ਕਾਵਿ ਦੋਸ਼-

ਦੋਸ਼ ਦਾ ਅਰਥ ਹੈ ਘਾਟ, ਭੁੱਲ ਜਾਂ ਔਗੁਣ। ਭਾਰਤੀ ਕਾਵਿ-ਸ਼ਾਸਤਰ ਦੇ ਆਚਾਰੀਆਂ ਦੀ ਧਾਰਣਾ ਹੈ ਕਿ ਸਹ੍ਰਿਦਯਾਂ ਅਤੇ ਪਾਠਕਾਂ ਦੇ ਹਿਰਦੇ ਨੂੰ ਆਕਰਸ਼ਿਤ ਅਤੇ ਪ੍ਰਭਾਵਿਤ ਕਰਨ ਲਈ ‘ਕਾਵਿ ਦਾ ਦੋਸ਼ ਰਹਿਤ’ ਹੋਣਾ ਬਹੁਤ ਜ਼ਰੂਰੀ ਹੈ। ਅਸਲ ਵਿੱਚ ਜਦੋਂ ਕਾਵਿ-ਗੁਣਾ ਦੀ ਚਰਚਾ ਕੀਤੀ ਜਾਵੇਗੀ ਤਾਂ ਦੋਸ਼ਾਂ ਦੀ ਗੱਲ ਚੱਲ ਪੈਣਾ ਸੁਭਾਵਿਕ ਹੈ। ਕਾਵਿ ਦੋਸ਼ ਉਹ ਘਾਤਕ ਤੱਤ ਹੈ ਜਿਸਦੀ ਮੌਜੂਦਗੀ ਵਿੱਚ ਕਾਵਿ ਦਾ ਸੁਆਦ ਠੀਕ ਢੰਗ ਨਾਲ ਨਹੀਂ ਮਾਣਿਆ ਜਾ ਸਕਦਾ।

ਆਚਾਰੀਆ ਭਰਤ ਮੁਨੀ ਨੇ ਸਭ ਤੋਂ ਪਹਿਲਾਂ ਦੋਸ਼ਾਂ ਨੂੰ ਪਰਿਭਾਸ਼ਿਤ ਕਰਦੇ ਹੋਏ ਸੰਖੇਪ ਰੂਪ ਵਿੱਚ ਕਿਹਾ ਹੈ ਕਿ ਦੋਸ਼ ਦਾ ਉਲਟ ਰੂਪ ਹੀ ਗੁਣ ਹੈ।

ਆਚਾਰੀਆ ਦੰਡੀ ਨੇ ਕਿਹਾ ਕਿ ਦੋਸ਼ ਨਾਲ ਕਾਵਿ ਦਾ ਸੌਂਦਰਯ ਨਸ਼ਟ ਹੋ ਜਾਂਦਾ ਹੈ। ਇਸ ਤੋਂ ਬਾਅਦ ਵਾਮਨ ਨੇ ਦੋਸ਼ ਨੂੰ ਗੁਣ ਦਾ ਵਿਰੋਧੀ ਮੰਨਿਆ ਹੈ।

ਅਗਨੀਪੁਰਾਣ ਵਿੱਚ ਦੋਸ਼ ਨੂੰ ਅਜਿਹਾ ਤੱਤ ਮੰਨਿਆ ਗਿਆ ਹੈ ਜੋ ਕਾਵਿ-ਆਨੰਦ ਦੀ ਅਨੁਭੂਤੀ ਵਿੱਚ ਰੁਕਾਵਟ ਪੈਦਾ ਕਰਨ ਵਾਲਾ ਸਿੱਧ ਹੋਵੇ।

ਆਚਾਰੀਆ ਮੰਮਟ ਨੇ ਕਾਵਿਗਤ ਦੋਸ਼ ਦੀ ਪਰਿਭਾਸ਼ਾ ਦਿੰਦੇ ਹੋਏ ਕਿਹਾ ਹੈ ਕਿ ਮੁੱਖ ਅਰਥ ਦਾ ਅਪਕਰਸ਼ ਕਰਨ ਵਾਲਾ ਤੱਤ ‘ਦੋਸ਼’ ਹੈ। ਕਾਵਿ ਵਿੱਚ ਮੁੱਖ-ਅਰਥ ਰਸ ਹੀ ਹੈ, ਇਸ ਲਈ ਰਸ ਦਾ ਅਪਕਰਸ਼ ਕਰਨ ਵਾਲਾ ਤੱਤ ਦੋਸ਼ ਹੈ।

ਅਲੰਕਾਰਵਾਦੀ ਅਚਾਰੀਆ ਜਯਦੇਵ ਨੇ ਸ਼ਬਦ ਅਤੇ ਅਰਥ ਵਿੱਚ ਦੋਸ਼ ਦੀ ਸਥਿਤੀ ਨੂੰ ਸਵੀਕਾਰਦੇ ਹੋਏ ਕਿਹਾ ਹੈ ਕਿ ਕਾਵਿਗਤ ਦੋਸ਼ ਅਜਿਹਾ ਤੱਤ ਹੈ ਜਿਸ ਦੁਆਰਾ ਮਨ ਵਿੱਚ ਡਰ ਪੈਦਾ ਹੋਵੇ ਅਤੇ ਜਿਹੜਾ ਕਾਵਿ ਦੀ ਸੁੰਦਰਤਾ ਨੂੰ ਨਸ਼ਟ ਕਰੇ।

ਆਚਾਰੀਆ ਵਿਸ਼ਵਨਾਥ ਅਨੁਸਾਰ ਰਸ ਦੀ ਹੀਣਤਾ ਦੇ ਕਾਰਨ ਹੀ ਦੋਸ਼ ਅਖਵਾਉਂਦੇ ਹਨ। ਰਸ ਦੀ ਹੀਣਤਾ ਦੇ ਤਿੰਨ ਕਾਰਨ ਹਨ– ਰਸ ਦੀ ਪ੍ਰਤੀਤੀ ਵਿੱਚ ਰੋਕ, ਰਸ ਦੀ ਦੇਰ ਨਾਲ ਪ੍ਰਤੀਤੀ ਅਤੇ ਰਸ-ਬੋਧ ਵਿੱਚ ਚਮਤਕਾਰ ਦੀ ਘਾਟ।

ਓਪਰੋਕਤ ਵਿਵੇਚਨ ਤੋਂ ਸਪਸ਼ਟ ਹੈ ਕਿ ਸਾਰੇ ਆਚਾਰੀਆਂ ਨੇ ਸ਼ਬਦ, ਅਰਥ ਅਤੇ ਰਸ ਦੇ ਸੰਦਰਭ ਵਿੱਚ ਕਾਵਿ-ਦੋਸ਼ ਨੂੰ ਪਰਿਭਾਸ਼ਿਤ ਕੀਤਾ ਹੈ। ਪਰਿਭਾਸ਼ਾ ਵਿੱਚ ਇਹ ਭੇਦ ਕਾਵਿ ਸੰਬੰਧੀ ਆਚਾਰੀਆਂ ਦੀਆਂ ਧਾਰਨਾਵਾਂ ਵਿਚਲੇ ਅੰਤਰ ਕਾਰਨ ਹੈ।ਸਮੁੱਚੇ ਰੂਪ ਵਿੱਚ ਦੋਸ਼ ਨੂੰ ਕੁੱਝ ਇਸ ਤਰੀਕੇ ਨਾਲ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ-

ਡਾ. ਓਮ ਪ੍ਰਕਾਸ਼ ਸ਼ਾਸਤ੍ਰੀ ਅਨੁਸਾਰ, “ਰਸ ਦਾ ਅਪਕਰਸ਼ ਕਰਨ ਵਾਲੇ ਹੀ ਦੋਸ਼ ਹੁੰਦੇ ਹਨ। ਜਦ ਰਸ ਦੋਸ਼ ਸਹਿਤ ਹੋਵੇਗਾ ਤਾਂ ਸ਼ਬਦ ਅਤੇ ਅਰਥ ਵਿੱਚ ਵੀ ਦੋਸ਼ ਹੋਣਾ ਸੁਭਾਵਿਕ ਹੈ।”

ਮੂਲ ਰੂਪ ਵਿੱਚ ਰਸ ਅਤੇ ਗੌਣ ਰੂਪ ਵਿੱਚ ਸ਼ਬਦ ਤੇ ਅਰਥ ਦੇ ਅਪਕਰਸ਼ ਰਾਹੀਂ ਕਾਵਿ ਦਾ ਅਪਕਾਰ (ਅਹਿੱਤ) ਕਰਨ ਵਾਲੇ ਤੱਤ ਦੋਸ਼ ਅਖਵਾਉਂਦੇ ਹਨ।

ਆਚਾਰੀਆ ਮੰਮਟ ਦੁਆਰਾ ਕਾਵਿ ਦੋਸ਼ਾਂ ਨੂੰ “ਤਿੰਨ” ਭਾਗਾਂ ਵਿੱਚ ਵੰਡਿਆ ਗਿਆ ਹੈ ਅਤੇ ਕੁੱਲ੍ਹ ਮਿਲਾ ਕੇ ਦੋਸ਼ਾਂ ਦੀ ਗਿਣਤੀ 70 ਬਣਦੀ ਹੈ। 1.ਸ਼ਬਦ ਦੋਸ਼ (ਪਦ,ਪਦਾਂਸ਼ ਅਤੇ ਵਾਕਗਤ ਦੋਸ਼)(ਗਿਣਤੀ 37) 2.ਅਰਥ ਦੋਸ਼ (ਗਿਣਤੀ 23) 3.ਰਸਗਤ ਦੋਸ਼ (ਗਿਣਤੀ 10)

ਸ਼ਬਦ ਦੋਸ਼ ਨੂੰ ਅੱਗੋਂ ਤਿੰਨ ਉਪ-ਭਾਗਾਂ ਵਿੱਚ ਵੰਡਿਆ ਗਿਆ ਹੈ- 1.ਪਦ ਦੋਸ਼, 2.ਪਦਾਂਸ਼ ਦੋਸ਼, 3.ਵਾਕਗਤ ਦੋਸ਼

(੧).ਪਦ ਦੋਸ਼ (16 ਕਿਸਮਾਂ ਦੇ) -: ਸ਼੍ਰੁਤੀਕੁਟ ਦੋਸ਼,ਚਿਉਤਸੰਸਕ੍ਰਿਤੀ ਦੋਸ਼,ਅਪ੍ਰਯੁਕਤ ਦੋਸ਼,ਅਸਮਰੱਥ ਦੋਸ਼,ਨਿਹਿਤਾਰਥ ਦੋਸ਼,ਅਨੁਚਿਤ ਅਰਥ ਦੋਸ਼,ਨਿਅਰਥਕ ਦੋਸ਼,ਅਵਾਚਕ ਦੋਸ਼,ਅਸ਼ਲੀਲ ਦੋਸ਼,ਸੰਦਿੱਗਧ ਦੋਸ਼,ਅਪ੍ਰਤੀਤੀ ਦੋਸ਼,ਗ੍ਰਾਸਯ ਦੋਸ਼,ਨੇਯਾਰਥ ਦੋਸ਼,ਕਲਿਸ਼ਟ ਦੋਸ਼,ਅਵਿਮ੍ਰਿਸ਼ਟਵਿਧੇਯਾਂਸ਼ ਦੋਸ਼, ਵਿਰੁੱਧਮਤੀਕ੍ਰਿਤ ਦੋਸ਼।

(੨).ਪਦਾਂਸ਼ ਦੋਸ਼ -: ਸ਼੍ਰੁਤੀਕੁਟ ਦੋਸ਼,ਨਿਹਿਤਾਰਥ ਦੋਸ਼,ਨਿਰਅਰਥਕ ਦੋਸ਼,ਅਵਾਚਕ ਦੋਸ਼,ਅਸ਼ਲੀਲ ਦੋਸ਼।

(੩).ਵਾਕਗਤ ਦੋਸ਼ (21 ਕਿਸਮਾਂ ਦੇ) -: ਪ੍ਰਤਿਕੂਲ ਵਰਣਤਾ ਦੋਸ਼,ਉਪਹਤ ਵਿਸਰਗ ਦੋਸ਼,ਲੁਪਤਵਿਸਰਗ ਦੋਸ਼,ਵਿਸੰਧੀ ਦੋਸ਼ (ਵਿਸਲੇਸ਼,ਅਸ਼ਲੀਲਤਵ,ਕਸ਼ਟਤਾ), ਹਤਵਿਤ੍ਰ,ਨਿਊਨਪਦ,ਅਧਿਕਪਦ,ਕਥਿਤ,ਪਤਤਪ੍ਰਕਰਸ਼,ਸਮਾਪਤਪੁਨਗਤ,ਅਰਥਾਤ ਰੈਕਵਾਚਕ,ਅਭਨਵਮਤਯੋਗ,ਅਨਭਿਹਿਤਵਾਚਯ,ਅਪਦਸਥਪਦ,ਸੰਕੀਰਣ,ਗਰਭਿਤ,ਪ੍ਰਸਿੱਧੀਹਤ,ਭਗਨਕ੍ਰਮ,ਅਕ੍ਰਮ,ਅਮਤਪਰਾਰਥ ਦੋਸ਼।


2.ਅਰਥ ਦੋਸ਼ (23 ਕਿਸਮਾਂ ਦੇ) -: ਅਪੁਸ਼ਟ ਦੋਸ਼,ਕਸ਼ਟ ਦੋਸ਼,ਵਿਆਹਤ ਦੋਸ਼,ਪੁਨਰੁਕਤ,ਦੁਸ਼ਕ੍ਰਮ,ਗ੍ਰਾਮਯ,ਸੰਦਿੱਗਧ,ਨਿਰਹੇਤੂ,ਪ੍ਰਸਿੱਧੀਵਿਰੁੱਧ,ਵਿਦੑਯਾ ਵਿਰੁੱਧ,ਅਨਵੀਕ੍ਰਿਤ,ਮਨਿਯਪਰਿਵੑਿਤ,ਅਨਿਯਮਪਰਿਵੑਿਤ,ਵਿਸ਼ੇਸ਼ਪਰਿਵੑਿਤ,ਅਵਿਸ਼ੇਸ਼ਪਿਵੑਿਤ,ਸਾਕਾਂਕ੍ਰਸ਼,ਅਪਦਯੁਕਤ,ਸਹਚਰ ਚਿੰਨ੍ਹ,ਪ੍ਰਕਾਮਿਤਵਿਰੁੱਧ,ਵਿਧੀ ਅਯੁਕਤ,ਤਿਅਕਤਪੁਲਹ,ਅਨੁਵਾਦ,ਅਸ਼ਲੀਲ ਦੋਸ਼।

3. ਰਸਗਤ ਦੋਸ਼ (10 ਕਿਸਮਾਂ ਦੇ) -: ਵਿਅਭਿਚਾਰਿ ਭਾਵਾਂ ਦੀ ਸਵੈਸ਼ਥਦਵਾਚਯਤਾ,ਰਸਾਂ ਦੀ ਸਵੈਸ਼ਬਦ ਵਾਚਯਤਾ,ਸਥਾਈ ਭਾਵਾਂ ਦੀ ਸਵੈਸ਼ਬਦਵਾਚਯਤਾ,ਅਨੁਭਾਵਾਂ ਦੀ ਕਸ਼ਟਕਲਪਨਾ,ਵਿਭਾਵਾਂ ਦੀ ਕਸ਼ਟਕਲਪਨਾ,ਪ੍ਰਤਿਕੂਲ ਵਿਭਾਵ ਦਾ ਗ੍ਰਹਿਣ,ਪੁਨਹ ਪੁਨਹ ਦੀਪਤੀ ਦੋਸ਼,ਅਕਾਂਡੇ ਪ੍ਰਸ਼ਨ,ਅਕਾਂਡੇ ਛੇਦ,ਅੰਗ ਦੀ ਅਤਿਵਿਸਤ੍ਰਿਤੀ,ਅੰਗੀ ਦਾ ਅਨਨੁਸੰਧਾਨ।

ਦੋਸ਼ਾਂ ਦੇ ਭੇਦ ਅਤੇ ਵਰਗੀਕਰਨ ਸੋਧੋ

ਗੁਣਾਂ ਵਾਂਗ ਕਾਵਿ-ਦੋਸ਼ਾਂ ਦੇ ਕਈ ਭੇਦ ਦੱਸੇ ਗਏ ਹਨ, ਪਰ ਇਨ੍ਹਾਂ ਭੇਦਾਂ ਸੰਬੰਧੀ ਵਿਦਵਾਨ ਇੱਕ ਮਤ ਨਹੀਂ ਹਨ। ਭਰਤ ਮੁਨੀ ਨੇ ਕਾਵਿ ਦੋਸ਼ਾਂ ਦੀ ਗਿਣਤੀ ਦਸ ਮੰਨੀ ਹੈ- ਗੂੜ ਅਰਥ, ਅਰਥ ਅੰਤਰ, ਅਰਥ-ਹੀਨ, ਭਿੰਨ-ਅਰਥ, ਇੱਕ–ਅਰਥ, ਅਭਿਲੁਪਤ-ਅਰਥ, ਨਯਾਯਾਦਯੇਤ, ਵਿਸ਼ਮ, ਵਿਸੰਧਿ ਅਤੇ ਸ਼ਬਦ-ਹੀਨ।

ਆਚਾਰੀਆ ਭਾਮਹ ਨੇ ਤਿੰਨ ਪ੍ਰਕਾਰ ਦੇ ਦੋਸ਼ ਦੱਸੇ ਹਨ- ਸਾਧਾਰਨ ਦੋਸ਼, ਬਾਣੀ ਦੋਸ਼ ਅਤੇ ਹੋਰ ਦੋਸ਼। ਇਨ੍ਹਾਂ ਦੇ ਅੱਗੋਂ ਕ੍ਰਮਵਾਰ ਛੇ, ਚਾਰ, ਗਿਆਰਾਂ ਉਪਭੇਦ ਹਨ। ਇਸ ਤਰ੍ਹਾਂ ਭਾਮਹ ਦੀ ਦੋਸ਼ ਸੰਖਿਆ ਇੱਕੀ (21) ਹੈ।

ਆਚਾਰੀਆ ਵਾਮਨ ਨੇ ਦੋਸ਼ ਦੇ ਚਾਰ ਭੇਦ ਕੀਤੇ ਹਨ- ਪਦ-ਦੋਸ਼, ਪਦਾਰਥ ਦੋਸ਼, ਵਾਚਯ ਦੋਸ਼ ਅਤੇ ਵਾਚਯ-ਅਰਥ ਦੋਸ਼। ਇਨ੍ਹਾਂ ਦੇ ਅੱਗੋ ਕ੍ਰਮਵਾਰ ਪੰਜ, ਪੰਜ, ਤਿੰਨ ਅਤੇ ਸੱਤ ਉਪਭੇਦ ਹਨ। ਇਸ ਤਰ੍ਹਾਂ ਵਾਮਨ ਨੇ ਦੋਸ਼ਾਂ ਦੀ ਸੰਖਿਆ ਵੀਹ (20) ਦੱਸੀ ਹੈ।

ਆਚਾਰੀਆ ਆਨੰਦਵਰਧਨ ਨੇ ‘ਰਸ’ ਦੇ ਆਧਾਰ ‘ਤੇ ਦੋਸ਼ਾ ਨੂੰ ਨਿੱਤ ਅਤੇ ਅਨਿੱਤ ਦੋ ਪ੍ਰਕਾਰ ਦੇ ਦੱਸਿਆ ਹੈ।

ਆਚਾਰੀਆ ਮੰਮਟ ਨੇ ਬੜੀ ਗੰਭੀਰਤਾ ਨਾਲ ਕਾਵਿ-ਦੋਸ਼ਾਂ ਦਾ ਵਿਸ਼ਲੇਸ਼ਣ ਕੀਤਾ ਹੈ। ਇਨ੍ਹਾਂ ਨੇ ਕਾਵਿ-ਦੋਸ਼ਾ ਦੇ ਤਿੰਨ ਵਰਗ ਬਣਾਏ ਹਨ- ਸ਼ਬਦ ਦੋਸ਼, ਅਰਥ ਦੋਸ਼ ਅਤੇ ਰਸ ਦੋਸ਼। ਇਨ੍ਹਾਂ ਵਿੱਚ ਕ੍ਰਮਵਾਰ ਸੈਂਤੀ (37), ਤੇਈ (23), ਦਸ (10) ਦੋਸ਼ ਸ਼ਾਮਿਲ ਕੀਤੇ ਹਨ। ਇਸ ਤਰ੍ਹਾਂ ਕਾਵਿ-ਦੋਸ਼ਾਂ ਦੀ ਸੰਖਿਆ ਸੱਤਰ (70) ਹੋ ਗਈ। ਮੰਮਟ ਨੇ ਇਹ ਵਿਵੇਚਨ ਇਤਨੇ ਵਿਸਥਾਰ ਨਾਲ ਕੀਤਾ ਕਿ ਬਾਅਦ ਦੇ ਆਚਾਰੀਆਂ ਨੇ ਲਗਭਗ ਇਨ੍ਹਾਂ ਦੋਸ਼ਾਂ ਨੂੰ ਹੀ ਆਧਾਰ ਬਣਾਇਆ।

