ਗੀਤ ਵੀਡੀਓ ਦਾ ਸਭਿਆਚਾਰ

ਪੰਜਾਬੀ ਸਾਹਿਤ ਆਲੋਚਨਾ ਵਿੱਚ ਕਾਵਿ ਦੇ ਵੱਖ ਵੱਖ ਰੂਪਾਂ ਸਬੰਧੀ ਅਲੋਚਨਾ ਤਾਂ ਬਹੁਤ ਮਿਲਦੀ ਹੈ। ਪਰ ਅਜੋਕੇ ਪੰਜਾਬੀ ਸਮਾਜ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਰਿਹਾ ਕਾਵਿ ਰੂਪ ਗੀਤ ਵੀਡੀਓ ਸਬੰਧੀ ਆਲੋਚਨਾ ਘੱਟ ਹੀ ਹੋਈ ਮਿਲਦੀ ਹੈ।ਇਸ ਬਾਰੇ ਟਿੱਪਣੀ ਕਰਦੇ ਹੋਏ "ਡਾ: ਰਾਜਿੰਦਰ ਪਾਲ ਬਰਾੜ " ਆਪਣੇ ਪੇਪਰ "ਪੰਜਾਬੀ ਗਾਇਕੀ ਇੱਕ ਸੰਵਾਦ "ਵਿੱਚ ਲਿਖਦੇ ਹਨ। ਪੰਜਾਬੀ ਗੀਤਕਾਰੀ ਦਾ ਇੱਕ ਦੁਖਾਂਤ ਇਹ ਹੈ ਕਿ ਇਸ ਨੂੰ ਤਥਾਕਥਿਤ ਸਾਹਿਤ ਆਲੋਚਨਾ ਨੇ ਆਪਣੇ ਦਾਇਰੇ ਵਿੱਚੋਂ ਕੱਢ ਦਿੱਤਾ ਹੈ। ਉਨ੍ਹਾਂ ਨੇ ਬਹੁਤ ਸਾਰੇ ਪੰਜਾਬੀ ਦੇ ਲੋਕ ਪ੍ਰਚਲਿਤ ਗੀਤਾਂ ਨੂੰ ਗੈਰ ਸਾਹਿਤ ਦੀ ਕੋਟੀ ਵਿੱਚ ਰੱਖ ਕੇ ਵਪਾਰੀਆਂ ਦੇ ਹੱਥਾਂ ਵਿੱਚ ਦੇ ਦਿੱਤਾ ਹੈ। ਗੀਤ ਪਹਿਲਾਂ ਵੀ ਕਈ ਕਲਾਵਾਂ ਦਾ ਮਿਸ਼ਰਣ ਸੀ ਪਰ ਹੁਣ ਇਸ ਨਾਲ ਫ਼ਿਲਮਾਂਕਣ ਰੂਪ ਜੁੜ ਜਾਣ ਕਾਰਨ ਇਸ ਵਿੱਚ ਹੋਰ ਵੀ ਕਈ ਕਲਾ ਰੂਪ ਸ਼ਾਮਿਲ ਹੋ ਗਏ ਹਨ। ਜਿਸ ਕਰਕੇ ਸਰੋਤੇ ਜਾਂ ਦਰਸ਼ਕਾਂ ਉੱਪਰ ਬਾਕੀ ਕਾਵਿ ਰੂਪਾਂ ਨਾਲੋਂ ਇਸ ਦੀ ਪ੍ਰਭਾਵਸ਼ੀਲਤਾ ਹੋਰ ਵੀ ਵਧ ਗਈ ਹੈ। ਇਹੀ ਕਾਰਨ ਹੈ ਕਿ ਗੀਤ ਸਦਾ ਆਮ ਲੋਕਾਈ ਦੇ ਨੇੜੇ ਰਿਹਾ ਹੈ।  ਇਹ ਆਪਣੇ ਆਪ ਨੂੰ ਸਮੇਂ ਅਨੁਸਾਰ ਬਦਲਦੇ ਸੰਚਾਰ ਸਾਧਨਾਂ ਅਨੁਸਾਰ ਢਾਲਦਾ ਹੈ।

