ਕੇਸਰ ਸਿੰਘ ਨਾਵਲਿਸਟ (ਗਿਆਨੀ)

ਕੇਸਰ ਸਿੰਘ ਨੂੰ ਲੋਕ ਬਹੁਤਾਂ ਨਾਵਾਂ ਨਾਲ ਯਾਦ ਕਰਦੇ ਹਨ - ਕੇਸਰ ਸਿੰਘ, ਨਾਵਲਕਾਰ ਕੇਸਰ ਸਿੰਘ, ਗਿਆਨੀ ਕੇਸਰ ਸਿੰਘ। ਪਰ ਉਹਨਾਂ ਦੀ ਅਸਲ ਪਹਿਚਾਨ ਇੱਕ ਨਾਵਲਕਾਰ ਵਜੋਂ ਹੀ ਸਥਾਪਤ ਹੋਈ ਭਾਵੇਂ ਉਹ ਕਵਿਤਾਵਾਂ, ਕਹਾਣੀਆਂ ਅਤੇ ਵਾਰਤਕ ਵੀ ਲਿਖਦੇ ਸਨ। ਇਸ ਦੇ ਨਾਲ ਨਾਲ ਉਹਨਾਂ ਨੇ ਆਪਣੀ ਆਤਮ ਕਥਾ ਵੀ ਲਿਖੀ ਅਤੇ ਡਾਿੲਰੀ ਵੀ। ਮੁੱਖ ਰੂਪ ਵਿੱਚ ਉਹਨਾਂ ਦੇ ਨਾਵਲ ਕ੍ਰਾਂਤੀਕਾਰੀਆਂ ਅਤੇ ਦੇਸ਼ ਨੂੰ ਅਜ਼ਾਦ ਕਰਾਉਣ ਦੀਆਂ ਲਹਿਰਾਂ ਬਾਰੇ ਹਨ। ਉਹਨਾਂ ਨੇ ਇਹਨਾਂ ਲਹਿਰਾਂ ਦੇ ਨਾਇਕਾਂ ਨੂੰ ਆਪਣੇ ਨਾਵਲਾਂ ਦੇ ਨਾਇਕ ਬਣਾਇਆ ਹੈ। ਅਜਮੇਰ ਰੋਡੇ ਦੇ ਅਨੁਸਾਰ "ਕੇਸਰ ਸਿੰਘ ਜੀ ਹੋਰਾਂ ਨੇ ਆਪਣੇ ਨਾਵਲਾਂ ਦੇ ਵਿਸ਼ੇ ਅੰਤਰਰਾਸ਼ਟਰੀ ਵਿਸਥਾਰ ਵਾਲੇ ਲਏ ਅਤੇ ਹਿੰਦੁਸਤਾਨ ਦੀ ਆਜ਼ਾਦੀ ਲਈ ਵਿਦੇਸ਼ਾਂ ਵਿੱਚ ਹੋਏ ਸੰਗਰਾਮਾਂ ਨੂੰ ਦੁਬਾਰਾ ਜ਼ਿੰਦਾ ਕੀਤਾ।"[1]

ਕੇਸਰ ਸਿੰਘ
ਅੰਤਰ ਰਾਸ਼ਟਰੀ ਪੰਜਾਬੀ ਸਾਹਤ ਟਰਸਟ (ਕੈਨੇਡਾ) ਤੇ ਭਾਸ਼ਨ ਦੇਂਦਿਆਂ
ਅੰਤਰ ਰਾਸ਼ਟਰੀ ਪੰਜਾਬੀ ਸਾਹਤ ਟਰਸਟ (ਕੈਨੇਡਾ) ਤੇ ਭਾਸ਼ਨ ਦੇਂਦਿਆਂ
ਜਨਮ10 ਅਕਤੂਬਰ 1912
ਰਾਵਲਪਿੰਡੀ (ਪਾਕਿਸਤਾਨ)
ਕਿੱਤਾਨਾਵਲਿਸਟ, ਸਾਹਿਤਕਾਰ
ਭਾਸ਼ਾਪੰਜਾਬੀ
ਸਿੱਖਿਆਖਾਲਸਾ ਕਾਲਜ - ਪੋਸਟ ਗ੍ਰੈਜੂਏਟ ਡਿਗਰੀ
ਸਾਹਿਤਕ ਲਹਿਰਗਦਰ
ਗਿਆਨੀ ਕੇਸਰ ਸਿੰਘ 2005