1. ਸ਼ਬਦ-ਦੋਸ਼ ਸੋਧੋ

          ਕਾਵਿ ਵਿੱਚ, ਵਾਕ-ਅਰਥ ਦਾ ਗਿਆਨ ਹੋਣ ‘ਤੇ  ਜੋ ਸਭ ਤੋਂ ਪਹਿਲਾਂ ਦੋਸ਼ ਪ੍ਰਤੀਤ ਹੁੰਦਾ ਹੈ, ਉਹ ਸ਼ਬਦ ਦੋਸ਼ ਹੈ। ਜਿਥੇ ਦੋਸ਼ ਸ਼ਬਦ ਉੱਪਰ ਆਧਾਰਿਤ ਹੋਵੇ ਭਾਵ ਕਿ ਸ਼ਬਦ ਦੇ ਸਮਾਨਾਰਥਕ ਸ਼ਬਦ ਦੀ ਵਰਤੋਂ ਨਾਲ ਇਹ ਦੋਸ਼ ਦੂਰ ਕੀਤਾ ਜਾ ਸਕੇ ਉਥੇ ਸ਼ਬਦ ਦੋਸ਼ ਹੁੰਦਾ ਹੈ। ਆਚਾਰੀਆ ਮੰਮਟ ਨੇ ਸ਼ਬਦ ਦੋਸ਼ਾਂ ਦੀ ਗਿਣਤੀ ਸੈਂਤੀ (37) ਦੱਸੀ ਹੈ। ਸ਼ਬਦ ਦੋਸ਼ ਦੇ ਪਦ-ਦੋਸ਼, ਪਦਾਂਸ਼ ਦੋਸ਼, ਵਾਕ ਦੋਸ਼ ਕਹਿ ਕੇ ਤਿੰਨ ਭੇਦ ਕੀਤੇ ਗਏ ਹਨ। ਇਨ੍ਹਾਂ ਵਿੱਚ 16 (ਸੋਲਾਂ) ਪਦਗਤ ਦੋਸ਼ ਅਤੇ ਇੱਕੀ(21) ਵਾਕਗਤ ਦੋਸ਼ ਹਨ।

ਅਪੁਸ਼ਟ :-  'ਕਾਵਿ'  'ਚ ਪ੍ਰਮੁੱਖ ਅਰਥ ਦੇ ਅਨੁਪਕਾਰਕ   (ਸਹਾਇਤਾ ਨਾ ਕਰਨ ਵਾਲੇ) ਅਰਥ ਦੀ ਯੋਜਨਾ ਕਰਨ  ' ਤੇ 'ਅਪਸ਼ਟ' ਅਰਥਦੋਸ਼29 ਹੁੰਦਾ ਹੈ।  

ਕਸ਼ਟ:- ਜਦੋਂ ਕੋਈ ਅਰਥ ਬੜੀ ਔਖ ਨਾਲ ਸਮਝ 'ਚ ਆਵੇ ਤਾਂ ' ਕਸ਼ਟ'ਅਰਥਦੋਸ਼ ਕਿਹਾ ਜਾਂਦਾ ਹੈ।

ਵਿਆਹਤ:-ਪਹਿਲਾ ਕਿਸੇ ਪਦਾਰਥ ਜਾ ਵਸਤੂ ਦਾ ਉਤਕਰਸ਼ (ਉਚਤਾ) ਜਾ ਅਪਕਰਸ਼ (ਹੀਨਤਾ) ਦਿਖਾ ਕੇ ਦੁਬਾਰਾ ਉਸਦਾ ਅਪਕਰਸ਼ ਜਾ ਉਤਕਰਸ਼ ਦਿਖਾਇਆ ਜਾਵੇ ਤਾਂ  'ਵਿਆਹਤ' ਅਰਥਦੋਸ਼ ਹੁੰਦਾ ਹੈ।

ਪੁਨਰੁਕਤ:-ਪ੍ਤਿਪਾਦਿਤ(ਕਹੇ ਗਏ) ਅਰਥ ਨੂੰ ਪ੍ਕਾਰਾਤਰ(ਦੂਜੇ ਤਰੀਕੇ ਨਾਲ) ਦੁਬਾਰਾ ਕਹਿਣਾ' ਪੁਨਰੁਕਤ' ਅਰਥਦੋਸ਼ ਕਹਾਉਦਾ ਹੈ।

ਦੁਸ਼ਕ੍ਮ:-'ਕਾਵਿ' 'ਚ ਪਦਾਰਥਾਂ ਦੇ ਵਰਣਨ-ਕ੍ਮ(ਲੋਕ ਅਤੇ ਸ਼ਾਸਤ੍' ਚ ਕਹੇ ਗਏ ਕ੍ਰਮ) 'ਚ ਔਚਿਤਯ ਦਾ ਨਾ ਹੋਣਾ (ਅੱਗੇ - ਪਿਛੇ ਵਰਣਨ ਕਰਨਾ)' ਦੁਸ਼ਕ੍ਮ' ਅਰਥਦੋਸ਼ ਹੁੰਦਾ ਹੈ।

ਗ੍ਰਾਮਯ:-ਰਚਨਾ ' ਚ ਅਸ਼ਿਸ਼ਟ (ਗੰਵਾਰੂ) ਭਾਸ਼ਾ ਦੇ ਪ੍ਰਯੋਗ ਕਰਨ  'ਤੇ  ' ਗ੍ਰਾਮਯ' ਅਰਥਦੋਸ਼ ਹੁੰਦਾ ਹੈ।

ਸੰਦਿੱਗਧ :- ਜਿੱਥੇ ਦੋ ਜਾਂ ਜਿਆਦਾ ਅਰਥਾਂ ਦੀ ਪ੍ਰਤੀਤੀ ਹੋਣ  'ਤੇ ਇਹ ਸੰਦੇਹ ਬਣਿਆ ਰਹੇ ਕਿ ਕਿਹੜਾ ਅਰਥ ਠੀਕ ਹੈ, ਉਥੇ 'ਸੰਦਿੱਗਧ' ਅਰਥਦੋਸ਼ ਹੁੰਦਾ ਹੈ।

ਨਿਰਹੇਤੂ :- ਜਿੱਥੇ ਇੱਦਾਂ ਦੇ ਅਰਥ ਨੂੰ ਪ੍ਰਸਤੁਤ ਕੀਤਾ ਗਿਆ ਹੋਵੇ ਜਿਸ ਦਾ ਕੋਈ ਕਾਰਨ ਨਾ ਹੋਵੇ, ਉਥੇ   'ਨਿਰਹੇਤੂ'  ਅਰਥਦੋਸ਼  ਕਿਹਾ ਜਾਂਦਾ ਹੈ।

ਪ੍ਰਸਿੱਧੀਵਿਰੁੱਧ :- ਜਿੱਥੇ ਕੋਈ ਕਵੀ ਲੋਕਪ੍ਰਸਿੱਧੀ ਅਥਵਾ ਕਵੀਪ੍ਰਸਿੱਧੀ ਦੇ ਉਲਟ ਅਰਥ ਨੂੰ ਪ੍ਰਸਤੁਤ ਕਰਦਾ ਹੈ, ਉਥੇ  'ਪ੍ਰਸਿੱਧੀਵਿਰੁੱਧ ' ਅਰਥਦੋਸ਼ ਹੁੰਦਾ ਹੈ।

ਵਿਦਿਆਵਿਰੁੱਧ :- ਸ਼ਾਸਤ੍ ਦੇ ਵਿਰੁੱਧ ਅਰਥ ਨੂੰ ਪੇਸ਼ ਕਰਨ  'ਚ   'ਵਿਦਿਆਵਿਰੁੱਧ'  ਅਰਥਦੋਸ਼ ਹੁੰਦਾ ਹੈ ਅਰਥਾਤ ਜਿੱਥੇ ਕਿਸੇ ਵੀ ਸ਼ਾਸਤ੍ ਦੇ ਵਿਰੁੱਧ ਕੋਈ ਗੱਲ ਕਹੀ ਜਾਵੇ, ਉਥੇ ਇਹੋ ਅਰਥਦੋਸ਼ ਹੁੰਦਾ ਹੈ।

ਅਨਵੀਕ੍ਰਿਤ :-  ਜਿੱਥੇ ਇੱਕੋ ਪਦ ਨੂੰ ਬਿਨਾਂ ਕਿਸੇ ਨਵੇਂਪਣ ਜਾਂ ਚਮਤਕਾਰ ਦੇ ਪੇਸ਼ ਕੀਤਾ ਜਾਵੇ ਉਥੇ  'ਅਨਵੀਕ੍ਰਿਤ '  ਅਰਥਦੋਸ਼  ਹੁੰਦਾ ਹੈ।

ਸਨਿਯਮਪਰਿਵਿੱਰਤ :- ਜਿੱਥੇ  ਨਿਯਮਨਪੂਰਵਕ ਕਹਿਣਾ ਜਰੂਰੀ ਨਾ ਹੋਵੇ ਪਰ ਉਸ ਵਸਤੂ ਨੂੰ ਨਿਯਮਨਪੂਰਵਕ ਅਥਵਾ ਨਿਯਮ ਦੀ ਸੀਮਾ  'ਚ  ਬੰਨ੍ਹ ਕੇ ਕਹਿ ਦਿੱਤਾ ਜਾਵੇ ਤਾਂ  'ਸਨਿਯਮਪਰਿਵਿੱਰਤ ' ਅਰਥਦੋਸ਼ ਹੁੰਦਾ ਹੈ।

ਅਨਿਯਮਪਰਿਵਿੱਰਤ  :- ਜਿੱਥੇ ਵਸਤੂ ਨੂੰ ਨਿਯਮਨਪੂਰਵਕ ਕਹਿਣਾ ਜਰੂਰੀ ਹੋਵੇ ਪਰ ਉਸਨੂੰ ਨਿਯਮ ਦੀ ਸੀਮਾ 'ਚ  ਬੰਨ੍ਹੇ ਬਿਨਾਂ ਕਹਿ ਦਿੱਤਾ ਜਾਵੇ ਤਾਂ   'ਅਨਿਯਮਪਰਿਵਿੱਰਤ'  ਅਰਥਦੋਸ਼  ਹੁੰਦਾ ਹੈ।

ਵਿਸ਼ੇਸ਼ਪਰਿਵਿੱਰਤ :-  ਵਸਤੂ ਦੇ ਵਿਸ਼ੇਸ਼ਵਾਚਕ  ਸ਼ਬਦ  ਦੇ  ਪ੍ਰਯੋਗ ਦੇ ਆਵਸ਼ਕ  ਹੋਣ   'ਤੇ  ਸਾਧਾਰਣਵਾਚਕ  ਪਦ  ਦਾ ਪ੍ਰਯੋਗ ਕਰ ਦੇਣ  'ਤੇ  'ਵਿਸ਼ੇਸ਼ਪਰਿਵਿੱਰਤ ' ਅਰਥਦੋਸ਼ ਕਿਹਾ ਜਾਂਦਾ ਹੈ।

ਅਵਿਸ਼ਸ਼ਪਰਿਵਿੱਰਤ :- ਸਾਧਾਰਣਵਾਚਕ ਸ਼ਬਦ ਦਾ ਪ੍ਰਯੋਗ ਕਰਨਾ ਜਰੂਰੀ ਹੋਣ  'ਤੇ  ਵਿਸ਼ੇਸ਼ਵਾਚਕ ਸ਼ਬਦ ਦਾ ਪ੍ਰਯੋਗ ਕਰਨ  'ਤੇ    'ਅਵਿਸ਼ਸ਼ਪਰਿਵਿੱਰਤ ਅਰਥਦੋਸ਼ ਹੁੰਦਾ ਹੈ।

ਸਾਕਾਂਕਸ਼ :-  ਇਸ ਤਰ੍ਹਾਂ ਦੇ ਪਦ ਦਾ ਕਥਨ ਜਾਂ ਪ੍ਰਯੋਗ ਨਾਂ ਕਰਨਾ ਜਿਸ ਤੋਂ ਕਿਸੇ ਵਿਸ਼ੇਸ਼ ਅਰਥ ਦੀ  ਆਕਾਂਕ੍ਸ਼ਾ ਬਣੀ ਰਹੇ  ਤਾਂ  'ਸਾਕਾਂਕ੍ਸ਼' ਅਰਥਦੋਸ਼ ਹੁੰਦਾ ਹੈ।

ਅਪਦਯੁਕਤ :- ਅਸਥਾਨ ਅਥਵਾ ਅਨੁਚਿਤ ਸਥਾਨ ਵਿਚ ਬੇਲੋੜੇ ਪਦਾਂ ਨੂੰ ਜੋੜ ਦਿੱਤੇ ਜਾਣ  'ਤੇ   'ਅਪਦਯੁਕਤ' ਅਰਥਦੋਸ਼ ਹੁੰਦਾ ਹੈ।

ਸਹਚਰਭਿੰਨ :-  ਜਿੱਥੇ ਵਿਸ਼ੇਸ਼ ਪਦਾਰਥਾਂ ਨਾਲ  ਉਨ੍ਹਾਂ ਦੀ ਪ੍ਰਕਿਰਤੀ ( ਸੁਭਾਅ)  ਦੇ ਉਲਟ ਪਦਾਰਥਾਂ ਦਾ ਵਰਣਨ ਕਰਨਾ, ਉਤਕ੍ਰਿਸ਼ਟ ( ਚੰਗੇ)  ਪਦਾਰਥਾਂ ਦੇ ਨਾਲ ਨਿਕ੍ਰਿਸ਼ਟ (ਮੰਦੇ) ਪਦਾਰਥਾਂ ਦਾ ਵਰਣਨ ਅਥਵਾ ਨਿਕ੍ਰਿਸ਼ਟ ਪਦਾਰਥਾਂ ਨਾਲ ਉਤਕ੍ਰਿਸ਼ਟ ਪਦਾਰਥਾਂ ਦਾ ਵਰਣਨ ਕਰਨਾ 'ਸਹਚਰਭਿੰਨ' ਅਰਥਦੋਸ਼ ਕਹਾਉਦਾ ਹੈ।

ਪ੍ਰਕਾਸ਼ਿਤਵਿਰੁੱਧ  :- ਜਿਥੇ ਕਵੀ ਦੁਆਰਾ ਚਾਹੇ ਗਏ ਅਰਥ ਦੇ ਵਿਰੁੱਧ ਅਰਥ  ਦੀ ਪ੍ਰਤੀਤੀ ਹੋਵੇ ਉੱਥੇ  'ਪ੍ਰਕਾਸ਼ਿਤਵਿਰੁੱਧ' ਅਰਥਦੋਸ਼ ਹੁੰਦਾ ਹੈ।  'ਸਹਚਰਭਿੰਨ' ਅਰਥਦੋਸ਼  'ਚ ਪਦ ਦਾ ਅਰਥ ਹੀ ਵੱਖਰੇ ਅਰਥ ਦਾ ਬੋਧਕ ਹੁੰਦਾ ਹੈ, ਪਰ ਇੱਥੇ ਵਾਕ ਦਾ  ਅਰਥ ਵਿਰੁੱਧ ਅਰਥ ਦੇ ਪ੍ਰਗਟਾਉਣ ਵਾਲਾ ਹੁੰਦਾ ਹੈ। ਇਹੋ ਦੋਹਾਂ ਵਿਚ ਭੇਦ ਹੈ।

ਵਿਧੀ - ਅਯੁਕਤ :- ਵਿਧੇਯ  (ਕਹੇ ਜਾਣ ਯੋਗ ਜਾਂ ਪ੍ਰਧਾਨ) ਅਰਥ ਨੂੰ ਠੀਕ (ਉਚਿਤ) ਢੰਗ ਨਾਲ ਪ੍ਰਸਤੁਤ ਨਾ ਕਰਨਾ ਅਥਵਾ ਅਵਿਧੇਯ ਅਰਥ ਨੂੰ ਵਿਧੇਯ ਰੂਪ ਨਾਲ ਕਹਿਣਾ  'ਵਿਧੀ - ਅਯੁਕਤ' ਅਰਥਦੋਸ਼  'ਚ ਅਯੁਕਤ ਦੀ ਹੀ ਵਿਧੀ ਦੱਸੀ ਹੁੰਦੀ ਹੈ। ਇਹੋ ਦੋਹਾਂ ਦਾ ਆਪਸੀ ਭੇਦ ਹੈ।

ਅਨੁਵਾਦ - ਅਯੁਕਤ :-  ਉੱਦੇਸ਼ ਦਾ ਕਥਨ ਕਰਨ 'ਚ ਉਸਦੇ ਅਨੁਕੂਲ ਪ੍ਰਤੀਤ  ਨਾ ਹੋਣ ਵਾਲੇ ਅਰਥ ਦਾ ਕਥਨ  ਕਰਨਾ   'ਅਨੁਵਾਦ - ਅਯੁਕਤ' ਅਰਥਦੋਸ਼ ਹੁੰਦਾ ਹੈ।

ਤਿਅਕਤਪੁਨਹ੍ - ਸਵੀਕ੍ਰਿਤ :- ਜਿੱਥੇ ਵਾਕ ਦੇ ਨਿਰ - ਅਕਾਂਕ੍ਸ਼ ਰੂਪ ਨਾਲ ਪੂਰਾ ਹੋ ਜਾਣ 'ਤੇ ਵੀ ਉਸੇ ਅਰਥ ਨੂੰ ਕਿਸੇ ਹੋਰ ਤਰੀਕੇ ਨਾਲ ਦੁਬਾਰਾ ਪ੍ਰਸਤੁਤ ਕੀਤਾ ਜਾਵੇ ਤਾਂ  'ਤਿਅਕਤਪੁਨਹ੍ - ਸਵੀਕ੍ਰਿਤ' ਅਰਥਦੋਸ਼ ਹੁੰਦਾ ਹੈ। ਜਿੱਥੇ ਸਮਾਪਤ ਵਾਕ ਦੇ ਅਰਥ ਵਿਚ ਹੋਰ ਵਿਸ਼ੇਸ਼ਣ ਦਾ ਗ੍ਰਹਿਣ ਹੁੰਦਾ ਹੈ।ਉੱਥੇ' ਸਮਾਪਤ - ਪੁਨਰਾੱਤ', ਪਰ ਜਿੱਥੇ ਹੋਰ ਹੀ ਵਾਕ ਦਾ ਅਰਥ ਫਿਰ ਤੋਂ ਗ੍ਰਹਿਣ ਕੀਤਾ ਜਾਵੇ ਉੱਥੇ' ਤਿਅਕਤਪੁਨਹ੍ - ਸਵੀਕ੍ਰਿਤ' ਦੋਸ਼ ਹੁੰਦਾ ਹੈ। ਇਹੋ ਦੋਹਾਂ ਦਾ ਆਪਸੀ ਅੰਤਰ ਹੈ।

ਅਸ਼ਲੀਲ :ਜਿਥੇ ਘਿਰਣਾ,  ਲੱਜਾ ਅਥਵਾ ਅਮੰਗਲ ਦੇ ਸੂਚਕ ਅਰਥ ਦੀ ਪ੍ਰਤੀਤੀ ਹੋਵੇ, ਉਥੇ  'ਅਸ਼ਲੀਲ' ਅਰਥਦੋਸ਼ ਹੁੰਦਾ ਹੈ।

1.1 ਪਦ ਦੋਸ਼ ਸੋਧੋ

ਵਾਕ ਤੋਂ ਛੋਟੀ ਇਕਾਈ ਜੋ ਵਾਕ ਦੇ ਨਿਰਮਾਣ ਵਿੱਚ ਸਹਾਈ ਹੋਵੇ, ਉਹ ਪਦ ਹੈ। ਕਵਿਤਾ ਦੇ ਇੱਕ ਪਦ ਵਿੱਚ ਰਹਿਣ ਵਾਲੇ ਦੋਸ਼ ਨੂੰ ਪਦ ਦੋਸ਼ ਕਿਹਾ ਜਾਂਦਾ ਹੈ। ਸ਼ਬਦ ਦੋਸ਼ ਦੇ ਅੰਤਰਗਤ ਪਦ ਦੋਸ਼ ਦੀ ਗਿਣਤੀ ਸੋਲਾਂ (16) ਮੰਨੀ ਗਈ ਹੈ- 

