ਖੁਸ਼ਵੰਤ ਕੰਵਲ
ਖੁਸ਼ਵੰਤ ਕੰਵਲ (28 ਅਪ੍ਰੈਲ 1939 - 18 ਜੂਨ 2015) ਪੰਜਾਬੀ ਜ਼ੁਬਾਨ ਦਾ ਸ਼ਾਇਰ ਸੀ।[1] ਖੁਸ਼ਵੰਤ ਕੰਵਲ ਸਾਊ ਆਦਮੀ ਸੀ। ਜੁਗਾੜਾਂ ਦੀ ਦੁਨੀਆਂ ਤੋਂ ਦੂਰ। ਮਸਤ ਮੌਲਾ , ਆਪਣੀ ਧੁਨ ਵਿੱਚ ਮਗਨ , ਸ਼ਬਦ ਦਾ ਸਾਧਕ। ਖੁਸ਼ਵੰਤ ਕੰਵਲ ਅਮ੍ਰਿਤਸਰ ਦਾ ਹੀ ਜੰਮਪਲ ਸੀ। ਚਾਟੀਵਿੰਡ ਗੇਟ ਦੇ ਗੁਰੂ ਰਾਮਦਾਸ ਸਕੂਲ ਤੋਂ ਮੈਟ੍ਰਿਕੁਲੇਟ ਕੀਤਾ। ਆਪ ਦੇ ਪਿਤਾ ਵਪਾਰੀ ਆਦਮੀ ਸਨ। ਗੁਰੂ ਰਾਮਦਾਸ ਸਰਾਂ ਦੇ ਲਾਗੇ ਦੁਕਾਨ ਸੀ ਉਹਨਾਂ ਦੀ। ਇੱਕ ਵਾਰ ਸਰਾਂ ਵਿਚਲੀ ਗੁਰੂ ਰਾਮਦਾਸ ਲਾਇਬਰੇਰੀ ਵਿੱਚ ਗੇੜੀ ਲੱਗੀ। ਖੁਸ਼ਵੰਤ ਕੰਵਲ ਉਸ ਲਾਇਬਰੇਰੀ ਦਾ ਹੀ ਹੋ ਕੇ ਰਹਿ ਗਿਆ। ਸ਼ਬਦ ਨਾਲ ਨਿਹੁੰ ਲੱਗ ਗਈ। 1959 ਵਿੱਚ ਡਾਕ ਮਹਿਕਮੇ ਵਿੱਚ ਨੌਕਰੀ ਲੱਗ ਗਈ । ਗੁਰੂ ਰਾਮਦਾਸ ਦੀ ਨਗਰੀ ਨੇ ਉਸਨੂੰ ਰੁਜ਼ਗਾਰ , ਪਿਆਰ , ਬੱਚੇ , ਲਿਖਣ ਦਾ ਹੁਨਰ ਸਭ ਕੁਝ ਦਿੱਤਾ। ਤਕਰੀਬਨ ਪੰਜਾਹ ਵਰ੍ਹਿਆਂ ਦੀ ਸਾਹਿਤਕ ਘਾਲਣਾ।
ਰਚਨਾਵਾਂ
ਸੋਧੋਆਪ ਦੀਆਂ ਗ਼ਜ਼ਲ ਦੀਆਂ ਕਿਤਾਬਾਂ
- "ਸੋਚਾਂ ਤੇ ਸੁਪਨੇ" (1964)
- "ਕਾਮਨਾ" (1966)
- "ਆਪਣਾ ਸ਼ਹਿਰ ਪਰਾਈਆਂ ਰੁੱਤਾਂ" (1974)
- "ਧੁੱਪ ਦੀ ਕਾਤਰ" ( 1981)
- "ਟੁਕੜੇ ਟੁਕੜੇ ਮੌਸਮ" (1989)
- "ਅਲਵਿਦਾ ਤੋਂ ਪਹਿਲਾਂ" (1995)
