ਕੋਰਾ/ਕੋਰੇ ਦੀਆਂ ਕਈ ਕਿਸਮਾਂ ਹਨ। ਮੈਦਾਨਾਂ ਵਿਚ ਜਿਆਦਾ ਸਰਦੀ ਪੈਣ ਕਾਰਨ ਘਾਹ ਫੂਸ ਉੱਪਰ ਜੋ ਪਾਣੀ ਜੰਮ ਜਾਂਦਾ ਹੈ, ਉਸ ਨੂੰ ਕੋਰਾ ਕਹਿੰਦੇ ਹਨ। ਮਿੱਟੀ ਦੇ ਜਿਸ ਭਾਂਡੇ ਵਿਚ ਅਜੇ ਪਾਣੀ ਨਾ ਪਾਇਆ ਹੋਵੇ, ਉਸ ਨੂੰ ਵੀ ਕੋਰਾ ਕਹਿੰਦੇ ਹਨ।ਨਵਾਂ, ਅਣਲੱਗ ਤੇ ਅਣਧੋਤੇ ਕੱਪੜੇ ਨੂੰ ਵੀ ਕੋਰਾ ਕਹਿੰਦੇ ਹਨ। ਕੋਰੇ ਦੀਆਂ ਹੋਰ ਵੀ ਕਈ ਕਿਸਮਾਂ ਹਨ। ਪਹਿਲੇ ਸਮਿਆਂ ਵਿਚ ਬਰਾਤ ਨੂੰ ਰੋਟੀ ਖਵਾਉਣ ਸਮੇਂ ਥੱਲੇ ਜੋ ਖੱਦਰ ਦਾ ਕੱਪੜਾ ਵਿਛਾਇਆ ਜਾਂਦਾ ਸੀ, ਉਸ ਨੂੰ ਵੀ ਕੋਰਾ ਕਹਿੰਦੇ ਹਨ।ਮੈਂ ਤੁਹਾਨੂੰ ਅੱਜ ਇਸ ਕੋਰੇ ਬਾਰੇ ਹੀ ਦੱਸਣ ਲੱਗਿਆ ਹਾਂ। ਇਹ ਕੋਰਾ ਖੱਦਰ ਦਾ ਹੁੰਦਾ ਸੀ। ਪਿੰਡਾਂ ਦੇ ਦਰਜੀ ਸ਼੍ਰੇਣੀ ਵਾਲੇ ਕੋਰੇ ਦਾ ਕੰਮ ਕਰਦੇ ਸਨ। ਉਨ੍ਹਾਂ ਨੂੰ ਕੋਰੇ ਦੇ ਕੰਮ ਦਾ ਲਾਗ ਦਿੱਤਾ ਜਾਂਦਾ ਸੀ। ਕਈ ਅਮੀਰ ਪਰਿਵਾਰਾਂ ਦੇ ਘਰ ਦੇ ਹੀ ਕੋਰੇ ਬਣਾਏ ਹੁੰਦੇ ਸਨ।[1]

ਕੋਰੇ ਦੀ ਚੌੜਾਈ ਤੇ ਲੰਮਾਈ ਵਿਦਿਆਰਥੀਆਂ ਦੇ ਤਪੜਾਂ ਜਿੰਨੀ/ਆਮ ਖੱਦਰ ਜਿੰਨੀ ਹੁੰਦੀ ਸੀ। ਦੁਪਹਿਰ ਦੀ ਰੋਟੀ ਤੇ ਰਾਤ ਦੀ ਰੋਟੀ ਸਮੇਂ ਬਰਾਤ ਆਉਣ ਤੋਂ ਪਹਿਲਾਂ ਦਰਜੀ ਕੋਰਿਆਂ ਨੂੰ ਸਿੱਧੀਆਂ ਲਾਈਨਾਂ ਵਿਚ ਵਿਛਾ ਦਿੰਦੇ ਸਨ। ਜਦ ਬਰਾਤ ਰੋਟੀ ਖਾ ਕੇ ਚਲੀ ਜਾਂਦੀ ਸੀ ਤਾਂ ਕੋਰੇ ਕੱਠੇ ਕਰ ਕੇ ਰੱਖ ਦਿੰਦੇ ਸਨ। ਉਨ੍ਹਾਂ ਸਮਿਆਂ ਵਿਚ ਬਰਾਤ ਨੂੰ ਸਵੇਰ ਦਾ ਚਾਹ ਪਾਣੀ ਡੇਰਿਆਂ/ਧਰਮਸਾਲਾ ਵਿਚ ਹੀ ਪਲਾਈ ਜਾਂਦੀ ਸੀ। ਬਰਾਤਾਂ 2-3 ਦਿਨ ਠਹਿਰਦੀਆਂ ਸਨ। ਇਸ ਲਈ ਹਰ ਰੋਜ ਦਰਜੀ ਕੋਰੇ ਵਿਛਾਉਂਦੇ ਸਨ ਤੇ ਕੱਠੇ ਕਰ ਲੈਂਦੇ ਸਨ।ਹੁਣ ਬਹੁਤੇ ਵਿਆਹ ਚਾਹੇ ਵਿਆਹ ਭਵਨਾਂ ਵਿਚ ਹੁੰਦੇ ਹਨ, ਚਾਹੇ ਘਰੀਂ ਕੀਤੇ ਜਾਂਦੇ ਹਨ, ਚਾਹੇ ਸ਼ਾਮਿਆਨੇ ਲਾ ਕੇ ਕੀਤੇ ਜਾਂਦੇ ਹਨ, ਹਰ ਥਾਂ ਜੰਨ ਨੂੰ ਰੋਟੀ ਕੁਰਸੀਆਂ, ਸੋਫਿਆਂ ਤੇ ਮੇਜਾਂ ਤੇ ਖਵਾਈ ਜਾਂਦੀ ਹੈ। ਇਸ ਲਈ ਬਰਾਤਾਂ ਨੂੰ ਕੋਰੇ ਵਿਛਾ ਕੇ ਰੋਟੀ ਖਵਾਉਣ ਦਾ ਰਿਵਾਜ ਹੁਣ ਬਿਲਕੁਲ ਖ਼ਤਮ ਹੋ ਗਿਆ ਹੈ।[1][2]

ਹਵਾਲੇ

ਸੋਧੋ
  1. 1.0 1.1 ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.
  2. www.DiscoverSikhism.com. Sri Gur Pratap Suraj Granth Steek - Part 1 (in Punjabi).{{cite book}}: CS1 maint: unrecognized language (link)

ਬਾਹਰੀ ਲਿੰਕ

ਸੋਧੋ