ਕੌਲਰਿਜ ਦਾ ਕਲਪਨਾ ਸਿਧਾਂਤ
ਕੌਲਰਿਜ
ਸੋਧੋਕੌਲਰਿਜ ਦਾ ਜਨਮ 21ਅਕਤੂਬਰ 1772ਈ. ਨੂੰ ਇੰਗਲੈਂਡ ਦੇ ਓਟਰੇ ਸੈਟ ਮੈਰੀ ਇਲਾਕੇ ਵਿੱਚ ਹੋਇਆ।
ਕੌਲਰਿਜ ਦਾ ਪੂਰਾ ਨਾਮ ਸੈਮੂਅਲ ਟੇਲਰ ਕੌਲਰਿਜ ਸੀ। ਕੌਲਰਿਜ 19ਵੀ. ਸਦੀ ਦਾ ਰੁਮਾਂਸਵਾਦੀ ਕਵੀ ਸੀ। ਕਵੀ ਹੋਣ ਦੇ ਨਾਲ ਨਾਲ ਉਹ ਇੱਕ ਸਾਹਿਤਕ ਆਲੋਚਕ, ਦਾਰਸ਼ਨਿਕ ਅਤੇ ਧਰਮ ਸ਼ਾਸਤਰੀ ਵੀ ਸੀ। ਵਿਲੀਅਮ ਵਰਡਜਵਰਥ ਦੇ ਨਾਲ ਮਿਲ ਕੇ ਉਸਨੇ ਕਵਿਤਾ ਦੀ ਸਿਧਾਂਤਕਾਰੀ ਵੀ ਕੀਤੀ ਅਤੇ ਰੋਮਾਂਟਿਕ ਲਹਿਰ ਦਾ ਮੁੱਢ ਬੰਨਿਆਂ। ਦੋ ਭਾਗਾਂ 'ਚ ਉਸਦੀ ਸਵੈ-ਜੀਵਨੀ ਬਾਇਓਗ੍ਰਫ਼ੀਆ ਲਿਟਰੇਰੀਆਂ 1817 ਈ. ਵਿੱਚ ਛਪੀ। ਇਹ ਇੱਕ ਅਹਿਮ ਕਿਤਾਬ ਹੈ। 29 ਜੁਲਾਈ, 1834 ਈ. ਨੂੰ ਕੌਲਰਿਜ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ।
ਕੌਲਰਿਜ ਦਾ ਕਲਪਨਾ ਸਿਧਾਂਤ
ਸੋਧੋਕੌਲਰਿਜ ਨੇ ਆਪਣੀ ਸਵੈ-ਜੀਵਨੀ ਮੂਲਕ ਕਿਤਾਬ ਬਾਇਓਗ੍ਰਫ਼ੀਆ ਲਿਟਰੇਰੀਆਂ ਵਿੱਚ ਕਲਪਨਾ ਦੇ ਸਿਧਾਂਤ ਬਾਰੇ ਚਰਚਾ ਕੀਤੀ ਹੈ। ਇਸ ਕਿਤਾਬ ਦੇ ਤੀਜੇ ਅਧਿਆਇ ਵਿੱਚ ਉਹ ਕਲਪਨਾ ਅਤੇ ਫ਼ੈਨਸੀ ਦੇ ਆਪਸੀ ਵੱਖਰੇਵੇਂ ਦਾ ਜ਼ਿਕਰ ਕਰਦਾ ਹੈ ਅਤੇ ਆਖ਼ਰੀ (ਤੇਰਵੇਂ) ਅਧਿਆਇ ਵਿੱਚ ਇਸ ਬਾਬਤ ਵਿਸਥਾਰ ਸਹਿਤ ਚਰਚਾ ਕਰਦਾ ਹੈ। ਸਿਰਜਣਾਤਮਕ ਕਰਿਆਵਾਂ ਵਿੱਚ ਕਲਪਨਾ ਦੀ ਭੂਮਿਕਾ ਦੀ ਖੋਜ ਦੀ ਗੱਲ ਕਰਨ ਵਾਲਾ, ਕਲਪਨਾ ਅਤੇ ਫ਼ੈਨਸੀ ਵਿੱਚ ਵੱਖਰੇਵਾਂ ਦਰਸਾਉਣ ਵਾਲਾ ਕੌਲਰਿਜ ਪਹਿਲਾ ਆਲੋਚਕ ਹੈ। ਬਾਇਓਗ੍ਰਫ਼ੀਆ ਲਿਟਰੇਰੀਆਂ ਵਿੱਚ ਪੇਸ਼ ਕੌਲਰਿਜ ਦੇ ਕਲਪਨਾ ਸਿਧਾਂਤ ਆਧਾਰਿਤ ਆਈ. ਏ. ਰਿਚਰਡਜ਼ (Ivor Armstrong Richard) ਨੇ ਕੌਲਰਿਜ ਆਨ ਇਮੈਜੀਨੇਸ਼ਨ (Coleridge on imagination) ਲਿਖੀ। ਇਸ ਕਿਤਾਬ ਵਿੱਚ ਉਸਨੇ ਕੌਲਰਿਜ ਦੇ ਕਲਪਨਾ ਸਿਧਾਂਤ ਦੇ ਵੱਖ ਵੱਖ ਪੱਖਾਂ ਦਾ ਵਿਸ਼ਲੇਸ਼ਣ ਕੀਤਾ ਹੈ।
ਕੌਲਰਿਜ ਕਲਪਨਾ ਅਤੇ ਫ਼ੈਨਸੀ ਬਾਰੇ ਗੱਲ ਕਰਦਾ ਹੋਇਆ ਇਹਨਾਂ ਵਿਚਲੀ ਵੱਖਰਤਾ ਨੂੰ ਦਰਸਾਉਂਦਾ ਹੈ।ਉਹ ਕਲਪਨਾ ਨੂੰ ਉਚੇਰੀ ਯੋਗਤਾ ਮੰਨਦਾ ਹੈ। ਉਸ ਅਨੁਸਾਰ ਫ਼ੈਨਸੀ ਕਲਪਨਾ ਤੋਂ ਨੀਵੇਂ ਪੱਧਰ ਦੀ ਯੋਗਤਾ ਹੈ। ਉਹ ਕਲਪਨਾ ਨੂੰ ਸਿਰਜਣਾਤਮਕ ਸ਼ਕਤੀ ਵਜੋਂ ਅਤੇ ਫ਼ੈਨਸੀ ਨੂੰ ਇੱਕ ਯਾਦ ਸ਼ਕਤੀ ਵਜੋਂ ਸਵੀਕਾਰ ਕਰਦਾ ਹੈ। ਕੌਲਰਿਜ ਅਨੁਸਾਰ "ਤੁਸੀਂ ਫ਼ੈਨਸੀ ਅਤੇ ਕਲਪਨਾ ਵਿਚਲੇ ਫ਼ਰਕ ਨੂੰ ਇਸ ਤਰ੍ਹਾਂ ਅਨੁਭਵ ਕਰ ਸਕਦੇ ਹੋ ਕਿ ਜਿਵੇਂ ਵਿਵੇਕ ਅਤੇ ਤਰਕ ਦੇ ਪਹਿਰੇ ਨੂੰ ਹਟਾ ਦਿੱਤਾ ਜਾਵੇ ਤਾਂ ਫ਼ੈਨਸੀ ਉਨਮਾਦ ਬਣ ਜਾਵੇਗੀ ਅਤੇ ਕਲਪਨਾ ਸਨਕ।" ਉਸ ਅਨੁਸਾਰ ਕਲਪਨਾ ਬਾਹਰੀ ਸੰਸਾਰ ਤੋਂ ਪ੍ਰਾਪਤ ਹੋਣ ਵਾਲੇ ਪ੍ਰਭਾਵਾਂ ਮਿਲਾ ਕੇ ਕੁਝ ਨਵਾਂ ਸਿਰਜਦੀ ਹੈ ਜਦਕਿ ਫ਼ੈਨਸੀ ਕੁਝ ਨਵਾਂ ਨਹੀਂ ਸਿਰਜਦੀ, ਸਿਰਫ਼ ਮਿਸ਼ਰਨ ਤੱਕ ਹੀ ਸੀਮਿਤ ਹੈ। ਕੌਲਰਿਜ ਅਨੁਸਾਰ "ਫ਼ੈਨਸੀ ਸਿਰਜਨਾਤਮਕ ਪ੍ਰਤਿਭਾ ਦਾ ਬਾਹਰੀ ਰੂਪ ਜਾਂ ਪਰਦਾ ਹੈ ਅਤੇ ਕਲਪਨਾ ਉਸਦੀ ਆਤਮਾ।ਪਰ ਇਹ ਗੱਲ ਧਿਆਨ 'ਚ ਰੱਖਣੀ ਅਹਿਮ ਹੈ ਕਿ ਕੌਲਰਿਜ ਫ਼ੈਨਸੀ ਨੂੰ ਨਾ-ਵਾਚੀ ਅਰਥਾਂ ਵਿੱਚ ਨਹੀਂ ਲੈਂਦਾ ਸਗੋਂ ਕਲਪਨਾ ਦੇ ਲਾਜ਼ਮੀ ਤੱਤ ਵਜੋਂ ਸਵੀਕਾਰ ਕਰਦਾ ਹੈ।ਰਿਚਰਡ ਕਹਿੰਦਾ ਹੈ ਕਿ ਕੌਲਰਿਜ ਨੇ ਇਸ ਗੱਲ 'ਤੇ ਜੋਰ ਦਿੱਤਾ ਕਿ ਉਸਨੇ ਆਪਣੇ ਪਾਠਕਾਂ ਦੀ ਗ਼ਲਤਫ਼ਹਿਮੀ ਦੀ ਸਮਰੱਥਾ ਦਾ ਵਧੇਰੇ ਚੰਗਾ ਨਿਰਣਾ ਕੀਤਾ ਕਿ - "ਫ਼ੈਨਸੀ ਅਤੇ ਕਲਪਨਾ ਇੱਕ ਦੂਜੇ ਤੋਂ ਵੱਖਰੇ ਜਾਂ ਵਿਰੋਧੀ ਨਹੀਂ ਹਨ।"
ਕੌਲਰਿਜ ਕਲਪਨਾ ਨੂੰ ਵੀ ਅੱਗੋਂ ਦੋ ਭਾਗਾਂ ਵਿੱਚ ਵੰਡਦਾ ਹੈ।
- ਮੁੱਢਲੀ ਕਲਪਨਾ (primary imagination)
- ਦੂਜੈਲੀ ਕਲਪਨਾ (secondary imagination)
ਉਹ ਇਸ ਦੋ ਤਰ੍ਹਾਂ ਦੀ ਕਲਪਨਾ ਵਿੱਚ ਪੱਧਰ ਦਾ ਫ਼ਰਕ ਦੱਸਦਾ ਹੋਇਆ ਇਸਦਾ ਫੈ਼ਨਸੀ ਨਾਲੋਂ ਕਿਸਮ ਦਾ ਨਿਖੜਾ ਕਰਦਾ ਹੈ। ਇਹ ਨਿਖੇੜਾ ਕਰਦਿਆਂ ਕੌਲਰਿਜ ਕਹਿੰਦਾ ਹੈ "ਮਿਲਟਨ ਕੋਲ ਬਹੁਤ ਹੀ ਉਚ ਕਲਪਨਾਸ਼ੀਲ ਮਨ ਹੈ ਜਦਕਿ ਕੌਲੇ ਕੋਲ ਇੱਕ ਫ਼ੈਨਸੀ ਪੂਰਣ ਮਨ ਸੀ।" ਅਤੇ ਏਸ ਬਾਬਤ ਰਿਚਰਡ ਦਾ ਵਿਚਾਰ ਹੈ ਕਿ "ਕੌਲਰਿਜ ਨੇ ਫ਼ੈਨਸੀ ਅਤੇ ਕਲਪਨਾ ਵਿਚਕਾਰ ਸਬੰਧਾਂ ਦੀ ਉਨਮਾਦ ਅਤੇ ਖ਼ਬਤ ਵਿਚਕਾਰ ਸਬੰਧਾਂ ਨਾਲ ਤੁਲਨਾ ਕੀਤੀ ਹੈ।"