ਗੀਤ ਵੀਡੀਓ ਦੀ ਸ਼ੁਰੂਆਤ:-

ਸੋਧੋ

ਪੰਜਾਬੀ ਗੀਤਾਂ ਦੀਆਂ ਵੀਡੀਓ ਤਿਆਰ ਕਰਨ ਦਾ ਕਾਰਜ 1990 ਈਸਵੀ ਤੋਂ ਬਾਅਦ ਹੀ ਸ਼ੁਰੂ ਹੁੰਦਾ ਹੈ।ਗੀਤ ਅਤੇ ਵੀਡੀਓ ਦਾ ਸਬੰਧ ਵੀ ਸਭ ਤੋਂ ਪਹਿਲਾਂ ਫਿਲਮ ਪ੍ਰੋਡਕਸ਼ਨ ਨਾਲ ਸ਼ੁਰੂ ਹੁੰਦਾ ਹੈ। ਆਡੀਓ ਵੀਡੀਓ ਕੈਮਰੇ ਦੀ ਮਦਦ ਨਾਲ ਜਦ ਫਿਲਮੀ ਯੁੱਗ ਸ਼ੁਰੂ ਹੋਇਆ ਤਾਂ ਬਾਅਦ ਵਿੱਚ ਫ਼ਿਲਮਾਂ ਦੀ ਨਿਰੰਤਰਤਾ ਦੌਰਾਨ ਕਿਸੇ ਖਾਸ ਦ੍ਰਿਸ਼ ਦੇ ਨਾਲ ਗੀਤਾਂ ਨੂੰ ਵੀ ਫਿਲਮਾਇਆ ਜਾਣ ਲੱਗਿਆ। ਵਿਸ਼ਵੀਕਰਨ ਦੇ ਦੌਰ ਨੇ ਸਭਿਆਚਾਰਕ ਵਰਤਾਰੇ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕੀਤਾ ਇਹ ਪ੍ਰਭਾਵ ਪੰਜਾਬੀ ਗਾਇਕੀ ਨੂੰ ਵੀ ਮੰਡੀ ਦੀ ਵਸਤ ਬਣਾ ਦਿੰਦਾ ਹੈ। ਜਿੱਥੇ ਪਹਿਲਾਂ ਗਾਇਕੀ ਆਡੀਓ ਰਿਕਾਰਡਿੰਗ ਤੱਕ ਸੀਮਤ ਸੀ ਹੁਣ ਉਸ ਨਾਲ ਫ਼ਿਲਮਾਂਕਣ ਵੀ ਜੁਡ਼ ਗਿਆ ਹੈ। "ਡਾ: ਰਾਜਿੰਦਰਪਾਲ ਸਿੰਘ ਬਰਾੜ" "ਗੀਤ ਫਿਲਮਾਂਕਣ ਦੀ ਸ਼ੁਰੂਆਤ" ਬਾਰੇ ਲਿਖਦੇ ਹਨ ਮੌਜੂਦਾ ਦੌਰ ਦੀ ਗਾਇਕੀ ਅਤੇ ਉਸ ਦਾ ਫਿਲਮਾਂਕਣ 1990 ਤੋਂ ਬਾਅਦ ਟੈਲੀਵਿਜ਼ਨ ਚੈਨਲਾਂ ਉੱਪਰ ਸ਼ੁਰੂ ਹੋਇਆ ਹੈ। ਗੀਤ ਵੀਡੀਓ ਦਾ ਇਤਿਹਾਸਕ ਪੜਾਅ ਫ਼ਿਲਮਾਂ ਵਿੱਚ ਫ਼ਿਲਮਾਂਕਣ ਤੋਂ ਸ਼ੁਰੂ ਹੋ ਕੇ ਟੀ. ਵੀ. ਉੱਪਰ ਪੇਸ਼ਕਾਰੀ ਦੁਆਰਾ, ਫਿਰ ਕੰਪਨੀਆਂ ਦੁਆਰਾ ਤਿਆਰ ਕਰਵਾਇਆ ਵੀਡੀਓ ਰਾਹੀਂ ਅਤੇ ਅੱਜ ਦੇ ਸਮੇਂ  ਨਵੇਂ ਮਾਧਿਅਮ ਇੰਟਰਨੈਟ ਵੀਡੀਓ ਰਾਹੀਂ ਅੱਗੇ ਵਧ ਰਿਹਾ ਹੈ।

ਪੁਰਾਣੇ ਗੀਤਾਂ ਦੀ ਝਲਕ:-

ਸੋਧੋ

ਪੁਰਾਣੇ ਗੀਤ ਵੀਡੀਓ ਘੱਟ ਰਿਕਾਰਡ ਕੀਤੇ ਜਾਂਦੇ ਸਨ ਪਰ ਇਹ ਗੀਤ ਸੱਭਿਆਚਾਰ ਦੀ ਝਲਕ ਪੇਸ਼ ਕਰਦੇ ਸਨ। ਪੰਜਾਬੀ ਸਮਾਜ ਵਿੱਚ ਰਿਸ਼ਤਿਆਂ ਦੀ ਨੈਤਿਕਤਾ ਨੂੰ ਬਣਾਈ ਰੱਖਣ ਵਾਲਾ ਅਤੇ ਲੋਕਧਾਰਾਈ ਅੰਸ਼ਾਂ ਨੂੰ ਵਰਤਣ ਵਾਲਾ ਗੀਤਕਾਰ 'ਦੀਦਾਰ ਸੰਧੂ' ਸੱਭਿਆਚਾਰ ਮਰਿਆਦਾ ਨੂੰ ਉਲੰਘਦਾ ਨਹੀਂ ਸੀ ਅਤੇ ਇਸ ਦੇ ਗੀਤਾਂ ਦੇ ਦੋ ਹਵਾਲੇ ਮਿਲਦੇ ਹਨ, ਜਿਨ੍ਹਾਂ ਵਿੱਚ ਪਤੀ ਪਤਨੀ ਦਾ ਰਿਸ਼ਤਾ ਅਤੇ ਦਿਉਰ ਭਾਬੀ ਦਾ ਰਿਸ਼ਤਾ ਹੈ।

