ਖ਼ਾਲਸਾ ਨਾਮਹ
ਖ਼ਾਲਸਾ ਨਾਮਹ ਬਖ਼ਤ ਮੱਲ ਦੀ ਫ਼ਾਰਸੀ ਭਾਸ਼ਾ ਦੀ ਲਿਖਤ ਹੈ ਜਿਸ ਵਿੱਚ ਮੁਢਲਾ ਸਿੱਖ ਇਤਿਹਾਸ ਦਰਜ਼ ਕੀਤਾ ਗਿਆ ਹੈ। ਇਹ 1810-14 ਦੌਰਾਨ ਲਿਖੀ ਗਈ।[1]
ਇਸ ਹੱਥ-ਲਿਖਤ ਵਿਚ ਗੁਰੂ ਨਾਨਕ ਦੇਵ ਤੋਂ ਲੈ ਕੇ 19 ਵੀਂ ਸਦੀ ਦੇ ਸ਼ੁਰੂ ਤੱਕ ਦਾ ਸਿੱਖ ਇਤਿਹਾਸ ਮਿਲਦਾ ਹੈ। ਖਰੜੇ ਦੀਆਂ ਅਣਛਪੀਆਂ ਕਾਪੀਆਂ ਬ੍ਰਿਟਿਸ਼ ਲਾਇਬ੍ਰੇਰੀ; ਰਾਇਲ ਏਸੀਆਟਿਕ ਸੁਸਾਇਟੀ, ਲੰਦਨ; ਪੰਜਾਬ ਯੂਨੀਵਰਸਿਟੀ, ਲਾਹੌਰ; ਖ਼ਾਲਸਾ ਕਾਲਜ, ਅੰਮ੍ਰਿਤਸਰ; ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ, (ਡਾ. ਗੰਡਾ ਸਿੰਘ ਸੰਗ੍ਰਹਿ) ਵਿਚ ਸੁਰੱਖਿਅਤ ਹਨ। ਲੇਖਕ ਇੱਕ ਕਸ਼ਮੀਰੀ ਬ੍ਰਾਹਮਣ ਪਰਵਾਰ ਵਿਚੋਂ ਸੀ। ਬਖ਼ਤ ਮੱਲ ਦੇ ਕੁਝ ਪੂਰਵਜਾਂ ਨੇ ਸ਼ਾਹਜਹਾਂ ਦੇ ਸਮੇਂ ਮੁਗ਼ਲ ਦਰਬਾਰ ਵਿਚ ਕੰਮ ਕੀਤਾ ਸੀ। ਬਖ਼ਤ ਮੱਲ ਦਾ ਇਕ ਬਜ਼ੁਰਗ, ਲੱਛੀ ਰਾਮ ਜਾਂ ਲਛਮਣ ਦਾਸ , ਬਾਦਸ਼ਾਹ ਮੁਹੰਮਦ ਸ਼ਾਹ (1719-48) ਦੇ ਰਾਜ ਸਮੇਂ ਲਾਹੌਰ ਆਇਆ, ਫਿਰ ਦਿੱਲੀ ਚਲਿਆ ਗਿਆ।
ਬਖ਼ਤ ਮੱਲ ਨੇ ਫ਼ਾਰਸੀ ਅਤੇ ਅਰਬੀ ਦੀ ਆਪਣੀ ਪੜ੍ਹਾਈ ਦਿੱਲੀ ਵਿਖੇ ਕੀਤੀ ਅਤੇ ਕੁਝ ਸਮੇਂ ਲਈ ਉਹ ਸਿੱਖ ਸਰਕਾਰ ਦੇ ਇਕ ਪ੍ਰਤਿਨਿਧ ਦੀਵਾਨ ਗੰਗਾ ਰਾਮ ਕੋਲ ਮੁਨਸ਼ੀ ਜਾਂ ਕਲਰਕ ਦੇ ਤੌਰ ਤੇ ਕੰਮ ਕਰਦਾ ਰਿਹਾ। ਇਸ ਨੇ ਕੁਝ ਸਮਾਂ ਕੈਥਲ ਦੇ ਰਾਜੇ ਭਾਈ ਲਾਲ ਸਿੰਘ ਕੋਲ ਵੀ ਕੰਮ ਕੀਤਾ ਸੀ। 