਸ਼ ਪੇਡੂ ਹੈ, ਪੈਸ਼ਾਚ (ਭਾਸ਼ਾ) ਪੈਰ ਹਨ ਅਤੇ ਮਿਸ਼ਰਤ(ਭਾਸ਼ਾਵਾਂ) ਛਾਤੀ ਹਨ। ਤੂੰ ਸਮ, ਪਵਿਤ੍ਰ, ਮਧੁਰ, ਉਦਾਰ ਅਤੇ ਤੇਜਸਵੀ ਹੈ। ਤੇਰੇ ਬੋਲ ਉਤਮ ਹਨ, ਰਸ ਤੇਰੀ ਆਤਮਾ ਹੈ ਛੰਦ ਤੇਰੇ ਰੋਮ ਹਨ, ਪ੍ਰਸ਼ਨ-ਉੱਤਰ, ਬੁਝਾਰਤ, ਸਮਸਿਆ ਤੇਰਾ ਬੱਚਨ-ਬਿਲਾਸ ਹੈ ਅਤੇ ਅਨੁਪ੍ਰਾਸ, ਉਪਮਾ ਆਦਿ ਤੇਰੇ ਗਹਿਣੇ ਹਨ।[16]
ਆਚਾਰੀਆ ਕਸ਼ਮੇਂਦ੍ਰ ਅਨੁਸਾਰ
ਸੋਧੋਆਚਾਰੀਆ ਕਸ਼ਮੇਂਦ੍ਰ ਨੇ ਔਚਿਤਯਾ ਨੂੰ ਕਾਵਿ ਦੀ ਆਤਮਾ ਮੰਨਦੇ ਹੋਏ ਕਿਹਾ ਹੈ ਕਿ ਰਸ ਤੋਂ ਭਰਪੂਰ ਕਾਵਿ ਦਾ ਜੀਵਨ (ਪ੍ਰਾਣ) ਔਚਿਤਯ ਹੈ। ਇਸ ਔਚਿਤਯਾ ਦੀ ਵਿਆਖਿਆ ਕਰਦੇ ਹੋਏ ਉਹਨਾਂ ਦਾ ਕਥਨ ਹੈ ਕਿ, “ਜਿਸ ਵਸਤੂ ਦਾ ਜਿਸ ਨਾਲ ਮੇਲ ਮਿਲਦਾ ਹੋਵੇ ਉਸਨੂੰ ਊਚਿਤ ਕਿਹਾ ਜਾਂਦਾ ਹੈ ਅਤੇ ਊਚਿਤ ਦਾ ਭਾਵ ਹੈ ਔਚਿਤਯ’ਹੈ।" ਇਨ੍ਹਾਂ ਦੇ ਅਨੁਸਾਰ ਔਚਿਤਯ ਤੋਂ ਬਿਨ੍ਹਾਂ ਗੁਣ ਅਲੰਕਾਰ ਜਾਂ ਹੋਰ ਕੋਈ ਕਾਵਿ-ਤੱਤ ਕਾਵਿ ਨੂੰ ਰਮਣੀਯ ਅਤੇ ਸੁੰਦਰ ਨਹੀਂ ਬਣਾ ਸਕਦੇ।[6]
ਆਚਾਰੀਆ ਵਿਦਿਯਾਧਰ, ਜੈਯਦੇਵ ਅਤੇ ਕੇਸ਼ਵ ਅਨੁਸਾਰ
ਸੋਧੋਵਿਦਿਯਾਧਰ ਨੇ ਵੀ ਸ਼ਪਸ਼ਟ ਸ਼ਬਦਾ ਚ ਸ਼ਬਦ ਅਤੇ ਅਰਥ ਨੂੰ ਹੀ ਕਾਵਿ ਦਾ ਸ਼ਰੀਰ ਮੰਨਿਆ ਹੈ। ਜੈਯਦੇਵ ਪੀਯੂਸ਼ਵਰਸ਼ ਨੇ ਰੀਤੀ, ਗੁਣ ਅਲੰਕਾਰ ਅਤੇ ਰਸ ਤੋਂ ਭਰਪੂਰ ਅਨੇਕ ਪ੍ਰਕਾਰ ਦੀ ਵਾਣੀ ਨੂੰ ਕਾਵਿ ਕਿਹਾ ਹੈ। ਕੇਸ਼ਵ ਮਿਸ਼੍ਰ ਨੇ ਵੀ 'ਰਸ ਤੋਂ ਭਰਪੂਰ ਕਾਵਿ ਦਾ ਸੁਣਿਆ ਇੱਕ ਵਾਕ ਵੀ ਵਿਸ਼ੇਸ਼ ਤਰ੍ਹਾਂ ਦਾ ਆਨੰਦ ਦੇਣ ਵਾਲਾ ਹੁੰਦਾ ਹੈ' ਨੂੰ ਹੀ ਕਾਵਿ ਕਿਹਾ ਹੈ।[6]
ਸੋਧੋਆਚਾਰੀਆ ਵਾਗ੍ਭੱਟ, ਹੇਮਚੰਦ੍ਰ ਅਤੇ ਵਿਦਿਆਨਾਥ ਅਨੁਸਾਰ
ਸੋਧੋਆਚਾਰੀਆ ਵਾਗ੍ਭੱਟ, ਹੇਮਚੰਦ੍ਰ ਅਤੇ ਵਿਦਿਆਨਾਥ ਨੇ ਦੰਡੀ ਅਤੇ ਅਗਨੀਪੁਰਾਣ ਦੇ ਕਾਵਿ ਲਕਸ਼ਣ ਨੂੰ ਲਗਭਗ ਦੋਹਰਾਉਂਦੇ ਹੋਏ ਸ਼ਬਦ ਅਤੇ ਅਰਥ ਦੇ ਵਿਸ਼ੇਸ਼ਣਾ ਨੂੰ ਅੱਗੇ-ਪਿੱਛੇ ਕਰਕੇ ਆਪਣੇ ਕਾਵਿ ਲਕਸ਼ਣ ਪ੍ਰਸਤੂਤ ਕੀਤੇ ਹਨ, “ਦੋਸ਼ ਰਹਿਤ ਗੁਣ ਅਤੇ ਅਲੰਕਾਰਯੁਕਤ ਸ਼ਬਦ ਅਤੇ ਅਰਥ ਹੀ ਕਾਵਿ ਹੈ।” ਵਿਦਿਆਨਾਥ ਨੇ ਕਾਵਿ ਦੇ ਦੋਹਾਂ ਰੂਪਾ (ਗਦ ਅਤੇ ਪਦ) ਵਲ ਸੰਕੇਤ ਕਰ ਦਿੱਤਾ ਹੈ।
ਅਰਸਤੂ ਅਨੁਸਾਰ
ਸੋਧੋਅਰਸਤੂ ਨੇ ਕਾਵਿ ਦੀ ਪਰਿਭਾਸ਼ਾ ਨਹੀਂ ਕੀਤੀ,ਉਸਦੀ ਵਿਵੇਚਨਾ ਕੀਤੀ ਹੈ।ਉਞ ਤਾਂ ਸੁਭਾਅ ਤੋਂ ਤਾਰਕਿਕ ਹੋਣ ਕਰਕੇ ਉਹ ਪਰਿਭਾਸ਼ਾ ਤੋਂ ਬਚਣ ਦਾ ਜਤਨ ਕਰਦੇ ਰਹੇ ਅਸਲ ਵਿੱਚ ਪਰਿਭਾਸ਼ਾ ਉਨ੍ਹਾਂ ਦੀ ਵਿਵੇਚਨ ਸ਼ੈਲੀ ਦਾ ਹੀ ਇੱਕ ਅੰਗ ਹੈ ਤਾਂ ਵੀ ਕਾਵਿ ਦਾ ਗੁੰਦਵਾ ਲੱਛਣ ਉਨ੍ਹਾਂ ਨੇ ਨਹੀਂ ਦਿੱਤਾ ਪਰ ਉਨ੍ਹਾਂ ਦੇ ਵਿਵੇਚਨ ਦੇ ਅਧਾਰ ਉੱਤੇ ਲਗਪਗ ਉਨ੍ਹਾਂ ਦੇ ਸ਼ਬਦਾਂ ਵਿੱਚ ਕਾਵਿ ਲੱਛਣ ਦੀ ਉਸਾਰੀ ਅਤੇ ਕਾਵਿ -ਸਰੂਪ ਨੂੰ ਨਸ਼ਿਚਿਤ ਕਰਨਾ ਕਠਿਨ ਨਹੀਂ ਹੋਵੇਗਾ।
(ੳ) ਅਰਸਤੂ ਦੇ ਅਨੁਸਾਰ ਕਲਾ ਦੇ ਅਨੇਕ ਪ੍ਰਕਾਰ ਹਨ-ਕਾਵਿ,ਚਿਤ੍ਰ,ਸੰਗੀਤ ਆਦਿ ਜੋ ਮਾਧਿਅਮ ਦੇ ਅਧਾਰ ਤੇ ਇੱਕ ਦੂਜੇ ਤੋਂ ਵੱਖ ਹਨ;ਅਰਥਾਤ ਇਨਾ ਸਾਰਿਆ ਦਾ ਮੂਲ ਤੱਤ ਤਾਂ ਸੁਭਾਵਿਕ ਤੋਰ ਇਕੋ ਹੀ ਹੈ,ਪਰ ਮਾਧਿਅਮ ਵੱਖ-ਵੱਖ ਹੀ ਹਨ। ਕਾਵਿ ਦਾ ਮਾਧਿਅਮ ਹੈ ਭਾਸ਼ਾ,ਚਿਤ੍ਰ ਦਾ ਰੰਗ -ਰੇਖਾ ਅਤੇ ਸੰਗੀਤ ਦਾ ਸੁਰ ਆਦਿ। ਇਸ ਦਾ ਅਰਥ ਇਹ ਹੋਇਆ ਕਿ ਕਾਵਿ -ਕਲਾ ਦਾ ਉਹ ਪ੍ਰਕਾਰ ਹੈ ਜਿਸ ਦਾ ਮਾਧਿਅਮ ਹੈ ਭਾਸ਼ਾ।