ਮੁੱਢਲੀ ਕਲਪਨਾ (primary imagination)
ਸੋਧੋਕੌਲਰਿਜ ਅਨੁਸਾਰ ਮੁੱਢਲੀ ਕਲਪਨਾ ਇੰਦਰੀਆਂ ਦੇ ਰਾਹੀਂ ਬਾਹਰੀ ਸੰਸਾਰ ਦੇ ਪ੍ਰਭਾਵਾਂ ਨੂੰ ਗ੍ਰਹਿਣ ਕਰਦੀ ਹੈ ਅਤੇ ਉਹਨਾਂ ਦੀ ਪਛਾਣ ਸਥਾਪਿਤ ਕਰਦੀ ਹੈ।ਇਹ ਗ੍ਰਹਿਣ ਕੀਤੇ ਪ੍ਰਭਾਵਾਂ ਨੂੰ ਇੱਕ ਦੂਜੇ ਨਾਲ ਬੰਨ੍ਹਣ ਦਾ ਕੰਮ ਵੀ ਕਰਦੀ ਹੈ।ਇਹ ਇੱਕ ਸਰਵ ਵਿਆਪਕ ਅਤੇ ਨਿਰਵਿਘਨ ਸ਼ਕਤੀ ਹੈ ਜੋ ਸਾਰੇ ਮਨੁੱਖਾਂ ਵਿੱਚ ਸਮਾਨ ਰੂਪ ਵਿੱਚ ਮੌਜੂਦ ਹੁੰਦੀ ਹੈ। ਇਹ ਮਨੁੱਖੀ ਮਨ ਦੀ ਆਪ ਮੁਹਾਰੀ ਕਿਰਿਆ ਹੈ ਜਿਸਦੇ ਲਈ ਕਿਸੇ ਵਿਸ਼ੇਸ਼ ਤਰੱਦਦ ਅਤੇ ਚੇਤਨਾ ਦੀ ਲੋੜ ਨਹੀਂ। ਇਹ ਬਾਹਰੀ ਸੰਸਾਰ ਵਿਚਲੇ ਵਰਤਾਰਿਆਂ ਨੂੰ ਅਚੇਤ ਰੂਪ ਵਿੱਚ ਹੀ ਗ੍ਰਹਿਣ ਕਰ ਲੈਂਦੀ ਹੈ।
ਦੁਜੈਲੀ ਕਲਪਨਾ(secondary imagination)
ਸੋਧੋਕੌਲਰਿਜ ਅਨੁਸਾਰ ਇਹ ਸ਼ਕਤੀ ਸਿਰਫ਼ ਕਵੀਆਂ ਜਾਂ ਕਲਾਕਾਰਾਂ ਕੋਲ ਹੀ ਹੁੰਦੀ ਹੈ। ਇਸਦੇ ਨਾਲ ਹੀ ਉਹ ਹੋਰ ਚਿੰਤਨਸ਼ੀਲ ਮਨੁੱਖਾਂ ਵਿੱਚ ਇਸਦੀ ਮਜੂਦਗੀ ਤੋਂ ਇਨਕਾਰੀ ਨਹੀਂ ਹੁੰਦਾ। ਇਹ ਕਲਪਨਾ ਸ਼ਕਤੀ ਸਿਰਜਨ ਪ੍ਰਕਿਰਿਆ ਦਾ ਅਹਿਮ ਅੰਗ ਹੈ। ਇਹ ਬਾਹਰੀ ਸੰਸਾਰ ਦੇ ਅਨੁਭਵਾਂ ਵਿੱਚ ਕੁਝ ਰੱਦ ਕਰਦੀ ਹੈ ਅਤੇ ਕੁਝ ਨਵਾਂ ਜੋੜਦੀ ਹੈ,ਵਿਰੋਧੀ ਵਸਤਾਂ ਨੂੰ ਜੋੜਦੀ ਹੈ।