ਕਾਵਿ ਦੀ ਪ੍ਰੀਭਾਸ਼ਾ

ਕਾਵਿ ਦੀ ਪਰਿਭਾਸ਼ਾ

ਸੋਧੋ

ਵੱਖ-ਵੱਖ ਅਚਾਰੀਆਂ ਨੇ ਜਿੰਨੀਆਂ ਵੀ ਪ੍ਰੀਭਾਸ਼ਾਵਾਂ ਸਾਹਮਣੇ ਰੱਖੀਆਂ ਹਨ ਉਹਨਾਂ ਨੂੰ ਜੇਕਰ ਗਹੁ ਨਾਲ ਵੇਖੀਏ ਸਾਫ ਪਤਾ ਲੱਗ ਜਾਂਦਾ ਹੈ ਕਿ ਉਹਨਾਂ ਦੇ ਕਿਹੜੇ ਕਿਹੜੇ ਆਧਾਰ ਹਨ। ਅਸਲ ਵਿੱਚ ਇਹਨਾਂ ਦੇ ਦੋ ਹੀ ਆਧਾਰ ਹਨ – ਕਲਾ ਤੇ ਵਸਤੂ। ਕਲਾ ਤੋਂ ਭਾਵ ਕਾਵਿ ਦਾ ਬਾਹਰਲਾ ਰੂਪ, ਸ਼ਿਲਪ ਹੈ ਉਹ ਮਸਾਲਾ ਹੈ ਜਿਸ ਤੋਂ ਕਾਵਿ ਦਾ ਢਾਂਚਾ ਤਿਆਰ ਹੁੰਦਾ ਹੈ। ਇਹ ਕਾਵਿ ਦੀ ਦੇਹ ਹੈ। ਇਸ ਤੋਂ ਉਲਟ ਵਸਤੂ ਹੈ। ਸਾਡੇ ਲਈ ਵਸਤੂ ਦੀ ਲੋੜ ਹੈ। ਸੋ ਵਸਤੂ ਹੀ ਵਿਸ਼ਾ ਹੈ ਅਰਥਾਤ ਉਹ ਪ੍ਰਾਪਤੀ ਜਿਸ ਤੋਂ ਪਾਠਕ ਜਾਂ ਸਰੋਤੇ ਨੂੰ ਅਨੁਭਵ ਹੁੰਦਾ ਹੈ। ਕਾਵਿ ਅਨੁਭਵ ਹੀ ਵਸਤੂ ਹੈ। ਇਹ ਕਾਵਿ ਦੀ ਆਤਮਾ ਹੈ। ਇਸ ਅਨੁਸਾਰ ਕਾਵਿ ਪ੍ਰੀਭਾਸ਼ਾ ਦੇ ਦੋ ਪ੍ਰਮੁੱਖ ਵਰਗ ਮਿੱਥੇ ਜਾ ਸਕਦੇ ਹਨ ਇੱਕ ਹੈ ਦੇਹਵਾਦੀ ਅਤੇ ਦੂਜਾ ਹੈ ਆਤਮਵਾਦੀ ਵਰਗ।[1]

ਆਚਾਰੀਆ ਭਾਮਹ - ਸ਼ਬਦ ਤੇ ਅਰਥ ਦੇ ਸਹਿਭਾਵ ਨੂੰ ਕਾਵਿ ਕਿਹਾ ਜਾਂਦਾ ਹੈ।

ਦੰਡੀ – ਮਨ ਭਾਉਂਦੇ ਅਰਥਾਂ ਨੂੰ ਇੱਕ ਰਸ ਪ੍ਰਗਟ ਕਰਨ ਵਾਲੀ ਪਦਾਵਲੀ ਹੀ ਕਾਵਿ ਸਰੀਰ ਹੈ।[2]

ਆਨੰਦਵਰਧਨਕਾਵਿ ਕੀ ਹੈ, ਸ਼ਬਦ ਤੇ ਅਰਥ ਕਾਵਿ ਦਾ ਸਰੀਰ ਹੈ ਅਤੇ ਧੁਨੀ ਕਾਵਿ ਦੀ ਆਤਮਾ ਹੈ।

ਮੰਮਟ ਅਨੁਸਾਰ– ਸ਼ਬਦ ਤੇ ਅਰਥ ਦਾ ਉਹ ਸੰਜੁਗਤ ਰੂਪ ਜਿਹੜਾ ਦੋਸ਼ਾਂ (ਨੁਕਸਾਂ) ਤੋਂ ਰਹਿਤ ਹੋਵੇ ਅਤੇ ਗੁਣਾ ਤੇ ਅਲੰਕਾਰਾਂ ਦੇ ਸਾਹਿਤ ਹੋਵੇ, ਭਾਂਵੇ ਕਿਤੇ ਕਿਤੇ ਅਲੰਕਾਰ ਸਪਸ਼ਟ ਨਾ ਵੀ ਹੋਣ, ਕਾਵਿ ਹੁੰਦਾ ਹੈ।