(ਅ)ਕਲਾ,ਅਰਸਤੂ ਦੇ ਮਤ ਅਨੁਸਾਰ,ਪ੍ਰਕਿਤੀ ਦਾ ਅਨੁਕਰਣ ਹੈ ਇਸ ਪ੍ਰਕਾਰ ਸਿੱਟਾ ਇਹ ਨਿਕਲਦਾ ਹੈ ਕਿ ਕਾਵਿ ਪ੍ਰਕਿਤੀ ਦੇ ਅਨੁਕਰਣ ਦਾ ਉਹ ਪ੍ਰਕਾਰ ਹੈ। ਜਿਸ ਦਾ ਮਾਧਿਅਮ ਹੈ ਭਾਸ਼ਾ। ਇਸ ਲਈ ਅਰਸਤੂ ਦੇ ਅਨੁਸਾਰ ਕਾਵਿ ਦਾ ਇਹ ਲੱਛਣ ਬਣ ਜਾਂਦਾ ਹੈ ਕਾਵਿ ਭਾਸ਼ਾ ਦੇ ਮਾਧਿਅਮ ਰਾਹੀ ਪ੍ਰਕਿਤੀ ਦਾ ਅਨੁਕਰਣ ਹੈ।[17]
1.ਕਾਵਿ ਇੱਕ ਕਲਾ ਹੈ
ਸੋਧੋਕਾਵਿ ਸ਼ਾਸ਼ਤਰ ਦੇ ਆਰੰਭ ਵਿੱਚ ਹੀ ਅਰਸਤੂ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਕਾਵਿ ਇੱਕ ਕਲਾ ਹੈ ਚਿਤ੍ਕਾਰਾ ਜਾ ਕਿਸੇ ਵੀ ਹੋਰ ਕਲਾਕਾਰ ਵਾਂਗ ਕਵੀ ਅਨੁਕਰਤਾ ਹੈ।' (ਕਾਵਿ -ਸ਼ਾਸਤ੍ ੪੦)
" ਮਹਾਂਕਾਵਿ,ਤ੍ਰਾਸਦੀ,ਕਾਮਦੀ ਅਤੇ ਰੌਦ੍ਰਸਤੋਤ ਬੰਬੀ ਬੀਨਾ ਸੰਗੀਤ ਦੇ ਬਹੁਤ ਸਾਰੇ ਭੇਦ ਕੁਲ ਅਨੁਕਰਣ ਦੀਆ ਹੀ ਵਿਧੀਆ ਹਨ। ਫੇਰ ਵੀ ਤਿੰਨ ਗੱਲਾਂ ਵਿੱਚ ਉਹ ਇੱਕ ਦੂਜੇ ਤੋਂ ਵੱਖ ਹਨ -ਅਨੁਕਰਣ ਦੇ ਮਾਧਿਅਮ,ਵਿਸ਼ਾ ਅਤੇ ਵਿਧੀ ਜਾ ਰੀਤੀ ਹਰ ਇੱਕ ਦੀ ਆਪੋ-ਆਪਣੀ ਹੁੰਦੀ ਹੈ।
ਜਿਸ ਤਰ੍ਹਾਂ ਲੋਕ ਸਚੇਤ ਕਲਾਕਾਰੀ ਜਾਂ ਕੇਵਲ ਅਭਿਆਸ ਰਾਹੀ ਰੰਗ,ਰੂਪ ਜਾਂ ਸੁਰ ਦੇ ਮਾਧਿਅਮ ਨਾਲ ਵੰਨਸੁਵੰਨੀਆਂ ਵਸਤਾਂ ਦਾ ਅਨੁਕਰਣ ਜਾਂ ਪ੍ਰਗਟਾਵਾ ਕਰਦੇ ਹਨ,ਉਸੇ ਤਰ੍ਹਾਂ ਓਪਰੋਕਤ ਕਲਾਵਾਂ ਵਿੱਚ ਸਮੁੱਚੇ ਤੋਰ ਤੇ, ਅਨੁਕਰਣ ਦਾ ਕਾਰਜ ਲੈਅ, ਭਾਸ਼ਾ ਜਾਂ ਇੱਕ ਸੁਰਤਾ ਵਿਚੋਂ ਕਿਸੇ ਇੱਕ ਮਾਧਿਅਮ ਜਾਂ ਇੱਕ ਤੋਂ ਵਧੀਕ ਜੁੜਵੇ ਮਾਧਿਅਮਾ ਨਾਲ ਨੇਪਰੇ ਚੜਦਾ ਹੈ।"(ਕਾਵਿ -ਸ਼ਾਸਤ੍ਰ ੬)[18]
ਆਚਾਰੀਆ ਮੰਮਟ ਅਨੁਸਾਰ
ਸੋਧੋਕਾਵਿ ਦਾ ਸਰੂਪ ਦਸਦੇ ਹੋਏ ਆਚਾਰਿਆ ਮੰਮਟ ਨੇ ਸ਼ਬਦ ਤੇ ਅਰਥ ਨੂੰ ਕਾਵਿ ਕਿਹਾ ਹੈ ਜੋ ਦੋਸ਼ ਰਹਿਤ, ਗੁਣ ਸਹਿਤ ਅਤੇ ਅਲੰਕਾਰਾਂ ਨਾਲ ਯੁਕਤ ਹੋਣੇ ਚਾਹਿਦੇ ਹਨ ਪਰ ਜੇਕਰ ਉਹਨਾਂ ਵਿੱਚ
