ਕੁੱਕੜ ਇਕ ਪ੍ਰਸਿੱਧ ਪੰਛੀ ਹੈ।ਕੁੱਕੜ ਨੂੰ ਮੁਰਗਾ ਵੀ ਕਹਿੰਦੇ ਹਨ।ਕੁੱਕੜ ਦੀ ਮਦੀਨ ਨੂੰ ਕੁੱਕੜੀ ਕਹਿੰਦੇ ਹਨ। ਮੁਰਗੀ ਵੀ ਕਹਿੰਦੇ ਹਨ। ਮੁਰਗੀ ਅੰਡੇ ਦਿੰਦੀ ਹੈ ਜੋ ਖਾਧੇ ਜਾਂਦੇ ਹਨ। ਕੁੱਕੜ ਕੁੱਕੜੀ ਦਾ ਮਾਸ ਖਾਧਾ ਜਾਂਦਾ ਹੈ। ਕੁੱਕੜ ਦਾ ਮਾਸ ਪੰਜਾਬੀਆਂ ਦਾ ਸਭ ਤੋਂ ਵੱਧ ਪਸੰਦ ਦਾ ਮਾਸ ਹੈ। ਮੁਰਗੀ ਦੇ ਨਰ ਬੱਚੇ ਨੂੰ ਕੁੱਕੜ ਕਹਿੰਦੇ ਹਨ।ਕੁੱਕੜ ਦੇ ਬੋਲਣ ਦੀ ਆਵਾਜ਼ ਨੂੰ ਬਾਂਗ ਕਹਿੰਦੇ ਹਨ। ਪਹਿਲਾਂ ਦੇਸੀ ਕੁੱਕੜ ਰੱਖੇ ਜਾਂਦੇ ਸਨ। ਦੇਸੀ ਕੁੱਕੜ ਹੀ ਸਵੇਰੇ ਸਾਝਰੇ ਬਾਂਗ ਦਿੰਦੇ ਸਨ। ਕੁੱਕੜ ਦੇ ਬਾਂਗ ਦੇਣ ਦੇ ਸਮੇਂ ਨੂੰ ਕੁੱਕੜ ਵੇਲਾ ਕਹਿੰਦੇ ਹਨ। ਬਾਂਗ ਵੇਲਾ ਵੀ ਕਹਿੰਦੇ ਹਨ। ਕੁੱਕੜ ਆਮ ਤੌਰ'ਤੇ ਸਵੇਰੇ ਵਜੇ ਦੇ ਕਰੀਬ ਬਾਂਗ ਦਿੰਦੇ ਸਨ। ਕੁੱਕੜੀ ਦੇ ਬੱਚੇ ਨੂੰ ਚੂਚਾ ਕਹਿੰਦੇ ਹਨ।