1.1.1 ਸ਼੍ਰੁਤੀਕਟੁ ਦੋਸ਼- ਜਿਥੇ ਕਿਸੇ ਵਾਕ ਵਿੱਚ ਵਰਤਿਆ ਗਿਆ ਪਦ ਕੰਨਾਂ ਨੂੰ ਕਠੋਰ ਜਾਂ ਚੁਭਵਾਂ ਲੱਗੇ, ਉਹ ਸ਼੍ਰੁਤੀਕਟੁ  ਪਦ ਦੋਸ਼ ਹੈ।

ਉਦਾਹਰਣ-

ਰੋਜ ਉਸ ਦਾ ਹਾਰ ਟੁੱਟ ਜਾਇਆ ਕਰੇ,

ਮੁਸਕ੍ਰਾਂਦੀ ਆ ਕੇ ਬਣਵਾਇਆ ਕਰੇ।

(ਬਾਵਾ ਬਲਵੰਤ)

ਓਪਰੋਕਤ ਸਤਰ ਦੇ ਪਹਿਲੇ ਪਦ ਵਿੱਚ ‘ਟੁੱਟ’ ਸ਼ਬਦ ਕੰਨਾਂ ਨੂੰ ਚੁਭਵਾਂ ਪ੍ਰਤੀਤ ਹੁੰਦਾ ਹੈ ਜਿਸ ਕਾਰਨ ਇਥੇ ਸ਼੍ਰੁਤੀਕਟੁ ਪਦ ਦੋਸ਼ ਹੈ।

1.1.2 ਚਿਉਤਸੰਸਕ੍ਰਿਤੀ ਦੋਸ਼- ਜਦੋਂ ਵਾਕ ਵਿੱਚ ਕਿਸੇ ਸ਼ਬਦ ਜਾਂ ਪਦ ਦੀ ਵਰਤੋਂ ਵਿਆਕਰਨ ਨਿਯਮਾਂ ਦੇ ਵਿਰੁੱਧ ਹੋਵੇ ਤਾਂ ਉਹ ਚਿਉਤਸੰਸਕ੍ਰਿਤੀ ਦੋਸ਼ ਹੁੰਦਾ ਹੈ। ਇਸਦੇ ਕਈ ਪ੍ਰਕਾਰ ਹਨ- ਲਿੰਗ ਦੋਸ਼, ਵਚਨ ਦੋਸ਼, ਕਾਰਕ ਦੋਸ਼।

ਉਦਾਹਰਣ –

ਆਵੇ ਤੇ ਆਉਣ ਸਾਰ ਹੀ ਗੱਲ ਜਾਣ ਦੀ ਕਰੇ,

ਆਖਰ ਉਹਨਾਂ ਦੀ ਯਾਦ ਨੇ ਉਹਨਾਂ ਤੇ ਜਾਵਣਾ।

(ਮੋਹਨ ਸਿੰਘ)

ਸ਼ਿਅਰ ਦੇ ਪਹਿਲੇ ਮਿਸ਼ਰੇ  ਵਿੱਚ ‘ਆਵੇ’ ਅਤੇ ‘ਕਰੇ’ ਸ਼ਬਦ ਤੋਂ ਨਾਇਕਾ ਲਈ ਇੱਕ-ਵਚਨ ਦੀ ਵਰਤੋਂ ਦੀ ਪ੍ਰਤੀਤੀ ਹੋ ਰਹੀ ਹੈ, ਜਦਕਿ ਦੂਜੇ ਮਿਸ਼ਰੇ ਵਿੱਚ ਵਰਤੇ ਸ਼ਬਦ ‘ਉਨ੍ਹਾਂ’ ਤੋਂ ਬਹੁ-ਵਚਨ ਦੀ ਪ੍ਰਤੀਤੀ ਹੁੰਦੀ ਹੈ। ਇਸ ਤਰ੍ਹਾਂ ਇਥੇ ਚਿਉਤਸੰਸਕ੍ਰਿਤੀ ਦੋਸ਼  ਹੈ।

1.1.3 ਅਪ੍ਰਯੁਕਤ ਦੋਸ਼- ਜਿਹੜਾ ਸ਼ਬਦ ਵਿਆਕਰਨ ਜਾਂ ਕੋਸ਼ ਦੁਆਰਾ ਪ੍ਰਵਾਣਿਤ ਹੋਵੇ ਪਰ ਕਵੀ ਦੁਆਰਾ ਨਾ ਵਰਤਿਆ ਗਿਆ ਹੋਵੇ, ਅਜਿਹੇ ਸ਼ਬਦ ਦੀ ਪਦ ਵਿੱਚ ਵਰਤੋਂ ਕਰਨਾ ਅਪ੍ਰਯੁਕਤ ਦੋਸ਼ ਹੁੰਦਾ ਹੈ।

ਉਦਾਹਰਨ-

ਇਸ ਵਿਅਕਤੀ ਦਾ ਆਚਰਨ ਬੜਾ ਹੀ ਭਿਅੰਕਰ ਹੈ। ਲਗਦਾ ਹੈ ਕਿ ਇਸਦਾ ਇਸ਼ਟ ਦੇਵਤਾ ਕੋਈ ਰਾਖਸ਼ਸ਼ ਹੈ।

ਇਥੇ ‘ਦੇਵਤਾ’ ਸ਼ਬਦ ਦੀ ਵਰਤੋਂ ਪੁਲਿੰਗ ਰੂਪ ਵਿੱਚ ਕੀਤੀ ਗਈ ਹੈ। ਜਿਸ ਕਾਰਨ ਇਥੇ ਅਪ੍ਰਯੁਕਤ ਦੋਸ਼ ਹੈ। ਪਰ ਜੇ ਯਮਕ ਵਿੱਚ ਇਸਦੀ ਵਰਤੋਂ ਕੀਤੀ ਜਾਵੇ ਤਾਂ ਇਹ ਦੋਸ਼ ਨਹੀਂ ਮੰਨਿਆ ਜਾਵੇਗਾ।

1.1.4 ਅਸਮਰਥ ਦੋਸ਼- ਜਿਹੜਾ ਸ਼ਬਦ ਜਿਸ ਅਰਥ ਵਿੱਚ ਪੜ੍ਹਿਆ ਗਿਆ ਹੋਵੇ ਪਰ ਉਸ ਅਰਥ ਦਾ ਬੋਧ ਕਰਾਉਣ ਵਿੱਚ ਅਸਮਰਥ ਹੋਵੇ, ਭਾਵ ਕਿ ਕਿਸੇ ਅਰਥ ਨੂੰ ਪ੍ਰਗਟ ਕਰਨ ਲਈ ਜਿਸ ਸ਼ਬਦ/ਪਦ ਦੀ ਵਰਤੋਂ ਕੀਤੀ ਜਾਵੇ, ਪਰ ਉਸ ਤੋਂ ਇੱਛਿਤ ਅਰਥ ਦੀ ਪ੍ਰਤੀਤੀ ਨਾ ਹੋਵੇ ਉਹ ਅਸਮਰਥ ਦੋਸ਼ ਹੈ।

ਉਦਾਹਰਣ-

ਗ਼ਾਲਿਬ ਨੇ ਖ਼ੂਬ ਆਖਿਆ ‘ਰਾਤਾਂ ਨੇ ਉਸਦੀਆਂ,

ਮੌਰਾਂ ਤੇ ਜਿਸ ਦੇ ਖਿੰਡੀਆਂ ਜ਼ਲਫਾਂ ਸੁਹਾਣੀਆਂ।’

(ਮੋਹਨ ਸਿੰਘ)

ਇਸ ਸ਼ਿਅਰ ਵਿੱਚ ਮੋਹਨ ਸਿੰਘ ਨੇ ਪ੍ਰੇਮਿਕਾ ਦੀਆਂ ਜੁਲਫ਼ਾਂ, ਜੋ ਕਿ ਉਸਦੀਆਂ ਬਾਹਾਂ ‘ਤੇ ਲਟਕ ਰਹੀਆਂ ਹਨ, ਨੂੰ ਮੌਰਾਂ ‘ਤੇ ਲਟਕਾਂ ਕੇ ਗਾਲਿਬ ਦੇ ਸ਼ਿਅਰ ਵਿਚੱਲੇ ਅਰਥ ਦੇ ਭਾਵ ਨੂੰ ਸਹੀ ਤਰੀਕੇ ਨਾਲ ਪ੍ਰਗਟ ਨਹੀਂ ਕੀਤਾ, ਜਿਸ ਕਾਰਨ ਇੱਥੇ ਅਸਮਰਥ ਦੋਸ਼ ਪੈਦਾ ਹੋ ਗਿਆ ਹੈ।

1.1.5 ਨਿਹਿਤਾਰਥ ਦੋਸ਼- ਜਦੋਂ ਸ਼ਬਦ ਪ੍ਰਸਿੱਧ ਅਤੇ ਅਪ੍ਰਸਿੱਧ ਦੋ ਅਰਥਾਂ ਵਾਲਾ ਹੁੰਦਾ ਹੋਇਆ ਅਪ੍ਰਸਿੱਧ ਅਰਥ ਵਿੱਚ ਵਰਤਿਆ ਜਾਵੇ ਤਾਂ ਉਥੇ ਨਿਹਿਤਾਰਥ  ਦੋਸ਼ ਹੁੰਦਾ ਹੈ।

ਉਦਾਹਰਣ-

ਸ਼ਹਿਰ ਗਿਰਾਂ ਮਹਿਲ ਨਹੀਂ ਮਾੜੀ

ਕੁੱਲੀ ਢੋਕ ਨਾ ਭਾਲਾਂ,

ਮੀਂਹ ਹਨੇਰੀ ਗੜੇ ਧੁੱਪ ਵਿੱਚ

ਨੰਗੇ ਸਿਰ ਦਿਨ ਘਾਲਾਂ।

(ਭਾਈ ਵੀਰ ਸਿੰਘ)

ਇਨ੍ਹਾਂ ਸਤਰਾਂ ਵਿੱਚ ‘ਘਾਲਾਂ’ ਸ਼ਬਦ ਦਾ ਅਰਥ ‘ਬਤੀਤ ਕਰਨਾ’ ਹੈ ਜੋ ਕਿ ਅਪ੍ਰਸਿੱਧ ਅਰਥ ਹੈ ਜਦਕਿ ਇਸਦਾ ਪ੍ਰਸਿੱਧ ਅਰਥ ਘਾਲਣਾ ਕਰਨਾ ਅਰਥਾਤ ਸ਼ੰਘਰਸ਼ ਕਰਨਾ ਹੈ। ਇਸ ਤਰ੍ਹਾਂ ਇਥੇ ਨਿਹਿਤਾਰਥ ਪਦ ਦੋਸ਼ ਪੈਦਾ ਹੋ ਗਿਆ ਹੈ।

1.1.6 ਅਨੁਚਿਤ ਅਰਥ ਦੋਸ਼- ਜਦੋਂ ਕਾਵਿ ਵਿੱਚ ਵਰਤੇ ਗਏ ਸ਼ਬਦਾਂ ਤੋਂ ਇੱਛਿਤ ਅਰਥ ਦਾ ਤ੍ਰਿਸਕਾਰ ਹੋਵੇ ਭਾਵ ਕਿ ਕਵੀ ਜੋ ਪ੍ਰਗਟ ਨਹੀਂ ਕਰਨਾ ਚਾਹੁੰਦਾ ਉਹ ਅਰਥ ਨਿਕਲੇ ਤਾ ਅਨੁਚਿਤ ਅਰਥ ਦੋਸ਼ ਹੁੰਦਾ ਹੈ।

ਉਦਾਹਰਣ-

ਯੁੱਧ ਵਿੱਚ ਯੋਧੇ ਜਾਨਵਰਾਂ ਵਾਂਗ ਵੱਢੇ ਜਾ ਰਹੇ ਹਨ ਅਤੇ ਉਹਨਾਂ ਨੂੰ ਵੀਰਗਤੀ ਪ੍ਰਾਪਤ ਹੋ ਗਹੀ ਹੈ।

ਇਥੇ ਕਵੀ ਯੁੱਧ ਵਿੱਚ ਵੀਰਾਂ ਦੀ ਬਹਾਦਰੀ ਦਾ ਵਰਣਨ ਕਰ ਰਿਹਾ ਹੈ ਪਰ ‘ਜਾਨਵਰ’ ਸ਼ਬਦ ਉਹਨਾਂ ਦੀ ਕਾਇਰਤਾ, ਦੀਨਤਾ ਨੂੰ ਪ੍ਰਗਟ ਕਰਦਾ ਹੈ, ਇਸ ਲਈ ਇਥੇ ਅਨੁਚਿਤ ਅਰਥ ਦੋਸ਼ ਹੈ।

1.1.7 ਨਿਰਰਥਕ ਦੋਸ਼- ਜਦੋਂ ਛੰਦ ਦੀ ਪੂਰਤੀ ਲਈ ਕਿਸੇ ਪਦ ਦੀ ਵਰਤੋਂ ਕੀਤੀ ਜਾਵੇ, ਪਰ ਫਿਰ ਵੀ ਉਸ ਪਦ ਦਾ ਕੋਈ ਅਰਥ ਨਾ ਨਿਕਲੇ ਤਾਂ ਉਥੇ ਨਿਰਰਥਕ ਪਦ ਦੋਸ਼ ਹੁੰਦਾ ਹੈ।

ਉਦਾਹਰਣ-

ਮਰਵਾਣੀ ਤੇ ਕਤਲਬਾਜ਼, ਉਹ ਮੁਗ਼ਲ ਅਜਬੱਕੇ।

ਉਹਨਾਂ ਦੇ ਨੱਕ ਫੀਨ੍ਹੇ  ਸਿਰ ਤਾਵੜੇ, ਢਿੱਡ ਵਾਂਗ ਢੱਮਕੇ।

(ਨਜਾਬਤ)

ਇਨ੍ਹਾਂ ਸਤਰਾਂ ਵਿੱਚ ‘ਉਹਨਾਂ ਦੇ’ ਪਦ ਨੂੰ ਸਿਰਫ਼ ਛੰਦ ਦੀ ਪੂਰਤੀ ਲਈ ਵਰਤਿਆ ਗਿਆ ਹੈ। ਇਹਨ੍ਹਾਂ ਦੀ ਵਰਤੋਂ ਨਾ ਕਰਨ ਦੀ ਸੂਰਤ ਵਿਚੱ ਵੀ ਅਰਥ ਦੀ ਸਹੀ ਪ੍ਰਤੀਤੀ ਹੋ ਰਹੀ ਹੈ ਜਿਸ ਕਾਰਨ ਇਥੇ ਨਿਰਰਥਕ ਦੋਸ਼ ਪੈਦਾ ਹੋ ਗਿਆ ਹੈ।

1.1.8 ਅਵਾਚਕ ਦੋਸ਼- ਜਿਹੜਾ ਸ਼ਬਦ ਜਿਸ ਅਰਥ ਲਈ ਕਿਹਾ ਗਿਆ ਹੋਵੇ ਪਰ ਉਹ ਉਸ ਅਰਥ ਦਾ ਬੋਧ ਨਾ ਕਰੇ, ਉਥੇ ਅਵਾਚਕ ਦੋਸ਼ ਹੁੰਦਾ ਹੈ।

1.1.9 ਅਸ਼ਲੀਲ ਦੋਸ਼- ਜਦੋਂ ਕਾਵਿ ਵਿੱਚ ਲੱਜਾ, ਘ੍ਰਿਣਾ ਜਾ ਅਮੰਗਲ ਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਜਾਵੇ ਤਾਂ ਉਥੇ ਅਸ਼ਲੀਲ ਦੋਸ਼ ਹੁੰਦਾ ਹੈ।

ਉਦਾਹਰਣ-

ਦਾਮ ਕਾਢ ਬਾਘਨ ਲੈ ਆਇਆ।

ਮਾਉਂ ਕਹੇ ਮੇਰਾ ਪੂਤ ਵਿਆਹਿਆ।       

ਓਪਰੋਕਤ ਸਤਰਾਂ ਵਿੱਚ ਔਰਤ ਨੂੰ ਮਰਦ ਦੇ ਧਰਮ ਕਰਮ ਵਿੱਚ ਰੁਕਾਵਟ ਬਣਨ ਵਾਲੀ ਸਮਝ ਕੇ ਉਸ ਨੂੰ ਬਾਘਣ ਦਾ ਦਰਜਾ ਦਿੱਤਾ ਗਿਆ ਹੈ ਜਿਸ ਕਾਰਨ ਉਥੇ ਅਸ਼ਲੀਲ ਦੋਸ਼ ਹੈ।

1.1.10 ਸੰਦਿੱਗਧ ਦੋਸ਼- ਜਦੋਂ ਕੋਈ ਸ਼ਬਦ ਦੋ ਅਰਥਾਂ ਦਾ ਬੋਧ ਕਰਾਉਂਦਾ ਹੋਵੇ ਪਰ ਉਥੇ ਇਹ ਸੰਦੇਹ ਪੈਦਾ ਹੋਵੇ ਕਿ ਵਿਥੇ ਇਸਦਾ ਕਿਹੜਾ ਅਰਥ ਮੰਨਿਆ ਜਾਵੇ ਤਾਂ ਉਥੇ ਸੰਦਿਗਧ ਦੋਸ਼ ਹੁੰਦਾ ਹੈ।

ਉਦਾਹਰਣ-

ਦੁਨੀਆ ਵਿੱਚ ਏ,

ਵਖਰੀ ਪਛਾਣ ਪੰਜਾਬੀ ਦੀ।       

ਓਪਰੋਕਤ ਸਤਰਾਂ ਵਿੱਚ ‘ਪੰਜਾਬੀ’ ਸ਼ਬਦ ਪੰਜਾਬੀ ਭਾਸ਼ਾ ਲਈ ਵਰਤਿਆ ਗਿਆ ਹੈ ਜਾਂ ਪੰਜਾਬ ਦੇ ਵਾਸੀਆਂ ਲਈ? ਇਸ ਗੱਲ ਦੀ ਸਹੀ ਪ੍ਰਤੀਤੀ ਨਹੀਂ ਹੋ ਰਹੀ ਜਿਸ ਕਾਰਨ ਇਥੇ ਸੰਦਿੱਗਧ ਦੋਸ਼ ਹੈ।

1.1.11 ਪ੍ਰਤੀਤੀ ਦੋਸ਼- ਜਿਹੜਾ ਸ਼ਬਦ ਕਿਸੇ ਖਾਸ ਸ਼ਾਸਤਰ ਵਿੱਚ ਹੀ ਪ੍ਰਸਿੱਧ ਹੋਵੇ, ਪਰ ਉਸਦੀ ਵਰਤੋਂ ਸਧਾਰਨ ਰੂਪ ਵਿੱਚ ਹੀ ਕਰ ਦਿੱਤੀ ਜਾਵੇ ਉਥੇ ਅਪ੍ਰਤੀਤੀ ਦੋਸ਼ ਹੁੰਦਾ ਹੈ।

ਉਦਾਹਰਣ-

ਅੱਥਰੂ ਟੈਸਟ ਟਿਊਬ ਵਿੱਚ ਪਾ ਕੇ ਵੇਖਾਂਗੇ,

ਰਾਤੀਂ ਤੂੰ ਕਿਸ ਮਹਿਬੂਬ ਨੂੰ ਰੋਇਆ ਸੀ।

(ਸੁਰਜੀਤ ਪਾਤਰ)       

‘ਟੈਸਟ ਟਿਊਬ’ ਸ਼ਬਦ ਵਿਗਿਆਨ ਦਾ ਤਕਨੀਕੀ ਸ਼ਬਦ ਹੈ ਪਰ ਇਥੇ ਇਸਦੀ ਵਰਤੋਂ ਅਪ੍ਰਤੀਤੀ ਦੋਸ਼ ਪੈਦਾ ਕਰ ਰਹੀ ਹੈ।