ਅਲੰਕਾਰਾਂ ਨਾਲ ਯੁਕਤ ਹੋਣੇ ਚਾਹਿਦੇ ਹਨ ਪਰ ਜੇਕਰ ਉਹਨਾਂ ਵਿੱਚ ਅਲੰਕਾਰ ਨਾ ਹੋਣ ਤਾਂ ਵੀ ਕਾਵਿ ਦੀ ਹਾਨੀ ਨਹੀਂ ਹੁੰਦੀ। ਇਸ ਤਰ੍ਹਾਂ ਕਾਵਿ ਦੇ ਲੱਛਣ ਦੇ ਚਾਰ ਹਿੱਸੇ ਕੀਤੇ ਜਾ ਸਕਦੇ ਹਨ—
1. ਸ਼ਬਦ ਤੇ ਅਰਥ: ਸ਼ਬਦ ਤੇ ਅਰਥ ਦੋਨੋਂ ਮਿਲ ਕੇ ਕਾਵਿ ਹੁੰਦੇ ਹਨ। ਇਸ ਕਥਨ ਵਿੱਚ ਸ਼ਬਦ ਤੇ ਅਰਥ ਦੇ ਯੁਕਤ ਵਿਸ਼ੇਸ਼ ਸਾਹਿਤ ਵਲ ਇਸ਼ਾਰਾ ਕੀਤਾ ਗਿਆ ਹੈ। ਇਸ ਲਈ ਇਥੇ ਵਿਸ਼ੇਸ਼ ਪ੍ਰਕਾਰ ਦੇ ਸ਼ਬਦ ਅਰਥ ਦੀ ਜੋੜੀ ਨੂੰ ਕਾਵਿ ਕਿਹਾ ਗਿਆ ਹੈ।
2. ਦੋਸ਼ ਰਹਿਤ: ਇਹ ਸ਼ਬਦ ਤੇ ਅਰਥ ਦਾ ਵਿਸ਼ੇਸ਼ਣ ਹੈ। ਇਸ ਅਨੁਸਾਰ ਦੋਸ਼ ਰਹਿਤ ਸ਼ਬਦ ਅਰਥ ਦੀ ਜੋੜੀ ਹੀ ਕਾਵਿ ਹੈ। ਪਰ ਦੁਨੀਆ ਵਿੱਚ ਕੋਈ ਵਸਤ ਦੋਸ਼ ਰਹਿਤ ਨਹੀਂ ਹੋ ਸਕਦੀ। ਇਸ ਲਈ ਇਸ ਦਾ ਭਾਵ ਇਹ ਹੈ ਕਾਵੱਤਵ ਦੇ ਨਾਸ਼ਕ ਜ਼ੋ ਚਿਉਤ ਸੰਸਕਾਰ ਆਦਿ ਦੋਸ਼ ਹਨ ਉਹ ਨਹੀਂ ਹੋਣੇ ਚਾਹਿਦੇ। ਆਚਾਰੀਆ ਮੰਮਟ ਅਨੁਸਾਰ ਦੋਸ਼ ਰਸ ਆਦਿ ਦੇ ਬਾਧਕ ਹੁੰਦੇ ਹਨ, ਗੁਣਾਂ ਦੇ ਕੇਵਲ ਨਾ ਹੋਣਾ ਹੀ ਦੋਸ਼ ਨਹੀਂ ਹੈ। ਇਸੇ ਕਾਰਨ ਗੁਣ ਸਹਿਤ ਤੋਂ ਅਲਿਹਦਾ ਦੋਸ਼ ਰਹਿਤ ਕਿਹਾ ਗਿਆ ਹੈ। ਇਸ ਦਾ ਭਾਵ ਇਹ ਹੈ ਕਿ ਜੇ ਕਿਸੇ ਕਵੀ ਦੀ ਕਿਰਤ ਦੇ ਸੁਹਿਰਦਾ ਦੇ ਹਿਰਦੇ ਨੂੰ ਆਨੰਦ ਦੀ ਅਨੁਭੂਤੀ ਕਰਾਉਂਦੀ ਹੈ ਪਰ ਉਸ ਵਿੱਚ ਸ਼ਾਸ਼ਤਰਾਂ ਵਿੱਚ ਕਿਹਾ ਹੋਇਆ ਕੋਈ ਦੋਸ਼ ਵੀ ਹੁੰਦਾ ਹੈ, ਪਰ ਉਹ ਦੋਸ਼ ਕਾਵੱਤਵ ਦੇ ਬਾਧਕ ਨਹੀਂ ਹੁੰਦਾ ਤਾਂ ਉਸ ਨੂੰ ਕਾਵਿ ਮੰਨਣ ਵਿੱਚ ਕੋਈ ਹਰਜ਼ ਨਹੀਂ। ਸੰਖੇਪ ਵਿੱਚ ਅਸੀ ਇਉਂ ਕਹਿ ਸਕਦੇ ਹਾਂ ਕਿ ਜਿਸ ਸ਼ਬਦ ਅਰਥ ਵਿੱਚ ਰਸ ਆਦਿ ਦੀ ਸਪਸ਼ਟ ਪ੍ਰਤੀਤੀ ਹੁੰਦੀ ਹੈ ਉਸ ਵਿੱਚ ਜੇ ਕੋਈ ਦੋਸ਼ ਵੀ ਹੁੰਦਾ ਹੈ ਤਾਂ ਉਹ ਕਾਵਿ ਹੀ ਹੈ।
