ਕੋਟਲਾ ਛਪਾਕੀ
ਕੋਟਲਾ ਛਪਾਕੀ ਜਾਂ ਕਾਜੀ ਕੋਟਲੇ ਦੀ ਮਾਰ ਇੱਕ ਖੇਡ ਹੈ। ਇਹ ਮੁੰਡੇ-ਕੁੜੀਆਂ ਵੱਲੋਂ ਮਿਲ ਕੇ ਜਾਂ ਇਕੱਲੇ ਮੁੰਡੇ ਜਾਂ ਇਕੱਲੀਆਂ ਕੁਡੀਆਂ ਵੱਲੋਂ ਖੇਡੀ ਜਾਂਦੀ ਹੈ। ਇਹ ਖੇਡ ਨੂੰ ਘੱਟ ਤੋਂ ਘੱਟ 7-15 ਬੱਚੇ ਖੇਡਦੇ ਹਨ ਗਿਣਤੀ ਜ਼ਿਆਦਾ ਵੀ ਹੋ ਸਕਦੀ ਹੈ। ਕੱਪੜੇ ਦੇ ਇੱਕ ਟੁਕੜੇ ਨੂੰ ਵੱਟ ਚੜ੍ਹਾ ਕੇ, ਦੂਹਰਾ ਕਰ ਕੇ, ਇੱਕ ਪੋਲਾ ਜਿਹਾ ਦੋ-ਤਿੰਨ ਫੁੱਟ ਦਾ ਰੱਸਾ ਤਿਆਰ ਕੀਤਾ ਜਾਂਦਾ ਹੈ ਜਿਸ ਨੂੰ ਕੋਟਲਾ ਕਹਿੰਦੇ ਹਨ ਇਹ ਕੋਟਲਾ ਦਾਈ ਦੇਣ ਵਾਲੇ ਕੋਲ ਹੁੰਦਾ ਹੈ। ਵਾਰੀ (ਦਾਈ) ਦੇਣ ਵਾਲੇ ਬੱਚੇ ਦੀ ਚੋਣ ਛੋਟੇ ਟੈਸਟ ਰਾਹੀ ਕੀਤੀ ਜਾਂਦੀ ਹੈ ਜੋ ਹਾਰ ਜਾਂਦਾ ਹੈ ਉਸ ਦੀ ਦਾਈ ਮਤਲਵ ਵਾਰੀ ਆ ਜਾਂਦੀ ਹੈ। ਸਾਰੇ ਬੱਚੇ ਇੱਕ ਚੱਕਰ ਦੇ ਰੂਪ ਵਿੱਚ ਮੂੰਹ ਹੇਠਾਂ ਅਤੇ ਮੂੰਹ ਦੀ ਦਿਸ਼ਾ ਚੱਕਰ ਦੇ ਕੇਂਦਰ ਵੱਲ ਕਰ ਕੇ ਬੈਠ ਜਾਂਦੇ ਹਨ ਅਤੇ ਵਾਰੀ ਦੇਣ ਵਾਲਾ ਹੱਥ ਵਿੱਚ ਕੋਟਲਾ ਫੜ੍ਹ ਉਸ ਚੱਕਰ ਦੇ ਦੁਆਲੇ ਘੁੰਮਦਾ ਹੈ।
ਦਾਈ ਵਾਲਾ ਘੁੰਮਦਾ ਹੋਇਆ ਪੁਕਾਰਦਾ ਹੈ, ਕੋਟਲਾ ਛਪਾਕੀ ਜੁੰਮੇ ਰਾਤ ਆਈ ਏ।
ਬੈਠੇ ਬੱਚੇ ਬੋਲਦੇ ਹਨ ਆਈ ਏ, ਜੀ ਆਈ ਏ।
ਫਿਰ ਦਾਈ ਵਾਲਾ ਬੱਚਾ ਬੋਲਦਾ ਹੈ ਜਿਹੜਾ ਪਿੱਛੇ ਭੌਂ ਕੇ ਵੇਖੇ, ਉਸ ਦੀ ਸ਼ਾਮਤ ਆਈ ਏ।