ਜੀਵਨ

ਸੋਧੋ

ਗਿਆਨੀ ਕੇਸਰ ਸਿੰਘ ਜੀ ਦਾ ਜਨਮ 10 ਅਕਤੂਬਰ 1912 ਨੂੰ ਰਾਵਲਪਿੰਡੀ ਵਿੱਚ ਹੋਇਆ।[2] ਉਹ ਚਾਲੀ ਦਿਨਾਂ ਦੇ ਸਨ ਜਦੋਂ ਉਹਨਾਂ ਦੀ ਮਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਹ ਕੁਝ ਚਿਰ ਆਪਣੀ ਭੈਣ ਕੋਲ ਰਹੇ ਅਤੇ ਫਿਰ ਉਹ ਅੰਮ੍ਰਿਤਸਰ ਦੇ ਯਤੀਮਖਾਨੇ ਆ ਗਏ ਅਤੇ ਉੱਥੇ ਵੱਡੇ ਹੋਏ। ਅੰਮ੍ਰਿਤਸਰ ਵਿਖੇ ਉਹਨਾਂ ਸ਼ ਸ਼ ਅਮੋਲ ਹੁਰਾਂ ਕੋਲੋਂ ਗਿਆਨੀ ਪਾਸ ਕੀਤੀ।[3] ਸੰਨ 1936 ਵਿੱਚ ਉਹ ਪੀਨਾਂਗ, ਮਲਾਇਆ ਚਲੇ ਗਏ।[4] ਉੱਥੇ ਉਹ ਇੱਕ ਗੁਰਦਵਾਰੇ ਵਿੱਚ ਗ੍ਰੰਥੀ ਅਤੇ ਰਾਗੀ ਦਾ ਕੰਮ ਕਰਦੇ ਰਹੇ।[3] ਮਲਾਇਆ ਵਿੱਚ ਰਹਿੰਦਿਆਂ ਉਹਨਾਂ ਦਾ ਸੰਪਰਕ ਹਿੰਦੁਸਤਾਨ ਦੀ ਅਜ਼ਾਦੀ ਲਈ ਕੰਮ ਕਰ ਰਹੇ ਦੇਸ਼ ਭਗਤਾਂ ਨਾਲ ਹੋਇਆ। ਇਸ ਸਮੇਂ ਦੌਰਾਨ ਉਹ ਪੂਰਬੀ ਏਸ਼ੀਆ ਦੇ ਦੂਸਰੇ ਦੇਸ਼ਾਂ ਜਿਵੇਂ ਸਿੰਘਾਪੁਰ, ਮਲਾਇਆ, ਥਾਈਲੈਂਡ ਆਦਿ ਵਿੱਚ ਵਿਚਰਦੇ ਰਹੇ। ਛੇਤੀ ਹੀ ਉਹ ਅਜ਼ਾਦ ਹਿੰਦ ਫੌਜ ਨਾਲ ਕੰਮ ਕਰਨ ਲੱਗੇ। ਅਜ਼ਾਦ ਹਿੰਦ ਫੌਜ ਵਿੱਚ ਉਹ ਸਿਵਲ ਐਡਮਿਨਸਟ੍ਰੇਟਰ ਵੀ ਰਹੇ ਅਤੇ ਇਨਕਲਾਬ ਦਾ ਇਤਿਹਾਸ ਅਤੇ ਜਾਪਾਨੀ ਭਾਸ਼ਾ ਪੜ੍ਹਾਉਣ ਦਾ ਕੰਮ ਵੀ ਕਰਦੇ ਰਹੇ।[5] ਪੂਰਬੀ ਏਸ਼ੀਆ ਦੇ ਆਪਣੇ ਅਨੁਭਵ ਬਾਰੇ ਗਿਆਨੀ ਕੇਸਰ ਸਿੰਘ ਜੀ ਲਿਖਦੇ ਹਨ:

