ਪੁਣੀ ਨੂੰ ਚਰਖੇ ਦੇ ਤੱਕਲੇ ’ਤੇ ਕੱਤ ਕੇ ਬਣਾਇਆ ਹੋਇਆ ਧਾਗੇ ਦਾ ਇਕ ਛੋਟਾ ਜਿਹਾ ਪਿੰਨਾ, ਜਿਸ ਦੀ ਬਣਤਰ ਕੁਝ ਕੁਝ ਲਾਟੂ ਨਾਲ/ਆਂਡੇ ਨਾਲ ਮੇਲ ਜਿਹੀ ਖਾਂਦੀ ਹੈ, ਨੂੰ ਗਲੋਟਾ ਕਹਿੰਦੇ ਹਨ। ਗਲੋਟੇ ਦੇ ਧਾਗੇ ਤੋਂ ਹੀ ਕੱਪੜਾ ਤਿਆਰ ਕੀਤਾ ਜਾਂਦਾ ਹੈ।

ਗਲੋਟਾ ਬਣਾਉਣ ਲਈ ਰੂੰ ਦੀ ਪੂਣੀ ਨੂੰ ਚਰਖੇ ਦੇ ਤੱਕਲੇ ਦੇ ਸਿਰੇ ਨਾਲ ਜੋੜ ਕੇ ਪੂਣੀ ਵਿਚੋਂ ਧਾਗਾ ਕੱਤਣਾ ਸ਼ੁਰੂ ਕੀਤਾ ਜਾਂਦਾ ਹੈ। ਏਸ ਕੱਤੇ ਧਾਗੇ ਨੂੰ ਫੇਰ ਤਕਲੇ ਦੇ ਸਿਰੇ ਨਾਲੋਂ ਲਾਹ ਕੇ ਤਕਲੇ ਵਿਚ ਪਾਏ ਦਮਕੜੇ ਦੇ ਨਾਲ ਤਕਲੇ ਉਪਰ ਵਲ੍ਹੇਟ ਦਿੱਤਾ ਜਾਂਦਾ ਹੈ। ਫੇਰ ਪੂਣੀ ਕੱਤਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਕੱਤੀ ਪੂਣੀ ਦੇ ਧਾਗੇ ਨੂੰ ਫੇਰ ਪਹਿਲਾਂ ਦਮਕੜੇ ਦੇ ਕੋਲ ਵਲ੍ਹੇਟੇ ਧਾਗੇ ਉਪਰ ਵਲ੍ਹੇਟ ਦਿੱਤਾ ਜਾਂਦਾ ਹੈ। ਏਸ ਤਰ੍ਹਾਂ ਪੂਣੀਆਂ ਕੱਤ ਕੱਤ ਕੇ ਧਾਗੇ ਉਪਰ ਧਾਗੇ ਨੂੰ ਵਲੇਟ ਕੇ ਗਲੋਟਾ ਤਿਆਰ ਕੀਤਾ ਜਾਂਦਾ ਹੈ। ਤਿਆਰ ਕੀਤੇ ਗਲੋਟੇ ਦੇ ਅਗਲੇ ਹਿੱਸੇ ਦੀ ਸ਼ਕਲ ਥੋੜੀ ਜਿਹੀ ਗੁਲਾਈ ਵਾਲੀ ਬਣ ਜਾਂਦੀ ਹੈ। ਉਸ ਤੋਂ ਪਿਛਲੇ ਹਿੱਸੇ ਦੀ ਸ਼ਕਲ ਕਾਫੀ ਮੁਟਾਈ ਤੇ ਗੁਲਾਈ ਵਾਲੀ ਬਣ ਜਾਂਦੀ ਹੈ। ਦਮਕੜੇ ਦੇ ਨਾਲ ਵਾਲੇ ਹਿੱਸੇ ਦੀ ਗੁਲਾਈ ਫੇਰ ਘੱਟ ਜਾਂਦੀ ਹੈ। ਬਣੇ ਗਲੋਟੇ ਨੂੰ ਫੇਰ ਦਮਕੜੇ ਸਮੇਤ ਤਕਲੇ ਤੋਂ ਲਾਹ ਲਿਆ ਜਾਂਦਾ ਹੈ। ਦਮਕੜੇ ਨੂੰ ਫੇਰ ਤਕਲੇ ਵਿਚ ਪਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਗਲੋਟਾ ਤਿਆਰ ਹੁੰਦਾ ਹੈ।

ਹੁਣ ਖੱਦਰ ਬਹੁਤ ਹੀ ਘੱਟ ਤਿਆਰ ਕੀਤਾ ਜਾਂਦਾ ਹੈ। ਇਸ ਲਈ ਹੁਣ ਕੋਈ ਕੋਈ ਜਨਾਨੀ ਹੀ ਚਰਖਾ ਕੱਤਦੀ ਹੈ। ਅੱਜ ਦੀ ਬਹੁਤੀ ਪੀੜ੍ਹੀ ਨੂੰ ਤਾਂ ਤੰਦ ਵੀ ਪਾਉਣਾ ਨਹੀਂ ਆਉਂਦਾ। ਕੱਤ ਕੇ ਗਲੋਟਾ ਕਿਥੋਂ ਬਣਾਉਣਗੀਆਂ ?[1]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.