3. ਗੁਣ ਸਹਿਤ: ਇਹ ਵੀ ਸ਼ਬਦ ਤੇ ਅਰਥ ਦਾ ਵਿਸ਼ੇਸ਼ਣ ਹੈ। ਇਸ ਦਾ ਭਾਵ ਮਾਧੁਰਜ, ਉਜ਼ ਅਤੇ ਪ੍ਰਸ਼ਾਦਿ ਨਾਂ ਦੇ ਗੁਣਾ ਨਾਲ ਯੁਕਤ ਦੋਸ਼ ਰਹਿਤ ਸ਼ਬਦ ਅਰਥ ਕਾਵਿ ਹੈ ਅਰਥਾਤ ਗੁਣ ਰਹਿਤ ਸ਼ਬਦ ਅਰਥ ਦੀ ਜੋੜੀ ਕਾਵਿ ਨਹੀਂ। ਭਾਵੇਂ ਮੰਮਟ ਦੇ ਮੱਤ ਵਿੱਚ ਗੁਣ ਰਸ ਦੇ ਅੰਗੀ ਧਰਮ ਕਹੇ ਜਾਂਦੇ ਹਨ ਕਿਉਂਕਿ ਰਸ ਦੀ ਅਭਿਵਿਅੰਜਨਾ ਸ਼ਬਦ ਤੇ ਅਰਥ ਰਾਹੀਂ ਹੀ ਹੁੰਦੀ ਹੈ।
4. ਕਿਤੇ ਕਿਤੇ ਅਲੰਕਾਰ ਰਹਿਤ: ਅਜਿਹੇ ਸ਼ਬਦ ਅਰਥ ਜਿਸ ਨੂੰ ਕਾਵਿ ਕਿਹਾ ਜਾਂਦਾ ਹੈ ਆਮ ਕਰਕੇ ਅਲੰਕਾਰ ਯੁਕਤ ਹੁੰਦੇ ਹਨ ਪਰ ਜੇ ਕਿਤੇ ਸਪਸ਼ਟ ਰੂਪ ਵਿੱਚ ਅਲੰਕਾਰ ਦੀ ਪ੍ਰਤੀਤੀ ਨਾ ਹੁੰਦੀ ਹੋਵੇ ਤਾਂ ਕਿ ਸ਼ਬਦ ਅਰਥ ਕਾਵਿ ਵਿੱਚ ਅਦੋਸ਼ਤਾ ਤੇ ਗੁਣ ਯੁਕਤਤਾ ਦੇ ਰਹਿਣ ਦੇ ਕਾਰਣ ਕਾਵਤੱਵ ਮੰਨਣਾ ਪੈਂਦਾ ਹੈ। ਇਸ ਦਾ ਭਾਵ ਇਹ ਹੈ ਕਿ ਅਲੰਕਾਰ ਕਾਵਿ ਦੇ ਲਈ ਜਰੂਰੀ ਤਾਂ ਹਨ ਪਰ ਲਾਜ਼ਮੀ ਨਹੀਂ। ਰਸ ਆਦਿ ਦੀ ਅਭਿਵਿਅਕਤੀ ਕਰਨਾ ਕਾਵਿ ਦਾ ਮੂਲ ਤੱਤ ਹੈ ਅਤੇ ਜੇ ਉਹ ਹੈ ਤਾਂ ਅਲੰਕਾਰ ਯੋਜਨਾ ਨਾ ਹੋਣ ਤੇ ਵੀ ਕਾਵਿ ਹੋਣ ਵਿੱਚ ਕੋਈ ਹਾਨੀ ਨਹੀਂ ਮੰਨੀ ਜਾ ਸਕਦੀ।
ਕਾਵਿ ਪ੍ਰਕਾਸ਼ ਵਿੱਚ ਮੰਮਟ ਨੇ ਆਪਣੇ ਲੱਛਣ ਵਿੱਚ ਜੋ ਸ਼ਬਦ-ਅਰਥ ਦੀ ਜ਼ੋੜੀ ਦਾ ਦੋਸ਼ ਰਹਿਤ, ਗੁਣਯੁਕਤ ਅਤੇ ਕਿਤੇ ਕਿਤੇ ਅਲੰਕਾਰ ਰਹਿਤ ਹੋਣਾ ਕਿਹਾ ਹੈ ਉਹਨਾਂ ਤਿੰਨਾਂ ਦਾ ਵਿਸ਼ਵ ਨਾਥ ਨੇ ਬਹੁਤ ਜ਼ੋਰ ਨਾਲ ਖੰਡਨ ਕੀਤਾ ਹੈ। ਉਹ ਕਹਿੰਦਾ ਹੈ ਕਿ ਜੇ ਦੋਸ਼ ਰਹਿਤ ਸ਼ਬਦ-ਅਰਥ ਨੂੰ ਹੀ ਕਾਵਿ ਮੰਨਿਆ ਜਾਵੇ ਤਾਂ ਇਸ ਤਰ੍ਹਾਂ ਬਿਲਕੁਲ ਦੋਸ਼ ਰਹਿਤ ਕਾਵਿ ਸੰਸਾਰ ਵਿੱਚ ਮਿਲਣਾ ਹੀ ਮੁਸ਼ਕਿਲ ਹੈ। ਅਰਥਾਤ ਅਜਿਹੀ ਹਾਲਤ ਵਿੱਚ ਕਾਵਿ ਜਾਂ ਤਾਂ ਸੰਸਾਰ ਵਿੱਚ ਮਿਲੇਗਾ ਹੀ ਨਹੀਂ ਅਤੇ ਜੇ ਕਿਤੇ ਮਿਲ ਵੀ ਗਿਆ ਤਾਂ ਬਹੁਤ ਘੱਟ ਮਿਲ ਸਕੇਗਾ। ਇਸ ਤੋਂ ਇਲਾਵਾ 'ਨਯੱਕਾਰੋ ਹੁਯਮੇਵ' ਆਦਿ ਜਿਸ ਸਲੋਕ ਨੂੰ ਧੁਨੀ ਪ੍ਰਧਾਨ ਹੋਣ ਨਾਲ ਉੱਤਮ ਕਾਵਿ ਮੰਨਿਆ ਗਿਆ ਹੈ ਉਸ ਵਿੱਚ ਵੀ ਵਿਧੇਯਾਵਿਮਰਸ਼ ਦੋਸ਼ ਦੇ ਮੋਜੂਦ ਹੋਣ ਨਾਲ ਉਸ ਨੂੰ ਉੱਤਮ ਕਾਵਿ ਤਾਂ ਕੀ ਕਾਵਿ ਵੀ ਨਹੀਂ ਕਿਹਾ ਜਾ ਸਕੇਗਾ ਜੇ ਇਹ ਕਿਹਾ ਜਾਵੇ ਕਿ ਦੋਸ਼ ਤਾਂ ਉਸ ਸਲੋਕ ਦੀ ਥੋੜੇ ਹੀ ਅੰਸ਼ ਵਿੱਚ ਹੈ ਤਾਂ ਜਿਸ ਅੰਸ਼ ਵਿੱਚ ਦੋਸ਼ ਹੈ ਉਹੋ ਅਕਾਵੱਤਵ ਦਾ ਪ੍ਰਯੋਜਕ ਹੋਵੇਗਾ ਅਤੇ ਜਿਸ ਅੰਸ਼ ਵਿੱਚ ਧੁਨੀ ਹੈ ਉਹ ਉਤਮ ਕਾਵੱਤਵ ਦਾ ਪ੍ਰਯੋਜਕ ਹੋਵੇਗਾ। ਇਸ ਤਰ੍ਹਾਂ ਉਹ ਕਾਵਿ ਜਾਂ ਅਕਾਵਿ ਕੁਝ ਵੀ ਸਿੱਧ ਨਹੀਂ ਹੋ ਸਕੇਗਾ।[19]
ਓਪਰੋਕਤ ਜਾਣਕਾਰੀ ਦੇ ਆਧਾਰ ਤੇ ਕਾਵਿ ਦੇ ਲੱਛਣ
ਸੋਧੋ1.ਕਾਵਿ ਇੱਕ ਕਲਾ ਹੈ।
2.ਕਾਵਿ ਵਿੱਚ ਜੀਵਨ ਦੀ ਸੱਚਾਈ ਪੇਸ਼ ਹੁੰਦੀ ਹੈ।
3.ਕਾਵਿ ਵਿੱਚ ਸੰਸਾਰ ਦੇ ਜੀਵਨ ਦੀ ਆਲੋਚਨਾ ਹੁੰਦੀ ਹੈ।
4.ਕਾਵਿ ਵਿੱਚ ਸੰਸਾਰ ਦੇ ਜੀਵਨ ਦੀ ਵਿਆਖਿਆ ਪੇਸ਼ ਕੀਤੀ ਜਾਂਦੀ ਹੈ।
5.ਕਾਵਿ ਵਿੱਚ ਕਲਪਨਾ ਇੱਕ ਜ਼ਰੂਰੀ ਤੱਤ ਹੈ।
6. ਕਾਵਿ ਜ਼ਿੰਦਗੀ ਦੇ ਅਨੁਭਵਾਂ ਨਾਲ ਸੰਬੰਧਿਤ ਹੁੰਦਾ ਹੈ।
7.ਕਾਵਿ ਆਨੰਦ ਜਾਂ ਮਨੋਰੰਜਨ ਪ੍ਰਦਾਨ ਕਰਦੀ ਹੈ।
8.ਕਾਵਿ ਦੇ ਵਿਸ਼ੇ ਪੂਰੀ ਤਰ੍ਹਾਂ ਭਾਵਨਾ ਦੇ ਵੇਗ ਨਾਲ ਭਰੇ ਹੁੰਦੇ ਹਨ।
9.ਕਾਵਿ ਕਿਸੀ ਜਟਿਲ ਵਿਸ਼ੇ ਦਾ ਆਸਾਨ ਭਾਸ਼ਾ ਵਿੱਚ ਪ੍ਰਗਟਾਵਾ ਹੈ।
ਸਿੱਟਾ