ਮੈਂ 1936 ਵਿੱਚ ਮਲਾਇਆ ਚਲਾ ਗਿਆ ਅਤੇ ਸ਼ੁਰੂ ਤੋਂ ਹੀ ਉੱਥੋਂ ਦੇ ਭਾਰਤੀ ਦੇਸ਼ ਭਗਤਾਂ ਨਾਲ ਆਪਣਾ ਸੰਬੰਧ ਜੋੜ ਲਿਆ ਅਤੇ ਆਪਣੇ ਹੀ ਨਿਰਮਾਣ ਢੰਗ ਨਾਲ ਇਸ ਲਹਿਰ ਲਈ ਸਰਗਰਮ ਰਿਹਾ। ਜਾਪਾਨ ਦੇ ਮਲਾਇਆ ਉੱਤੇ ਹਮਲੇ ਪਿੱਛੋਂ ਮੈਂ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ "ਆਜ਼ਾਦ ਹਿੰਦ" ਪੱਤਰ ਚਾਲੂ ਕੀਤਾ ਅਤੇ ਅੰਗਰੇਜ਼ੀ ਫੌਜ ਤੇ ਮਲਾਇਆ ਦੇ ਭਾਰਤੀਆਂ ਵਿੱਚ ਭਾਰਤ ਦੀ ਸੁਤੰਤਰਤਾ ਲਈ ਪ੍ਰਚਾਰ ਕਰਨ ਲੱਗਾ। ਪਿੱਛੋਂ ਇਹ ਪੱਤਰ ਇੰਡੀਅਨ ਇੰਡੀਪੈਂਡਸ ਲੀਗ ਨੂੰ ਸੌਂਪ ਦਿੱਤਾ ਗਿਆ। ਸਿੰਘਾਪੁਰ ਦੇ ਪਤਨ ਪਿੱਛੋਂ ਇਹ ਪੱਤਰ ਇਸ ਲਹਿਰ ਦਾ ਅਧਿਕਾਰੀ ਪਰਚਾ ਬਣ ਗਿਆ। ਮੈਂ ਇਸ ਲਹਿਰ ਨਾਲ ਬੜੇ ਸਰਗਰਮ ਢੰਗ ਨਾਲ ਜੁੜਿਆ ਰਿਹਾ ਹਾਂ ਅਤੇ ਇਸ ਲਈ ਮੈਨੂੰ ਇਸ ਲਹਿਰ ਬਾਰੇ ਬੜਾ ਨੇੜੇ ਦਾ ਅਤੇ ਅੰਦਰਲਾ ਅਨੁਭਵ ਪ੍ਰਾਪਤ ਕਰਨ ਦਾ ਅਵਸਰ ਮਿਲਦਾ ਰਿਹਾ। ਪਿੱਛੋਂ ਜਾ ਕੇ ਮੈਨੂੰ ਆਜ਼ਾਦ ਹਿੰਦ ਸੇਵਕ ਦਲ ਦਾ ਮੈਂਬਰ ਚੁਣਿਆ ਗਿਆ ਅਤੇ ਸੁਤੰਤਰ ਕਰਾਏ ਗਏ ਖੇਤਰਾਂ ਦੇ ਪ੍ਰਸ਼ਾਸਨ ਕਾਜ ਨੂੰ ਨਿਭਾਉਣ ਲਈ ਸੁਸਿਖਿਅਤ ਕੀਤਾ ਗਿਆ। ਆਪਣੀ ਇਸ ਹੈਸੀਅਤ ਵਿੱਚ ਮੈਨੂੰ ਆਜ਼ਾਦ ਹਿੰਦ ਫੌਜ ਦੇ ਨਾਲ ਨਾਲ ਅਰਾਕਾਨ, ਇੰਫਾਲ ਦੇ ਮੋਰਚਿਆਂ ਤੱਕ ਜਾਣ ਦਾ ਸੁਭਾਗ ਪ੍ਰਾਪਤ ਹੋਇਆ। 24 ਅਪ੍ਰੈਲ 1945 ਨੂੰ ਜਦੋਂ ਨੇਤਾ ਜੀ ਬਰਮਾ ਤੋਂ ਰਵਾਨਾ ਹੋਏ ਤਾਂ ਮੈਂ ਉਹਨਾਂ ਦੇ ਨਾਲ ਹੀ ਮਲਾਇਆ ਵਾਪਸ ਪਰਤਿਆ। ਜਪਾਨੀਆਂ ਦੀ ਹਾਰ ਪਿੱਛੋਂ ਮੈਨੂੰ ਇੱਕ ਸਾਲ ਗੁਪਤਵਾਸ ਵਿੱਚ ਰਹਿਣਾ ਪਿਆ।[6]