ਪਹਿਲੇ ਸਮਿਆਂ ਵਿਚ ਕੁੱਕੜਾਂ ਨੂੰ ਲੜਾਉਣਾ ਲੋਕਾਂ ਦਾ ਮਨੋਰੰਜਨ ਦਾ ਇਕ ਸਾਧਨ ਹੁੰਦਾ ਸੀ। ਕੁੱਕੜ ਆਮ ਤੌਰ 'ਤੇ ਮੁਸਲਮਾਨ ਜਾਤੀ ਦੇ ਲੋਕ ਲੜਾਉਂਦੇ ਸਨ। ਮੇਰੇ ਪਿੰਡ ਸੰਦੌੜ ਦੇ ਨੇੜੇ ਮਾਲੇਰਕੋਟਲਾ ਸ਼ਹਿਰ ਹੈ। ਇਥੇ ਵੱਧ ਆਬਾਦੀ ਮੁਸਲਮਾਨਾਂ ਦੀ ਹੈ। ਉਹ ਹੀ ਕੁੱਕੜਾਂ ਦੀ ਲੜਾਈ ਕਰਾਉਂਦੇ ਸਨ। ਦੇਸੀ ਨਸਲ ਦੇ ਕੁੱਕੜ ਲੜਾਏ ਜਾਂਦੇ ਸਨ। ਲੜਾਉਣ ਵਾਲੇ ਕੁੱਕੜਾਂ ਨੂੰ ਬਦਾਮ, ਮਨੱਕਾਂ ਆਦਿ ਖਵਾਏ ਜਾਂਦੇ ਸਨ। ਲੜਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਸੀ। ਲੜਾਈ ਵੇਖਣ ਵਾਲੇ ਲੋਕ ਗੋਲ ਘੇਰਾ ਬਣਾ ਕੇ ਬੈਠ ਜਾਂਦੇ ਸਨ। ਜਾਂ ਖੜ੍ਹ ਜਾਂਦੇ ਸਨ। ਕੁੱਕੜ ਲੜਾਉਣ ਵਾਲੇ ਆਪਣੇ-ਆਪਣੇ ਕੁੱਕੜ ਲੈ ਕੇ ਗੋਲ ਘੇਰੇ ਵਿਚ ਆ ਜਾਂਦੇ ਸਨ। ਫੇਰ ਕੁੱਕੜਾਂ ਨੂੰ ਆਹਮਣੇ ਸਾਹਮਣੇ ਕਰ ਕੇ ਛੱਡ ਦਿੰਦੇ ਸਨ। ਕੁੱਕੜ ਚੁੰਜਾਂ ਨਾਲ, ਪੈਰਾਂ ਨਾਲ ਇਕ ਦੂਜੇ ਦੀਆਂ ਚੁੰਜਾਂ, ਕਲਗੀਆਂ, ਗਰਦਨਾਂ ਤੇ ਸਰੀਰ ਦੇ ਹੋਰ ਹਿੱਸਿਆਂ ਤੇ ਵਾਰ ਕਰਦੇ ਸਨ। ਲੜਦੇ ਲਹੂ-ਲੁਹਾਣ ਹੋ ਜਾਂਦੇ ਸਨ। ਜਿਹੜਾ ਕੁੱਕੜ ਲੜਦੇ ਸਮੇਂ ਗੋਲ ਘੇਰੇ ਵਿਚੋਂ ਬਾਹਰ ਭੱਜ ਜਾਂਦਾ ਸੀ ਜਾਂ ਨਢਾਲ ਹੋ ਕੇ ਬੈਠ ਜਾਂਦਾ ਸੀ, ਉਸ ਕੁੱਕੜ ਨੂੰ ਹਾਰਿਆ ਗਰਦਾਨਿਆ ਜਾਂਦਾ ਸੀ। ਕੁੱਕੜਾਂ ਦੀਆਂ ਲੜਾਈਆਂ ਪੈਸੇ ਦੀਆਂ ਸ਼ਰਤਾਂ ਲਾ ਕੇ ਕੀਤੀਆਂ ਜਾਂਦੀਆਂ ਸਨ। ਕਈ ਵੇਰ ਤਾਂ ਇਕਵੰਜਾ-ਇਕਵੰਜਾ ਰੁਪਏ ਤੱਕ ਦੀ ਸ਼ਰਤ ਲੱਗ ਜਾਂਦੀ ਸੀ।

ਹੁਣ ਕੋਈ ਵੀ ਦੇਸੀ ਕੁੱਕੜ/ਕੁੱਕੜੀਆਂ ਨਹੀਂ ਰੱਖਦਾ। ਹੁਣ ਨਵੀਂ ਨਸਲ ਦੀਆਂ ਕੁੱਕੜੀਆਂ ਰੱਖੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਅੰਡੇ ਦੇਣ ਲਈ ਕੁੱਕੜਾਂ ਦੀ ਲੋੜ ਨਹੀਂ ਪੈਂਦੀ। ਇਸ ਲਈ ਹੁਣ ਕੁੱਕੜਾਂ ਦੀਆਂ ਲੜਾਈਆਂ ਵੀ ਨਹੀਂ ਕਰਵਾਈਆਂ ਜਾਂਦੀਆਂ।[1]

ਹਵਾਲੇ ਸੋਧੋ

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.