1.1.12 ਨੇਯਾਰਥ ਦੋਸ਼- ਰੁੜ੍ਹੀ ਜਾਂ ਪ੍ਰਯੋਜਨ ਨਾਲ ਹੀ ਲਕਸ਼ਣਾ ਹੁੰਦੀ ਹੈ, ਪਰ ਕਵੀ ਕਈ ਵਾਰ ਆਪਣੀ ਇੱਛਾ ਨਾਲ ਹੀ ਅਜਿਹੇ ਸ਼ਬਦਾਂ ਦੀ ਕਲਪਨਾ ਕਰ ਲੈਂਦੇ ਹਨ ਜਿਹੜੇ ਮੁੱਖ ਅਰਥ ਨਾਲ ਸੰਬੰਧ ਤਾਂ ਰੱਖਦੇ ਹਨ, ਪਰ ਉਥੇ ਕੋਈ ਰੂੜ੍ਹੀ ਜਾਂ ਪ੍ਰਯੋਜਨ ਨਹੀਂ ਹੁੰਦਾ, ਅਜਿਹੇ ਲਾਕਸ਼ਣਿਕ ਸ਼ਬਦ ਮਨਾਹੀ ਯੋਗ ਮੰਨੇ ਜਾਂਦੇ ਹਨ। ਸਾਹਿਤ ਸ਼ਾਸਤਰ ਵਿੱਚ ਅਜਿਹੇ ਸ਼ਬਦਾਂ ਨੂੰ ਨੇਯਾਰਥ ਕਿਹਾ ਜਾਂਦਾ ਹੈ।

ਉਦਾਹਰਣ-

ਆਖਰ ਤੀਕਰ ਪਿਆਰ ਨਿਭਾ ਕੇ ਦਸਿਆ,

ਭਾਵੇਂ ਇਹ ਇੱਕ ਹਿਲਦਾ, ਦੁਖਦਾ ਦੰਦ  ਸੀ।

(ਪ੍ਰੋ. ਮੋਹਨ ਸਿੰਘ)

ਇਥੇ ‘ਹਿਲਦਾ, ਦੁਖਦਾ, ਦੰਦ’ ਸ਼ਬਦਾ ਰਾਹੀਂ ਲਕਸ਼ਣਾ ਪੈਦਾ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ ਹੋਣ ਕਰਕੇ ਨੇਯਾਰਥ ਦੋਸ਼ ਪੈਦਾ ਹੋ ਗਿਆ ਹੈ।

1.1.13 ਗ੍ਰਾਮਯ ਦੋਸ਼- ਜਦੋਂ ਕਾਵਿ ਵਿੱਚ ਪੇਂਡੂ, ਗੰਵਾਰੂ, ਜਾਂ ਸੱਭਿਆ ਹੀਨ ਸ਼ਬਦਾਂ ਦੀ ਵਰਤੋਂ ਕੀਤੀ ਜਾਏ ਤਾਂ ਗ੍ਰਾਮਯ ਦੋਸ਼ ਹੁੰਦਾ ਹੈ।

ਉਦਾਹਰਣ-

ਇੱਕ ਪਊਆ ਸਦੀ ਅਸਾਂ ਬੜੀ ਜ਼ਹਿਰ ਪੀਤੀ,

ਤੇ ਤੁਸੀਂ ਜਾਣਦੇ ਹੀ ਹੋ ਜੋ ਅਸਾਂ ਨਾਲ ਬੀਤੀ।

(ਮੋਹਨ ਸਿੰਘ)       

ਇਨ੍ਹਾਂ ਸਤਰਾਂ ਵਿੱਚ ‘ਪਊਆ’ ਸ਼ਬਦ ਭਾਵੇਂ ਕਿ ‘ਪੱਚੀ ਸਾਲਾਂ’ ਲਈ ਵਰਤਿਆ ਗਿਆ ਹੈ ਪਰ ਇਹ ਸ਼ਬਦ ਗੰਵਾਰੂ ਹੋਣ ਕਰਕੇ ਇਥੇ ਗ੍ਰਾਮਯ ਦੋਸ਼ ਹੈ।

1.1.14 ਕਲਿਸ਼ਟ ਦੋਸ਼- ਜਦੋਂ ਕਾਵਿ ਵਿੱਚ ਵਰਤੇ ਗਏ ਸ਼ਬਦਾਂ ਦਾ ਅਰਥ ਕਠਿਨਾਈ ਨਾਲ ਪ੍ਰਤੀਤ ਹੋਵੇ ਭਾਵ ਕਵਿਤਾ ਦੇ ਅਰਥ ਸਮਝਣ ਲਈ ਮੁਸ਼ਕਤ ਕਰਨੀ ਪਏ, ਉਥੇ ਕਲਿਸ਼ਟ ਦੋਸ਼ ਹੁੰਦਾ ਹੈ।

ਉਦਾਹਰਣ-

ਮੇਰੀ ਨਜ਼ਰ ਵੈਰੀ ਨੂੰ ਕਾਲੀ ਦਾ ਝੰਡਾ,

ਮੈਂ ਪੁੱਟਦਾ ਹਾਂ ਪਲ ਵਿੱਚ ਗ਼ਰੂਰਾਂ ਦਾ ਝੰਡਾ।

(ਬਾਵਾ ਬਲਵੰਤ)

ਇਨ੍ਹਾਂ ਸਤਰਾਂ ਵਿੱਚ ‘ਕਾਲੀ’ ਤੋਂ ਭਾਵ ‘ਚੰਡੀ ਦੀ ਵਾਰ’ ਤੋਂ ਹੈ। ਇਨ੍ਹਾਂ ਸਤਰਾਂ ਦੋ ਸਹੀ ਅਰਥਾਂ ਦੀ ਪ੍ਰਤੀਤੀ ਲਈ ਚੰਡੀ ਦੀ ਵਾਰ ਨੂੰ ਸਮਝਣਾ ਜ਼ਰੂਰੀ ਹੈ ਜਿਸ ਕਰਕੇ ਇਥੇ ਅਰਥ ਗ੍ਰਹਿਣ ਕਰਨ ਲਈ ਪਾਠਕ ਨੂੰ ਕਸ਼ਟ ਕਰਨਾ ਪਵੇਗਾ, ਜਿਸ ਕਰਕੇ ਇਥੇ ਕਲਿਸ਼ਟ ਦੋਸ਼ ਪੈਦਾ ਹੋ ਗਿਆ ਹੈ।

1.1.15 ਅਵਿਸ੍ਰਿਸ਼ਟਵਿਧੇਯ ਅੰਸ਼ ਦੋਸ਼- ਹਰ ਵਾਕ ਵਿੱਚ ਦੋ ਹਿੱਸੇ ਹੁੰਦੇ ਹਨ- ਇੱਕ ਉਦੇਸ਼ ਵਾਲਾ ਅਤੇ ਦੂਜਾ ਵਿਧੇਯ। ਵਿਧੋਯ ਵਾਕ ਦਾ ਪ੍ਰਧਾਨ ਹਿੱਸਾ ਹੁੰਦਾ ਹੈ। ਵਾਕ ਬਣਤਰ ਵਿੱਚ ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਵਿਧੇਯ ਹਿੱਸੇ ਦੀ   ਪ੍ਰਧਾਨਤਾ ਬਣੀ ਰਹੇ, ਪਰ ਜਦੋਂ ਵਾਕ ਵਿੱਚ ਇਸ ਗੱਲ ਦਾ ਧਿਆਨ ਨਾ ਰੱਖ ਕੇ ਅਜਿਹੇ ਵਾਕ ਬਣਾ ਦਿੱਤੇ ਜਾਣ ਜਿਥੇ ਵਿਧੇਯ ਵਾਲੇ ਹਿੱਸੇ ਦੀ ਪ੍ਰਧਾਨਤਾ ਖ਼ਤਮ ਹੋ ਜਾਵੇ ਤਾਂ ਉਥੇ ਅਵਿਸ੍ਰਿਸ਼ਟਵਿਧੇਯ ਅੰਸ਼ ਦੋਸ਼ ਹੁੰਦਾ ਹੈ।

1.1.16 ਵਿਰੁੱਧਮਤੀਕ੍ਰਿਤ ਦੋਸ਼- ਜਦੋਂ ਕਾਵਿ ਵਿੱਚ ਵਰਤੇ ਗਏ ਸ਼ਬਦਾਂ ਦੀ ਅਰਥ ਪ੍ਰਤੀਤੀ ਵਰਣਿਤ ਵਿਸ਼ੇ ਦੇ ਵਿਰੁੱਧ ਹੋਵੇ ਭਾਵ ਇਹ ਕਿ ਜਿਸ ਸ਼ਬਦ ਨਾਲ ਕਹੇ ਹੋਏ ਅਰਥ ਦੇ ਵਿਰੋਧੀ ਅਰਥ ਦੀ ਪ੍ਰਤੀਤੀ ਹੋ ਜਾਵੇ ਉਹ ਵਿਰੁੱਧਮਤੀਕ੍ਰਿਤ ਦੋਸ਼ ਹੁੰਦਾ ਹੈ।

ਉਦਾਹਰਣ-

ਇਕ ਬੂਟਾ ਅੰਬਾ ਦਾ

ਘਰ ਸਾਡੇ ਲਗਾ ਨੀ

ਜਿਸ ਥਲੇ ਬਹਿਣਾ ਨੀ

ਸੁਰਗਾ ਵਿੱਚ ਰਹਿਣਾ ਨੀ

(ਮੋਹਨ ਸਿੰਘ)

ਇਨ੍ਹਾਂ ਸਤਰਾਂ ਵਿੱਚ ‘ਨੀ’ ਸ਼ਬਦ ਦੀ ਵਰਤੋਂ ਭਾਵੇਂ ਵਾਕ ਨੂੰ ਨਾਂਹ ਵਾਚਕ ਬਣਾ ਰਹੀ ਹੈ। ਪਰ ਇਨ੍ਹਾਂ ਦਾ ਅਰਥ ਹਾਂ-ਵਾਚਕ ਦੇ ਰੂਪ ਵਿੱਚ ਹੈ ਜਿਸ ਕਰਕੇ ਇਥੇ ਵਿਰੁੱਧੀਮਤੀਕ੍ਰਿਤ ਦੋਸ਼ ਹੈ। 

1.2 ਪਦਾਂਸ਼ ਦੋਸ਼ ਸੋਧੋ

        ਪਦਾਂਸ਼ ਤੋਂ ਭਾਵ ਹੈ ਪਦ ਦਾ ਅੰਸ਼ ਭਾਵ ਪਦ ਤੋਂ ਵੀ ਛੋਟਾ ਹਿੱਸਾ। ਵਿਸ਼ਵਨਾਥ ਨੇ ਮੰਮਟ ਦੇ ਸ਼੍ਰੁਤੀਕਟੁ, ਨਿਹਿਤਾਰਥ, ਨਿਰਰਥਕ, ਅਵਾਚਕ, ਅਸ਼ਲੀਲ, ਸੰਦਿਗਧ, ਨੇਯਾਰਥ- ਸੱਤ ਪਦਾਂਸ਼ ਦੋਸ਼ਾਂ ਵਿੱਚੋ ਨਿਰਰਥਕ, ਸੰਦਿਗਧ ਦੋ ਪਦਾਂਸ਼  ਦੋਸ਼ਾਂ ਨੂੰ ਅਸਵੀਕਾਰ ਕਰਕੇ ਬਾਕੀ ਦੇ ਪੰਜ ‘ਪਦਾਂਸ਼ ਦੋਸ਼’ ਮੰਨੇ ਹਨ। ਇਨ੍ਹਾਂ ਪਦਾਂਸ਼ ਦੋਸ਼ਾਂ ਦੇ ਸਰੂਪ ਅਤੇ ਲੱਛਣ ਪਦਗਤ ਦੋਸ਼ਾਂ ਵਾਲੇ ਹੀ ਮੰਨੇ ਹਨ। 

1.3 ਵਾਕਗਤ ਦੋਸ਼ ਸੋਧੋ

        ਵਾਕ ਵਿੱਚ ਪਾਏ ਜਾਣ ਵਾਲੇ ਦੋਸ਼ ਨੂੰ ਵਾਕਗਤ ਦੋਸ਼ ਕਿਹਾ ਜਾਂਦਾ ਹੈ। ਵਾਕ ਦੋਸ਼ ਦੋ ਪ੍ਰਕਾਰ ਦੇ ਮੰਨੇ ਗਏ ਹਨ- ਇਨ੍ਹਾਂ ਵਿਚੋਂ ਕੁੱਝ ਤਾਂ ਉਹ ਹਨ ਜਿਹਨਾਂ ਦੀ ਗਿਣਤੀ ਸ਼ਬਦ ਦੋਸ਼ਾਂ ਵਿੱਚ ਹੋਈ ਹੈ, ਪਰ ਕੁੱਝ ਉਹ ਹਨ ਜਿਹੜੇ ਸਿਰਫ਼ ਵਾਕ ਵਿੱਚ ਹੀ ਹੁੰਦੇ ਹਨ। ਸ਼ਬਦ ਦੋਸ਼ਾਂ ਦੇ ਸੋਲਾਂ (16) ਦੋਸ਼ਾ ਵਿੱਚੋ ਚਿਉਤਸੰਸਕ੍ਰਿਤੀ, ਅਸਮਰਥ, ਨਿਰਰਥਕ ਤਿੰਨ ਦੋਸ਼ਾਂ ਨੂੰ ਛੱਡ ਕੇ ਬਾਕੀ ਦੇ ਤੇਰ੍ਹਾਂ (13) ਦੋਸ਼ ਵਾਕ ਦੋਸ਼ ਵੀ ਹੁੰਦੇ ਹਨ। ਮੰਮਟ ਅਤੇ ਵਿਸ਼ਵਨਾਥ ਨੇ ਦੂਜੇ ਇੱਕੀ (21) ਦੋਸ਼ਾਂ ‘ਤੇ ਵਿਚਾਰ ਕੀਤਾ ਹੈ ਜਿਹੜੇ ਸਿਰਫ਼ ਵਾਕ ਵਿੱਚ ਹੀ ਰਹਿੰਦੇ ਹਨ। ਇਨ੍ਹਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ-[1]

1.3.1 ਪ੍ਰਤਿਕੂਲਵਰਣਤਾ ਦੋਸ਼- ਕਾਵਿ ਵਿੱਚ ਜਿਥੇ ਰਸ ਦੇ ਵਿਰੁੱਧ ਵਰਣਾਂ ਦੀ ਵਰਤੋਂ ਕੀਤੀ ਜਾਏ ਉੱਥੇ ਪ੍ਰਤਿਕੂਲਵਰਣਤਾ ਦੋਸ਼ ਹੁੰਦਾ ਹੈ।

ਉਦਾਹਰਣ-

ਨੀ ਅੱਜ ਕੋਈ ਆਇਆ ਸਾਡੇ ਵੇਹੜੇ,

ਤਕਣ ਚੰਨ ਸੂਰਜ ਢੁਕ ਢੁਕ ਨੇੜੇ।

(ਮੋਹਨ ਸਿੰਘ)

ਇਨ੍ਹਾਂ ਸਤਰਾਂ ਵਿੱਚ ਸ਼ਿੰਗਾਰ ਰਸ ਪੈਦਾ ਹੋ ਰਿਹਾ ਹੈ,ਪਰ ਦੂਜੀ ਸਤਰ ਵਿੱਚ ‘ਢ’ ਵਰਣ ਜੋ ਕਿ ਆਮ ਕਰਕੇ ਵੀਰ ਰਸ ਉਤਪੰਨ ਕਰਨ ਲਈ ਵਰਤਿਆ ਜਾਣ ਵਾਲਾ ਵਰਣ ਹੈ ਦੀ ਵਰਤੋ ਕੀਤੀ ਗਈ ਹੈ, ਜਿਸ ਕਾਰਨ ਇਥੇ ਪ੍ਰਤਿਕੂਲਵਰਣਤਾ ਦੋਸ਼ ਮੌਜੂਦ ਹੈ।

1.3.2 ਉਪਹਤਵਿਸਰਗ ਦੋਸ਼- ਜਿਸ ਵਾਕ ਵਿੱਚ ਵਿਸਰਗ ਦਾ ਅੰਸ਼ ਮਾਤ੍ਰ ਹੋਵੇ ਉਥੇ ਉਪਹਤਵਿਸਰਗ ਦੋਸ਼ ਹੁੰਦਾ ਹੈ। ਵਿਸਰਗ ਦੀ ਵਰਤੋਂ ਸੰਸਕ੍ਰਿਤ ਦੀ ਵਾਕ ਬਣਤਰ ਵਿੱਚ ਆਮ ਹੁੰਦੀ ਹੈ। ਸੰਸਕ੍ਰਿਤ ਵਿੱਚ ਸ਼ਾਇਦ ਹੀ ਕੋਈ ਅਜਿਹਾ ਵਾਕ ਹੋਵੇ ਜਿਥੇ ਵਿਸਰਗ ਦੀ ਵਰਤੋਂ ਨਾ ਹੋਵੇ।

1.3.3 ਲੁਪਤਵਿਸਰਗ ਦੋਸ਼- ਜਦੋਂ ਵਾਕ ਵਿੱਚ ਵਿਸਰਗ ਲੁਪਤ ਹੋ ਜਾਵੇ ਤਾਂ ਲੁਪਤਵਿਸਰਗ ਦੋਸ਼ ਹੁੰਦਾ ਹੈ।

ਉਦਾਹਰਣ-

ਨਿਥਰੀ ਨਹੀਂ ਤਾਂ ਆਉਣ ਦੇ ਸਣਗੁੱਦੜੀ ਸ਼ਰਾਬ,

(ਮੋਹਨ ਸਿੰਘ)

ਇਨ੍ਹਾਂ ਸਤਰਾਂ ਨੂੰ ਪੜ੍ਹਨ ਸਮੇਂ ਆਉਣ ਸ਼ਬਦ ਦਾ ਆਣ ਹੀ ਰਹਿ ਜਾਂਦਾ ਹੈ, ਜਿਸ ਕਾਰਨ ਇੱਥੇ ਲੁਪਤ ਵਿਚਰਗ ਦੋਸ਼ ਹੈ। 1.3.4 ਵਿਸੰਧੀ ਦੋਸ਼- ਸੰਧੀ ਦੇ ਭੱਦੇਪਣ ਨੂੰ ਵਿਸੰਧੀ ਦੋਸ਼ ਕਹਿੰਦੇ ਹਨ ਭਾਵ ਕਿ ਜਿਥੇ ਸੰਧੀ ਹੋਣੀ ਚਾਹੀਦੀ ਹੈ ਉੱਥੇ ਸੰਧੀ ਦਾ ਨਾ ਹੋਣਾ ਵਿਸੰਧੀ ਦੋਸ਼ ਹੈ। ਇਹ ਤਿੰਨ ਤਰ੍ਹਾਂ ਦਾ ਹੁੰਦਾ ਹੈ-

(i)ਵਿਸ਼ਲੇਸ਼- ਸੰਧੀ ਕਰਨ ਦੀ ਥਾਂ ਸੰਧੀ ਨਾ ਕਰਨਾ।

(ii) ਅਸ਼ਲੀਲੱਭਵ- ਸੰਧੀ ਦਾ ਅਸ਼ਲੀਲ ਪ੍ਰਤੀਤ ਹੋਣਾ।

(iii) ਕਸ਼ਟਤਾ- ਸੰਧੀ ਕਾਰਨ ਸੁਣਨ ਵਿੱਚ ਕੜਵਾਪਨ ਮਹਿਸੂਸ ਹੋਣਾ।

1.3.5 ਹਤਵ੍ਰਿੱਤ ਦੋਸ਼- ਜਦੋਂ ਛੰਦ ਸ਼ਾਸਤਰ ਦੇ ਅਨੁਸਾਰ ਕਾਵਿ ਰਚਨਾ ਨਾ ਕੀਤੀ ਜਾਵੇ ਤਾਂ ਹਤਵ੍ਰਿੱਤ ਦੋਸ਼ ਹੁੰਦਾ ਹੈ। ਉਦਾਹਰਣ-

ਹੋਰ ਇਸ ਅਗਨੀ ਨੂੰ ਭੜਕਾਵਾਂਗਾ ਮੈਂ

ਜੁਗ ਪਲਟ ਕੇ ਫ਼ਿਰ ਕਦੀ ਆਵਾਂਗਾਂ।

(ਮੋਹਨ ਸਿੰਘ)

ਇਥੇ ਦੂਜੀ ਸਤਰ ਵਿੱਚ ‘ਆਂਵਾਗਾ’ ਸ਼ਬਦ ਹੀ ਆਇਆ ਹੈ ਪਰ ਪਹਿਲੇ ਸਤਰ ਦੇ ਆਖਰੀ ਵਰਣ ਨਾਲ ਮੇਲ ਦੀ ਸੰਭਾਵਨਾ ਵੀ ਪ੍ਰਤੀਤ ਹੋ ਰਹੀ ਹੈ, ਇਸ ਤਰ੍ਹਾਂ ਇਥੇ ਹਤਵ੍ਰਿੱਤ ਦੋਸ਼ ਹੈ। ਹਤਵ੍ਰਿੱਤ ਦੋਸ਼ ਤਿੰਨ ਪ੍ਰਕਾਰ ਦਾ ਹੁੰਦਾ ਹੈ-

