ਖੁਰੀਆਂ ਲਾਉਣ ਵਾਲੇ ਉਹ ਕਾਰੀਗਰ ਹੁੰਦੇ ਸਨ ਜੋ ਬਲਦਾਂ, ਘੋੜਿਆਂ ਦੇ ਖੁਰਾਂ ਥੱਲੇ ਖੁਰੀਆਂ ਲਾਉਂਦੇ ਸਨ। ਖੁਰੀ ਲੋਹੇ ਦੀ ਗੁਲਾਈਦਾਰ ਬਣੀ ਪੱਤਰੀ ਨੂੰ ਕਹਿੰਦੇ ਹਨ। ਖੁਰੀਆਂ ਲਾਉਣ ਵਾਲੇ ਆਮ ਤੌਰ ਤੇ ਮੁਸਲਮਾਨ ਕਾਰੀਗਰ ਹੁੰਦੇ ਸਨ। ਪਹਿਲਾਂ ਸਾਰੀ ਖੇਤੀ ਬਲਦਾਂ, ਊਠਾਂ ਨਾਲ ਕੀਤੀ ਜਾਂਦੀ ਸੀ। ਖੇਤੀ ਦਾ ਕੰਮ ਕਰਦਿਆਂ ਵਿਸ਼ੇਸ਼ ਤੌਰ ਤੇ ਫਲ੍ਹਿਆਂ ਨਾਲ ਫਸਲ ਗਾਹੁੰਦਿਆਂ ਤੇ ਗੱਡਾ ਚਲਾਉਂਦਿਆਂ ਬਲਦਾਂ ਦੇ ਖੁਰ ਘਸ ਜਾਂਦੇ ਸਨ। ਇਸ ਲਈ ਖੁਰਾਂ ਨੂੰ ਨੁਕਸਾਉਣ ਤੋਂ ਬਚਾਉਣ ਲਈ ਤੇ ਕਿਸੇ ਬੀਮਾਰੀ ਦੇ ਲੱਗਣ ਤੋਂ ਰੋਕਣ ਲਈ ਖੁਰੀਆਂ ਲਾਈਆਂ ਜਾਂਦੀਆਂ ਸਨ/ਹਨ। ਬਲਦਾਂ ਦੇ ਖੁਰ ਦੋ ਹਿੱਸਿਆਂ ਵਿਚ ਹੁੰਦੇ ਹਨ। ਇਸ ਲਈ ਬਲਦਾਂ ਦੀਆਂ ਖੁਰੀਆਂ ਦੀ ਬਣਤਰ ਬਲਦਾਂ ਦੇ ਖੁਰਾਂ ਵਰਗੀ ਹੁੰਦੀ ਸੀ। ਘੋੜੇ ਦੇ ਖੁਰ ਇਕ ਹਿੱਸੇ ਵਿਚ ਹੁੰਦੇ ਸਨ, ਇਸ ਲਈ ਘੋੜੇ ਦੀ ਖੁਰੀ ਘੋੜੇ ਦੇ ਖੁਰ ਵਰਗੀ ਹੁੰਦੀ ਸੀ/ਹੈ।