ਇਸ ਪ੍ਰਕਿਰਿਆ ਰਾਹੀਂ ਹੀ ਇਹ ਨਵੀਂ ਵਸਤ ਦਾ ਨਿਰਮਾਣ ਕਰਦੀ ਹੈ। ਇਹ ਸ਼ਕਤੀ ਸਾਰਾ ਕਾਰਜ ਚੇਤੰਨ ਰੂਪ ਵਿੱਚ ਨਿਭਾਉਂਦੀ ਹੈ। ਦੂਜੈਲੀ ਕਲਪਨਾ ਸ਼ਕਤੀ ਨੂੰ ਮੁੱਢਲੀ ਕਲਪਨਾ ਨਾਲੋਂ ਮੂਲੋਂ ਹੀ ਨਿਖੇੜਿਆ ਨਹੀਂ ਜਾ ਸਕਦਾ। ਕੌਲਰਿਜ ਅਨੁਸਾਰ "ਦੂਜੈਲੀ ਕਲਪਨਾ ਮੁੱਢਲੀ ਕਲਪਨਾ ਦੀ ਇੱਕ ਗੂੰਜ ਹੈ।ਇਹ ਪੁਨਰ ਸਿਰਜਣਾ ਕਰਨ 'ਤੇ ਉਤਾਰੂ ਰਹਿੰਦੀ ਹੈ ਜਾਂ ਘੱਟ ਤੋਂ ਘੱਟ ਆਦਰਸ਼ ਬਣਾਉਣ ਜਾਂ ਇੱਕਸਾਰ ਕਰਨ ਲਈ।" ਮੁੱਢਲੀ ਕਲਪਨਾ ਸ਼ਕਤੀ ਦੁਆਰਾ ਪੈਦਾ ਕੀਤੀ ਗਈ ਸਮੱਗਰੀ ਨੂੰ ਇਹ ਕੱਚੇ ਮਾਲ ਦੇ ਵਜੋਂ ਵਰਤਦੀ ਹੈ। ਇਹ ਪ੍ਰਾਪਤ ਕੱਚੀ ਸਮੱਗਰੀ ਨੂੰ ਸੋਧਦੀ ਹੈ ਅਤੇ ਉਸਨੂੰ ਨਵੇਂ ਰੂਪ ਵਿੱਚ ਢਾਲਦੀ ਹੈ। ਸੋ ਇਹ ਇੱਕ ਅਹਿਮ ਸ਼ਕਤੀ ਹੈ ਜੋ ਕਲਾਤਮਕ ਸਿਰਜਣਾ ਨੂੰ ਸੰਭਵ ਬਣਾਉਂਦੀ ਹੈ।
ਫ਼ੈਨਸੀ
ਸੋਧੋਕੌਲਰਿਜ ਫ਼ੈਨਸੀ ਨੂੰ ਮਹਿਜ ਯਾਦ ਦੀ ਇੱਕ ਕਿਸਮ ਮੰਨਦਾ ਹੈ ਅਤੇ ਇਸਨੂੰ ਕਲਪਨਾ ਦੀ ਮੁੱਢਲੀ ਸਥਿਤੀ ਵਜੋਂ ਸਵੀਕਾਰਦਾ ਹੈ। ਉਸ ਅਨੁਸਾਰ ਇਸ ਵਿੱਚ ਚੀਜ਼ਾਂ ਆਪਸ 'ਚ ਜੁੜੀਆਂ ਤਾਂ ਹੁੰਦੀਆਂ ਹਨ ਪਰ ਉਹਨਾਂ ਵਿੱਚ ਸਮੇਂ ਅਤੇ ਸਥਾਨ ਦੀ ਕ੍ਰਮਬੱਧਤਾ ਗ਼ੈਰ ਹਾਜ਼ਰ ਹੁੰਦੀ ਹੈ।