(i) ਛੰਦ ਸ਼ਾਸਤਰ ‘ਦੇ ਅਨੁਸਾਰ ਛੰਦ ਦੇ ਠੀਕ ਹੋਣ ‘ਤੇ ਵੀ ਬੁਰਾ ਲੱਗਣਾ।

(ii) ਛੰਦ ਦਾ ਰਸ ਦੇ ਅਨੁਕੂਲ ਨਾ ਹੋਣਾ।

(iii) ਪਦ ਦੇ ਅੰਤ ਵਿੱਚ ਲਘੂ-ਗੁਰੂ ਵਰਣ ਦਾ ਨਾ ਹੋਣਾ।

1.3.6 ਨਿਊਨਪਦ ਦੋਸ਼- ਜਦੋਂ ਵਾਕ ਵਿੱਚ ਇੱਛਿਤ ਅਰਥ ਦੇ ਵਾਚਕ ਕਿਸੇ ਸ਼ਬਦ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਉਹ ਨਿਊਨਪਦ ਦੋਸ਼ ਹੁੰਦਾ ਹੈ। ਭਾਵ ਕਵੀ ਜੋ ਗੱਲ ਕਹਿਣੀ ਚਾਹੁੰਦਾ ਹੈ ਉਸ ਅਨੁਸਾਰ ਸ਼ਬਦ ਨਾ ਵਰਤੇ ਜਾਣ ਤਾਂ ਉਹ ਨਿਊਨਪਦ ਦੋਸ਼ ਹੈ।

1.3.7 ਅਧਿਕਪਦ ਦੋਸ਼- ਜਦੋਂ ਵਾਕ ਵਿੱਚ ਅਜਿਹੇ ਸ਼ਬਦਾਂ ਦੀ ਵਰਤੋਂ ਕੀਤੀ ਜਾਵੇ ਜਿਸਦਾ ਕੋਈ ਅਰਥ ਨਾ ਨਿਕਲੇ ਤਾਂ ਉਥੇ ਅਧਿਕਪਦ ਦੋਸ਼ ਹੁੰਦਾ ਹੈ।

1.3.8 ਕਥਿਤ ਦੋਸ਼- ਜਦੋਂ ਵਾਕ ਵਿੱਚ ਬਿਨ੍ਹਾਂ ਕਿਸੇ ਮੰਤਵ ਤੋਂ ਪਹਿਲਾਂ ਕਹੇ ਹੋਏ ਪਦ ਦੀ ਦੁਬਾਰਾ ਵਰਤੋਂ ਹੁੰਦੀ ਹੈ ਜਾਂ ਇੱਕ ਹੀ ਅਰਥ ਲਈ ਅਨੇਕ ਬੇਲੋੜੇ ਸ਼ਬਦਾਂ ਦੀ ਵਰਤੋਂ ਹੁੰਦੀ ਹੈ ਤਾਂ ਉੱਥੇ ਕਥਿਤ ਦੋਸ਼ ਹੁੰਦਾ ਹੈ।

ਉਦਾਹਰਣ

ਚਾਹੁਣ ਜਿਵੇਂ ਮੁਸਕਰਾਵਣ ਕਲੀਆਂ,

ਚਾਹੁਣ ਜਿਥੇ ਮੁੜ ਜਾਵਣ ਨਦੀਆਂ,

ਚਾਹੁਣ ਜਿਥੇ ਉਗ ਆਵਣ ਚੀਲਾਂ,

ਚਾਹੁਣ ਜਿੱਧਰ ਚੜ੍ਹ ਜਾਵਣ ਵੇਲਾਂ,[2]

ਇਸ ਆਜ਼ਾਦ ਫਿਜ਼ਾ ਦੇ ਅੰਦਰ।

(ਮੋਹਨ ਸਿੰਘ)

ਇਨ੍ਹਾਂ ਸਤਰਾਂ ਵਿੱਚ ਹਰ ਵਾਕ ਦੇ ਸ਼ੁਰੂ ਵਿੱਚ ‘ਚਾਹੁਣ ਜਿਵੇਂ’, ‘ਚਾਹੁਣ ਜਿੱਥੇ’, ‘ਚਾਹੁਣ ਜਿੱਧਰ’ ਸ਼ਬਦਾਂ ਦੀ ਵਰਤੋਂ ਅਨਾਵਸ਼ਕ ਪ੍ਰਤੀਤ ਹੋ ਰਹੀ ਹੈ, ਜਿਸ ਕਾਰਨ ਇਥੇ ਕਥਿਤ ਦੋਸ਼ ਹੈ।

1.3.9 ਪਤਤਪ੍ਰਕਰਸ਼ ਦੋਸ਼- ਕਿਸੇ ਵਾਕ ਵਿੱਚ ਆਦਿ ਤੋਂ ਲੇ ਕੇ ਅੰਤ ਤੱਕ ਚਮਤਕਾਰ ਦਾ ਨਿਰਵਾਹ ਨਾ ਹੋ ਸਕਣਾ, ਚਮਤਕਾਰ ਦਾ ਲਗਾਤਾਰ ਘੱਟ ਹੁੰਦੇ ਜਾਣਾ ਪਤਤਪ੍ਰਦਰਸ਼ ਦੋਸ਼ ਹੈ।

1.3.10 ਸਮਾਪਤਪੁਨਰਾੱਤ ਦੋਸ਼- ਜਦੋਂ ਕਿਸੇ ਵਾਕ ਦੇ ਸਮਾਪਤ ਹੋ ਜਾਣ ਤੋਂ ਬਾਅਦ ਫਿਰ ਕਿਸੇ ਸ਼ਬਦ ਨੂੰ ਵਰਤਿਆ ਜਾਵੇ ਜਾਂ ਵਾਕ ਨੂੰ ਹੋਰ ਅੱਗੇ ਵਧਾਇਆ ਜਾਵੇ ਤਾਂ ਸਮਾਪਤਪੁਨਰਾੱਤ ਦੋਸ਼ ਹੁੰਦਾ ਹੈ।

1.3.11 ਅਰਥਾਂਤਰੈਕਵਾਚਕ ਦੋਸ਼- ਵਾਕ ਦੇ ਇੱਕ ਹਿੱਸੇ ਦਾ ਸ਼ਬਦ ਜਦੋਂ ਵਾਕ ਦੇ ਦੂਜੇ ਹਿੱਸੇ ਵਿੱਚ ਚਲਾ ਜਾਵੇ ਤਾਂ ਅਰਥਾਂਤਰੈਕਵਾਚਕ ਦੋਸ਼ ਹੁੰਦਾ ਹੈ।

ਉਦਾਹਰਣ-

ਫਰਿਸ਼ਤੇ ਦਰਜਿਆਂ ਵਿੱਚ ਵੰਡ ਦਾ ਨਾਂ,

ਜੇ ਰੱਬ, ਚਲਦੀ ਨਾ ਫਿਰ ਸ਼ੈਤਾਨ ਦੀ ਗੱਲ।

(ਮੋਹਨ ਸਿੰਘ)

1.3.12 ਅਭਵਨਮਤਯੋਗ ਦੋਸ਼- ਜਦੋਂ ਵਾਕ ਵਿੱਚ ਵਰਣਿਤ ਪਦਾਂ ਵਿੱਚ ਇਛਿੱਤ ਸੰਬੰਧ ਮੌਜੂਦ ਨਾ ਹੋਵੇ ਭਾਵ ਵਾਕ ਦੇ ਅਲੱਗ-ਅਲੱਗ ਪਦਾਂ ਵਿਚਕਾਰ ਚਾਹਿਆ ਗਿਆ ਸੰਬੰਧ ਸਪਸ਼ਟ ਨਾ ਹੋਵੇ ਤਾਂ ਉਥੇ ਅਭਵਨਮਤਯੋਗ ਦੋਸ਼ ਹੁੰਦਾ ਹੈ।

1.3.13 ਅਨਭਿਹਿਤ ਵਾਚਯ ਦੋਸ਼- ਜਦੋਂ ਵਾਕ ਵਿੱਚ ਆਵਸ਼ਕ ਰੂਪ ਵਿੱਚ ਕਹੇ ਜਾਣਯੋਗ ਸ਼ਬਦਾਂ ਦੀ ਵਰਤੋਂ ਕਰਨੀ ਰਹਿ ਜਾਵੇ ਉੱਥੇ ਅਨਭਿਹਿਤ ਵਾਚਯ ਦੋਸ਼ ਹੁੰਦਾ ਹੈ।

1.3.14 ਅਪਦਸਥਪਦ ਦੋਸ਼- ਪਦਸਥ ਕਰਨ ਦਾ ਭਾਵ ਹੈ ਉਚਿੱਤ ਥਾਂ ‘ਤੇ ਚੀਜ਼ ਟਿਕਾਉਣਾ। ਜਦੋਂ ਕਿਸੇ ਵਾਕ ਵਿੱਚ ਅਯੋਗ ਥਾਂ ਤੇ ਕਿਸੇ ਸ਼ਬਦ ਦੀ ਵਰਤੋ ਕੀਤੀ ਜਾਵੇ ਤਾਂ ਅਪਦਸਥਪਦ ਦੋਸ਼ ਹੈ।

1.3.15 ਅਪਦਸਖ ਸਮਾਸ ਦੋਸ਼- ਜਦੋਂ ਵਾਕ ਵਿੱਚ ਸਮਾਸ ਦਾ ਪ੍ਰਯੋਗ ਉਚਿੱਤ ਥਾਂ ਨਾ ਕਰਕੇ ਦੂਜੀ ਥਾਂ ‘ਤੇ ਕੀਤਾ ਜਾਵੇ ਤਾਂ ਅਪਦਸਖ ਸਮਾਸ ਦੋਸ਼ ਹੁੰਦਾ ਹੈ।

1.3.16 ਸੰਕੀਰਣ ਦੋਸ਼- ਜਿੱਥੇ ਇੱਕ ਵਾਕ ਦੇ ਪਦ ਦੂਜੇ ਵਾਕ ਵਿੱਚ ਦਾਖ਼ਲ ਹੋ ਜਾਂਦੇ ਹਨ ਉਥੇ ਸੰਕੀਰਣ ਦੋਸ਼ ਹੁੰਦਾ ਹੈ।

1.3.17 ਗਰਭਿਤ ਦੋਸ਼- ਜਿੱਥੇ ਇੱਕ ਵਾਕ ਦੂਜੇ ਵਾਕ ਵਿੱਚ ਦਾਖਲ ਹੋ ਜਾਂਦਾ ਹੈ, ਉੱਥੇ ਗਰਭਿਤ ਦੋਸ਼ ਹੁੰਦਾ ਹੈ।

ਉਦਾਹਰਣ-

ਮੈਂ ਤੁਹਾਨੂੰ ਉਹ ਭੇਤ ਦੀ ਗੱਲ ਦੱਸਦਾ ਹਾਂ ਕਿ ਦੂਜਿਆਂ ਦਾ ਬੁਰਾ ਕਰਨ ਵਿੱਚ ਲੱਗੇ ਦੁਸ਼ਟਾਂ ਦੀ ਕਦੇ ਵੀ ਸੰਗਤ ਨਹੀਂ ਕਰਨੀ ਚਾਹੀਦੀ।

ਇਨ੍ਹਾਂ ਸਤਰਾਂ ਵਿੱਚ ‘ਮੈ ਤੁਹਾਨੂੰ ਇਹ ਭੇਦ ਦੀ ਗੱਲ ਦਸਦਾ ਹਾਂ’ ਪਹਿਲਾ ਵਾਕ ਹੈ, ‘ਦੂਜਿਆ ਦਾ ਬੂਰਾ ਕਰਨ ਵਿੱਚ ਲੱਗੇ’ ਅਤੇ ‘ਸੰਗਤ ਨਹੀਂ ਕਰਨੀ ਚਾਹੀਦੀ’ ਤੀਜਾ ਵਾਕ ਹੈ। ਇਸ ਨੂੰ ਧਿਆਨ ਪੂਰਵਕ ਵੇਖਣ ਤੋਂ ਪਤਾ ਲਗਦਾ ਹੈ ਕਿ ਤੀਜਾ ਵਾਕ ਦੂਜੇ ਵਾਕ ਵਿੱਚ ਚਲਾ ਗਿਆ ਹੈ ਜਿਸ ਕਾਰਨ ਇਥੇ ਗਰਭਿਤ ਦੋਸ਼ ਹੈ।

1.3.18 ਪ੍ਰਸਿੱਧੀਹਤ ਦੋਸ਼- ਜਦੋਂ ਕਾਵਿ ਦੇ ਪ੍ਰਸਿੱਧ ਕਥਨਾਂ ਦੇ ਵਿਰੁੱਧ ਕਿਸੇ ਸ਼ਬਦ/ਪਦ ਦੀ ਵਰਤੋਂ ਕੀਤੀ ਜਾਵੇ ਤਾਂ ਪ੍ਰਸਿੱਧੀਹਤ ਦੋਸ਼ ਹੁੰਦਾ ਹੈ।

ਉਦਾਹਰਣ-

ਜਿਵੇਂ ਝਾਂਜਰ ਦੀ ਅਵਾਜ਼ ਲਈ ‘ਛਣਕਣਾ’ ਸ਼ਬਦ, ਪੰਛੀਆਂ ਦੀ ਅਵਾਜ਼ ਲਈ ਚੂੰ-ਚੂੰ ਅਤੇ ਬੱਦਲਾਂ ਦੀ ਅਵਾਜ਼ ਲਈ ਗੱਜਣਾ ਮਸ਼ਹੂਰ ਹੈ, ਪਰ ਜਦੋਂ ਕੋਈ ਲੇਖਕ ਇਨ੍ਹਾਂ ਸ਼ਬਦਾਂ ਦੀ ਥਾਂ ਹੋਰ ਸ਼ਬਦ ਵਰਤ ਲਵੇ ਤਾਂ ਉੱਥੇ ਪ੍ਰਸਿੱਧੀਹਤ ਦੋਸ਼ ਪੈਦਾ ਹੋ ਜਾਵੇਗਾ।

1.3.19 ਭਗ੍ਰਨਕ੍ਰਮ ਦੋਸ਼- ਜਿੱਥੇ ਜਿਸ ਢੰਗ ਨਾਲ ਗੱਲ ਸ਼ੁਰੂ ਕੀਤੀ ਗਈ ਹੋਵੇ, ਉਸ ਕ੍ਰਮ ਨੂੰ ਅੰਤ ਤੱਕ ਕਾਇਮ ਨਾ ਰਖਿਆ ਜਾਵੇ ਤਾਂ ਭਗ੍ਰਨਕ੍ਰਮ ਦੋਸ਼ ਹੁੰਦਾ ਹੈ।

1.3.20 ਅਕ੍ਰਮ ਦੋਸ਼- ਪਦਾਂ ਦੇ ਕ੍ਰਮ ਦਾ ਵਿਦਮਾਨ ਨਾ ਹੋਣਾ ਅਰਥਾਤ ਵਾਕ ਵਿੱਚ ਪਦਾਂ ਨੂੰ ਜਿਸ ਕ੍ਰਮ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਉਸ ਕ੍ਰਮ ਵਿੱਚ ਨਾ ਰੱਖਣਾ ਅਕ੍ਰਮ ਦੋਸ਼ ਹੈ।

1.3.21 ਅਮਤਪਰਾਰਥ ਦੋਸ਼- ਜਦੋਂ ਕਿਸੇ ਵਾਕ ਵਿੱਚ ਮੁੱਖ ਰਸ ਦੇ ਵਿਰੋਧੀ ਰਸ ਦੇ ਅਰਥ ਨੂੰ ਪ੍ਰਗਟਾਇਆ ਜਾਵੇ ਤਾਂ ਉਥੇ ਅਮਤਪਰਾਰਥ ਦੋਸ਼੯ ਹੁੰਦਾ ਹੈ। 

2. ਅਰਥ ਦੋਸ਼ ਸੋਧੋ

ਅਰਥ ਦੋਸ਼ ਅਨਿੱਤ ਦੋਸ਼ ਹਨ। ਕਾਵਿ ਵਿੱਚ ਜਿਹੜੇ ਦੋਸ਼ਾਂ ਦਾ ਸੰਬੰਧ ਅਰਥ ਨਾਲ ਹੋਵੇ ਉਹ ਅਰਥ ਦੋਸ਼ ਹੁੰਦਾ ਹੈ। ਅਰਥ ਦੋਸ਼ ਵਾਲੀ ਰਚਨਾ ਵਿੱਚ ਸਮਾਨਰਥਕ ਸ਼ਬਦਾਂ ਦੀ ਵਰਤੋਂ ਦੇ ਬਾਵਜੂਦ ਦੋਸ਼ ਕਾਇਮ ਰਹਿੰਦਾ ਹੈ। ਆਚਾਰੀਆ ਮੰਮਟ ਨੇ ਅਰਥ ਦੋਸ਼ਾਂ ਦੀ ਗਿਣਤੀ ਤੇਈ (23) ਕੀਤੀ ਹੈ।

2.1 ਅਪੁਸ਼ਟ ਦੋਸ਼- ਜਦੋਂ ਵਾਕ ਵਿੱਚ ਅਜਿਹੇ ਪਦ ਦੀ ਵਰਤੋਂ ਕੀਤੀ ਜਾਵੇ ਜਿਸਦੇ ਨਾ ਹੋਣ ‘ਤੇ ਵੀ ਅਰਥ ਵਿੱਚ ਕੋਈ ਘਾਟ ਮਹਿਸੂਸ ਨਾ ਹੋਵੇ ਤਾਂ ਉਥੇ ਅਪੁਸ਼ਟ ਦੋਸ਼ ਹੁੰਦਾ ਹੈ।

2.2 ਕਸ਼ਟ ਦੋਸ਼- ਜਦੋਂ ਕੀ ਅਰਥ ਬੜੀ ਔਖ ਨਾਸ ਸਮਝ ਆਏ ਤਾਂ ‘ਕਸ਼ਟ’ ਅਰਥ ਦੋਸ਼ ਹੁੰਦਾ ਹੈ।

ਉਦਾਹਰਣ-

ਜਨਮ ਤੋਂ ਪਹਿਲਾਂ ਮੇਰੇ ਇੱਕ ਜੋਤਸ਼ੀ ਕਹਿੰਦਾ ਰਿਹਾ,

ਇਸ ਦੇ ਹੱਥੋਂ ਹੈ ‘ਮਹਾਂਰਾਣੀ’ ਦੀ ਮੌਤ।

(ਬਾਵਾ ਬਲਵੰਤ)

ਇਥੇ ਕਵੀ ਨੇ ਸਿਧੇ ਤੌਰ ‘ਤੇ ਮਾਰਕਸ ਦਾ ਨਾਮ ਨਾ ਲੈ ਕੇ ਸਮਾਜਵਾਦ ਦੇ ਹੱਥੋਂ ਪੂੰਜੀਪਤੀ ਦੀ ਮੌਤ ਦੀ ਗੱਲ ਕਹੀ ਹੈ ਪਰ ਇਸ ਅਰਥ ਤੱਕ ਪਹੁੰਚਣ ਲਈ ਪਾਠਕ ਨੂੰ ਔਖਿਆਈ ਦਾ ਸਾਹਮਣਾ ਕਰਨਾ ਪੈਂਦਾ ਹੈ।

2.3 ਵਿਆਹਤ ਦੋਸ਼- ਪਹਿਲਾਂ ਕਿਸੇ ਪਦਾਰਥ ਜਾਂ ਵਸਤੂ ਦਾ ਉਤਕਰਸ਼ ਜਾਂ ਅਪਕਰਸ਼ ਦਿਖਾ ਕੇ ਦੁਬਾਰਾ ਉਸਦਾ ਅਪਕਰਸ਼ ਜਾਂ ਉਤਕਰਸ਼ ਦਿਖਾਉਣਾ ਵਿਆਹਤ ਅਰਥ ਦੋਸ਼ ਹੁੰਦਾ ਹੈ।

ਉਦਾਹਰਣ-

ਭਾਵੇਂ ਮੇਰੇ ਅੰਦਰ ਸੂਰਜ ਚੰਦ ਸੀ,

ਫਿਰ ਵੀ ਬੜਾ ਹਨੇਰਾ ਜੀਵਨ ਪੰਧ ਸੀ।

(ਮੋਹਨ ਸਿੰਘ)

ਪਹਿਲੀ ਸਤਰ ਵਿੱਚ ਕਵੀ ਦੁਆਰਾ ਆਪਣੇ ਆਪ ਨੂੰ ਗਿਆਨਵਾਨ ਹੋਣ ਦੀ ਗੱਲ ਕਹੀ ਗਈ ਹੈ ਪਰ ਦੂਜੀ ਸਤਰ ਵਿੱਚ ਹੀ ਕਵੀ ਆਪਣੇ ਜੀਵਨ ਦੀ ਹਨ੍ਹੇਰਗਰਦੀ ਨੂੰ ਬਿਆਨ ਕਰ ਰਿਹਾ ਹੈ, ਜਿਸ ਕਾਰਨ ਇਥੇ ਵਿਆਹਤ ਦੋਸ਼ ਪੈਦਾ ਹੋ ਗਿਆ ਹੈ।