ਕਾਰੀਗਰ ਖੁਰੀ ਲਾਉਣ ਲਈ ਪਹਿਲਾਂ ਬਲਦ/ਘੋੜੇ ਨੂੰ ਧਰਤੀ ਉੱਪਰ ਬਿਠਾਉਂਦਾ ਸੀ। ਫੇਰ ਬਲਦ/ਘੋੜੇ ਦੇ ਚਾਰੋਂ ਪੈਰਾਂ ਨੂੰ ਰੱਸੇ ਨਾਲ ਇਕ ਥਾਂ ਬੰਨ੍ਹਿਆ ਜਾਂਦਾ ਸੀ। ਬੰਨ੍ਹੇ ਹੋਏ ਚਾਰੇ ਪੈਰਾਂ ਦੇ ਵਿਚਾਲੇ ਇਕ ਖ਼ਾਸ ਕਿਸਮ ਦਾ ਬਣਾਇਆ ਹੋਇਆ ਡੰਡਾ, ਜਿਸ ਵਿਚ ਚੰਮ ਜਾਂ ਨਮਾਰ ਦੀ ਵੱਧਰੀ ਲੱਗੀ ਹੁੰਦੀ ਸੀ, ਅੜਾਇਆ ਜਾਂਦਾ ਸੀ। ਇਸ ਡੰਡੇ ਦੇ ਅੜਾਉਣ ਨਾਲ ਪਸ਼ੂ ਦੇ ਪੈਰ ਧਰਤੀ ਤੋਂ ਉੱਪਰ ਉੱਠ ਖੜ੍ਹਦੇ ਸਨ। ਬੁਰੀ ਲਾਉਣ ਵਾਲਾ ਕਾਰੀਗਰ ਫੇਰ ਇਕ ਖ਼ਾਸ ਕਿਸਮ ਦੇ ਬਣੇ ਪਸ਼ੂਆਂ ਦੇ ਖੁਰਾਂ ਨੂੰ ਸਾਫ਼ ਕਰਨ ਵਾਲੇ ਸੰਦ ਨਾਲ ਖੁਰ ਸਾਫ਼ ਕਰਦਾ ਸੀ, ਛਿਲਦਾ ਸੀ। ਖੁਰ ਦੇ ਹੇਠਲੇ ਹਿੱਸੇ ਨੂੰ ਇਕਸਾਰ ਕਰਦਾ ਸੀ। ਫੇਰ ਖੁਰੀ ਨੂੰ ਮੇਖਾਂ ਨਾਲ ਲਾ ਦਿੰਦਾ ਸੀ। ਖੁਰੀ ਲਾਉਣ ਵਾਲੀਆਂ ਮੇਖਾਂ ਖ਼ਾਸ ਕਿਸਮ ਦੀਆਂ ਹੁੰਦੀਆਂ ਸਨ। ਬੁਰੀ ਲਾਉਣ ਤੋਂ ਪਿਛੋਂ ਲੱਤਾਂ ਵਿਚੋਂ ਡੰਡਾ ਕੱਢ ਦਿੱਤਾ ਜਾਂਦਾ ਸੀ। ਲੱਤਾਂ ਨੂੰ ਪਾਇਆ ਜੂੜ ਖੋਲ੍ਹ ਦਿੰਦੇ ਸਨ।

ਜੁੱਤੀ ਤੇ ਬੂਟ ਦੀ ਅੱਡੀ ਥੱਲੇ ਵੀ ਖੁਰੀਆਂ ਲਾਈਆਂ ਜਾਂਦੀਆਂ ਹਨ, ਜਦ ਅੱਡੀ ਘੱਸ ਜਾਂਦੀ ਹੈ। ਪਰ ਇਹ ਖੁਰੀਆਂ ਮੋਚੀ ਲਾਉਂਦੇ ਹਨ।

ਹੁਣ ਬਲਦਾਂ ਨਾਲ ਕੋਈ ਖੇਤੀ ਨਹੀਂ ਕਰਦਾ। ਨਾ ਹੁਣ ਤਾਂਗੇ ਚਲਦੇ ਹਨ। ਇਸ ਲਈ ਬਲਦਾਂ ਅਤੇ ਘੋੜਿਆਂ ਨੂੰ ਹੁਣ ਖੁਰੀਆਂ ਲਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਕਰਕੇ ਖੁਰੀਆਂ ਲਾਉਣ ਵਾਲੇ ਕੋਈ ਵੀ ਕਾਰੀਗਰ ਨਹੀਂ ਰਹੇ। ਉਨ੍ਹਾਂ ਨੇ ਹੁਣ ਹੋਰ ਕਿੱਤੇ ਕਰ ਲਏ ਹਨ।[1]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.