ਸੋਧੋਉਪਰੋਕਤ ਪਰਿਭਾਸ਼ਾਵਾਂ ਦੇ ਵਿਸ਼ਲੇਸ਼ਣ ਤੋਂ ਬਾਅਦ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਸੰਸਕ੍ਰਿਤ ਕਾਵਿ ਸ਼ਾਸ਼ਤਰ ਦੇ ਆਚਾਰੀਆ ਨੇ ਤਿੰਨ ਗੱਲਾਂ ਨੂੰ ਸਾਹਮਣੇ ਰੱਖ ਕੇ ਕਾਵਿ ਦੇ ਲੱਛਣ ਪੇਸ਼ ਕੀਤੇ ਹਨ-ਸ਼ਬਦ, ਸ਼ਬਦ ਅਰਥ ਅਤੇ ਰਸ। ਸ਼ਬਦ ਅਤੇ ਅਰਥ ਦੋਹਾਂ ਨੂੰ ਲੱਛਣ ਵਿੱਚ ਸਮੇਟਣ ਵਾਲੇ ਆਚਾਰਯ ਹਨ- ਭਾਮਹ, ਰੁਦ੍ਰਟ, ਕੁੰਤਕ, ਮੰਮਟ ਆਦਿ। ਸ਼ਬਦ ਪ੍ਰਧਾਨ ਕਾਵਿ ਲੱਛਣ ਦੰਡੀ ਅਤੇ ਪੰਡਿਤਰਾਜ ਨੇ ਪੇਸ਼ ਕੀਤੇ ਹਨ ਤੇ ਰਸ ਵਾਲੇ ਲੱਛਣ ਭੋਜ ਅਤੇ ਵਿਸ਼ਵਨਾਥ ਨੇ ਦੱਸੇ ਹਨ।ਇੰਨ੍ਹਾ ਸਾਰੇ ਵਿਦਵਾਨਾ ਵਿੱਚੋਂ ਆਚਾਰੀਆ ਮੰਮਟ, ਵਿਸ਼ਵਨਾਥ ਅਤੇ ਪੰਡਿਤਰਾਜ ਜਗਨਨਾਥ ਦੇ ਲੱਛਣ ਅਧਿਕ ਵਿਗਿਆਨਿਕ ਹਨ ਅਤੇ ਕਾਵਿ ਦੇ ਸ਼ਾਸ਼ਤ੍ਰੀ ਦ੍ਰਿਸ਼ਟੀ ਤੋਂ ਤਿੰਨ ਪੜਾਅ ਪੇਸ਼ ਕਰਦੇ ਹਨ।[12] ਸਮੁੱਚੇ ਤੌਰ ਤੇ ਕਹਿ ਸਕਦੇ ਹਾਂ-ਕਾਵਿ ਉਹ ਸ਼ਬਦਾਰਥ ਪੂਰਨ ਰਚਨਾ ਹੈ, ਜਿਸ ਵਿੱਚ ਰਸ, ਅਲੰਕਾਰ, ਗੁਣ ਅਤੇ ਰੀਤੀ ਦਾ ਸ਼ੁਭਾਵਿਕ ਤੇ ਉਚਿਤ ਮਿਸ਼ਰਣ ਹੋਵੇ, ਜਿਹੜੀ ਕਾਵਿ ਗੁਣਾਂ ਨਾਲ ਭਰਪੂਰ ਤੇ ਕਾਵਿ-ਦੋਸ਼ਾ ਤੋਂ ਮੁਕਤ ਹੋਵੇ, ਸੁਝਾਊ, ਵਿਅੰਗਮਈ, ਰਮਜ਼ ਭਰਪੂਰ ਅਤੇ ਜੋ ਪਾਠਕ ਨੂੰ ਆਨੰਦ ਅਵਸਥਾ ਤੱਕ ਪਹੁੰਚਾਏ।[20]
ਹਵਾਲੇ
ਸੋਧੋ- ↑ ਧਾਲੀਵਾਲ, ਪ੍ਰੇਮ ਪ੍ਰਕਾਸ਼. ਭਾਰਤੀ ਕਾਵਿ ਸ਼ਾਸਤਰ. ਮਦਾਨ ਪਬਲੀਕੇਸ਼ਨਜ਼, ਪਟਿਆਲਾ. pp. ੧-੫.
- ↑ ਜੱਗੀ, ਗੁਰਸ਼ਰਨ ਕੌਰ. ਭਾਰਤੀ ਕਾਵਿ ਸ਼ਾਸਤਰ:ਸਰੂਪ ਤੇ ਸਿਧਾਂਤ. pp. ੧.
- ↑ ਭਾਰਦਵਾਜ, ਡਾ.ਓਮ ਪ੍ਕਾਸ਼. ਪੰਡਿਤ ਜਗਨਨਾਥ ਕ੍ਰਿਤ-ਰਸ ਗੰਗਾਧਾਰ (ਪੰਜਾਬੀ ਅਨੁਵਾਦ). ਪਬਲੀ ਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ. p. 3.
- ↑ ਸ਼ਰਮਾ, ਸ਼ੁਕਦੇਵ. ਭਾਰਤੀ ਕਾਵਿ ਸ਼ਾਸਤਰ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. pp. ੫੫.