ਹਰਾ ਹਰਾ ਸਾਗ ਚੁਲਾਈ ਦਾ ਵੇ,

ਲਾਵਾਂ ਲਈਆਂ ਤਾਂ ਲੈਣ ਕਿਉਂ ਨਹੀਂ ਆਈ ਦ ਵੇ।

ਪਤੀ - ਹਰਾ ਹਰਾ ਸਾਗ ਚੁਲਾਈ ਦਾ ਵੇ,

 ਸਾਨੂੰ ਇਸ਼ਕ ਲੱਗਾ ਭਰਜਾਈ ਦਾ ਵੇ।

ਵਪਾਰਕ ਗੀਤਕਾਰੀ ਦੇ ਖੇਤਰ ਵਿੱਚ ਪੰਜਾਬੀ ਸੱਭਿਆਚਾਰ ਅਤੇ ਰਿਸ਼ਤਿਆਂ ਦੇ ਹਰ ਪਰਸਾਰ ਉਪਰ ਲਿਖਣ ਵਾਲਾ ਗੀਤਕਾਰ "ਇੰਦਰਜੀਤ ਹਸਨਪੁਰੀ" ਹੈ। ਉਹ ਹਮੇਸ਼ਾ ਸਦਾਚਾਰਕ ਕਦਰਾਂ ਕੀਮਤਾਂ ਪ੍ਰਤੀ ਸੁਚੇਤ ਰਹਿਣ ਵਾਲਾ ਗੀਤਕਾਰ ਹੈ। ਪੰਜਾਬੀ ਸਾਹਿਤਕ ਜਗਤ ਵਿੱਚ ਹਸਨਪੁਰੀ ਉਨ੍ਹਾਂ ਹੀ ਸਤਿਕਾਰਿਆ ਗਿਆ ਹੈ ਜਿੰਨੇ ਹੋਰ ਗੀਤਕਾਰ। ਉਹ ਆਪਣੇ ਗੀਤਾਂ ਵਿੱਚ ਪੰਜਾਬੀ ਸਮਾਜ ਪੇਂਡੂਆਂ ਦੀ ਜ਼ਿੰਦਗੀ, ਵਾਤਾਵਰਨ, ਪੰਜਾਬਣ ਮੁਟਿਆਰ ਆਦਿ ਪੇਸ਼ ਕਰਦਾ ਹੈ ਉੱਥੇ ਹੀ ਕਿਰਤੀਆਂ ਦਾ ਦਰਦ ਤੇ ਦੇਸ਼ ਪਿਆਰ, ਬਹਾਦਰੀ ਆਦਿ ਵੀ ਉਸ ਦੇ ਗੀਤਾਂ ਦਾ ਬਿੰਬ ਬਣਦੀ ਹੈ।

            ਨਾ ਜ਼ੁਲਮ ਕਿਸੇ ਤੇ ਕਰਨਾ ਹੈ,

            ਨਾ ਜਬਰ ਕਿਸੇ ਦਾ ਜ਼ਰਨਾ ਏ।

ਇਸ ਪ੍ਰਕਾਰ ਭਾਵੇਂ ਪੁਰਾਣੇ ਸਮਿਆਂ ਵਿੱਚ ਵੀਡੀਓ ਰਿਕਾਰਡਿੰਗ ਨਹੀੰ ਹੁੰਦੀ ਸੀ। ਪਰ ਗੀਤ ਦੀ ਹਰ ਸਤਰ ਵਿੱਚੋਂ ਸੱਭਿਆਚਾਰ ਦੀ ਝਲਕ ਮਿਲਦੀ ਸੀ। ਜੇਕਰ ਕਿਸੇ ਗੀਤ ਵੀਡੀਓ ਦੀ ਰਿਕਾਰਡਿੰਗ ਹੁੰਦੀ ਸੀ ਤਾਂ  ਉਸ ਵੀਡੀਓ ਵਿੱਚ ਕੇਵਲ ਗਾਇਕ ਹੀ ਗਾਉਂਦਾ ਨਜ਼ਰ ਆਉਂਦਾ ਸੀ। ਇਹ ਗੀਤ ਵੀਡੀਓ ਇੱਕੋ ਹੀ ਸਟੇਜ ਉੱਪਰ ਇੱਕੋ ਹੀ ਪਹਿਰਾਵੇ ਵਿੱਚ ਕੀਤੀ ਜਾਂਦੀ ਸੀ।