- "ਮੈਂ ਤੇ ਮੇਰੇ ਹਾਦਸੇ" (1999)
- "ਨਕਸ਼ ਸੰਭਾਲੇ ਪੌਣਾ" ( 2002)
- "ਕਿਉਂ ਨਾ ਉਦਾਸ ਹੋਵਾਂ"
- "ਧਰਤੀ ਦੇ ਤਾਰੇ"
- ਚੋਣਵੀਆਂ ਗ਼ਜ਼ਲਾਂ ਦਾ ਸੰਗ੍ਰਹਿ "ਕਹਿ ਰਿਹਾ ਹਾਂ ਗ਼ਜ਼ਲ ਮੈਂ" (2010) ਪ੍ਰਕਾਸ਼ਿਤ ਹੋ ਚੁੱਕੀਆਂ ਹਨ।
ਗ਼ਜ਼ਲ
ਸੋਧੋਸਾਡਾ ਭੁਲਾ ਦਵੀਂ ਤੂੰ, ਅਪਣਾ ਖ਼ਿਆਲ ਰੱਖੀਂ।
ਅੱਖਾਂ ’ਚ ਖ਼ੂਬਸੂਰਤ ਸੁਪਨੇ ਸੰਭਾਲ ਰੱਖੀਂ।
ਜਿਹਨਾਂ ਨੇ ਅੱਜ ਆਉਣੈ, ਉਹਨਾਂ ਦੇ ਆਉਣ ਤੀਕਰ,
ਗੂੜ੍ਹੇ ਮੁਹੱਬਤਾਂ ਦੇ ਅੱਖਰ ਉਠਾਲ ਰੱਖੀਂ।
ਝਖੜਾ ਹਨੇਰਿਆਂ ਦੇ ਵਿਚ ਬੁਝ ਸਕੇ ਨਾ ਜਿਹੜੀ,
ਬਲ਼ਦੀ ਮੁਹੱਬਤਾਂ ਦੀ ਹਥ ਵਿਚ ਮਸ਼ਾਲ ਰੱਖੀਂ।
ਖ਼ੌਰੇ ਕਦੋਂ ਉਨ੍ਹਾਂ ਨੇ ਹੋ ਮਿਹਰਬਾਨ ਜਾਣਾ,
ਮੰਗਣੀ ਉਨ੍ਹਾਂ ਨਿਸ਼ਾਨੀ ਹਥ ਵਿਚ ਰੁਮਾਲ ਰੱਖੀਂ।
ਮੁੜ ਜਾਣ ਨਾ ਦਈਂ ਤੂੰ, ਇਕ ਵਾਰ ਆ ਗਏ ਨੂੰ,
ਅੱਖਾਂ ’ਚ ਅੱਖਾਂ ਪਾ ਕੇ ਸਾਹਵੇਂ ਬਿਠਾਲ ਰੱਖੀਂ।
ਵੇਖੀਂ ਕਿਤੇ ਇਹ ਹੰਝੂ ਮਿਲ ਜਾਣ ਖ਼ਾਕ ਵਿਚ ਨਾ,
ਆਏ ਪ੍ਰਾਹੁਣਿਆਂ ਦੀ ਇੱਜ਼ਤ ਬਹਾਲ ਰੱਖੀਂ।
ਦਰਿਆ ਦਿਲਾਂ ਦੇ ਹੁੰਦੇ ਡੂੰਘੇ ਸਮੁੰਦਰਾਂ ਤੋਂ,
ਡੂੰਘੇ ਸਮੁੰਦਰਾਂ ਨੂੰ ਕਰਕੇ ਵਿਸ਼ਾਲ ਰੱਖੀਂ।
ਰੌਸ਼ਨੀ ਕਿੱਥੇ ਗਈ ਹੈ ਨ੍ਹੇਰ ਕਿੱਥੋਂ ਆ ਗਿਆ?
ਘੇਰ ਨ੍ਹੇਰਾ ਸ਼ੇਰ ਹੋ ਕੇ ਫੇਰ ਕਿੱਥੋਂ ਆ ਗਿਆ?