ਅਕਤੂਬਰ 1946 ਵਿੱਚ ਉਹ ਹਿੰਦੁਸਤਾਨ ਵਾਪਸ ਆ ਗਏ।[7] ਹਿੰਦੁਸਤਾਨ ਵਿੱਚ ਆ ਕੇ ਉਹ ਕੁਝ ਚਿਰ ਲਈ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਵੀ ਰਹੇ। ਸੰਨ 1951 ਵਿੱਚ 40 ਸਾਲ ਦੀ ਉਮਰ ਵਿੱਚ ਉਹਨਾਂ ਨੇ ਮੈਟਰਿਕ ਪਾਸ ਕੀਤੀ। ਮੈਟਰਿਕ ਤੋਂ ਬਾਅਦ ਉਹਨਾਂ ਨੇ ਬੀ. ਏ. ਬੀ. ਟੀ. ਅਤੇ ਐੱਮ ਏ ਦੀ ਪੜ੍ਹਾਈ ਕੀਤੀ ਅਤੇ ਸਕੂਲ ਅਧਿਆਪਨ ਦਾ ਕੰਮ ਕੀਤਾ।[8] ਇੱਕ ਦਹਾਕੇ ਤੋਂ ਥੋੜ੍ਹਾ ਜਿਹਾ ਵੱਧ ਸਮਾਂ ਅਜ਼ਾਦ ਹਿੰਦੁਸਤਾਨ ਵਿੱਚ ਬਿਤਾਕੇ ਉਹ ਸੰਨ 1957 ਵਿੱਚ ਇੰਗਲੈਂਡ ਆ ਗਏ।[5] ਇੰਗਲੈਂਡ ਆ ਕੇ ਉਹ ਲਿਵਰਪੂਲ ਦੇ ਇੱਕ ਸਕੂਲ ਵਿੱਚ ਅਧਿਆਪਕ ਰਹੇ। ਸੰਨ 1965-66 ਵਿੱਚ ਉਹ ਕੈਨੇਡਾ ਆ ਗਏ ਅਤੇ ਕੈਨੇਡਾ ਦੇ ਸੂਬੇ ਅਲਬਰਟਾ ਵਿੱਚ ਪਹਿਲਾਂ ਇੱਕ ਸਕੂਲ ਅਧਿਆਪਕ ਵੱਜੋਂ ਕੰਮ ਕੀਤਾ ਅਤੇ ਫਿਰ ਸਕੂਲ ਵਿੱਚ ਕਾਉਂਸਲਰ ਵੱਜੋਂ ਕੰਮ ਕਰਦੇ ਰਹੇ।[7] ਅਲਬਰਟਾ ਦੇ ਸਕੂਲ ਦੀ ਨੌਕਰੀ ਤੋਂ ਰਿਟਾਇਰ ਹੋਣ ਬਾਅਦ ਗਿਆਨੀ ਕੇਸਰ ਸਿੰਘ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿੱਚ ਆ ਗਏ। ਲੰਮਾ ਸਮਾਂ ਸਰੀ ਵਿੱਚ ਰਹਿਣ ਤੋਂ ਬਾਅਦ ਉਹ ਸੰਨ 2001 ਵਿੱਚ ਆਪਣੇ ਪੁੱਤਰ ਕੋਲ ਰਹਿਣ ਐਡਮੰਟਨ ਚਲੇ ਗਏ। ਐਡਮੰਟਨ ਵਿੱਚ 9 ਸਤੰਬਰ 2006 ਨੂੰ 94 ਸਾਲ ਦੀ ਉਮਰ ਵਿੱਚ ਉਹਨਾਂ ਦੀ ਮੌਤ ਹੋ ਗਈ।[9]

ਸਾਹਿਤਕ ਜੀਵਨ

ਸੋਧੋ

ਕੇਸਰ ਸਿੰਘ ਦੀ ਪਹਿਲੀ ਕਿਤਾਬ 'ਇੰਡੀਅਨ ਇੰਡੀਪੈਂਡਿਸ ਮੂਵਮੈਂਟ ਇਨ ਈਸਟ ਏਸ਼ੀਆ' ਜਨਵਰੀ 1947 ਵਿੱਚ ਅੰਗਰੇਜ਼ੀ ਵਿੱਚ ਛਪੀ। ਇਸ ਕਿਤਾਬ ਦੀ ਭੂਮਿਕਾ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਭਰਾ ਸਰਤ ਚੰਦਰ ਬੋਸ ਨੇ ਲਿਖੀ। ਕਿਰਪਾਲ ਸਿੰਘ ਕਸੇਲ ਦੇ ਸ਼ਬਦਾਂ ਵਿੱਚ ਇਹ ਕਿਤਾਬ " ਆਜ਼ਾਦ ਹਿੰਦ ਫੌਜ ਦੇ ਸੰਗਠਨ ਅਤੇ ਇਤਿਹਾਸ ਬਾਰੇ ਇੱਕ ਨਿਵੇਕਲਾ ਦ੍ਰਿਸ਼ਟੀਕੋਣ ਪ੍ਰਸਤੁਤ ਕਰਦੀ ਹੈ। ਆਜ਼ਾਦ ਹਿੰਦ ਫੌਜ ਦੀ ਹੋਂਦ ਨੂੰ ਗਿਆਨੀ ਕੇਸਰ ਸਿੰਘ ਭਾਰਤ ਦੇ ਸੁਤੰਤਰਤਾ ਸੰਗਰਾਮ ਦੀ ਇੱਕ ਵਿਰਾਟ ਲਹਿਰ ਨਾਲ ਜੋੜਦੇ ਹਨ।"[10] ਉਹਨਾਂ ਦਾ ਪਹਿਲਾ ਨਾਵਲ 'ਲਹਿਰ ਵਧਦੀ ਗਈ' 1953 ਵਿੱਚ ਛੱਪਿਆ ਅਤੇ ਦੂਸਰਾ ਨਾਵਲ 'ਜੰਗੀ ਕੈਦੀ' 1969 ਵਿੱਚ। ਇਸ ਤੋਂ ਬਾਅਦ ਉਹ ਪੂਰੀ ਸ਼ਿੱਦਤ ਅਤੇ ਲਗਾਤਾਰਤਾ ਨਾਲ ਲਿਖਦੇ ਗਏ। ਆਪਣੇ ਛੇ ਕੁ ਦਹਾਕੇ ਲੰਮੇ ਸਾਹਿਤਕ ਜੀਵਨ ਵਿੱਚ ਉਹਨਾਂ ਨੇ 60 ਦੇ ਕਰੀਬ ਕਿਤਾਬਾਂ ਲਿਖੀਆਂ, ਜਿਹਨਾਂ ਵਿੱਚ ਨਾਵਲ, ਕਹਾਣੀ ਸੰਗ੍ਰਹਿ, ਕਾਵਿ-ਸੰਗ੍ਰਹਿ, ਅਤੇ ਇੱਕ ਜੰਗੀ ਡਾਇਰੀ ਸ਼ਾਮਲ ਹੈ। ਬੇਸ਼ੱਕ ਉਹਨਾਂ ਨੇ ਸਾਹਿਤ ਦੇ ਵੱਖ ਵੱਖ ਰੂਪਾਂ ਵਿੱਚ ਲਿਖਿਆ ਹੈ, ਪਰ ਉਹਨਾਂ ਦੀ ਮੁੱਖ ਪਹਿਚਾਣ ਇੱਕ ਨਾਵਲਕਾਰ ਵੱਜੋਂ ਹੀ ਸਥਾਪਤ ਹੋਈ। ਪੰਜਾਬੀ ਸਾਹਿਤਕ ਮੈਗਜ਼ੀਨ 'ਸਿਰਜਣਾ' ਦੇ ਸੰਪਾਦਕ ਡਾ: ਰਘਬੀਰ ਸਿੰਘ ਉਹਨਾਂ ਦੇ ਨਾਵਲਾਂ ਬਾਰੇ ਕੁਝ ਇਸ ਤਰ੍ਹਾਂ ਲਿਖਦੇ ਹਨ:

ਵਸਤੂ ਪੱਖ ਤੋਂ ਕੇਸਰ ਸਿੰਘ ਦੇ ਨਾਵਲਾਂ ਨੂੰ ਸਪਸ਼ਟ ਤੌਰ 'ਤੇ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲੇ ਭਾਗ ਵਿੱਚ ਉਹ ਨਾਵਲ ਆਉਂਦੇ ਹਨ ਜਿਹਨਾਂ ਵਿੱਚ ਉਸ ਨੇ 1939-1946 ਤੱਕ ਦੇ ਮਲਾਇਆ ਵਿਚਲੇ ਆਵਾਸ ਦੇ ਆਪਣੇ ਅਨੁਭਵਾਂ ਨੂੰ ਰੂਪਮਾਨ ਕੀਤਾ ਹੈ। ਇਨ੍ਹਾਂ ਅਨੁਭਵਾਂ ਵਿੱਚ ਹੀ ਅਜ਼ਾਦ ਹਿੰਦ ਫੌਜ ਦੀ ਸਰਗਰਮੀ ਅਤੇ ਦੂਜੀ ਸੰਸਾਰ ਜੰਗ ਨਾਲ ਸੰਬੰਧਤ ਵੇਰਵੇ ਸ਼ਾਮਲ ਹਨ। ਉਸ ਦੇ ਨਾਵਲਾਂ ਦੇ ਵਸਤ ਦਾ ਦੂਜਾ ਭਾਗ ਆਜ਼ਾਦੀ ਦੀ ਪ੍ਰਾਪਤੀ ਲਈ ਮਰ ਮਿਟਣ ਵਾਲੇ ਯੋਧਿਆਂ, ਖਾਸਕਰ ਗਦਰ ਪਾਰਟੀ ਦੀਆਂ ਜਥੇਬੰਦਕ ਸਰਗਰਮੀਆਂ ਅਤੇ ਗਦਰੀ ਸੂਰਬੀਰਾਂ ਦੀ ਕੁਰਬਾਨੀ ਦੀ ਗਾਥਾ ਨਾਲ ਸੰਬੰਧਤ ਹੈ। ਤੀਜੀ ਤਰ੍ਹਾਂ ਦੀ ਵਸਤ ਇੰਗਲੈਂਡ, ਕੈਨੇਡਾ ਤੇ ਅਮਰੀਕਾ ਵਰਗੇ ਵਿਕਸਤ ਪੂੰਜੀਵਾਦੀ ਦੇਸ਼ਾਂ ਵਿੱਚ ਪੰਜਾਬੀ ਪਰਵਾਸੀਆਂ ਦੇ ਜੀਵਨ-ਸਮਾਚਾਰਾਂ ਨੂੰ ਬਿਆਨਣ ਨਾਲ ਸੰਬੰਧਤ ਹੈ।.. ਤਿੰਨਾਂ ਹੀ ਪ੍ਰਕਾਰ ਦੀ ਵਸਤੂ ਵਾਲੇ ਆਪਣੇ ਨਾਵਲਾਂ ਨੂੰ ਕੇਸਰ ਸਿੰਘ ਨੇ ਕਲਾਤਮਕ ਪੱਖ ਤੋਂ ਲਗਪਗ ਇਕੋ ਤਰ੍ਹਾਂ ਦੀ ਪਹੁੰਚ ਨਾਲ ਪੇਸ਼ ਕੀਤਾ ਹੈ, ਜਿਸ ਨੂੰ ਦਸਤਾਵੇਜ਼ੀ ਪਹੁੰਚ ਦਾ ਨਾਂ ਦਿੱਤਾ ਜਾ ਸਕਦਾ ਹੈ। ਉਸ ਦੀ ਪੂਰੀ ਕੋਸ਼ਿਸ਼ ਰਹੀ ਹੈ ਕਿ ਉਹ ਸਿਰਜਣਾਤਮਕ ਗਲਪ ਦੀ ਰਚਨਾ ਕਰਦਾ ਹੋਇਆ ਵੀ ਗਲਪ ਨਾਲੋਂ ਯਥਾਰਥ ਦੇ ਵਧੇਰੇ ਨੇੜੇ ਰਹੇ।[11]