ਇਕ ਵਿਦਵਾਨ (ਮੋਸਾਓ ਓਕਾਮੋਟੋ) ਫ਼ੈਟਸੀ 'ਚ ਸਮੇਂ ਅਤੇ ਸਥਾਨ ਦੀ ਕ੍ਰਮ ਭੰਗਤਾ ਨੂੰ ਇੱਕ ਉਦਾਹਰਣ ਰਾਹੀਂ ਸਮਝਾਉਂਦਾ ਹੈ "ਜਿਵੇਂ 17ਵੀ.ਸਦੀ ਦੇ ਅੰਗਰੇਜ਼ ਵਿਅਕਤੀ ਕੌਰਨੈੱਲ ਦੀ 19ਵੀ. ਸਦੀ ਦੇ ਜਪਾਨੀ ਸਾਇਗੋ ਨਾਲ ਮੁਲਾਕਾਤ ਦਰਸਾ ਦੇਵੇ।" ਫ਼ੈਨਸੀ ਦਾ ਦਰਜਾ ਕਲਪਨਾ ਤੋਂ ਹੇਠਲਾ ਹੈ। ਇਸ ਵਿੱਚ ਕੁਦਰਤੀ ਅਤੇ ਨੈਤਿਕ ਕਿਸਮ ਦਾ ਸਬੰਧ ਨਹੀਂ ਹੁੰਦਾ।ਫ਼ੈਨਸੀ ਬਾਰੇ ਉਦਾਹਰਣ ਪੇਸ਼ ਕਰਦਾ ਹੋਇਆ ਕੌਲਰਿਜ ਕਹਿੰਦਾ ਹੈ ਕਿ "ਇਹ ਮੁੱਖ ਰੂਪ ਵਿੱਚ ਅਸਮਾਨ ਬਿੰਬਾਂ ਨੂੰ ਵਿਲੱਖਣ ਸਮਾਨਤਾ ਦੇ ਇੱਕ ਬਿੰਦੂ 'ਤੇ ਜਾਂ ਵਧੇਰੇ ਬਿੰਦੂਆਂ 'ਤੇ ਇਕੱਠੇ ਲਿਆਉਣ ਦੀ ਯੋਗਤਾ ਹੈ।ਇਹਨਾਂ ਬਿੰਬਾਂ ਵਿਚਕਾਰ ਕੁਦਰਤੀ ਅਤੇ ਨੈਤਿਕ ਸਬੰਧ ਨਹੀਂ ਹਨ ਪਰ ਕਵੀ ਦੁਆਰਾ ਅਚਾਨਕ ਵਾਪਰੇ ਇਤਫ਼ਕਾਂ ਦੁਆਰਾ ਇਕੱਠੇ ਨਰੜ ਨੂੰ ਪ੍ਰਗਟ ਕੀਤਾ ਗਿਆ ਹੈ।" ਭਾਵੇਂ ਕੌਲਰਿਜ ਫ਼ੈਨਸੀ ਨੂੰ ਕਲਪਨਾ ਨਾਲੋਂ ਨਿਖੇੜਦਾ ਹੋਇਆ ਇਸਨੂੰ ਕਲਪਨਾ ਤੋਂ ਹੇਠਲੇ ਪੱਧਰ ਦੀ ਮੰਨਦਾ ਹੈ। ਪਰ ਇਸਦੇ ਨਾਲ ਹੀ ਉਹ ਇਸਦੀ ਅਹਿਮੀਅਤ ਵੀ ਦਰਸਾਉਂਦਾ ਹੈ ਅਤੇ ਕਲਪਨਾ ਦੇ ਜਰੂਰੀ ਤੱਤ ਵਜੋਂ ਸਵੀਕਾਰ ਕਰਦਾ ਹੈ।ਉਸ ਅਨੁਸਾਰ "ਕਲਪਨਾ ਕੋਲ ਫ਼ੈਨਸੀ ਲਾਜ਼ਮੀ ਹੋਣੀ ਚਾਹੀਦੀ ਹੈ, ਅਸਲ ਵਿੱਚ, ਉਚੇਰੀਆਂ ਬੌਧਿਕ ਸ਼ਕਤੀਆਂ ਕੇਵਲ ਹੇਠਲੇ ਦੀ ਅਨੁਸਾਰੀ ਊਰਜਾ ਦੇ ਰਾਹੀਂ ਹੀ ਕਾਰਜ ਕਰ ਸਕਦੀਆਂ ਹਨ।"