1803 ਵਿਚ, ਦਿੱਲੀ ਤੇ ਬਰਤਾਨਵੀ ਕਬਜ਼ੇ ਉਪਰੰਤ ਬਖ਼ਤ ਮੱਲ ਅੰਗਰੇਜ਼ੀ ਹਕੂਮਤ ਵਿੱਚ ਮੁਲਾਜਮ ਭਰਤੀ ਹੋ ਗਿਆ ਸੀ। 1805 ਵਿਚ ਬਖ਼ਤ ਮੱਲ ਸਰ ਜਾਨ ਮੈਲਕਮ ਦੇ ਸਟਾਫ਼ ਵਿਚ ਸ਼ਾਮਲ ਸੀ ਅਤੇ ਉਸ ਦੇ ਨਾਲ ਕੁਝ ਸਮੇਂ ਲਈ ਅੰਮ੍ਰਿਤਸਰ ਆਇਆ। ਇਸ ਸਮੇਂ ਉਸ ਨੇ ਕਾਫ਼ੀ ਸੂਚਨਾ ਸਿੱਖ ਇਤਿਹਾਸ ਸੰਬੰਧੀ ਕਾਫੀ ਸੂਚਨਾ ਇਕੱਤਰ ਕਰ ਲਈ ਜਿਸ ਨੂੰ ਉਸ ਨੇ, ਉਸ ਦੇ ਆਪਣੇ ਕਹਿਣ ਅਨੁਸਾਰ, ਜਾੱਨ ਮੈਲਕੋਮ ਦੇ ਕਹਿਣ ਤੇ ਸਿੱਖ ਇਤਿਹਾਸ ਲਿਖਣ ਲਈ ਵਰਤਿਆ। ਉਸ ਦੇ ਅਨੁਸਾਰ ਉਸ ਨੇ ਸਿੱਖ ਇਤਿਹਾਸ `ਤੇ ਦੋ ਕਿਤਾਬਾਂ ਲਿਖਣ ਦੀ ਯੋਜਨਾ ਬਣਾਈ ਸੀ: ਇਕ ਵਿਸਤਾਰਪੂਰਵਕ ਅਤੇ ਦੂਜਾ ਸੰਖੇਪ ਸਿੱਖ ਇਤਿਹਾਸ। ਵਿਸਤਾਰ ਵਿੱਚ ਸਿੱਖ ਇਤਿਹਾਸ ਲਿਖੇ ਜਾਣ ਦਾ ਕੰਮ ਅਜੇ ਅਧੂਰਾ ਸੀ ਕਿ ਇਹ ਚੋਰੀ ਹੋ ਗਿਆ ਅਤੇ ਸੰਖੇਪ ਜਾੱਨ ਮੈਲਕੋਮ ਲੈ ਗਿਆ। ਲੇਖਕ ਨੇ ਜੋ ਦੁਬਾਰਾ ਲਿਖਿਆ ਉਹ ਖ਼ਾਲਸਾ ਨਾਮਹ ਦੇ ਖਰੜੇ ਦੇ ਰੂਪ ਵਿਚ ਸਾਨੂੰ ਮਿਲ਼ਦਾ ਹੈ। ਜਾੱਨ ਮੈਲਕੋਮ ਨੇ ਆਪਣੀ ਪੁਸਤਕ ਸਕੈਚ ਆਫ਼ ਦ ਸਿਖਸ ਲਿਖਣ ਲਈ ਇਸ ਕੰਮ ਨੂੰ ਅਧਾਰ ਬਣਾਇਆ ਸੀ।
ਹਵਾਲੇ
ਸੋਧੋ- ↑ "KHALSA NAMAH". The Sikh Encyclopedia (in ਅੰਗਰੇਜ਼ੀ (ਅਮਰੀਕੀ)). 2000-12-19. Retrieved 2022-03-02.