2.4 ਪੁਨਰੁਕਤ ਦੋਸ਼- ਕਾਵਿ ਵਿੱਚ ਇੱਕ ਵਾਰ ਕਹੇ ਹੋਏ ਅਰਥ ਨੂੰ ਦੂਜੇ ਤਰੀਕੇ ਨਾਲ ਦੁਬਾਰਾ ਕਹਿਣਾ ਪੁਨਰੁਕਤ ਅਰਥ ਦੋਸ਼ ਹੁੰਦਾ ਹੈ।

ਉਦਾਹਰਣ-

ਰਾਮ ਨੇ ਬਾਲੀ ਨੂੰ ਮਾਰਿਆ।

ਰਾਮ ਨੇ ਰਾਖਸ਼ਸ ਨੂੰ ਮਾਰਿਆ।

ਓਪਰੋਕਤ ਵਾਕਾਂ ਵਿੱਚ ਇੱਕ ਹੀ ਅਰਥ ਨੂੰ ਵਖਰੇ ਤਰੀਕੇ ਨਾਲ ਦਰਸਾਇਆ ਗਿਆ ਹੈ। ਇਥੇ ਪੁਨਰੁਕਤ ਦੋਸ਼ ਹੈ।

2.5 ਦੁਸ਼ਕ੍ਰਮ ਦੋਸ਼- ਜਦੋਂ ਕਾਵਿ ਵਿੱਚ ਪਦਾਰਥਾਂ ਜਾਂ ਵਸਤਾਂ ਦਾ ਵਰਣਨ-ਕ੍ਰਮ ਲੋਕ ਅਤੇ ਸ਼ਾਸਤਰਾਂ ਵਿੱਚ ਕਹੇ ਗਏ ਵਰਣਨ ਦੇ ਵਿਰੁੱਧ  ਹੁੰਦਾ ਹੈ ਤਾਂ ਉੱਥੇ ਦੁਸ਼ਕ੍ਰਮ ਦੋਸ਼ ਹੁੰਦਾ ਹੈ।

ਉਦਾਹਰਣ-

ਹੇ ਰਾਜਨ! ਮੈਨੂੰ ਘੋੜਾ ਜਾਂ ਮਸਤੀ ਵਿੱਚ ਚੱਲਣ ਵਾਲਾ ਹਾਥੀ ਦਾਨ ਵਿੱਚ ਦਿਓ।

ਇਸ ਉਦਾਹਰਣ ਵਿੱਚ ਜਿਹੜਾ ਘੋੜਾ ਜਾਂ ਹਾਥੀ ਕਿਹਾ ਗਿਆ ਹੈ, ਉਹ ਕ੍ਰਮ ਠੀਕ ਨਹੀਂ ਹੈ। ਆਮ ਕਰਕੇ ਲੋਕ ‘ਹਾਥੀ ਘੋੜਾ’ ਬੋਲਦੇ ਹਨ। ਇਸ ਕਰਕੇ ਇੱਥੇ ਦੁਸ਼ਕ੍ਰਮ ਅਰਥ ਦੋਸ਼ ਹੈ।

2.6 ਗ੍ਰਾਮਯ ਦੋਸ਼- ਜਦੋਂ ਰਚਨਾ ਵਿੱਚ ਪੇਂਡੂ ਜਾ ਗੰਵਾਰੂ ਅਰਥ ਪ੍ਰਗਟ ਹੋਵੇ ਉੱਥੇ ਗ੍ਰਾਮਯ ਅਰਥ ਦੋਸ਼ ਹੁੰਦਾ ਹੈ। ਇਸ ਨਾਲ ਸੁਹਿਰਦ ਮਨੁੱਖਾਂ ਦੇ ਦਿਲ ਵਿੱਚ ਅਰੁੱਚੀ ਪੈਦਾ ਹੋ ਜਾਂਦੀ ਹੈ।

ਉਦਾਹਰਣ-

ਭਠ ਰੰਨਾਂ ਦੀ ਦੋਸਤੀ, ਖ਼ੁਰੀ ਜਿਹਨਾਂ ਦੀ ਮਤ।

ਹੱਸ ਹੱਸ ਲਾਉਂਦੀਆਂ ਯਾਰੀਆਂ, ਰੋ ਕੇ ਦੇਵਣ ਦੱਸ।

(ਪੀਲੂ)

ਪੀਲੂ ਇਨ੍ਹਾਂ ਸਤਰਾਂ ਵਿੱਚ ਔਰਤ ਨੂੰ ਭੰਡਦਾ ਹੈ ਅਤੇ ਉਹਨਾਂ ਨੂੰ ਨੀਵਾਂ ਵਿਖਾਉਂਦਾ ਹੈ, ਇਸ ਕਰਕੇ ਇਥੇ ਗ੍ਰਾਮਯ ਅਰਥ ਦੋਸ਼ ਹੈ।

2.7 ਸੰਦਿੱਗਧ ਦੋਸ਼- ਜਦੋਂ ਕਾਵਿ ਵਿੱਚ ਪ੍ਰਸੰਗ ਆਦਿ ਦੇ ਨਾ ਹੋਣ ‘ਤੇ ਜਾਂ ਦੋ ਤੋਂ ਵੱਧ ਅਰਥਾਂ ਦੀ ਪ੍ਰਤੀਤੀ ਹੋਣ ‘ਤੇ ਇਹ ਸੰਦੇਹ ਬਣਿਆ ਰਹੇ ਕਿ ਕਿਹੜਾ ਅਰਥ ਨਿਸ਼ਚਿਤ ਹੈ, ਉੱਥੇ ਸੰਦਿਗੱਧ ਦੋਸ਼ ਹੁੰਦਾ ਹੈ।

2.8 ਨਿਰਹੇਤੂ ਦੋਸ਼-ਜਦੋਂ ਕਾਵਿ ਵਿੱਚ ਇਹੋ ਜਿਹੇ ਅਰਥ ਨੂੰ ਪ੍ਰਸਤੂਤ ਕੀਤਾ ਗਿਆ ਹੋਵੇ ਜਿਸਦਾ ਕੋਈ ਕਾਰਨ ਨਾ ਹੋਵੇ ਭਾਵ ਜਿਥੇ ਬਿਨ੍ਹਾਂ ਕੋਈ ਕਾਰਨ ਦੱਸੇ ਗੱਲ ਕਹੀ ਜਾਵੇ ਉੱਥੇ ਨਿਰਹੇਤੂ ਅਰਥ ਦੋਸ਼ ਹੁੰਦਾ ਹੈ।

2.9 ਪ੍ਰਸਿੱਧੀਵਿਰੁੱਧ ਦੋਸ਼- ਜਦੋਂ ਕਵੀ ਜਿਹੜੀ ਗੱਲ ਲੋਕਾਂ ਜਾਂ ਕਵੀਆਂ ਵਿੱਚ ਪ੍ਰਸਿੱਧ ਹੋਵੇ, ਦੇ ਉਲਟ ਕਥਨ ਕਰ ਦੇਵੇ, ਉਥੇ ‘ਪ੍ਰਸਿੱਧੀਵਿਰੁੱਧ’ ਦੋਸ਼ ਹੁੰਦਾ ਹੈ। ਇਹ ਦੋ ਤਰ੍ਹਾਂ ਦਾ ਹੁੰਦਾ ਹੈ- ਲੋਕ ਪ੍ਰਸਿੱਧੀ ਦੇ ਉੱਲਟ ਅਤੇ ਕਵੀਆਂ ਵਿੱਚ ਪ੍ਰਸਿੱਧੀ ਦੇ ਉਲਟ।

2.10 ਵਿਦਿਯਾ ਵਿਰੁੱਧ ਦੋਸ਼- ਜਦੋਂ ਕਾਵਿ ਵਿੱਚ ਸ਼ਾਸਤਰ ਵਿਰੁੱਧ ਗੱਲ ਦਾ ਵਰਨਣ ਕੀਤਾ ਜਾਵੇ ਤਾਂ ਉਥੇ ਵਿਦਿਆ ਵਿਰੁੱਧ ਦੋਸ਼ ਹੁੰਦਾ ਹੈ। 

ਉਦਾਹਰਨ-

ਇਹ ਪੰਡਤ ਹਮੇਸ਼ਾ ਰਾਤ ਨੂੰ ਇਸ਼ਨਾਨ ਕਰਕੇ ਸਾਰਾ ਦਿਨ ਕਈ ਤਰ੍ਹਾਂ ਦੇ ਸ਼ਾਸਤਰ ਦੀ ਵਿਆਖਿਆ ਕਰਦਾ ਰਹਿੰਦਾ ਹੈ।

ਇਥੇ ਰਾਤ ਨੂੰ ਇਸ਼ਨਾਨ ਕਰਨਾ ਧਰਮ ਸ਼ਾਸਤਰ ਦੇ ਵਿਰੁੱਧ ਹੈ, ਜਿਸ ਕਾਰਨ ਇਥੇ ਵਿਦਿਆ ਵਿਰੁੱਧ ਦੋਸ਼ ਪੈਦਾ ਹੋ ਗਿਆ ਹੈ।

2.11ਅਨਵੀਕ੍ਰਿਤ ਦੋਸ਼- ਜਦੋਂ ਕਾਵਿ ਵਿੱਚ ਅਨੇਕ ਅਰਥਾਂ ਦਾ ਇੱਕ ਹੀ ਢੰਗ ਨਾਲ ਕਥਨ ਕੀਤਾ ਜਾਵੇ ਅਤੇ ਉਹਨਾਂ ਵਿੱਚ ਕੋਈ ਵਿਲਖਣਤਾ ਨਾ ਹੋਵੇ ਤਾਂ ਉਥੇ ਅਨਵੀਕ੍ਰਿਤ ਦੋਸ਼ ਹੁੰਦਾ ਹੈ। ਇਸ ਨਾਲ ਕਵੀ ਦੀ ਅਸਮਰਥਾ ਪ੍ਰਗਟ ਹੁੰਦੀ ਹੈ। 

ਉਦਾਹਰਨ-

ਸਾਰੀਆਂ ਕਾਮਨਾਵਾਂ ਨੂੰ ਪੂਰਾ ਕਰਨ ਵਾਲੀਆਂ ਜੇ ਸੰਪਤੀਆਂ ਪ੍ਰਾਪਤ ਕਰ ਲਈਆ ਜਾਣ ਤਾਂ ਉਹਨਾਂ ਨਾਲ ਕੀ ਹੁੰਦਾ ਹੈ? ਦੁਸ਼ਮਣ ਦੇ ਸਿਰਾਂ ਨੂੰ ਆਪਣੇ ਪੈਰਾਂ ਹੇਠ ਲਤਾੜ ਦਿਤਾ ਜਾਵੇ ਤਾਂ ਵੀ ਕੀ ਹੈ? ਧਨ ਸੰਪਤੀ ਆਦਿ ਨਾਲ ਜੇ ਆਪਣੇ ਮਿੱਤਰਾਂ ਨੂੰ ਖੁਸ਼ ਕਰ ਦਿਤਾ ਜਾਵੇ ਤਾਂ ਵੀ ਕੀ ਹੈ?

ਇਸ ਪਦ ਵਿੱਚ ਇੱਕ ਹੀ ਤਰ੍ਹਾਂ ਦੇ ਅਰਥ ਨੂੰ ਪ੍ਰਗਟ ਕਰਨ ਲਈ ਇੱਕ ਹੀ ਢੰਗ ਵਰਤਿਆ ਗਿਆ ਹੈ- ਤਾਂ ਵੀ ਕੀ ਹੈ? ਤਾਂ ਵੀ ਕੀ ਹੈ? ਇਸ ਲਈ ਇੱਥੇ ਅਨਵੀਕ੍ਰਿਤ ਦੋਸ਼ ਹੈ।

2.12 ਸਨਿਯਮਪਰਿਵ੍ਰਿਤ ਦੋਸ਼- ਜਦੋਂ ਕਿਸੇ ਵਸਤੂ ਨੂੰ ਨਿਯਮ ਪੂਰਵਕ ਕਹਿਣਾ ਉਚਿੱਤ ਹੋਵੇ ਪਰ ਉਸਨੂੰ ਨਿਯਮਨਾਪੂਰਵਕ ਕਿਹਾ ਜਾਵੇ, ਉਥੇ ‘ਸਨਿਯਮਪਰਿਵ੍ਰਿਤ’ ਦੋਸ਼ ਹੁੰਦਾ ਹੈ।

2.13 ਅਨਿਯਮਪਰਿਵ੍ਰਿਤ ਦੋਸ਼- ਜਦੋਂ ਕਿਸੇ ਵਸਤੂ ਨੂੰ ਨਿਯਮ ਪੂਰਵਕ ਕਹਿਣਾ ਉਚਿੱਤ ਨਾ ਹੋਵੇ ਪਰ ਉਸਨੂੰ ਨਿਯਮਨਪੂਰਵਕ ਕਿਹਾ ਜਾਵੇ, ਉਥੇ ‘ਅਨਿਯਮਪਰਿਵ੍ਰਿਤ’ ਦੋਸ਼ ਹੁੰਦਾ ਹੈ।

2.14 ਵਿਸ਼ੇਸ਼ਪਰਿਵ੍ਰਿਤ ਦੋਸ਼- ਜਦੋਂ ਕਿਸੇ ਵਸਤੂ ਨੂੰ ਵਿਸ਼ੇਸ਼ ਰੂਪ ਨਾਲ ਕਹਿਣਾ ਯੋਗ ਹੋਵੇ, ਪਰ ਉਥੇ ਸਧਾਰਨ ਰੂਪ ਵਿੱਚ ਕਹਿ ਦਿੱਤਾ ਜਾਵੇ ਤਾਂ ਉਥੇ ‘ਵਿਸ਼ੇਸ਼ਪਰਿਵ੍ਰਿਤ’ ਅਰਥ ਦੋਸ਼ ਹੁੰਦਾ ਹੈ।

2.15 ਅਵਿਸ਼ੇਸ਼ਪਰਿਵ੍ਰਿਤ ਦੋਸ਼- ਜਦੋਂ ਸਧਾਰਨ ਰੂਪ ਨਾਲ ਕਹੀ ਜਾਣ ਵਾਲੀ ਗੱਲ ਨੂੰ ਵਿਸ਼ੇਸ਼ ਰੂਪ ਨਾਲ ਕਹਿ ਦਿੱਤਾ ਜਾਵੇ, ਉਥੇ ‘ਅਵਿਸ਼ੇਸ਼ਪਰਿਵ੍ਰਿਤ’ ਦੋਸ਼ ਹੁੰਦਾ ਹੈ।

2.16 ਸਾਕਾਂਕਸ਼ ਦੋਸ਼- ਜਦੋਂ ਇਸ ਤਰ੍ਹਾਂ ਦੇ ਪਦ ਦਾ ਕਥਨ ਜਾਂ ਪ੍ਰਯੋਗ ਨਾ ਕਰਨਾ ਜਿਸਤੋਂ ਕਿਸੇ ਵਿਸ਼ੇਸ਼ ਅਰਥ ਦੀ ਅਕਾਂਕਸ਼ਾ ਬਣੀ ਰਹੇ ਤਾਂ ‘ਸਾਕਾਂਕਸ਼’ ਦੋਸ਼ ਹੁੰਦਾ ਹੈ। ਭਾਵ ਇਹ ਹੈ ਕਿ ਜਿਸ ਵਾਕ ਵਿੱਚ ਕਿਸੇ ਅਪ੍ਰਾਪਤ ਅਰਥ ਦੀ ਅਕਾਂਖਿਆ (ਇੱਛਾ) ਬਣੀ ਰਹੇ, ਉਥੇ ‘ਸਾਕਾਂਕਸ਼’ ਦੋਸ਼ ਹੁੰਦਾ ਹੈ।

2.17 ਅਪਦਯੁਕਤ ਦੋਸ਼- ਅਨੁਚਿਤ ਸਥਾਨ ਵਿੱਚ ਬੇਲੋੜੇ ਪਦਾਂ ਨੂੰ ਜੋੜ ਦਿੱਤੇ ਜਾਣ ’ਤੇ ‘ਅਪਦਯੁਕਤ’ ਦੋਸ਼ ਹੁੰਦਾ ਹੈ।

2.18 ਸਹਚਰਭਿੰਨ ਦੋਸ਼- ਕਿਸੇ ਵਿਸ਼ੇਸ਼ ਪਦਾਰਥਾਂ ਨਾਲ ਉਹਨਾਂ ਦੀ ਪ੍ਰਕਿਰਤੀ (ਸੁਭਾਅ) ਦੇ ਉਲਟ ਪਦਾਰਥਾਂ ਦਾ ਵਰਨਣ ਕਰਨਾ; ਚੰਗੇ ਪਦਾਰਥਾਂ ਦੇ ਨਾਲ ਮੰਦੇ ਪਦਾਰਥਾਂ ਦਾ ਵਰਨਣ ਕਰਨਾ ‘ਸਹਚਰਭਿੰਨ’ ਦੋਸ਼ ਹੁੰਦਾ ਹੈ।

ਉਦਾਹਰਨ-

ਸ਼ਾਸ਼ਤਰਾਂ ਦੇ ਸ਼੍ਰਵਣ ਨਾਲ ਬੁੱਧੀ, ਦੁਰਵਿਆਸਨਾਂ ਨਾਲ ਮੂਰਖਤਾ, ਪਾਣੀ ਨਾਲ ਨਦੀ, ਸਮਾਧੀ ਨਾਲ ਧੀਰਜ ਅਤੇ ਨੀਤੀ ਨਾਲ ਰਾਜਪੁਣਾ ਸ਼ੋਭਾ ਪ੍ਰਾਪਤ ਹੁੰਦਾ।

ਇਸ ਪਦ ਵਿੱਚ ਉਚੇਰੇ ਪਦਾਰਥਾਂ ਨੂੰ ਵੀ ਰੱਖਿਆ ਗਿਆ ਹੈ। ਇੱਥੇ ਸਹਿਚਾਰੀਆਂ ਦੇ ਵੱਖਰੇ ਹੋਣ ਕਰਕੇ ‘ਸਹਚਰਭਿੰਨ’ ਅਰਥ ਦੋਸ਼ ਹੈ।

2.19 ਪ੍ਰਕਾਸ਼ਿਤਵਿਰੁੱਧ ਦੋਸ਼- ਜਦੋਂ ਕਾਵਿ ਵਿੱਚ ਕਵੀ ਦੁਆਰਾ ਚਾਹੇ ਗਏ ਅਰਥ ਦੇ ਵਿਰੁੱਧ ਅਰਥ ਦੀ ਪ੍ਰਤੀਤੀ ਹੋਵੇ ਉਥੇ ‘ਪ੍ਰਕਾਸ਼ਿਤਵਿਰੁੱਧ’ ਅਰਥ ਦੋਸ਼ ਹੁੰਦਾ ਹੈ।

2.20 ਵਿਧੀਅਯੁਕਤ ਦੋਸ਼- ਜਦੋਂ ਵਿਧਯੇ (ਕਹੇ ਜਾਣ ਯੋਗ) ਅਰਥ ਨੂੰ ਠੀਕ ਢੰਗ ਨਾਲ ਪ੍ਰਸਤੁਤ ਨਾ ਕੀਤਾ ਜਾਵੇ, ਤਾਂ ਉਥੇ ‘ਵਿਧੀਅਯੁਕਤ’ ਅਰਥ ਦੋਸ਼ ਹੁੰਦਾ ਹੈ। ਵਿਧੀਅਯੁਕਤ ਅਰਥ ਦੋਸ਼ ਦੋ ਤਰ੍ਹਾਂ ਦਾ ਹੁੰਦਾ ਹੈ- ਪਹਿਲੇ ਭੇਦ ਵਿੱਚ ਅਵਿਧੇਯ ਅਰਥ ਨੂੰ ਵਿਧੇਯ ਰੂਪ ਨਾਲ ਕਿਹਾ ਹੁੰਦਾ ਹੈ ਤੇ ਦੂਜੇ ਭੇਦ ਵਿੱਚ ਵਿਧੀ ਨੂੰ ਉਲਟ ਕ੍ਰਮ ਨਾਲ ਕਿਹਾ ਜਾਂਦਾ ਹੈ।