ਸੰਨ 2005 ਵਿੱਚ ਪੰਜਾਬ ਸਰਕਾਰ ਨੇ ਉਹਨਾਂ ਨੂੰ ਸ਼੍ਰੋਮਣੀ ਸਾਹਿਤਕਾਰ ਦਾ ਇਨਾਮ ਦਿੱਤਾ।[12]

ਇਨਾਮ

ਸੋਧੋ

1981 - ਕੌਮਾਂਤਰੀ ਮਨਜੀਤ ਯਾਦਗਾਰੀ ਪੁਰਸਤਕਾਰ 2005 - ਸ਼੍ਰੋਮਣੀ ਸਾਹਿਤਕਾਰ 2006 - ਪਰਵਾਸੀ - ਸਪੈਸ਼ਲ ਐਵਾਰਡ

ਲਿਖਤਾਂ

ਸੋਧੋ

ਅਜ਼ਾਦੀ ਦੀ ਕਵਿਤਾ (ਕਵਿਤਾ)

ਗਦਰੀ ਤੇ ਕਾਮਾ (ਬਾਬਾ ਨਿਰੰਜਨ ਸਿੰਘ ਢਿੱਲੋਂ ਬਾਰੇ - ਸੰਪਾਦਨ: ਵਾਰਤਕ), ਅਵਾਮੀ ਪ੍ਰਿੰਟਿੰਗ ਪ੍ਰੈਸ, ਜਲੰਧਰ

ਲਹਿਰ ਵਧਦੀ ਗਈ (ਨਾਵਲ)

ਸ਼ਹੀਦ ਊਧਮ ਸਿੰਘ (ਨਾਵਲ)

ਜੰਗੀ ਕੈਦੀ (ਨਾਵਲ)

ਬਾਬਾ ਹਰੀ ਸਿੰਘ ਉਸਮਾਨ (ਨਾਵਲ), ਸਿੰਘ ਬ੍ਰਦਰਜ਼ ਅੰਮ੍ਰਿਤਸਰ, 1975

ਅਮਰ ਸ਼ਹੀਦ ਮਦਨ ਲਾਲ ਢੀਂਗਰਾ (ਨਾਵਲ), ਸਿੰਘ ਬ੍ਰਦਰਜ਼ ਅੰਮ੍ਰਿਤਸਰ, 1977

ਅਮਰ ਸ਼ਹੀਦ ਮੇਵਾ ਸਿੰਘ ਲੋਪੋਕੇ (ਨਾਵਲ), ਖਾਲਸਾ ਬ੍ਰਦਰਜ਼ ਅੰਮ੍ਰਿਤਸਰ, 1978

ਸਿੰਘ ਸਾਹਿਬ ਦੀ ਸ਼ਹਾਦਤ (ਨਾਵਲ), ਖਾਲਸਾ ਬ੍ਰਦਰਜ਼ ਅੰਮ੍ਰਿਤਸਰ, 1982

ਜੰਝ ਲਾੜਿਆਂ ਦੀ (ਨਾਵਲ), ਨਾਨਾਕ ਸਿੰਘ ਪੁਸਤਕ ਮਾਲਾ ਅੰਮ੍ਰਿਤਸਰ, 1982

ਤੀਜੀ ਪੀੜ੍ਹੀ (ਨਾਵਲ), ਸਿੰਘ ਬ੍ਰਦਰਜ਼ ਅੰਮ੍ਰਿਤਸਰ, 1984

ਵਾਰੇ ਸ਼ਾਹ ਦੀ ਮੌਤ (ਨਾਵਲ), ਅਮਰਜੀਤ ਸਾਹਿਤ ਪ੍ਰਕਾਸ਼ਨ ਪਟਿਆਲਾ, 1984

ਕਾਮਾਗਾਟਾਮਾਰੂ (ਨਾਵਲ)

ਗਦਰੀ ਗੁਲਾਬ (ਨਾਵਲ)

ਹੀਰੋਸ਼ੀਮਾ (ਨਾਵਲ), ਸਿੰਘ ਬ੍ਰਦਰਜ਼ ਅੰਮ੍ਰਿਤਸਰ, 1990

ਇੱਕ ਮਾਂਗ ਸਧੂਰੀ (ਨਾਵਲ), ਸਿੰਘ ਬ੍ਰਦਰਜ਼ ਅੰਮ੍ਰਿਤਸਰ, 1991

ਮਨੁੱਖਤਾ ਦੀ ਮੌਤ (ਨਾਵਲ)