- ↑ 5.0 5.1 5.2 5.3 ਧਾਲੀਵਾਲ, ਪ੍ਰੇਮ ਪ੍ਰਕਾਸ਼ ਸਿੰਘ. ਭਾਰਤੀ ਕਾਵਿ ਸ਼ਾਸਤਰ. ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ.
- ↑ 6.0 6.1 6.2 6.3 6.4 6.5 6.6 6.7 ਸ਼ਰਮਾ, ਸ਼ੁਕਦੇਵ. ਭਾਰਤੀ ਕਾਵਿ ਸ਼ਾਸਤਰ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ.
- ↑ 7.0 7.1 7.2 ਧਾਲੀਵਾਲ, ਪ੍ਰੇਮ ਪ੍ਰਕਾਸ਼ ਸਿੰਘ. ਭਾਰਤੀ ਕਾਵਿ ਸ਼ਾਸਤਰ. ਮਦਾਨ ਪਬਲੀਕੇਸ਼ਨਜ਼, ਪਟਿਆਲਾ.
- ↑ ਜੱਗੀ, ਗੁਰਸ਼ਰਨ ਕੌਰ. ਭਾਰਤੀ ਕਾਵਿ ਸ਼ਾਸਤਰ: ਸਰੂਪ ਅਤੇ ਸਿਧਾਂਤ. pp. ੪.
- ↑ ਤਾਂਘ, ਈਸ਼ਰ ਸਿੰਘ. ਭਾਰਤੀ ਸਮੀਖਿਆ ਦੇ ਸਿਧਾਂਤ. ਲੀਨਾ ਪਬਲੀਸ਼ਰਜ਼. pp. ੮੩.
- ↑ 10.0 10.1 10.2 ਜੱਗੀ, ਗੁਰਸ਼ਰਨ ਕੌਰ. ਭਾਰਤੀ ਕਾਵਿ ਸ਼ਾਸਤਰ: ਸਰੂਪ ਤੇ ਸਿਧਾਂਤ. pp. ੪.
- ↑ ਜੱਗੀ, ਗੁਰਸ਼ਰਨ ਕੌਰ. ਭਾਰਤੀ ਕਾਵਿ ਸ਼ਾਸਤਰ: ਸਰੂਪ ਤੇ ਸਿਧਾਂਤ. pp. ੨-੩, ੫.
- ↑ 12.0 12.1 ਜੱਗੀ, ਗੁਰਸ਼ਰਨ ਕੌਰ. ਭਾਰਤੀ ਕਾਵਿ ਸ਼ਾਸਤਰ: ਸਰੂਪ ਤੇ ਸਿਧਾਂਤ. pp. ੬.
- ↑ 13.0 13.1 ਜੱਗੀ, ਗੁਰਸ਼ਰਨ ਕੌਰ. ਭਾਰਤੀ ਕਾਵਿ ਸ਼ਾਸਤਰ: ਸਰੂਪ ਤੇ ਸਿਧਾਂਤ. pp. ੫.
- ↑ 14.0 14.1 ਧਾਲੀਵਾਲ, ਪ੍ਰੇਮ ਪ੍ਰਕਾਸ਼ ਸਿੰਘ. ਭਾਰਤੀ ਕਾਵਿ ਸ਼ਾਸਤਰ. ਮਦਾਨ ਪਬਲੀਸ਼ਰਜ਼, ਪਟਿਆਲਾ.
- ↑ ਤਾਂਘ, ਈਸ਼ਰ ਸਿੰਘ. ਭਾਰਤੀ ਸਮੀਖਿਆ ਦੇ ਸਿਧਾਂਤ. ਲੀਨਾ ਪਬਲੀਸ਼ਰਜ਼, ਪਟਿਆਲਾ. pp. ੮੪.
- ↑ ਜੱਗੀ, ਗੁਰਸ਼ਰਨ ਕੌਰ. ਭਾਰਤੀ ਕਾਵਿ ਸ਼ਾਸਤਰ: ਸਰੂਪ ਤੇ ਸਿਧਾਂਤ. pp. ੨-੩.
- ↑ ਸਿੰਘ, ਡਾ.ਹਰਿਭਜਨ. ਅਰਸਤੂ ਦਾ ਕਾਵਿ-ਸ਼ਾਸ਼ਤ੍ਰ. ਐਸ ਚੰਦ ਐਂਡ ਕੰਪਨੀ ਦਿੱਲੀ.
- ↑ ਸਿੰਘ, ਡਾ.ਹਰਿਭਜਨ. ਅਰਸਤੂ ਦਾ ਕਾਵਿ-ਸ਼ਾਸਤ੍ਰ. ਐਸ ਚੰਦ ਐਂਡ ਕੰਪਨੀ ਦਿੱਲੀ.
- ↑ ਸ਼ਾਸਤਰੀ, ਰਾਜਿੰਦਰ ਸਿੰਘ. ਆਚਾਰੀਆ ਮੰਮਟ ਦੀ ਕਾਵਿ ਪ੍ਰਕਾਸ਼. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ.
- ↑ ਤਾਂਘ, ਈਸ਼ਰ ਸਿੰਘ. ਭਾਰਤੀ ਸਮੀਖਿਆ ਦੇ ਸਿਧਾਂਤ. ਲੀਨਾ ਪਬਲੀਸ਼ਰਜ਼. pp. ੮੪.