ਇਸ ਖੇਡ ਵਿੱਚ ਵਾਰੀ ਦੇਣ ਵਾਲੇ ਦਾ ਮੁੱਖ ਮੰਤਵ ਇਹ ਹੁੰਦਾ ਹੈ ਕਿ ਉਹ ਕੋਟਲੇ ਨੂੰ ਕਿਸੇ ਬੱਚੇ ਦਾ ਪਿੱਛੇ ਰੱਖ ਦੇਵੇ ਪਰ ਉਸ ਨੂੰ ਪਤਾ ਨਾ ਲੱਗੇ। ਇਸ ਦੇ ਉਲਟ ਬੈਠੇ ਬੱਚੇ ਬਿਨਾਂ ਪਿੱਛੇ ਵੇਖੇ, ਪੂਰੀ ਤਰ੍ਹਾਂ ਚੌਕਸ ਰਹਿੰਦੇ ਹਨ ਕਿ ਕੋਟਲਾ ਉਸ ਦੇ ਪਿੱਛੇ ਤਾਂ ਨਹੀਂ ਰੱਖਿਆ ਗਿਆ। ਉਂਜ ਜੇਕਰ ਬੈਠੇ ਬੱਚਿਆਂ ਵਿੱਚੋਂ ਕੋਈ ਪਿੱਛੇ ਭੌਂ ਕੇ ਵੇਖਦਾ ਹੈ ਤਾਂ ਵਾਰੀ ਦੇਣ ਵਾਲਾ ਉਸ ਦੀ ਪਿੱਠ ਜਾਂ ਢੂਹੀ ਤੇ ਕੋਟਲਾ ਮਾਰਦਾ ਹੈ। ਇਸ ਖੇਡ ਵਿੱਚ ਵਾਰੀ ਦੇਣ ਵਾਲਾ ਚੋਰੀ ਨਾਲ ਕੋਟਲਾ ਕਿਸੇ ਬੱਚੇ ਦੇ ਪਿੱਛੇ ਰੱਖ ਦਿੰਦਾ ਹੈ ਅਤੇ ਕੋਟਲਾ ਛਪਾਕੀ ਜੁੰਮੇ ਰਾਤ ਆਈ ਬੋਲਦਾ, ਬੈਠੇ ਬੱਚਿਆਂ ਦੁਆਲਾ ਘੁੰਮਦਾ ਹੈ। ਜੇਕਰ ਬੈਠੇ ਬੱਚਿਆਂ ਵਿੱਚੋਂ ਬੱਚੇ ਨੂੰ ਪਤਾ ਲੱਗ ਜਾਵੇ ਕਿ ਉਸ ਦੇ ਮਗਰ ਕੋਟਲਾ ਹੈ ਤਾਂ ਉਹ ਬੱਚਾ ਕੋਟਲਾ ਫੜ ਕੇ ਵਾਰੀ ਦੇਣ ਵਾਲੇ ਦੇ ਮਗਰ ਦੌੜਦਾ ਹੈ ਅਤੇ ਕੋਟਲਾ ਉਸ ਦੇ ਮਾਰਨ ਦੀ ਕੋਸ਼ਿਸ਼ ਕਰਦਾ ਹੈ, ਜਦ ਤੱਕ ਵਾਰੀ ਦੇਣ ਵਾਲਾ ਉਸ ਦੀ ਥਾਂ ’ਤੇ ਆ ਕੇ ਨਹੀਂ ਬੈਠਦਾ। ਜੇ ਬੱਚੇ ਨੂੰ ਪਿੱਛੇ ਰੱਖੇ ਕੋਟਲੇ ਦਾ ਪਤਾ ਨਾ ਲੱਗੇ ਤਾਂ ਵਾਰੀ ਦੇਣ ਵਾਲਾ, ਉਸ ਬੈਠੇ ਬੱਚੇ ਨੂੰ ਕੋਟਲੇ ਨਾਲ ਮਾਰਦਾ ਹੈ ਤੇ ਬੈਠਾ ਹੋਇਆ ਬੱਚਾ ਮਾਰ ਤੋਂ ਬਚਣ ਲਈ ਉਠ ਕੇ ਬੈਠੇ ਬੱਚਿਆਂ ਦੇ ਦੁਆਲੇ ਘੁੰਮਦਾ ਹੈ ਤੇ ਚੱਕਰ ਲਾ ਕੇ ਆਪਣੀ ਥਾਂ ਤੇ ਮੁੜ ਬਹਿੰਦਾ ਹੈ ਅਤੇ ਇਸ ਤਰ੍ਹਾਂ ਫਿਰ ਉਸ ਬੱਚੇ ਨੂੰ ਵਾਰੀ ਦੇਣੀ ਪੈਂਦੀ ਹੈ। ਇਹ ਖੇਡ ਸਰੀਰਕ ਵਿਕਾਸ ਦੇ ਨਾਲ ਮਾਨਸਿਕ ਵਿਕਾਸ ਨੂੰ ਵੀ ਉਤਸ਼ਾਹਤ ਕਰਦੀ ਹੈ।
ਗੀਤ
ਸੋਧੋਕੋਟਲਾ ਛਪਾਕੀ ਜੁੰਮੇ ਰਾਤ ਆਈ ਜੀ!