2.21 ਅਨੁਵਾਦ-ਅਯੁਕਤ ਦੋਸ਼- ਕਾਵਿ ਵਿੱਚ ਜਿਥੇ ਕੋਈ ਅਰਥ ਅਨੁਚਿਤ ਅਨੁਵਾਦ (ਕਥਨ) ਨਾਲ ਯੁਕਤ ਹੋਵੇ, ਭਾਵ ਇਹ ਕਿ ਵਿਧੇਯ ਦੇ ਉਲਟ ਉਦੇਸ਼ (ਅਨੁਵਾਦ) ਦੇ ਕਹਿਣ ਨੂੰ ‘ਅਨੁਵਾਦ-ਅਯੁਕਤ’ ਅਰਥ ਦੋਸ਼ ਕਹਿੰਦੇ ਹਨ।

2.22 ਤਿਆਕਤਪੁਨਹ-ਸਵੀਕ੍ਰਿਤ ਦੋਸ਼- ਜਿਥੇ ਵਾਕ ਦੇ ਨਿਰ-ਅਕਾਂਕਸ਼ ਰੂਪ ਨਾਲ ਪੂਰਾ ਹੋ ਜਾਣ ’ਤੇ ਵੀ ਉਸੇ ਅਰਥ ਨੂੰ ਕਿਸੇ ਹੋਰ ਤਰੀਕੇ ਨਾਲ ਦੁਬਾਰਾ ਪ੍ਰਸਤੁਤ ਕੀਤਾ ਜਾਵੇ ਤਾਂ ‘ਤਿਆਕਤਪੁਨਹ’ ਅਰਥ ਦੋਸ਼ ਹੁੰਦਾ ਹੈ। ਜਿਥੇ ਸਮਾਪਤ ਵਾਕ ਦੇ ਅਰਥ ਵਿੱਚ ਹੋਰ ਵਿਸ਼ੇਸ਼ਣ ਗ੍ਰਹਿਣ ਹੁੰਦਾ ਹੈ ਉਥੇ ‘ਸਮਾਪਤ ਪੁਨਰਾਤਤਾ’ ਦੋਸ਼ ਹੁੰਦਾ ਹੈ ਪਰ ਜਿਥੇ ਹੋਰ ਹੀ ਵਾਕ ਦਾ ਅਰਥ ਫਿਰ ਤੋਂ ਗ੍ਰਹਿਣ ਕੀਤਾ ਹੈ, ਉਥੇ ‘ਤਿਆਕਤਪੁਨਹ’ ਅਰਥ ਦੋਸ਼ ਹੁੰਦਾ ਹੈ।

2.23 ਅਸ਼ਲੀਲ ਦੋਸ਼- ਜਦੋਂ ਕਾਵਿ ਵਿੱਚ ਘ੍ਰਿਣਾ,ਲੱਜਾ ਜਾਂ ਅਮੰਗਲ ਦੇ ਸੂਚਕ ਅਰਥ ਦੀ ਪ੍ਰਤੀਤੀ ਹੋਵੇ ਉਥੇ ‘ਅਸ਼ਲੀਲ’ ਅਰਥ ਦੋਸ਼ ਹੁੰਦਾ ਹੈ।

3. ਰਸਗਤਦੋਸ਼ ਸੋਧੋ

ਰਸ ਦੋਸ਼ਾਂ ਨੂੰ ਨਿੱਤ ਦੋਸ਼ ਕਿਹਾ ਗਿਆ ਹੈ। ਰਸ ਦੇ ਸੁਆਦ ਵਿੱਚ ਰੁਕਾਵਟ ਪਾਉਣ ਵਾਲੇ ਦੋਸ਼ ਰਸ-ਦੋਸ਼ ਹਨ। ਆਨੰਦਵਰਧਨ ਨੇ ਰਸ ਦੋਸ਼ਾਂ ਦਾ ਵਿਵੇਚਨ ਜਿਆਦਾ ਵਿਸਥਾਰ ਵਿੱਚ ਨਹੀਂ ਕੀਤਾ। ਆਚਾਰੀਆ ਮੰਮਟ ਅਤੇ ਵਿਸ਼ਵਨਾਥ ਨੇ ਆਪਣੇ-ਆਪਣੇ ਗ੍ਰੰਥਾਂ ਵਿੱਚ ਰਸ ਦੋਸ਼ਾਂ ਦਾ ਜ਼ਿਆਦਾ ਵਿਵਸਥਿਤ ਵਰਨਣ ਕੀਤਾ ਹੈ। ਮੰਮਟ ਨੇ 13 (ਤੇਰ੍ਹਾਂ ) ਰਸਗਤ ਦੋਸ਼ਾਂ ਦਾ ਵਿਵੇਚਨ ਕੀਤਾ ਹੈ। ਵਿਸ਼ਵਨਾਥ ਨੇ ਮੰਮਟ ਦੇ ਤੇਰ੍ਹਾਂ ਰਸਗਤ ਦੋਸ਼ਾਂ ਨੂੰ ਸਵੀਕਾਰ ਦੇ ਹੋਏ ਅਨੌਚਿਤਿਅ ਨਾਮ ਦਾ ਚੌਦਵਾਂ ਰਸਗਤ ਦੋਸ਼ ਮੰਨਿਆ ਹੈ। ਰਸ ਦੋਸ਼ਾਂ ਦਾ ਵਰਨਣ ਹੇਠ ਲਿਖੇ ਅਨੁਸਾਰ ਹੈ:

3.1 ਵਿਅਭਿਚਾਰਿ ਭਾਵਾਂ ਦੀ ਸ਼੍ਰਵੈਸ਼ਬਦਵਾਚਯਤਾ- ਜਦੋਂ ਰਸ ਸਥਾਈ ਜਾਂ ਸੰਚਾਰੀ ਭਾਵਾਂ ਦਾ ਉਹਨਾਂ ਦੇ ਆਪਣੇ ਹੀ ਵਾਚਕ ਸ਼ਬਦਾਂ ਰਾਹੀ ਕਥਨ ਕੀਤਾ ਜਾਵੇ ਤਾਂ ਉਥੇ ‘ਵਿਅਭਿਚਾਰਿ ਭਾਵਾਂ ਦੀ ਸ਼੍ਰਵੈਸ਼ਬਦਵਾਚਯਤਾ’ ਦਾ ਦੋਸ਼ ਹੋਵੇਗਾ।

3.2 ਰਸਾਂ ਦੀ ਸ਼੍ਰਵੈਸ਼ਬਦਵਾਚਯਤਾ- ਕਾਵਿ ਵਿੱਚ ਰਸ ਸਦਾ ਹੀ ਅਭਿਵਿਅੰਗ ਹੋਣਾ ਚਾਹੀਦਾ ਹੈ। ਜੇ ਉਥੇ ‘ਸ਼ਿਰੰਗਾ’ ਆਦਿ ਰਸਾਂ ਦੇ ਨਾਮ ਦਾ ਸਪਸ਼ਟ ਉਲੇਖ ਕਰ ਦਿੱਤਾ ਜਾਵੇ ਤਾਂ ‘ਰਸਾਂ ਦੀ ਸ਼੍ਰਵੈਸ਼ਬਦਵਾਚਯਤਾ’ ਰਸ ਦੋਸ਼ ਮੰਨਿਆ ਜਾਵੇਗਾ।

3.3 ਸਥਾਈ ਭਾਵਾਂ ਦੀ ਸ਼੍ਰਵੈਸ਼ਬਦਵਾਚਯਤਾ ਦੋਸ਼- ਕਾਵਿ ਵਿੱਚ ‘ਰਤੀ’ ਆਦਿ ਸਥਾਈਭਾਵ ਵੀ ਅਭਿਵਿਅੰਗ ਹੁੰਦੇ ਹਨ। ਜੇ ਉਹਨਾਂ ਦੇ ਨਾਮ ਦਾ ਸਪਸ਼ਟ ਉਲੇਖ ਕਰ ਦਿੱਤਾ ਜਾਵੇ ਤਾਂ ‘ਸਥਾਈ ਭਾਵਾਂ ਦੀ ਸ਼੍ਰਵੈਸ਼ਬਦਵਾਚਯਤਾ’ ਦੋਸ਼ ਹੁੰਦਾ ਹੈ।

ਉਦਾਹਰਨ-

ਯੁੱਧ ਦੇ ਮੈਦਾਨ ਵਿੱਚ ਸ਼ਸਤਰਾਂ ਦੇ ਉਤਪੰਨ ਸ਼ਬਦਾਂ ਨੂੰ ਸੁਣ ਕੇ ਉਸ (ਵੀਰ) ਵਿੱਚ ਕੋਈ ਉਤਸ਼ਾਹ ਪੈਦਾ ਹੋ ਗਿਆ ਹੈ।

ਇਸ ਪਦ ਵਿੱਚ ਵੀਰ ਰਸ ਦੇ ਸਥਾਈ ਭਾਵ ‘ਉਤਸ਼ਾਹ’ ਨੂੰ ਸਪਸ਼ਟ ਹੀ ਕਿਹਾ ਗਿਆ ਹੈ। ਇਸ ਲਈ ਇਥੇ ‘ਸਥਾਈ ਭਾਵਾਂ ਦੀ ਸ਼੍ਰਵੈਸ਼ਬਦਵਾਚਯਤਾ ਦੋਸ਼’ ਹੈ।

3.4 ਅਨੁਭਾਵਾਂ ਦੀ ਕਸ਼ਟਕਪਨਾ ਦੋਸ਼- ਜਿਥੇ ਕਿਸੇ ਵਿਸ਼ੇਸ਼ ‘ਰਸ’ ਦੀ ਅਭਿਵਿਅਕਤੀ ਵਿੱਚ ਇਸ ਗੱਲ ਦਾ ਨਿਸ਼ਚੈ ਕਰਨ ’ਚ ਕਠਿਨਾਈ ਮਹਿਸੂਸ ਹੋਵੇ ਕਿ ਇਹ ‘ਅਨੁਭਾਵ’ ਕਿਸ ਰਸ ਦਾ ਹੈ, ਉਥੇ ‘ਅਨੁਭਾਵਾਂ ਦੀ ਕਸ਼ਟਕਪਨਾ’ ਰਸ ਦੋਸ਼ ਹੁੰਦਾ ਹੈ।

3.5 ਵਿਭਾਵਾਂ ਦੀ ਕਸ਼ਟਕਪਨਾ ਦੋਸ਼- ਜਦੋਂ ਰਸ ਵਿਸ਼ੇਸ਼ ਦੀ ਅਭਿਵਿਅਕਤੀ ਵਿੱਚ ਇਸ ਗੱਲ ਦਾ ਨਿਸ਼ਚੈ ਕਰਨ ’ਚ ਕਠਿਨਾਈ ਹੋਵੇ ਕਿ ਇਹ ‘ਵਿਭਾਵ’ ਕਿਸ ‘ਰਸ’ ਦਾ ਹੈ ਤਾਂ ‘ਵਿਭਾਵਾਂ ਦੀ ਕਸ਼ਟਕਪਨਾ ਦੋਸ਼’ ਰਸ ਦੋਸ਼ ਹੁੰਦਾ ਹੈ।

3.6 ਪ੍ਰਤਿਕੂਲ ਵਿਭਾਵ ਦਾ ਗ੍ਰਹਿਣ- ਜਿਥੇ ਪ੍ਰਕ੍ਰਿਤ ਰਸ ਦੇ ਵਿਰੋਧੀ ਰਸਾਂ ਸੰਬੰਧੀ ਵਿਭਾਵ, ਅਨੁਭਾਵ ਅਤੇ ਸੰਚਾਰੀ ਭਾਵਾਂ ਦਾ ਵਰਨਣ ਕੀਤਾ ਜਾਂਦਾ ਹੈ, ਉਥੇ ‘ਪ੍ਰਤਿਕੂਲ ਵਿਭਾਵ ਤੇ ਅਨੁਭਾਵ ਦਾ ਵਰਨਣ ਰਸ ਦੋਸ਼ ਹੁੰਦਾ ਹੈ।

3.7 ਪੁਨਰ ਦੀਪਤੀ ਦੋਸ਼- ਜਿਥੇ ਕਿਸੇ ਪ੍ਰਧਾਨ ਰਸ ਦੀ ਪੁਸ਼ਟੀ ਹੋ ਜਾਣ ਤੇ ਮੁੜ-ਮੁੜ ਉਸੇ ਰਸ ਨੂੰ ਭੜਕਾਇਆ ਜਾਂਦਾ ਹੈ, ਉਥੇ ‘ਪੁਨਰ ਦੀਪਤੀ’ ਦੋਸ਼ ਹੁੰਦਾ ਹੈ। ਇਹ ਦੋਸ਼ ਪ੍ਰਬੰਧ ਕਾਵਿ ਵਿੱਚ ਹੋ ਸਕਦਾ ਹੈ।

3.8 ਅਕਾਂਡੇ ਪ੍ਰਸ਼ਨ ਦੋਸ਼- ਜਦੋਂ ਕਿਸੇ ਰਸ ਦਾ ਅਨੁਚਿਤ ਸਾਥਨ 'ਤੇ ਵਿਸਥਾਰ ਦਿਖਾਇਆ ਗਿਆ ਹੋਵੇ ਜਾਂ ਮੌਕੇ ਤੋਂ ਬਿਨ੍ਹਾਂ ਰਸ ਦਾ ਵਿਸਥਾਰ ਕੀਤਾ ਜਾਵੇ ਤਾਂ ਉਥੇ ‘ਅਕਾਂਡੇ ਪ੍ਰਸ਼ਨ ਦੋਸ਼’ ਹੁੰਦਾ ਹੈ।

3.9 ਅਕਾਂਡੇਛੇਦ ਦੋਸ਼- ਜਿਥੇ ਕਿਸੇ ਰਸ ਦੀ ਅਨੁਚਿਤ ਥਾਂ 'ਤੇ ਸਮਾਪਤੀ ਕਰ ਦਿੱਤੀ ਜਾਵੇ ਜਾਂ ਮੌਕੇ ਤੋਂ ਬਿਨ੍ਹਾਂ ਰਸ ਨੂੰ ਭੰਗ ਕਰ ਦੇਣਾ, ਤੋੜ ਦੇਣਾ ਵੀ ‘ਅਕਾਂਡੇਛੇਦ’ ਰਸ ਦੋਸ਼ ਹੈ।

3.10 ਅੰਗ ਦੀ ਅਤਿਵਿਸਤ੍ਰਿਤੀ ਦੋਸ਼- ਕਾਵਿ ਵਿੱਚ ਜਦੋਂ ਕਿਸੇ ਅੰਗ ਜਾਂ ਗੌਣ ਰਸ ਦਾ ਅਤਿ ਅਧਿਕ ਵਿਸਥਾਰ ਕੀਤਾ ਜਾਏ, ਉਥੇ 'ਅੰਗ ਦੀ ਅਤਿਵਿਸਤ੍ਰਿਤੀ ਦੋਸ਼’ ਦਾ ਰਸ ਦੋਸ਼ ਹੁੰਦਾ ਹੈ। ਜਿਵੇਂ ਕਿ ਜੇ ਅਪ੍ਰਧਾਨ ਪਾਤਰ ਦਾ ਵਧੇਰੇ ਵਿਸਥਾਰ ਨਾਲ ਵਰਨਣ ਕੀਤਾ ਜਾਵੇ ਤਾਂ ਅਪ੍ਰਧਾਨ ਪਾਤਰ ਸੰਬੰਧੀ ਹੀ ਰਸ ਦੀ ਮੁੱਖ ਰੂਪ ਵਿੱਚ ਅਨੁਭੂਤੀ ਹੁੰਦੀ ਹੈ, ਨਾਇਕ ਸੰਬੰਧੀ ਨਹੀਂ ਹੁੰਦੀ।

3.11 ਅੰਗੀ ਦਾ ਅਨਨੁਸੰਧਾਨ ਦੋਸ਼- ਜਦੋਂ ਕਿਸੇ ਰਚਨਾ ਵਿੱਚ ਹੋਰਨਾਂ ਵਿਸ਼ਿਆਂ ਦੇ ਵਰਨਣ ਕਰਕੇ ਅੰਗੀ ਰਸ ਨੂੰ ਭੁਲਾ ਦਿੱਤਾ ਜਾਵੇ, ਉਥੇ ‘ਅੰਗੀ ਦਾ ਅਨਨੁਸੰਧਾਨ ਦੋਸ਼’ ਹੁੰਦਾ ਹੈ।

3.12 ਪ੍ਰਕ੍ਰਿਤੀ ਵਿਪਰਯ ਦੋਸ਼- ਜਿਥੇ ਪ੍ਰਕ੍ਰਿਤੀ (ਕਿਸੇ ਪਦਾਰਥ ਦੇ ਸੁਭਾਵਿਕ ਰੂਪ ਜਾਂ ਸਥਿਤੀ) ਦੀ ਉਚਿੱਤਤਾ ਨੂੰ ਛੱਡ ਕੇ ਉਲਟਾ ਵਰਨਣ ਕੀਤਾ ਜਾਂਦਾ ਹੈ, ਉਥੇ ‘ਪ੍ਰਕ੍ਰਿਤੀ ਵਿਪਰਯ ਰਸਦੋਸ਼’ ਹੁੰਦਾ ਹੈ। ਇਹ ਦੋਸ਼ ਨਾਇਕ-ਨਾਇਕਾ ਦੇ ਦਿੱਵ, ਅਦਿਵ ਤੇ ਦਿੱਵ-ਅਦਿਵ ਤਿੰਨ ; ਨਾਇਕਾ ਦੇ ਚਾਰ ਭੇਦਾਂ,ਫਿਰ ਉਹਨਾਂ ਵਿੱਚ ਕ੍ਰਮਵਾਰ ਹੋਰ ਭੇਦਾਂ ਨਾਲ ਛੱਤੀ (36) ਤਰ੍ਹਾਂ ਦਾ ਹੋ ਜਾਂਦਾ ਹੈ।

3.13 ਅਨੰਗਵਰਨਣ ਦੋਸ਼- ਕਾਵਿ ਵਿੱਚ ਜਿਥੇ ਵਰਨਣ ਦਾ ਅੰਗ ਨਾ ਹੋਣ ਵਾਲੇ ਰਸ ਦਾ ਵਰਨਣ ਕੀਤਾ ਜਾਵੇ, ਉਥੇ ‘ਅਨੰਗ ਵਰਨਣ’ ਰਸ-ਦੋਸ਼ ਹੁੰਦਾ ਹੈ।

3.14 ਅਰਥ-ਅਨੌਚਿਤਯ ਦੋਸ਼- ਜਦੋਂ ਕਾਵਿ ਵਿੱਚ ਦੇਸ਼-ਕਾਲ, ਪਰੰਪਰਾ ਆਦਿ ਦੇ ਅਨੁਕੂਲ਼ ਵਰਨਣ ਨਾ ਹੋਵੇ ਤਾਂ ਉਥੇ ‘ਅਰਥ-ਅਨੌਚਿਤਯ’ ਰਸ ਦੋਸ਼ ਹੁੰਦਾ ਹੈ।

ਅਲੰਕਾਰਗਤ ਦੋਸ਼ ਸੋਧੋ

ਭਾਰਤੀ ਕਾਵ-ਸ਼ਾਸਤਰ ਦੇ ਕੁੱਝ ਆਚਾਰੀਆਂ ਜਿਵੇਂ ਕਿ ਵਾਮਨ ਆਦਿ ਨੇ ਅਲੰਕਾਰ ਵਿਚਲੇ ਕੁੱਝ ਦੋਸ਼ਾਂ ਬਾਰੇ ਵੀ ਵਿਵੇਚਨ ਕੀਤਾ ਹੈ। ਉਹਨਾਂ ਨੇ ਕਵੀ ਨੂੰ ਅਜਿਹੇ ਦੋਸ਼ਾਂ ਤੋਂ ਬਚਣ ਦਾ ਆਦੇਸ਼ ਦਿੱਤਾ ਹੈ। ਆਚਾਰੀਆ ਮੰਮਟ ਅਤੇ ਆਚਾਰੀਆ ਵਿਸ਼ਵਨਾਥ ਨੇ ਅਲੰਕਾਰ ਦੋਸ਼ਾਂ ਨੂੰ ਵੱਖਰੇ ਤੌਰ ’ਤੇ ਸਵੀਕਾਰ ਨਹੀਂ ਕੀਤਾ। ਉਹਨਾਂ ਦਾ ਵਿਚਾਰ ਹੈ ਕਿ ਅਜਿਹੇ ਦੋਸ਼ਾਂ ਦਾ ਅੰਤਰਭਾਵ ਪਹਿਲਾਂ ਕਹੇ ਦੋਸ਼ਾਂ ਵਿੱਚ ਹੀ ਹੋ ਜਾਂਦਾ ਹੈ ਪਰ ਫਿਰ ਵੀ ਕਈ ਆਚਾਰੀਆਂ ਨੇ ਕਾਵਿਗਤ ਦੋਸ਼ਾਂ ਦਾ ਵਿਵੇਚਨ ਕਰਦੇ ਹੋਏ ਅਲੰਕਾਰ ਦੋਸ਼ਾਂ ਦੀ ਵੀ ਚਰਚਾ ਕੀਤੀ ਹੈ, ਜੋ ਇਸ ਪ੍ਰਕਾਰ ਹੈ-