ਵਾਹਗਾ ਤੋੜੋ (ਨਾਵਲ)

ਬੇਵਤਨੇ (ਨਾਵਲ)

ਸਾਂਝਾ ਪੰਜਾਬ (ਨਾਵਲ)

ਗਦਾਰ ਬੇਲਾ ਸਿੰਘ (ਨਾਵਲ)

ਹਥਿਆਰਬੰਦ ਇਨਕਲਾਬ (ਨਾਵਲ)

ਲੰਡਨ ਰੋਡ (ਨਾਵਲ), ਪੰਜਾਬੀ ਪ੍ਰਕਾਸ਼ਨ, ਪਟਿਆਲਾ

ਗਰੀਨ ਕਾਰਡ (ਨਾਵਲ), ਪੰਜਾਬੀ ਪ੍ਰਕਾਸ਼ਨ, ਪਟਿਆਲਾ

ਹੋਰ ਲਿੰਕ

ਸੋਧੋ

http://www.tribuneindia.com/2006/20061005/aplus1.htm

http://www.abcbookworld.com/view_author.php?id=5944

ਹਵਾਲੇ

ਸੋਧੋ
  1. ਪੰਜਾਬੀ ਲੇਖਕ ਮੰਚ ਵਲੋਂ ਪ੍ਰਕਾਸ਼ਤ ਕਿਤਾਬ ਨਾਵਲਕਾਰ ਕੇਸਰ ਸਿੰਘ: ਜੀਵਨ ਅਤੇ ਰਚਨਾ, (ਚੇਤਨਾ ਪ੍ਰਕਾਸ਼ਨ ਲੁਧਿਆਣਾ, 2008) ਵਿੱਚ ਅਜਮੇਰ ਰੋਡੇ ਦਾ ਲੇਖ, ਸਫਾ 221-226
  2. ਪੰਜਾਬੀ ਲੇਖਕ ਮੰਚ ਵਲੋਂ ਪ੍ਰਕਾਸ਼ਤ ਕਿਤਾਬ ਨਾਵਲਕਾਰ ਕੇਸਰ ਸਿੰਘ: ਜੀਵਨ ਅਤੇ ਰਚਨਾ, (ਚੇਤਨਾ ਪ੍ਰਕਾਸ਼ਨ ਲੁਧਿਆਣਾ, 2008) ਵਿੱਚ ਡਾ: ਪ੍ਰਿਥਵੀ ਰਾਜ ਕਾਲੀਆ ਦਾ ਲੇਖ, ਸਫਾ 34-36
  3. 3.0 3.1 ਪੰਜਾਬੀ ਲੇਖਕ ਮੰਚ ਵਲੋਂ ਪ੍ਰਕਾਸ਼ਤ ਕਿਤਾਬ ਨਾਵਲਕਾਰ ਕੇਸਰ ਸਿੰਘ: ਜੀਵਨ ਅਤੇ ਰਚਨਾ, (ਚੇਤਨਾ ਪ੍ਰਕਾਸ਼ਨ ਲੁਧਿਆਣਾ, 2008) ਵਿੱਚ ਪ੍ਰੋ: ਕੁਲਵੰਤ ਸਿੰਘ ਦਾ ਲੇਖ, ਸਫਾ 37-39
  4. ਪੰਜਾਬੀ ਲੇਖਕ ਮੰਚ ਵਲੋਂ ਪ੍ਰਕਾਸ਼ਤ ਕਿਤਾਬ ਨਾਵਲਕਾਰ ਕੇਸਰ ਸਿੰਘ: ਜੀਵਨ ਅਤੇ ਰਚਨਾ, (ਚੇਤਨਾ ਪ੍ਰਕਾਸ਼ਨ ਲੁਧਿਆਣਾ, 2008) ਵਿੱਚ ਪ੍ਰਕਾਸ਼ਤ ਉਹਨਾਂ ਦਾ ਭਾਸ਼ਨ, ਸਫਾ 70-76
  5. 5.0 5.1 ਪੰਜਾਬੀ ਲੇਖਕ ਮੰਚ ਵਲੋਂ ਪ੍ਰਕਾਸ਼ਤ ਕਿਤਾਬ ਨਾਵਲਕਾਰ ਕੇਸਰ ਸਿੰਘ: ਜੀਵਨ ਅਤੇ ਰਚਨਾ, (ਚੇਤਨਾ ਪ੍ਰਕਾਸ਼ਨ ਲੁਧਿਆਣਾ, 2008) ਵਿੱਚ ਛਪੇ ਗਿਆਨੀ ਕੇਸਰ ਸਿੰਘ ਦੀ ਆਤਮ ਕਥਾ ਦੇ ਕੁੱਝ ਹਿੱਸੇ, ਸਫਾ 48-69 ਅਤੇ ਡਾ: ਪ੍ਰਿਥਵੀ ਰਾਜ ਕਾਲੀਆ ਦਾ ਲੇਖ, ਸਫਾ 34-36