ਚੋਰ ਤਾਂ ਰਾਤੀਂ ਫੜਾਇਆ ਸੀ ਸਿਪਾਹੀਆਂ ਕੋਲ਼ ਮੈਂ,
ਉਹ ਸਵੇਰਾ ਹੁੰਦਿਆਂ ਹੀ ਫੇਰ ਕਿੱਥੋਂ ਆ ਗਿਆ?
ਰਾਤ ਭਰ ਨਾ ਨੀਂਦ ਆਏ, ਚੈਨ ਆਏ ਨਾ ਦਿਨੇ,
ਇਹ ਖੁਆਰੀ ਇਹ ਦਿਨਾਂ ਦਾ ਫੇਰ ਕਿੱਥੋਂ ਆ ਗਿਆ?
ਦੇਖ ਥਾਣੇ ਵਲ ਕਿਉਂ ਹੈ ਦਹਿਲਦਾ ਦਿਲ ਡੁੱਬਦਾ,
ਮਾਰਦਾ ਮਜ਼ਲੂਮ ਦੱਸੋ ਲੇਰ ਕਿੱਥੋਂ ਆ ਗਿਆ?
ਰਾਤ ਸੀ ਅਫ਼ਵਾਹ ਕਿ ਕੀਤਾ ਸ਼ਹਿਰ ਸਾਰੇ ਨੂੰ ਫ਼ਨਾਹ,
ਫਿਰ ਕੋਈ ਅਫ਼ਵਾਹ ਲਈ ਮੂੰਹ ਨੇਰ੍ਹ ਕਿੱਥੋਂ ਆ ਗਿਆ?
ਰੋਜ਼ ਚਿੜੀਆਂ ਤੇ ਕਬੂਤਰ ਘੁੱਗੀਆਂ ਸੀ ਗੁਟਕਦੇ,
ਸ਼ੋਰ ਗਿਰਝਾਂ ਦਾ ਭਲਾ ਇਸ ਵੇਰ ਕਿੱਥੋਂ ਆ ਗਿਆ?
ਹੋ ਗਈ ਮੁੱਦਤ 'ਕੰਵਲ' ਦਾ ਜ਼ਿਕਰ ਹੁੰਦਾ ਸੀ ਕਦੇ,
ਨਾਮ ਉਸ ਦਾ ਹੈ ਜ਼ਬਾਂ 'ਤੇ ਫੇਰ ਕਿੱਥੋਂ ਆ ਗਿਆ?
ਬੜਾ ਕੁਝ ਦੇਖਣਾ ਪੈਂਦਾ, ਬੜਾ ਕੁਝ ਸਮਝਣਾ ਪੈਂਦਾ।
ਪਰਾਇਆ ਤਾਂ ਪਰਾਇਆ ਆਪਣਾ ਵੀ ਪਰਖਣਾ ਪੈਂਦਾ।
ਹਕੀਕਤ ਨੂੰ ਅਸੀਂ ਜਿਸ ਸ਼ਕਲ ਦੇ ਵਿਚ ਭਾਲਦੇ ਰਹੀਏ,
ਨਹੀਂ ਉਹ ਹੂ-ਬ-ਹੂ ਮਿਲਦੀ ਬੜਾ ਕੁਝ ਕਲਪਣਾ ਪੈਂਦਾ।
ਜਦੋਂ ਜ਼ਿੰਦਗੀ ਗੁਆ ਕੇ ਵੀ ਪ੍ਰਾਪਤ ਕੁਝ ਨਹੀਂ ਹੰੁੰਦਾ,
ਤਾਂ ਘੁੱਗੂ-ਘੋੜਿਆਂ ਦੇ ਨਾਲ ਵੀ ਹੈ ਪਰਚਣਾ ਪੈਂਦਾ।
ਸਮੇਂ ਦੀ ਲੋੜ ਹੁੰਦੀ ਹੈ, ਸਮੇਂ ਦੀ ਅੱਖ ਦੇ ਅੰਦਰ,