ਕੁੰਤਕ – ਅਜੇਹਾ ਸ਼ਬਦ ਤੇ ਅਰਥ ਕਾਵਿ ਹੈ ਜਿਸ ਵਕ੍ਰਤਾ (ਟੇਡਾਪਣ) ਹੋਵੇ ਅਤੇ ਜਿਹੜਾ ਰਸੀਏ ਪਾਠਕਾਂ ਨੂੰ ਵਿਸਮਾਦਕ ਖੁਸ਼ੀ ਪ੍ਰਦਾਨ ਕਰਦਾ ਹੋਵੇ।

ਅਚਾਰਿਆ ਵਾਮਨ ਅਨੁਸਾਰ – ਕਾਵਿ ਅਲੰਕਾਰਾਂ ਕਰਕੇ ਗ੍ਰਹਿਣ-ਯੋਗ ਕਿਉਂਕਿ ਅਲੰਕਾਰ ਹੀ ਸੌਂਦਰਯ ਹੈ। ਮਤਲਬ ਇਹ ਹੈ ਕਿ ਕਾਵਿ ਉਹ ਹੈ ਜਿਸ ਵਿੱਚ ਅਲੰਕਾਰਾਂ ਦੀ ਜੜ੍ਹਤ ਕਰਕੇ ਕਾਵਿਕ ਖੂਬਸੂਰਤੀ ਮੌਜੂਦ ਹੋਵੇ।[3]

ਜਗਨਨਾਥ – ਰਮਣੀਯਾਰਥ ਪ੍ਰਤਿਪਾਦਕਹ ਸ਼ਬਦਹ ਕਾਵਯੰ ਇਸਦਾ ਭਾਵ ਇਹ ਹੈ ਕਿ ਰਮਣੀਕ, ਅਰਥਾਂ ਦਾ ਪ੍ਰਤਿਪਾਦਕ (ਲਖਾਇਕ) ਸ਼ਬਦ ਹੀ ਕਾਵਿ ਹੈ।

ਵਿਸ਼ਵਨਾਥ – ਵਾਕਯੰ ਰਸਾਤਮਕੰ ਕਾਵਯੰ । ਸਪਸ਼ਟ ਅਰਥ ਇਹ ਹੈ ਕਿ ਰਸਮਈ ਵਾਕ ਹੀ ਕਾਵਿ ਹੈ। ਇਥੇ ਰਸਾਤਮਕ ਜਾਂ ਰਸਮਈ ਸ਼ਬਦ ਵਿੱਚ ਭਾਰਤੀ ਕਾਵਿ-ਫਿਲਾਸਫੀ ਦਾ ਸਾਰਾ ਨਿਚੋੜ ਭਰ ਦਿੱਤਾ ਗਿਆ ਹੈ।[4]

ਸੰਸਕ੍ਰਿਤ ਵਿਦਵਾਨਾ ਦੀਆਂ ਇਹਨਾਂ ਪ੍ਰੀਭਾਸ਼ਾਵਾਂ ਨੂੰ ਵਾਚਣ ਤੋਂ ਬਾਅਦ ਅਸੀਂ ਇਹ ਸਿੱਟੇ ਤੇ ਪੁੱਜਦੇ ਹਾਂ ਕਿ ਕਾਵਿ ਸ਼ਬਦ ਤੇ ਅਰਥ ਦਾ ਉਹ ਸਾਹਿਤ-ਭਾਵ ਹੈ ਜਿਹੜਾ ਨਿਰਦੋਸ਼ ਹੈ, ਗੁਣਾ ਅਲੰਕਾਰਾਂ ਸਹਿਤ ਹੈ, ਸੁਝਾਊ ਵਿਅੰਗਮਈ, ਰਮਜ ਦਰਸੌਣ ਵਾਲਾ ਹੈ ਜਿਸ ਨਾਲ ਸੁਹਜ ਦਾ ਅਹਿਸਾਸ ਅਤੇ ਅਲੰਕਾਰ ਆਨੰਦ ਦੀ ਪ੍ਰਾਪਤੀ ਹੁੰਦੀ ਹੈ।[5]

ਕਾਵਿ ਦੇ ਵਿਸ਼ੇਸ਼ ਲੱਛਣ

ਸੋਧੋ

ਇਨ੍ਹਾਂ ਸਾਰੀਆਂ ਪਰਿਭਾਸ਼ਾਵਾਂ ਦੇ ਅਧਿਐਨ ਤੋਂ ਨਿਚੋੜ ਵਜੋਂ ਕਾਵਿ ਦੇ ਲੱਛਣ ਤੇ ਸਰੂਪ ਦੇ ਪ੍ਰਸੰਗ ਵਿੱਚ ਦੋ ਵਿਸ਼ੇਸ਼ ਲੱਛਣ ਰੌਸ਼ਨ ਹੁੰਦੇ ਹਨ:

1.   ਕਲਾ ਸੌਂਦਰਯ

ਸੋਧੋ

ਕਲਾ- ਸੌਂਦਰਯ ਕਾਵਿ ਦੀ ਚਮਤਕਾਰੀ ਰਚਨਾ-ਵਿਧੀ ਦਾ ਫਲ਼ ਹੈ ਜਿਸ ਵਿੱਚ ਸ਼ਬਦ ਦੇ ਰਹੱਸ ਤੋਂ ਭਲੀਭਾਂਤ ਪ੍ਰਬੁੱਧ ਹੋ ਕੇ ਭਾਰਤੀ ਪ੍ਰਤਿਭਾ ਨੇ ਉਸ ਨੂੰ (ਸ਼ਬਦ ਨੂੰ) ਸ਼ਬਦ-ਸ਼ਕਤੀਆਂ, ਸ਼ਬਦ-ਗੁਣਾ, ਸ਼ਬਦ-ਅਲੰਕਾਰਾਂ, ਸ਼ਬਦ ਰੀਤੀਆਂ, ਸ਼ਬਦ-ਵਕ੍ਰਤਾਵਾਂ (ਵਕ੍ਰੋਕਤੀਆਂ) ਨਾਲ ਅਲੰਕ੍ਰਿਤ ਤੇ ਸੁਸੱਜਿਤ ਕੀਤਾ ਅਤੇ ਉਸਨੂੰ ਜਾਦੂ-ਛੋਹ ਦੇ ਕੇ ਉਸ ਤੋਂ ਵਿਸ਼ਾਲ ਅਰਥ ਸੰਸਾਰ ਲਈ ਵਾਹਨ ਬਣਾਇਆ।[6]

2.   ਰਸਾਤਮਕ ਅਨੁਭਵ

ਸੋਧੋ

ਕਾਵਿ ਪ੍ਰੀਭਾਸ਼ਾਵਾਂ ਤੋਂ ਜਾਹਿਰ ਹੁੰਦਾ ਹੈ ਉਹ ਰਸਮਈ ਅਨੁਭਵ ਹੈ। ਕਾਵਿ ਦੀ ਸ੍ਰੇਸ਼ਟਤਾ ਦਾ ਇਹੋ ਮਿਆਰ ਥਾਪਿਆ ਗਿਆ ਕਿ ਉਹ ਕੋਈ ਨਵਾਂ ਅਨੁਭਵ ਪ੍ਰਗਟ ਕਰੇ ਪਰ ਉਹ ਅਨੁਭਵ ਰਸਮਈ ਹੋਵੇ, ਚਮਤਕਾਰੀ ਦ੍ਰਵੀਭੂਤ ਕਰਨ ਵਾਲਾ ਹੋਵੇ, ਮਨ ਨੂੰ ਪਿਘਲਾਉਣ ਦੀ ਸ਼ਕਤੀ ਵਾਲਾ ਹੋਵੇ।[7]

ਹਵਾਲੇ

ਸੋਧੋ
  1. ਸਿੰਘ, ਪ੍ਰੇਮ ਪ੍ਰਕਾਸ਼. ਭਾਰਤੀ ਕਾਵਿ ਸ਼ਾਸ਼ਤਰ. ਲੁਧਿਆਣਾ: ਬੁੱਕ ਸ਼ਾਪ. p. 40.
  2. ਸਿੰਘ, ਪ੍ਰੇਮ ਪ੍ਰਕਾਸ਼. ਭਾਰਤੀ ਕਾਵਿ ਸ਼ਾਸਤਰ. ਲੁਧਿਆਣਾ: ਬੁਕ ਸਾਪ. p. 41.
  3. ਸਿੰਘ, ਪ੍ਰੇਮ ਪ੍ਰਕਾਸ਼. ਭਾਰਤੀ ਕਾਵਿ ਸ਼ਾਸਤਰ. ਲੁਧਿਆਣਾ: ਬੁੱਕ ਸ਼ਾਪ. p. 42.
  4. ਸਿੰਘ, ਪ੍ਰੇਮ ਪ੍ਰਕਾਸ਼. ਭਾਰਤੀ ਕਾਵਿ ਸ਼ਾਸਤਰ. ਲੁਧਿਆਣਾ: ਬੁਕ ਸ਼ਾਪ. p. 43.
  5. ਸਿੰਘ, ਪ੍ਰੇਮ ਪ੍ਰਕਾਸ਼. ਭਾਰਤੀ ਕਾਵਿ ਸ਼ਾਸਤਰ. ਲੁਧਿਆਣਾ: ਬੁੱਕ ਸ਼ਾਪ. p. 67.
  6. ਸਿੰਘ, ਪ੍ਰੇਮ ਪ੍ਰਕਾਸ਼. ਭਾਰਤੀ ਕਾਵਿ ਸ਼ਾਸਤਰ. ਲੁਧਿਆਣਾ: ਬੁੱਕ ਸ਼ਾਪ. p. 43.
  7. ਸਿੰਘ, ਪ੍ਰੇਮ ਪ੍ਰਕਾਸ਼. ਭਾਰਤੀ ਕਾਵਿ ਸ਼ਾਸਤਰ. ਲੁਧਿਆਣਾ: ਬੁੱਕ ਸ਼ਾਪ. p. 44.