ਅਜੋਕਾ ਗੀਤ ਵੀਡੀਓ:-

ਸੋਧੋ

ਪੰਜਾਬੀ ਗਾਇਕੀ ਵਿਸ਼ਵੀਕਰਨ ਦੇ ਪ੍ਰਭਾਵ ਅਧੀਨ ਵਪਾਰੀਕਰਨ ਦੇ ਰਾਹ ਪੈ ਕੇ ਲੱਚਰਤਾ ਦਾ ਸ਼ਿਕਾਰ ਹੋ ਚੁੱਕੀ ਹੈ। ਇਸ ਵਿੱਚ ਅਸ਼ਲੀਲਤਾ ਹਿੰਸਾ ਅਤੇ ਨਸ਼ਿਆਂ ਨੂੰ ਹੀ ਨਹੀਂ ਵਰਤਿਆ ਜਾਂਦਾ ਸਗੋਂ ਔਰਤ ਦੀ ਹੇਠੀ ਵੀ ਕੀਤੀ ਜਾਂਦੀ ਹੈ। ਅਜੋਕਾ ਗੀਤ ਵੀਡੀਓ ਸਮਾਜਿਕ ਸਰੋਕਾਰਾਂ ਤੋਂ ਟੁੱਟ ਚੁੱਕੀ ਹੈ ਅਤੇ ਇਹ ਸੁਰ ਤੋਂ ਭਟਕ ਕੇ ਸ਼ੋਰ ਪ੍ਰਧਾਨ ਹੋ ਚੁੱਕੀ ਹੈ। ਗੀਤ ਵੀਡੀਓ ਕਈ ਕਲਾਵਾਂ ਦਾ ਮਿਸ਼ਰਤ ਰੂਪ ਹੈ।ਅਤੇ ਇਹ ਪ੍ਰਭਾਵਸ਼ਾਲੀ ਕਲਾ ਮਾਧਿਅਮ ਹੈ। ਜਿਸ ਵਿੱਚ ਮੇਕਅੱਪ, ਹਾਰ-ਸ਼ਿੰਗਾਰ, ਵਸਤਰ ਕਲਾ ਵੀ ਸਮਾਈ ਹੁੰਦੀ ਹੈ।ਉੱਤਰ ਆਧੁਨਿਕ ਯੁੱਗ ਵਿੱਚ ਰਿਕਾਰਡਿੰਗ ਦੇ ਨਾਲ ਇੱਕੋ ਕਲਾ ਕਿਰਤ ਦੀਆਂ ਬਹੁਤ ਸਾਰੀਆਂ ਨਕਲਾਂ ਕਰਨ ਅਤੇ ਉਨ੍ਹਾਂ ਦਾ ਸੰਚਾਰ ਕਰਨਾ ਸਸਤਾ ਹੋ ਗਿਆ ਹੈ।ਅੱਜ ਕੱਲ੍ਹ ਦੀਆਂ ਗੀਤ ਵੀਡੀਓ ਵਿੱਚ ਅੰਦਰੋਂ ਉੱਠਦੀਆਂ ਕੁਦਰਤੀ ਕਾਮੁਕ ਭਾਵਨਾਵਾਂ ਨੂੰ ਉਦਾਸ ਕਰ ਕੇ ਸਿਰਜਣਾਤਮਿਕ ਤਰੀਕੇ ਨਾਲ ਸ਼ਾਂਤ ਕਰਨ ਦੀ ਥਾਂ ਭਟਕਾਇਆ, ਚਮਕਾਇਆ ਅਤੇ ਲਿਸ਼ਕਾਇਆ ਜਾਂਦਾ ਹੈ। ਇਸ ਦੇ ਨਾਲ ਹੀ ਇਸ ਨੂੰ ਕਿਸੇ ਵਪਾਰ ਵਪਾਰਕ ਵਸਤ ਨਾਲ ਜੋੜਿਆ ਜਾਂਦਾ ਹੈ। ਇੰਜ ਕਾਮ ਵਾਸਨਾਵਾਂ ਦਾ ਵਪਾਰ ਕੀਤਾ ਜਾਂਦਾ ਹੈ ਅਤੇ ਇਸ ਰਾਹੀਂ ਪੈਸਾ ਕਮਾਇਆ ਜਾਂਦਾ ਹੈ।ਹੋਰ ਤਾਂ ਹੋਰ ਅਜੋਕਾ ਗੀਤ ਵੀਡੀਓ ਵਿੱਚ ਐਨਕਾਂ, ਪਰਸਾਂ, ਮੋਬਾਈਲਾਂ, ਸੈਂਡਲਾਂ, ਜੀਨਾ, ਕਾਰਾਂ, ਜੀਪਾਂ, ਮੋਟਰਸਾਈਕਲਾਂ ਹਥਿਆਰਾਂ ਅਤੇ ਬ੍ਰਾਂਡਾਂ ਦੀਆਂ ਸਿੱਧੀਆਂ ਅਤੇ ਅਸਿੱਧੀਆਂ ਮਸ਼ਹੂਰੀਆਂ ਕੀਤੀਆਂ ਜਾਂਦੀਆਂ ਹਨ। ਜਿਵੇਂ