  6. ਪੰਜਾਬੀ ਲੇਖਕ ਮੰਚ ਵਲੋਂ ਪ੍ਰਕਾਸ਼ਤ ਕਿਤਾਬ ਨਾਵਲਕਾਰ ਕੇਸਰ ਸਿੰਘ: ਜੀਵਨ ਅਤੇ ਰਚਨਾ, (ਚੇਤਨਾ ਪ੍ਰਕਾਸ਼ਨ ਲੁਧਿਆਣਾ, 2008) ਵਿੱਚ ਕਿਰਪਾਲ ਸਿੰਘ ਕਸੇਲ ਦੇ ਲੇਖ ਵਿੱਚ ਦਿੱਤਾ ਗਿਆ ਹਵਾਲਾ, ਸਫਾ 42-43
  7. 7.0 7.1 ਪੰਜਾਬੀ ਲੇਖਕ ਮੰਚ ਵਲੋਂ ਪ੍ਰਕਾਸ਼ਤ ਕਿਤਾਬ ਨਾਵਲਕਾਰ ਕੇਸਰ ਸਿੰਘ: ਜੀਵਨ ਅਤੇ ਰਚਨਾ, (ਚੇਤਨਾ ਪ੍ਰਕਾਸ਼ਨ ਲੁਧਿਆਣਾ, 2008) ਵਿੱਚ ਛਪੇ ਗਿਆਨੀ ਕੇਸਰ ਸਿੰਘ ਦੀ ਆਤਮ ਕਥਾ ਦੇ ਕੁੱਝ ਹਿੱਸੇ, ਸਫਾ 48-69
  8. ਪੰਜਾਬੀ ਲੇਖਕ ਮੰਚ ਵਲੋਂ ਪ੍ਰਕਾਸ਼ਤ ਕਿਤਾਬ ਨਾਵਲਕਾਰ ਕੇਸਰ ਸਿੰਘ: ਜੀਵਨ ਅਤੇ ਰਚਨਾ, (ਚੇਤਨਾ ਪ੍ਰਕਾਸ਼ਨ ਲੁਧਿਆਣਾ, 2008) ਵਿੱਚ ਡਾ: ਰਘਬੀਰ ਸਿੰਘ ਦਾ ਲੇਖ, ਨਾਵਲਕਾਰ ਗਿਆਨ ਕੇਸਰ ਸਿੰਘ, ਸਫਾ 111-123
  9. ਪੰਜਾਬੀ ਲੇਖਕ ਮੰਚ ਵਲੋਂ ਪ੍ਰਕਾਸ਼ਤ ਕਿਤਾਬ ਨਾਵਲਕਾਰ ਕੇਸਰ ਸਿੰਘ: ਜੀਵਨ ਅਤੇ ਰਚਨਾ, (ਚੇਤਨਾ ਪ੍ਰਕਾਸ਼ਨ ਲੁਧਿਆਣਾ, 2008) ਵਿੱਚ ਗੁਰਚਰਨ ਰਾਮਪੁਰੀ ਦਾ ਲੇਖ ਇਤਿਹਾਸ ਅਤੇ ਕਲਪਨਾ ਦਾ ਸੁਮੇਲ ਕੇਸਰ ਸਿੰਘ, ਸਫਾ 15-24
  10. ਪੰਜਾਬੀ ਲੇਖਕ ਮੰਚ ਵਲੋਂ ਪ੍ਰਕਾਸ਼ਤ ਕਿਤਾਬ "ਨਾਵਲਕਾਰ ਕੇਸਰ ਸਿੰਘ: ਜੀਵਨ ਅਤੇ ਰਚਨਾ", (ਚੇਤਨਾ ਪ੍ਰਕਾਸ਼ਨ ਲੁਧਿਆਣਾ, 2008) ਵਿੱਚ ਕਿਰਪਾਲ ਸਿੰਘ ਕਸੇਲ ਦਾ ਲੇਖ, ਸਫਾ 40-47
  11. ਪੰਜਾਬੀ ਲੇਖਕ ਮੰਚ ਵਲੋਂ ਪ੍ਰਕਾਸ਼ਤ ਕਿਤਾਬ ਨਾਵਲਕਾਰ ਕੇਸਰ ਸਿੰਘ: ਜੀਵਨ ਅਤੇ ਰਚਨਾ, (ਚੇਤਨਾ ਪ੍ਰਕਾਸ਼ਨ ਲੁਧਿਆਣਾ, 2008) ਵਿੱਚ ਡਾ: ਰਘਬੀਰ ਸਿੰਘ ਸਿਰਜਣਾ ਦਾ ਲੇਖ, ਸਫਾ 111-123
  12. Giant of Punjabi Literature Giani Kesar Singh Passed Away।n Canada on September 20