ਕੱਚ ਦੀਆਂ ਚੂੜੀਆਂ
ਜਿਹੜੀਆਂ ਕੱਚ ਦੀਆਂ ਚੂੜੀਆਂ ਬਣੀਆਂ ਹੁੰਦੀਆਂ ਸਨ। ਉਨ੍ਹਾਂ ਨੂੰ ਵੰਗਾਂ ਵੀ ਕਹਿੰਦੇ ਸਨ। ਪੁਰਾਣੇ ਸਮਿਆਂ ਵਿਚ ਲੋਕਾਂ ਕੋਲ ਖਾਣ ਜੋਗੇ ਦਾਣੇ ਹੀ ਪੈਦਾ ਹੁੰਦੇ ਸਨ। ਸੋਨਾ ਖਰੀਦਣਾ ਆਮ ਆਦਮੀ ਦੇ ਵਸ ਦਾ ਰੋਗ ਨਹੀਂ ਸੀ। ਆਮ ਪਰਿਵਾਰਾਂ ਦੀਆਂ ਬਹੂਆਂ ਦਾ ਕੱਚ ਦੀਆਂ ਚੂੜੀਆਂ ਅਤੇ ਦੰਦਾਸਾ ਹੀ ਸ਼ਿੰਗਾਰ ਦੀਆਂ ਵਸਤਾਂ ਹੁੰਦੀਆਂ ਸਨ-
ਮੁੰਡਾ ਮੋਹ ਲਿਆ ਤਵੀਤਾਂ ਵਾਲਾ,
ਦਮੜੀ ਦਾ ਸੱਕ ਮਲ ਕੇ।
ਪਹਿਲੇ ਸਮਿਆਂ ਵਿਚ ਮੰਜੇ ਜੌੜ ਕੇ ਕੋਠੇ ਤੇ ਰੱਖੇ ਲਾਊਡ ਸਪੀਕਰ ਤੇ ਇਹ ਗੀਤ ਆਮ ਵੱਜਿਆ ਕਰਦਾ ਸੀ।
ਵਣਜਾਰੇ ਚੂੜੀਆਂ ਵੇਚਣ ਅਤੇ ਚੜ੍ਹਾਉਣ ਦਾ ਕੰਮ ਕਰਿਆ ਕਰਦੇ ਸਨ। ਜੇਕਰ ਪਿੰਡ ਵਿਚ ਵਣਜਾਰੇ ਆਏ ਦਾ ਪਤਾ ਲੱਗ ਜਾਂਦਾ ਸੀ, ਤਾਂ ਭਰਜਾਈ ਆਪਣੀ ਨਣਦ ਦਾ ਮਿੰਨਤ ਤਰਲਾ ਕਰ ਕੇ ਵਣਜਾਰੇ ਨੂੰ ਚੂੜੀਆਂ ਚੜ੍ਹਾਉਣ ਲਈ ਬੁਲਾਉਣ ਲਈ ਭੇਜਦੀ ਹੁੰਦੀ ਸੀ-
ਆਇਆ ਪਿੰਡ ਵਿਚ ਸੁਣੀਂਦਾ ਵਣਜਾਰਾ,
ਨੀ ਸੱਦ ਲਿਆ ਨਣਾਨੇ ਰਾਣੀਏ।
ਤੀਆਂ, ਕਰੂਏ ਤੇ ਸਰਗੀ ਦੇ ਵਰਤਾਂ ਸਮੇਂ ਚੂੜੀਆਂ ਵਿਸ਼ੇਸ਼ ਤੌਰ ਤੇ ਚੜ੍ਹਾਈਆਂ ਜਾਂਦੀਆਂ ਸਨ। ਮੇਲਿਆਂ ਵਿਚ ਵਿਸ਼ੇਸ਼ ਤੌਰ ਤੇ ਵਣਜਾਰੇ ਚੂੜੀਆਂ ਵੇਚਣ ਆਉਂਦੇ ਸਨ। ਜੇਕਰ ਕਿਸੇ ਦੇ ਪਤੀ ਦੀ ਮੌਤ ਹੋ ਜਾਂਦੀ ਸੀ ਤਾਂ ਉਸ ਦੇ ਪਹਿਨੀਆਂ ਚੂੜੀਆਂ ਨੂੰ ਭੰਨ-ਤੋੜ ਦਿਤਾ ਜਾਂਦਾ ਸੀ। ਕੋਈ ਵਿਧਵਾ ਚੂੜੀਆਂ ਨਹੀਂ ਪਹਿਨ ਸਕਦੀ ਸੀ। ਕੱਚ ਦੀਆਂ ਚੂੜੀਆਂ ਨੂੰ ਭੰਨ ਕੇ ਕੁੜੀਆਂ ਪਿਆਰ ਕਢਦੀਆਂ ਹੁੰਦੀਆਂ ਸਨ।
ਅੱਜ ਸਾਰੀਆਂ ਕੁੜੀਆਂ ਪੜ੍ਹਦੀਆਂ ਹਨ। ਏਸ ਲਈ ਚੂੜੀਆਂ-ਵੰਗਾਂ ਪਹਿਨਣ ਦਾ ਰਿਵਾਜ ਖਤਮ ਹੋ ਗਿਆ ਹੈ। ਵਿਆਹ ਵਿਚ ਵੰਗਾਂ ਦੀ ਥਾਂ ਹੁਣ ਚੂੜੇ ਪਹਿਨੇ ਜਾਂਦੇ ਹਨ ਜੋ ਪਲਾਸਟਿਕ ਦੇ ਬਣੇ ਹੁੰਦੇ ਹਨ।[1]