ਖੇਡ ਏਹ ਬੜੀ ਹੀ ਪਿਆਰੀ ਹੁੰਦੀ ਸੀ,
ਜੱਗ ਉਤੇ ਸ਼ਾਨ ਵੀ ਨਿਆਰੀ ਹੁੰਦੀ ਸੀ,
ਰਲਕੇ ਇਹ ਸਾਰੀਆਂ ਹੀ ਜਾਣ ਗਾਈ ਜੀ,
ਕੋਟਲਾ ਛਪਾਕੀ ਜੁੰਮੇਂ ਰਾਤ ਆਈ ਜੀ !
ਕੋਟਲਾ ਛਪਾਕੀ ਖੇਡਦੀਆਂ ਕੁੜੀਆਂ,
ਪਰ ਕਿਉਂ ਪਿਆਰ ਵਲੋਂ ਏਹੇ ਥੁੜੀਆਂ,
ਸਹੇਲੀਆਂ ਨੇ ਪੁੱਗ ਖੇਡ ਸੀ ਚਲਾਈ ਜੀ,
ਕੋਟਲਾ ਛਪਾਕੀ ਜੁੰਮੇਂ ਰਾਤ ਆਈ ਜੀ!
ਮੁੱਖ ਨੇ ਪਿਆਰੇ ਜਿਵੇਂ ਸੂਹੇ ਫੁੱਲ ਜੀ,
ਜਿਨ੍ਹਾਂ ਦਾ ਜਹਾਨ ਤੇ ਨਾ ਕੋਈ ਮੁੱਲ ਜੀ,
ਸਾਰੀਆ ਨੇ ਰਲ ਧਮੱਚੜ ਮਚਾਈ ਜੀ,
ਕੋਟਲਾ ਛਪਾਕੀ ਜੁੰਮੇਂ ਰਾਤ ਆਈ ਜੀ!
ਕੱਚਿਆਂ ਘਰਾਂ ਦੇ ਬੜੇ ਖੁੱਲੇ ਵੇਹੜੇ ਨੇ,
ਗੂੜ੍ਹਿਆਂ ਰੰਗਾਂ ਦੇ ਸੂਟ ਪਾਏ ਜ੍ਹੇੜੇ ਨੇ,
ਤੋਤੇ ਰੰਗੀ ਚੁੰਨੀ ਗਲ ਵਿੱਚ ਪਾਈ ਜੀ,
ਕੋਟਲਾ ਛਪਾਕੀ ਜੁੰਮੇਂ ਰਾਤ ਆਈ ਜੀ!
ਕੱਚੇ ਕੋਠੇ ਕੋਲ ਇੱਕ ਡਾਹੀ ਮੰਜੀ ਆ,
ਪਾਣੀ ਵਾਲੇ ਘੜੇ ਹੇਠ ਘੜਵੰਜੀ ਆ,
ਪਾਥੀਆਂ ਵੀ ਕੰਧ ਉੱਤੇ ਜਾਣ ਲਾਈ ਜੀ,
ਕੋਟਲਾ ਛਪਾਕੀ ਜੁੰਮੇਂ ਰਾਤ ਆਈ ਜੀ!
ਸੱਤਾਂ ਨੇ ਤਾਂ ਬਾਹਾਂ ਗੋਡਿਆ ਤੇ ਧਰੀਆ,
ਸਿਰ ਉੱਤੇ ਧਰ ਅੱਖਾਂ ਬੰਦ ਕਰੀਆ,
ਜਿਨ੍ਹਾਂ ਪਿਛੇ ਜਾਵੇ ਕੋਟਲਾ ਛੁਪਾਈ ਜੀ,
ਕੋਟਲਾ ਛਪਾਕੀ ਜੁੰਮੇਂ ਰਾਤ ਆਈ ਜੀ!
ਲਾਲ ਰੰਗੀ ਚੁੰਨੀ ਫੜੀ ਦੇਕੇ ਵੱਟ ਜੀ,
ਅੱਗੇ ਪਿਛੇ ਦੇਖਣਾ ਨਾ ਲਾਈ ਰੱਟ ਜੀ,
ਸੱਚੀ ਗੱਲ ਮੂੰਹੋ ਬੋਲ ਕੇ ਸੁਨਾਈ ਜੀ,
ਕੋਟਲਾ ਛਪਾਕੀ ਜੁੰਮੇਂ ਰਾਤ ਆਈ ਜੀ!
ਬੜੀ ਬਲਕਾਰ ਭੈੜੀ ਸਮੇਂ ਦੀ ਚਾਲ ਜੀ,
ਵਿਰਸੇ ਨੂੰ ਕਰ ਰਹੀ ਜੋ ਕੰਗਾਲ ਜੀ,
ਛੱਡਿਆ ਨਾ ਕੱਖ ਸਭ ਜਾਣ ਖਾਈ ਜੀ,
ਕੋਟਲਾ ਛਪਾਕੀ ਜੁੰਮੇਂ ਰਾਤ ਆਈ ਜੀ!
ਬਲਕਾਰ ਸਿੰਘ ਭਾਈ ਰੂਪਾ