ਕਦੇ ਹੈ ਮਟਕਣਾ ਪੈਂਦਾ, ਕਦੇੇ ਹੈ ਰੜਕਣਾ ਪੈਂਦਾ।
ਅਚਾਨਕ ਖ਼ੂਬਸੂਰਤ ਲਮਹਿਆਂ ਦਾ ਮੇਲ ਜਦ ਹੁੰਦਾ,
ਤਾਂ ਪੱਥਰ ਹੋ ਗਏ ਦਿਲ ਨੂੰ ਵੀ ਇਕ ਦਮ ਧੜਕਣਾ ਪੈਂਦਾ।
ਕਦੇ ਏਦਾਂ ਵੀ ਹੁੰਦੈ ਚਿਰ-ਪ੍ਰੀਚਤ ਰਸਤਿਆਂ ਉੱਤੇ,
ਅਸੀਂ ਰਾਹ ਭੁੱਲ ਜਾਂਦੇ ਹਾਂ ਬੜਾ ਹੀ ਭਟਕਣਾ ਪੈਂਦਾ।
ਗੁਨਾਹ ਹੋਇਆ ਨਹੀਂ ਹੁੰਦਾ ਮਗਰ ਲਗਦੈ ਗੁਨਾਹ ਕੀਤਾ,
ਉਦੋਂ ਅਪਣੀ ਹੀ ਸੂਲੀ ’ਤੇ ਅਸਾਨੂੰ ਲਟਕਣਾ ਪੈਂਦਾ।
ਆਪੇ ਬੁਣੀਆਂ ਆਪੇ ਅਸੀਂ ਉਧੇੜ ਰਹੇ ਹਾਂ
ਆਪਣੇ ਹੀ ਜ਼ਖ਼ਮਾਂ ਨੂੰ ਛੇੜ ਉਚੇੜ ਰਹੇ ਹਾਂ
ਉਮਰਾ ਬੀਤੀ ਫੱਟੀਆਂ ਲਿਖ ਲਿਖ ਪੋਚਦਿਆਂ ਹੀ
ਹਾਲੇ ਵੀ ਕੁਝ ਫਿੱਕੇ ਹਰਫ਼ ਉਘੇੜ ਰਹੇ ਹਾਂ
ਹੋਰ ਬੜੇ ਕੰਮ ਕਰਨੇ ਹਾਲੇ ਇਸ ਕਾਰਣ ਹੀ
ਹੱਥੀਂ ਫੜਿਆ ਜਲਦੀ ਕੰਮ ਨਿਬੇੜ ਰਹੇ ਹਾਂ
ਇਕ ਅੱਧ ਖੁਸ਼ੀ ਮਿਲੀ ਵੀ ਹੈ ਤਾਂ ਕੀ ਮਿਲਿਆ ਹੈ
ਜਦ ਕਿ ਗ਼ਮ ਨਿੱਤ ਨਵਿਓਂ ਨਵੇਂ ਸਹੇੜ ਰਹੇ ਹਾਂ
ਨਿੰਦਾ ਚੁਗਲੀ ਦਾ ਚਿੱਕੜ ਹੋਰਾਂ 'ਤੇ ਸੁੱਟ ਕੇ
ਪਹਿਲਾਂ ਹੀ ਹੱਥ ਅਪਣੇ ਅਸੀਂ ਲਬੇੜ ਰਹੇ ਹਾਂ
ਮਿਲਣਾ ਸੀ ਇਕ ਦੂਜੇ ਨੂੰ ਪਰ ਕਿੱਦਾਂ ਮਿਲਦੇ
ਹਰ ਵਾਰੀ ਹੀ ਪੈਂਦੇ ਲੰਮੇ ਗੇੜ ਰਹੇ ਹਾਂ
ਹੰਸਾਂ ਨੇ ਹੁਣ ਇਹ ਕੰਮ ਕਰਨਾ ਛੱਡ ਦਿੱਤਾ ਹੈ
ਹੁਣ ਦੁਧ ਪਾਣੀ ਕਲਮਾਂ ਨਾਲ਼ ਨਿਖੇੜ ਰਹੇ ਹਾਂ