      ਘੁੰਮਣ ਘੁੰਮਾਉਣ ਨੂੰ ਤਾਂ ਥਾਰ ਰੱਖੀ ਐ,

      ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ।

ਸੁਨੰਦਾ ਸ਼ਰਮਾ ਦੇ ਇਸ ਗੀਤ ਵੀਡੀਓ ਵਿੱਚ ਥਾਰ, ਬੁਲਟ,  ਗੱਡੀ, ਅਰਜਨ ਟਰੈਕਟਰ ਦੀ ਵਰਤੋਂ ਕੀਤੀ ਗਈ ਹੈ। ਜੋ ਕਿ ਆਪਣੇ ਆਪ ਵਿੱਚ ਮਸ਼ਹੂਰੀ ਹੈ। ਇਸ ਤਰ੍ਹਾਂ ਦੇ ਹੋਰ ਕਈ ਗੀਤ ਮਿਲਦੇ ਹਨ। ਜਿਵੇਂ

       ਮੁੰਡਾ ਸੋਹਣੀਏ ਨੀ ਆਈਫੋਨ ਵਰਗਾ।

ਇਸ ਗੀਤ ਵੀਡੀਓ ਵਿੱਚ ਮੋਬਾਈਲ ਦੀ ਮਸ਼ਹੂਰੀ ਕੀਤੀ ਗਈ ਹੈ। ਜਿਸਨੂੰ ਦੇਖਣ ਉਪਰੰਤ ਹਰ ਆਦਮੀ ਅੰਦਰ ਇਸ ਨੂੰ ਪਾਉਣ ਦੀ ਲਾਲਸਾ ਪੈਦਾ ਹੋ ਜਾਂਦੀ ਹੈ। ਜੋ ਅੱਜ ਕੱਲ੍ਹ ਮੀਡੀਆ ਦਾ ਉਦੇਸ਼ ਬਣ ਗਿਆ ਹੈ।

ਗੀਤ ਵੀਡੀਓ ਅਤੇ ਨਾਰੀ

ਸੋਧੋ

ਔਰਤ ਅਜੋਕਾ ਸਮਕਾਲੀ ਪੰਜਾਬੀ ਗਾਇਕੀ ਦਾ ਮੁੱਖ ਮੁੱਦਾ ਬਣੀ ਹੋਈ ਹੈ। ਗੀਤ ਵੀਡੀਓ ਦੇ ਹਰ ਦ੍ਰਿਸ਼ ਵਿੱਚ ਔਰਤ ਕਿਤੇ ਨਾ ਕਿਤੇ ਸ਼ਾਮਿਲ ਹੁੰਦੀ ਹੈ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਲਈ। ਅਜੋਕਾ ਗੀਤ ਵੀਡੀਓ ਵਿੱਚ ਨਾਰੀ ਦੇਹ ਦਾ ਖੂਬ ਲਾਹਾ ਲਿਆ ਜਾਂਦਾ ਹੈ। ਔਰਤ ਦੀ ਦੇਹ ਅਤੇ ਨੰਗੇਜ਼ਪਣ ਮੀਡੀਏ ਲਈ ਹਥਿਆਰ ਬਣ ਗਈ, ਜੋ ਪੂੰਜੀਵਾਦ ਤੰਤਰ ਦਾ ਖਤਰਨਾਕ ਸੰਦ ਹੈ। ਪ੍ਰਸਿੱਧ ਸਮਾਜ ਸ਼ਾਸਤਰੀ "ਡਾ: ਰਾਜੇਸ ਗਿੱਲ" ਇਸ ਪ੍ਰਸੰਗ ਵਿੱਚ ਲਿਖਦੇ ਹਨ ਕਿ ਪੰਜਾਬੀ ਔਰਤ ਦਾ ਜੋ ਸਰੂਪ ਪੂੰਜੀਵਾਦੀ ਕਦਰ ਪ੍ਰਬੰਧ ਵਿੱਚ ਮੀਡੀਏ ਨੇ ਕੀਤਾ ਹੈ। ਉਸ ਸਬੰਧੀ ਅਨੇਕਾਂ ਸਵਾਲ ਖੜ੍ਹੇ ਕਰਦੀ ਹੈ। ਇਸ ਸਮੇਂ ਮੀਡੀਆ ਚੰਗੀ ਤਰ੍ਹਾਂ ਵੱਡੇ ਲੋਕਾਂ ਨੂੰ ਖਾਦ ਪਦਾਰਥ ਪਰੋਸ ਰਿਹਾ ਹੈ।  ਗੀਤਾਂ ਦੇ ਸ਼ਬਦਾਂ ਵਿੱਚ ਔਰਤ ਦੇ ਜਿਸਮ ਦੀਆਂ ਗਿਣਤੀਆਂ ਮਿਣਤੀਆਂ ਕੀਤੀਆਂ ਜਾਂਦੀਆਂ ਹਨ ਅਤੇ ਵੀਡੀਓ ਉਸ ਦੇ ਜਿਸਮ ਦੀ ਨੁਮਾਇਸ਼ ਤੋਂ ਸ਼ੁਰੂ ਹੋ ਕੇ ਉਸ ਦੇ ਜਿਸਮ ਦੀ ਨੁਮਾਇਸ਼ ਤੇ ਖਤਮ ਹੁੰਦੀ ਹੈ।[1] ਜਿਵੇਂ ਇਸ ਨਾਲ ਸਬੰਧਿਤ ਗੀਤ ਵੀਡੀਓ:

           ਲੱਕ 28 ਕੁੜੀ ਦਾ 47  ਵੇਟ ਕੁੜੀ ਦਾ।

ਕੁਝ ਗੀਤ ਵੀਡੀਓ ਵਿੱਚ ਔਰਤ ਨੂੰ  ਫੁੱਫੇਕੁੱਟਣੀ, ਧੋਖੇਬਾਜ਼,ਠੱਗਣੀ ਦੇ ਬਿੰਬ ਵਜੋਂ ਸਿਰਜਦੇ ਹਨ ਜੋ ਕਿ ਲੋਕਧਾਰਾ ਵਿੱਚ ਪ੍ਰਚਲਿਤ ਬਿੰਬ 365 ਚਲਿੱਤਰ ਨਾਰ ਦੇ ਸਾਰਾ ਸਾਲ ਬੰਦੇ ਨੂੰ ਮਾਰਦੇ ਨੂੰ ਸੱਚ ਕਰ ਕੇ ਦਿਖਾਉਂਦੇ ਹਨ। ਜਿਵੇਂ ਇਸ ਨਾਲ ਸੰਬੰਧਿਤ ਸ਼ੈਰੀ ਮਾਨ ਦੇ ਗੀਤ ਵੀਡੀਓ:

         ਸੋਹਣੇ ਮੁੱਖੜੇ ਦਾ ਕੀ ਕਰੀਏ,

         ਤੇਰਾ ਦਿਲ ਹੀ ਜੇ ਚੱਜਦਾ ਨਾ।

ਗੀਤ ਵੀਡੀਓ ਵਿੱਚ ਜੱਟਵਾਦ:-

ਸੋਧੋ

ਔਰਤ ਦੇ ਨਾਲ ਨਾਲ ਅਜੋਕਾ ਗੀਤ ਵੀਡੀਓ ਵਿੱਚ ਜੱਟਵਾਦ ਵੀ ਦਿਖਾਇਆ ਜਾਂਦਾ ਹੈ, ਜੋ ਕਿ ਅਸਲੀਅਤ ਦੇ ਜੱਟ ਤੋਂ ਕਿਤੇ ਵੱਖਰਾ ਹੈ।ਅਸਲ ਵਿੱਚ ਜੱਟਵਾਦ ਕਮਜ਼ੋਰ ਮਾਨਸਿਕਤਾ ਦਾ ਪ੍ਰਗਟਾਵਾ ਹੈ। ਪੰਜਾਬ ਦੇ ਜੱਟ ਉਤਪਾਦਨੀ ਸਾਧਨਾਂ ਤੇ ਕਾਬਜ਼ ਹੋਣ ਕਰਕੇ ਸਭ ਤੋਂ ਉੱਚੀ ਜਾਤ ਦੀ ਹਉਮੈ ਦਾ ਸ਼ਿਕਾਰ ਹਨ। ਗੀਤ ਵੀਡੀਓ ਵਿੱਚ ਪੇਸ਼ ਹੋ ਰਿਹਾ ਜੱਟ ਕਮਜ਼ੋਰ ਮਾਨਸਿਕਤਾ ਦਾ ਪ੍ਰਤੀਕ ਨਹੀਂ ਹੈ। ਭਾਵੇਂ ਵਿਸ਼ਵੀਕਰਨ ਦੀ ਮਾਰ  ਹੇਠ ਕਿਸਾਨੀ ਕੰਗਾਲੀ ਕਰਨ ਦੇ ਵਿੱਚ ਗਰਕ ਹੋ ਰਹੀ ਹੈ ਅਤੇ ਲਗਾਤਾਰ ਖੁਦਕੁਸ਼ੀ ਦੇ ਰਾਹ ਪਈ ਹੋਈ ਹੈ, ਫਿਰ ਵੀ ਉਸ ਅੰਦਰ ਜੱਟਵਾਦੀ ਰੂਪ ਬਰਕਰਾਰ ਹੈ। ਜਿਵੇਂ:

                   ਜੱਟ ਦਾ ਮੁਕਾਬਲਾ,

                   ਦੱਸ ਬਿੱਲੋ ਕਿੱਥੇ ਐ।

ਸਿੱਧੂ ਮੂਸੇ ਵਾਲਾ ਦੀ ਇਸ ਗੀਤ ਵੀਡੀਓ ਵਿੱਚ ਦਿਖਾਇਆ ਗਿਆ ਜੱਟ ਅਸਲੀਅਤ ਜੱਟ ਦੇ ਬਿਲਕੁਲ ਉਲਟ ਹੈ। ਉਸ ਕੋਲ ਇੰਨਾ ਪੈਸਾ ਨਹੀਂ ਕਿ ਉਹ ਐਸ਼ਪ੍ਰਸਤੀ ਦਾ ਜੀਵਨ ਬਤੀਤ ਕਰ ਸਕੇ।[2]