  1. ਅਨੁਪ੍ਰਾਸ ਅਲੰਕਾਰ ਵਿੱਚ ਦੋਸ਼- ਆਚਾਰੀਆ ਮੰਮਟ ਅਤੇ ਆਚਾਰੀਆ ਵਿਸ਼ਵਨਾਥ ਨੇ ਅਨੁਪ੍ਰਾਸ ਅਲੰਕਾਰ ਵਿੱਚ ਪ੍ਰਸਿੱਧੀ ਦਾ ਅਭਾਵ, ਵਿਫ਼ਲਤਾ, ਰੀਤੀਆਂ ਦਾ ਵਿਰੋਧ ਤਿੰਨ ਦੋਸ਼ ਮੰਨੇ ਹਨ, ਜਿਹਨਾਂ ਦਾ ਕ੍ਰਮਵਾਰ ਪ੍ਰਸਿੱਧੀਵਿਰੁੱਧਤਾ (ਅਰਥ ਦੋਸ਼), ਅਪੁਸ਼ਟਾਰਥਤਾ (ਅਰਥ ਦੋਸ਼), ਪ੍ਰਤੀਕੂਲ-ਵਰਣਤਾ (ਵਾਕ ਦੋਸ਼) ਤਿੰਨ ਦੋਸ਼ਾਂ ਵਿੱਚ ਹੀ ਅੰਤਰਭਾਵ ਹੋ ਜਾਂਦਾ ਹੈ।
  2. ਯਮਕ ਅੰਲਕਾਰ ਵਿੱਚ ਦੋਸ਼- ਯਮਕ ਅਲੰਕਾਰ ਵਿਚਲੇ ਅਯੁਕਤਤੱਵ ਦੋਸ਼ ਦਾ ਅੰਤਰਭਾਵ ‘ਅਪ੍ਰਯੁਕਤਤਾ’ ਪਦਦੋਸ਼ ਵਿੱਚ ਹੀ ਹੋ ਜਾਂਦਾ ਹੈ।
  3. ਉਮਪਾ ਅਲੰਕਾਰ ਵਿੱਚ ਦੋਸ਼- ਉਪਮਾ ਅਲੰਕਾਰ ਵਿੱਚ ਅਨੇਕ ਦੋਸ਼ਾਂ ਦਾ ਵਿਵੇਚਨ ਮਿਲਦਾ ਹੈ, ਜਿਵੇਂ ਕਿ ਉਪਮਾ ਵਿੱਚ ਉਪਮਾਨ ਦੀ ਜਾਤੀਗਤ ਅਤੇ ਪ੍ਰਮਾਣਗਤ ਕਮੀ ਤੇ ਅਧਿਕਤਾ ਦਾ ਦੋਸ਼ ਅਸਲ ਵਿੱਚ ‘ਅਨੁਚਿਤਾਰਥਤੱਵ’ ਪਦਦੋਸ਼ ਵਿੱਚ ਹੀ ਸਮਾ ਜਾਂਦਾ ਹੈ। ਉਪਮਾਨ ਅਤੇ ਉਪਮੇਯ ਦਾ ਲਿੰਗਭੇਦ ਅਤੇ ਵਚਨਭੇਦ ਦਾ ਦੋਸ਼ ਭਗਨਕ੍ਰਮਤਾ ਵਾਕ ਦੋਸ਼ ਦਾ ਹੀ ਰੂਪ ਹੁੰਦਾ ਹੈ।
  4. ਉਤਪ੍ਰੇਖਿਆ ਅਲੰਕਾਰ ਵਿੱਚ ਦੋਸ਼- ਉਤਪ੍ਰੇਖਿਆ ਅਲੰਕਾਰ ਵਿੱਚ ਪਾਏ ਜਾਣ ਵਾਲੇ ‘ਨਿਰਵਿਸ਼ਿਅਤੱਵ’ ਦੋਸ਼ ਦਾ ਅੰਤਰਭਾਵ ਅਨੁਚਿਤਾਰਥਤੱਵ ਪਦਦੋਸ਼ ਵਿੱਚ ਹੀ ਹੋ ਜਾਂਦਾ ਹੈ।
  5. ਸਮਾਸੋਕਤੀ ਅਲੰਕਾਰ ਵਿੱਚ ਦੋਸ਼- ਜਦੋਂ ਸਾਧਾਰਣ ਵਿਸ਼ੇਸ਼ਣ ਦੀ ਸਮਰਥਾ ਨਾਲ ਹੀ ਉਪਮਾਨ ਦੇ ਵਿਅੰਗਮਈ ਹੋਣ ਦਾ ਬਾਵਜੂਦ ਉਸਦਾ ਸ਼ਬਦਾਂ ਦੁਆਰਾ ਵਿਵੇਚਨ ਕੀਤਾ ਜਾਏ ਤਾਂ ਸਮਾਸੋਕਤੀ ਅਲੰਕਾਰ ਵਿੱਚ ਇਸਨੂੰ ‘ਅਨੁਪਾਦਯਤੱਵ’ ਦੋਸ਼ ਮੰਨਿਆ ਜਾਂਦਾ ਹੈ। ਇਹ ਦੋਸ਼ ਪੁਨਰੁਕਤਤਾ ਅਰਥ ਦੋਸ਼ ਵਿੱਚ ਹੀ ਸਮਾ ਜਾਂਦਾ ਹੈ।
  6. ਅਪ੍ਰਸਤੁਤਪ੍ਰਸ਼ੰਸਾ ਅਲੰਕਾਰ ਵਿੱਚ ਦੋਸ਼- ਜਦੋਂ ਸਾਧਾਰਣ ਵਿਸ਼ੇਸ਼ਣਾਂ ਦੀ ਸਮਰਥਾ ਨਾਲ ਵਿਅੰਜਨਾ ਦੁਆਰਾ ਉਪਮੇਯ ਪ੍ਰਤੀਤ ਹੋਣ ’ਤੇ ਇਸਦੇ ਲਈ ਦੁਬਾਰਾ ਸ਼ਬਦਾਂ ਦੀ ਵਰਤੋਂ ਕੀਤੀ ਜਾਵੇ ਤਾਂ ਇਸਨੂੰ ‘ਅਪਾਦੇਯਤੱਵ’ ਦੋਸ਼ ਕਿਹਾ ਜਾਂਦਾ ਹੈ। ਇਸ ਦੋਸ਼ ਦਾ ਅੰਤਰਭਾਵ ਅਪੁਸ਼ਟਾਰਥਤੱਵ ਜਾਂ ਪੁਨਰੁਕਤਤੱਵ ਦੋਸ਼ ਵਿੱਚ ਹੀ ਜਾਂਦਾ ਹੈ।

ਇਨ੍ਹਾਂ ਅੰਲਕਾਰ ਦੋਸ਼ਾਂ ਤੋਂ ਇਲਾਵਾ ਹੋਰ ਵੀ ਕਈ ਅਲੰਕਾਰ ਦੋਸ਼ ਹਨ ਜਿਹਨਾਂ ਦਾ ਅੰਤਰਭਾਵ ਬਾਕੀ ਦੇ ਦੋਸ਼ਾਂ ਵਿੱਚ ਹੀ ਹੋ ਜਾਂਦਾ ਹੈ। ਇਸੇ ਕਰਕੇ ਆਚਾਰੀਆ ਮੰਮਟ ਨੇ ਇਨ੍ਹਾਂ ਦੋਸ਼ਾਂ ਦਾ ਵੱਖਰੇ ਤੌਰ ’ਤੇ ਵਿਵਚੇਨ ਕਰਨਾ ਜ਼ਰੂਰੀ ਨਹੀਂ ਸਮਝਿਆ।

ਕਾਵਿਗਤ ਦੋਸ਼ਾਂ ਦਾ ਨਿੱਤਤੱਵ ਅਤੇ ਅਨਿੱਤਤੱਵ ਸੋਧੋ

ਭਾਵੇਂ ਕਿ ਵੱਖ-ਵੱਖ ਆਚਾਰੀਆਂ ਨੇ ਅਨੇਕਾਂ ਕਾਵਿ-ਦੋਸ਼ਾਂ ਦਾ ਵਿਵੇਚਨ ਕੀਤਾ ਹੈ, ਪਰ ਕੁੱਝ ਕਾਵਿਗਤ ਦੋਸ਼ ਅਜਿਹੇ ਹਨ ਜੋ ਵਿਸ਼ੇਸ਼ ਅਵਸਥਾਵਾਂ ਵਿੱਚ ਦੋਸ਼ ਨਾ ਰਹਿ ਕੇ ਕਾਵਿ ਦੇ ਗੁਣ ਬਣ ਜਾਂਦੇ ਹਨ, ਜਿਵੇਂ ਕਿ-

  • ਕ੍ਰੋਧ ਨਾਲ ਭਰੇ ਵਿਅਕਤੀਆਂ ਦੇ ਸ਼ਬਦ ਰੋਦ੍ਰ ਆਦਿ ਰਸਾਂ ਦੀ ਅਭਿਵਿਅਤੀ ਦੀ ਸਥਿਤੀ ਵਿੱਚ ‘ਦੁਸ਼੍ਰਵਤੱਵ’ ਦੋਸ਼ ਵੀ ਗੁਣ ਜਾਂਦਾ ਹੈ।
  • ਕਾਮਗੋਸ਼ਠੀ ਦੀ ਸਥਿਤੀ ਵਿੱਚ ਕਹੇ ਗਏ ਬੋਲ ‘ਅਸ਼ਲੀਲ’ ਦੋਸ਼ ਨਾ ਰਹਿ ਕੇ ਗੁਣ ਬਣ ਜਾਂਦੇ ਹਨ।
  • ਸ਼ਲੇਸ਼ ਅਲੰਕਾਰ ਦੀ ਸਥਿਤੀ ਵਿੱਚ ‘ਅਪ੍ਰਯੁਕਤੱਵ’ ਅਤੇ ‘ਨਿਰਤਾਰਥਤੱਵ’ ਦੋਸ਼ ਵੀ ਦੋਸ਼ ਨਹੀਂ ਰਹਿੰਦੇ, ਸਗੋਂ ਗੁਣ ਬਣ ਜਾਂਦੇ ਹਨ।
  • ਜਦੋਂ ਬੋਲਣ ਵਾਲਾ (ਵਕਤਾ) ਅਤੇ ਸੁਣਨ ਵਾਲਾ (ਸ੍ਰੋਤਾ) ਦੋਵੇਂ ਵਿਸ਼ੇ ਬਾਰੇ ਜਾਣੂ ਹੋਣ ਤਾਂ ‘ਅਪ੍ਰਤੀਤੀ’ ਦੋਸ਼ ਵੀ ਗੁਣ ਬਣ ਜਾਂਦਾ ਹੈ।
  • ਉਦੇਸ਼ ਦਾ ਨਿਰਦੇਸ਼ ਕਰਨਾ, ਹੈਰਾਨੀ, ਗੁੱਸਾ, ਕਿਸੇ ਪ੍ਰਤੀ ਖੁਸ਼ੀ ਪ੍ਰਗਟ ਕਰਨ ਆਦਿ ਪ੍ਰਸਥਿਤੀਆਂ ਵਿੱਚ ਕਹੇ ਕਥਨ ‘ਕਥਿਤਪਦਤੱਵ’ ਦੋਸ਼ ਵੀ ਦੋਸ਼ ਨਾ ਰਹਿ ਕੇ ਗੁਣ ਵਿੱਚ ਪਰਿਵਤਤ ਹੋ ਜਾਂਦੇ ਹਨ।
  • ਜਿੱਥੇ ਵਕਤਾ ਅਤੇ ਸ੍ਰੋਤਾ ਦੋਵੇਂ ਵਿਆਕਰਣ ਸ਼ਾਸਤਰ ਤੋਂ ਜਾਣੂ ਹੋਣ ਉੱਥੇ ‘ਕਸ਼ਟਤੱਵ’ ਜਾਂ ‘ਦੁਸ਼੍ਰਵਤੱਵ’ ਦੋਸ਼ ਵੀ ਗੁਣ ਬਣ ਜਾਂਦਾ ਹੈ।
  • ਕਾਵਿ ਵਿੱਚ ਪੇਂਡੂ, ਅਨਪੜ੍ਹ, ਨਿਮਨ ਵਿਅਕਤੀਆਂ ਦੇ ਕਥਨਾਂ ਨੂੰ ‘ਗ੍ਰਾਮਯਤਵ’ ਦੋਸ਼ ਨਹੀਂ ਮੰਨਿਆ ਜਾਂਦਾ।
  • ਆਨੰਦ ਅਤੇ ਸ਼ੋਕ ਵਿੱਚ ਡੁੱਬੇ ਵਿਅਕਤੀਆਂ ਦੇ ਕਥਨ ਨੂੰ ‘ਨਿਊਨਪਦ’ ਦੋਸ਼ ਨਹੀਂ ਮੰਨਿਆ ਜਾਂਦਾ।

ਰਸਗਤ ਦੋਸ਼ਾਂ ਦਾ ਅਨਿੱਤਤੱਵ ਅਤੇ ਦੋਸ਼ਾਂ ਦਾ ਪਰਿਹਾਰ ਸੋਧੋ

ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਕਿਸੇ ਰਚਨਾ ਵਿੱਚ ਕਾਵਿਗਤ ਦੋਸ਼ ਵਿਸ਼ੇਸ਼ ਹਲਾਤਾਂ ਵਿੱਚ ਦੋਸ਼ ਨਾ ਰਹਿ ਕੇ ਗੁਣ ਬਣ ਜਾਂਦੇ ਹਨ। ਇਸੇ ਤਰ੍ਹਾਂ ਰਸ ਦੋਸ਼ ਵੀ ਵਿਸ਼ੇਸ਼ ਪ੍ਰਸਥਿਤੀਆਂ ਵਿੱਚ ਕਾਵਿ ਦੇ ਗੁਣ ਬਣ ਜਾਂਦੇ ਹਨ, ਜਿਵੇਂ ਕਿ-

  • ਜੇਕਰ ਵਿਭਾਵਾਂ ਅਤੇ ਅਨੁਭਾਵਾਂ ਦੁਆਰਾ ਕਿਸੇ ਸੰਚਾਰੀ ਭਾਵ ਦੀ ਉੱਚਿਤ ਪ੍ਰਤੀਤੀ ਨਾ ਹੁੰਦੀ ਹੋਵੇ ਤਾਂ ਸੰਚਾਰੀ ਭਾਵ ਨੂੰ ਉਸਦੇ ਨਾਮ ਨਾਲ ਕਹਿਣਾ ਦੋਸ਼ ਨਹੀਂ ਹੁੰਦਾ।
  • ਕਾਵਿ ਵਿੱਚ ਮੁੱਖ ਰਸ ਪ੍ਰਧਾਨ ਰਸ ਦੇ ਵਿਰੁੱਧ ਵਿਭਾਵ, ਅਨੁਭਾਵ ਅਤੇ ਸੰਚਾਰੀ ਭਾਵ ਦਾ ਵਿਰੁੱਧ ਜਾਂ ਅਸੰਗਤ ਰੂਪ ਨਾਲ ਕਥਨ ਕਰਨਾ ਦੋਸ਼ ਦੀ ਥਾਂ ਗੁਣ ਬਣ ਜਾਂਦਾ ਹੈ।
  • ਜਦੋਂ ਦੋ ਵਿਰੋਧੀ ਰਸ ਪ੍ਰਧਾਨ ਰਸ ਦੇ ਅੰਗ ਬਣ ਜਾਣ ਅਤੇ ਇਨ੍ਹਾਂ ਵਿੱਚ ਆਪਸੀ ਵਿਰੋਧਤਾ ਨਾ ਹੋਣ ਕਾਰਨ ਇਹ ਗੁਣ ਬਣ ਜਾਂਦਾ ਹੈ।

ਓਪਰੋਕਤ ਵੇਰਵੇ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਕਾਵਿ ਵਿੱਚ ਦੋਸ਼ ਹੋਣ ਕਾਰਨ ਉਹ ਸਰੋਤਿਆਂ ਅਤੇ ਪਾਠਕਾਂ ਉਪਰ ਆਪਣਾ ਪਭਾਵ ਨਹੀਂ ਪਾ ਸਕਦੀ। ਦੋਸ਼ਾਂ ਦੀ ਸੰਖਿਆ ਆਚਾਰੀਆ ਭਰਤ ਮੁਨੀ ਦੇ ਸਮੇਂ ਕੇਵਲ ਦਸ (10) ਸੀ ਤੇ ਆਚਾਰੀਆ ਮੰਮਟ ਦੇ ਸਮੇਂ ਲਗਭਗ ਸੱਤਰ (70) ਤੱਕ ਪਹੁੰਚ ਗਈ। ਮੰਮਟ ਨੇ ਸਭ ਆਚਾਰੀਆਂ ਦੁਆਰਾ ਦੱਸੇ ਗਏ ਦੋਸ਼ਾਂ ਦਾ ਗੰਭੀਰ ਅਧਿਐਨ ਕਰਕੇ ਇਨ੍ਹਾਂ ਦੀ ਸੰਖਿਆ ਦਸ (10) ਤਕ ਕਰ ਦਿੱਤੀ।

ਪੂਸਤਕ ਸੂਚੀ ਸੋਧੋ

  • ਸ਼ਰਮਾ, ਸ਼ੁਕਦੇਵ, ਭਾਰਤੀ ਕਾਵਿ ਸ਼ਾਸਤਰ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 2017
  • ਸ਼ਾਸਤਰੀ, ਰਾਜਿੰਦਰ ਸਿੰਘ, ਕਾਵਿ ਪ੍ਰਕਾਸ਼ ਮੰਮਟ (ਅਨੁ.), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ,1981
  • ਸਿੰਗਲ, ਧਰਮਪਾਲ, ਬਾਵਾ ਬਲਵੰਤ ਇੱਕ ਅਧਿਐਨ, ਨਿਊ ਬੁਕ ਕੰਪਨੀ, ਜਲੰਧਰ, 1964
  • ਕੁਲਵੰਤ ਸਿੰਘ, ਵਾਰ ਨਾਦਰ ਸ਼ਾਹ (ਅਧਿਐਨ ਤੇ ਸੰਪਾਦਨ), ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, 2004
  • ਗਰੋਵਰ, ਦਰਸ਼ਨ, ਮੋਹਨ ਸਿੰਘ ਕਾਵਿ-ਸਮੀਖਿਆ, ਪੰਜਾਬੀ ਸਾਹਿਤ ਅਕਾਦਮੀ, ਦਿੱਲੀ, 1988
  • ਜੱਗੀ, ਗੁਰਸ਼ਰਨ ਕੌਰ, ਭਾਰਤੀ ਕਾਵੀ ਸ਼ਾਸਤ੍ਰ ਸਰੂਪ ਅਤੇ ਸਿਧਾਂਤ, ਆਰਸ਼ੀ ਪਬਲਿਸ਼ਰਜ਼, ਦਿੱਲੀ, 2014
  • ਧਾਲੀਵਾਲ, ਪ੍ਰੇਮ ਪ੍ਰਕਾਸ਼ ਸਿੰਘ, ਭਾਰਤੀ ਕਾਵਿ-ਸ਼ਾਸਤ੍ਰ, ਲਾਹੌਰ ਬੁਕ ਸ਼ਾਪ, ਲੁਧਿਆਣਾ, 1998
  • ਭੋਪਾਲ, ਪਿਆਰਾ ਸਿੰਘ, ਕਵੀ ਮੋਹਨ ਸਿੰਘ, ਹਿਰਦੇਜੀਤ ਪ੍ਰਕਾਸ਼ਨ, ਜਲੰਧਰ, 1971
  1. ਪ੍ਰੋ. ਸ਼ੁਕਦੇਵ, ਸ਼ਰਮਾ. ਭਾਰਤੀ ਕਾਵਿ ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ. p. 132. ISBN 978-81-302-0462-8.
  2. ਪ੍ਰੋ. ਸ਼ੁਕਦੇਵ, ਸ਼ਰਮਾ. ਭਾਰਤੀ ਕਾਵਿ ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ. p. 133. ISBN 978-81-302-0462-8.