ਕਾੜ੍ਹਨੀ ਦਾ ਛਿੱਕੂ
ਦੁੱਧ ਕਾੜ੍ਹਨ ਵਾਲੇ ਮਿੱਟੀ ਦੇ ਭਾਂਡੇ ਨੂੰ ਕਾੜ੍ਹਨੀ ਕਹਿੰਦੇ ਹਨ। ਛਿੱਕੂ ਰਸੀਆਂ ਜਾਂ ਲੋਹੇ ਦੀਆਂ ਤਾਰਾਂ/ਪੱਤੀਆਂ ਦੀ ਬਣੀ ਉਸ ਟੋਕਰੀ ਨੂੰ ਕਹਿੰਦੇ ਹਨ ਜਿਹੜੀ ਕਾੜ੍ਹਨੀ ਉਪਰ ਦੇ ਕੇ ਬੰਦ ਕੀਤੀ ਜਾਂਦੀ ਸੀ। ਪਹਿਲਾਂ ਲੋਕ ਕੱਚੇ ਘਰਾਂ ਵਿਚ ਰਹਿੰਦੇ ਸਨ। ਰੋਟੀ ਟੁੱਕ ਓਟਿਆਂ/ਕੰਧੋਲੀਆਂ ਵਿਚ ਕੀਤੀ ਜਾਂਦੀ ਸੀ। ਦੁੱਧ ਕੱਚੇ ਹਾਰਿਆਂ ਵਿਚ ਕਾੜ੍ਹਿਆ ਜਾਂਦਾ ਸੀ। ਸ਼ਾਮ ਨੂੰ ਕਾੜ੍ਹਨੀਆਂ ਨੂੰ ਹਾਰਿਆਂ ਵਿਚੋਂ ਬਾਹਰ ਕੱਢ ਕੇ ਕੰਧੋਲੀ ਵਿਚ ਰੱਖਿਆ ਜਾਂਦਾ ਸੀ ਤਾਂ ਜੋ ਦੁੱਧ ਠੰਡਾ ਹੋ ਜਾਵੇ। ਬਿੱਲੀਆਂ/ਕੁੱਤੇ ਕਈ ਵੇਰ ਕਾੜ੍ਹਨੀ ਦਾ ਦੁੱਧ ਪੀ ਜਾਂਦੀਆਂ ਸਨ। ਕਈ ਵੇਰ ਡੋਲ੍ਹ ਜਾਂਦੀਆਂ ਸਨ। ਇਸ ਲਈ ਕਾੜ੍ਹਨੀਆਂ ਨੂੰ ਛਿੱਕੂ ਦੇ ਕੇ ਰੱਖਿਆ ਜਾਂਦਾ ਸੀ। ਛਿੱਕੂ ਪਹਿਲਾਂ ਰੱਸੀ ਦਾ ਬਣਾਇਆ ਜਾਂਦਾ ਸੀ ਜਿਹੜਾ ਤਿੰਗੜ ਦੀ ਤਰ੍ਹਾਂ ਹੁੰਦਾ ਸੀ। ਕਾੜ੍ਹਨੀ ਨੂੰ ਲੱਕੜ ਦੇ ਚੌਖਠੇ ਤੇ ਰੱਖ ਕੇ ਉਪਰ ਛਿੱਕੂ ਬੰਨ੍ਹ ਦਿੰਦੇ ਸਨ।
ਛਿੱਕੂ ਫੇਰ ਲੋਹੇ ਦੀਆਂ ਤਾਰਾਂ/ਪੱਤੀਆਂ ਦੇ ਬਣਾਏ ਜਾਣ ਲੱਗੇ। ਪਹਿਲਾਂ ਲੱਕੜ ਦਾ ਇਕ ਚੌਖਠਾ ਬਣਾਇਆ ਜਾਂਦਾ ਸੀ। ਲੋਹੇ ਦੀਆਂ ਤਾਰਾਂ/ਪੱਤੀਆਂ ਦਾ ਗੁਲਾਈ ਵਿਚ ਛੇਕਦਾਰ ਫਰੇਮ ਬਣਾਇਆ ਜਾਂਦਾ ਸੀ। ਇਸ ਫਰੇਮ ਦੇ ਇਕ ਪਾਸੇ ਕੁੰਡੀ ਲਾਈ ਜਾਂਦੀ ਸੀ। ਫਰੇਮ ਨੂੰ ਫੇਰ ਇਕ ਪਾਸੇ ਤੋਂ ਚੌਖਠੇ ਉਪਰ ਜੜ੍ਹ ਦਿੱਤਾ ਜਾਂਦਾ ਸੀ। ਬੱਸ ਇਹ ਹੀ ਛਿੱਕੂ ਹੁੰਦਾ ਸੀ। ਕਾੜ੍ਹਨੀ ਨੂੰ ਛਿੱਕੂ ਵਿਚ ਰੱਖ ਕੇ ਕੁੰਡੀ ਲਾ ਦਿੱਤੀ ਜਾਂਦੀ ਸੀ।
ਹੁਣ ਤਾਂ ਆਮ ਘਰਾਂ ਵਿਚ ਰਸੋਈਆਂ ਹਨ। ਕਾੜ੍ਹਨੀ ਨੂੰ ਹਾਰੇ ਵਿਚੋਂ ਕੱਢ ਕੇ ਰਸੋਈ ਵਿਚ ਰੱਖ ਕੇ ਦੁੱਧ ਠੰਡਾ ਕਰ ਲਿਆ ਜਾਂਦਾ ਹੈ। ਹੁਣ ਕਾੜ੍ਹਨੀ ਦਾ ਛਿੱਕੂ ਕਿਸੇ ਪੁਰਾਣੀ ਬੁੜੀ ਦਾ ਹੀ ਨਿਸ਼ਾਨੀ ਵਜੋਂ ਸੰਭਾਲ ਕੇ ਰੱਖਿਆ ਹੀ ਮਿਲ ਸਕਦਾ ਹੈ ?[1]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.