ਗੀਤ ਵੀਡੀਓ ਵਿੱਚ ਪਰਵਾਸ:-

ਸੋਧੋ

ਗੀਤ ਵੀਡੀਓ ਵਿੱਚ ਪਰਵਾਸ ਦੇ ਅਨੁਭਵ ਨਾਲ ਜੁੜਿਆ ਵੱਡਾ ਹਿੱਸਾ ਪ੍ਰਾਪਤ ਹੁੰਦਾ ਹੈ। ਜਿਸਦੇ ਪਿੱਛੇ ਆਰਥਿਕ ਕਾਰਨ ਕਾਰਜਸ਼ੀਲ ਹਨ। ਬਿਨਾਂ ਸ਼ੱਕ ਪੰਜਾਬ ਦੇ ਮਨੁੱਖ ਨੂੰ ਪਰਵਾਸ ਆਪਣੇ ਦੁੱਖ ਤੇ ਦੁਸ਼ਵਾਰੀਆਂ ਦਾ ਇੱਕੋ ਇੱਕ ਹੱਲ ਦਿਖਾਈ ਦਿੰਦਾ ਹੈ। ਰਿਸ਼ਤਿਆਂ ਨਾਲੋਂ ਤੋੜ-ਵਿਛੋੜਾ ਅਤੇ ਦੂਰੀ ਦਾ ਦਰਦ ਇਸ ਗੀਤਕਾਰੀ ਵਿੱਚ ਉਪਭਾਵੁਕਤਾ ਦਾ ਪੱੱਧਰ ਤੱਕ ਮਿਲਦਾ ਹੈ।

                ਤੈਨੂੰ ਭੇਜਿਆ ਪੁੱਤ ਪਰਦੇਸਾਂ ਨੂੰ,

                ਕੀ ਕਰਦੇ ਇਹ ਮਜਬੂਰੀ ਸੀ,

                ਘਰ ਦੀ ਤੰਗੀ ਕੱਟਣ ਲਈ,

                ਪੈਸਾ ਵੀ ਜ਼ਰੂਰੀ ਸੀ।

ਗੀਤ ਵੀਡੀਓ ਵਿੱਚ ਨਸ਼ੇ ਦਾ ਪ੍ਰਚਾਰ:-

ਸੋਧੋ

ਅਜੋਕੇ ਗੀਤ ਵੀਡੀਓ ਵਿੱਚ ਇੱਕ ਹੋਰ ਪ੍ਰਸਿੱਧ ਮੁੱਦਾ ਸਾਹਮਣੇ ਆ ਰਿਹਾ ਹੈ। ਗੀਤ ਵੀਡੀਓ ਵਿੱਚ ਨਸ਼ੇ ਦਾ ਪ੍ਰਚਾਰ ਸ਼ੁਰੂ ਹੋ ਗਿਆ ਹੈ। ਇਹ ਨਸ਼ਾ ਅਫੀਮ, ਭੁੱਕੀ, ਸ਼ਰਾਬ ਤੱਕ ਸੀਮਤ ਨਾ ਹੋ ਕੇ ਕਲੱਬਾਂ ਵਿੱਚ ਮਾਡਰਨ ਕੁੜੀਆਂ ਨਾਲ ਨੱਚਣਾ ਅਤੇ ਉਨ੍ਹਾਂ ਨਾਲ ਸੰਬੰਧ ਬਣਾਉਣ ਤੱਕ ਦਾ ਹੈ। ਇਹ ਅਜਿਹਾ ਨਸ਼ਾ ਹੈ ਜਿਹੜਾ ਬੰਦੇ ਨੂੰ ਦਿਖਾਇਆ ਜਾ ਰਿਹਾ ਹੈ 'ਤੇ ਉਸ ਨੂੰ ਪਾਉਣ ਦੀ ਲਾਲਸਾ ਦਿੰਦਾ ਹੈ। ਸ਼ਰਾਬ ਅਤੇ ਹਥਿਆਰਾਂ ਦੀ ਨੁਮਾਇਸ਼ ਹੀ ਗੀਤ ਵੀਡੀਓ ਨੂੰ ਹਿੱਟ ਕਰਵਾਉਣ ਦੀਆਂ ਜੁਗਤਾਂ ਹਨ। ਜਿਵੇਂ:

                  ਪਹਿਲਾ ਪੈੱਗ ਲਾ ਕੇ ਪਾਵਾਂ,

                  ਅੱਖਾਂ ਵਿੱਚ ਅੱਖਾਂ।

ਇਸ ਗੀਤ ਵੀਡੀਓ ਦਾ ਨਾਇਕ "ਬੱਬੂ ਮਾਨ" ਨੌਜਵਾਨਾਂ ਨੂੰ ਐਸ਼ਪ੍ਰਸਤੀ ਤੇ ਫੁਕਰਾ ਗਿਰੀ ਦੇ ਪਾਠ ਪੜ੍ਹਾ ਰਿਹਾ ਹੈ। ਜੋ ਬੇਹੱਦ ਸ਼ਰਮਨਾਕ ਹੈ। ਮੀਡੀਆ ਮੰਡੀ ਮੁੱਲਾਂ ਦੇ ਅਨੁਸਾਰੀ ਖਪਤ ਸਭਿਆਚਾਰ ਦੀ ਸਿਰਜਣਾ ਕਰਦਾ ਹੋਇਆ ਜਨ ਚੇਤਨਾ ਨੂੰ ਆਕਰਸ਼ਿਤ ਕਰਦਾ ਹੈ। ਮਰਦ ਦੇ ਨਾਲ ਨਾਲ ਕੁਝ ਅਜਿਹੀਆਂ ਗੀਤ ਵੀਡੀਓ ਵੀ ਮਿਲਦੀਆਂ ਹਨ। ਜਿਸ ਵਿੱਚ ਔਰਤ ਆਪਣੇ ਆਪ ਨੂੰ ਬੋਤਲ ਸਮਾਨ ਰੱਖਦੀ ਹੈ।ਜਿੱਥੇ ਪੰਜਾਬੀ ਸੱਭਿਆਚਾਰ ਔਰਤ ਨੂੰ ਸਿੱਧੀ ਸਾਦੀ ਪੇਸ਼ ਕਰਦਾ ਹੈ, ਉੱਥੇ ਉਹ ਆਪਣੇ ਸਾਰੇ ਦਾਇਰੇ ਭੁੱਲ ਚੁੱਕੀ ਹੈ। ਜਿਵੇਂ

     ਮੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ,

     ਇਨ੍ਹਾਂ ਨੈਣਾਂ ਵਿੱਚੋਂ  ਸਿੱਪ ਸਿੱਪ  ਪੀਵੇ।

ਗੀਤ ਵੀਡੀਓ ਵਿੱਚ ਹਿੰਸਾ:-

ਸੋਧੋ

ਸਮਕਾਲੀ ਗੀਤ ਵੀਡੀਓ ਵਿੱਚ ਨਿੱਜੀ ਦੁਸ਼ਮਣੀ ਦਿਖਾਈ ਜਾਂਦੀ ਹੈ। ਗੀਤ ਵੀਡੀਓ ਨੇ ਹਿੰਸਾ ਦੇ ਰੂਪ ਨੂੰ ਪ੍ਰਵਾਨ ਕਰਕੇ ਬੜ੍ਹਾਵਾ ਦਿੱਤਾ ਹੈ। ਜਿਵੇਂ:

         ਜਗ੍ਹਾ ਤੇਰੀ, ਟਾਈਮ ਮੇਰਾ

          ਡਾਂਗ ਮੇਰੀ, ਵਹਿਮ ਤੇਰਾ।

ਇਸ ਗੀਤ ਵੀਡੀਓ ਵਿੱਚ ਕੁਝ ਸਮਾਜਿਕ ਪ੍ਰਸੰਗ ਨਹੀਂ ਹੈ।ਵੀਡੀਓ ਵਿੱਚ ਕੁਝ ਸਪਸ਼ਟ ਨਹੀਂ ਹੁੰਦਾ, ਬਸ ਦੋ ਵਿਅਕਤੀਆਂ ਜਾਂ ਦੋ ਗੈਂਗਸਟਰਾਂ ਦੀ ਆਪਸੀ ਰੰਜਿਸ਼ ਹੈ। ਗੀਤ ਵੀਡੀਓ ਵਿੱਚ ਖਲਨਾਇਕ ਨੂੰ ਨਾਇਕ ਬਣਾ ਕੇ ਪੇਸ਼ ਕੀਤਾ ਗਿਆ ਹੈ। ਗੀਤ ਵੀਡੀਓ ਵਿੱਚ ਅਹਿੰਸਕ ਸੰਘਰਸ਼ ਲਈ ਥਾਂ ਨਹੀਂ ਸਗੋਂ ਹਿੰਸਾ ਪ੍ਰਧਾਨ ਹੋ ਚੁੱਕੀ ਹੈ।[3]

ਗੀਤ ਵੀਡੀਓ ਵਿੱਚ ਕਿਸਾਨੀ ਦ੍ਰਿਸ਼:-        

ਸੋਧੋ

ਪੰਜਾਬੀ ਦੀ ਕਿਸਾਨੀ ਦੀ ਬਿੰਬਾਕਾਰੀ ਜੱਟ  ਕਿਸਾਨੀ ਬਿੰਬਾਕਾਰੀ  ਬਣ ਕੇ ਸਾਹਮਣੇ ਆਉਂਦੀ ਹੈ। ਇਸ ਗਾਇਕੀ ਦੇ ਅੱਗੋਂ ਕਈ ਵਰਗ ਬਣਦੇ ਹਨ। ਪਹਿਲੇ ਵਰਗ ਵਿੱਚ ਅਜਿਹੇ ਗੀਤ ਹੁੰਦੇ ਹਨ,ਜਿਨ੍ਹਾਂ ਵਿੱਚ ਜੱਟ ਪੰਜਾਬੀ ਤੇ ਪੰਜਾਬੀਅਤ ਦੀ ਪ੍ਰਤੀਨਿਧਤਾ ਕਰਨ ਵਾਲਾ ਸ਼ਕਤੀਸ਼ਾਲੀ ਵਿਅਕਤੀ ਬਣ ਕੇ ਉੱਭਰਦਾ ਹੈ।ਜਿਵੇਂ

           ਕਿਹੜਾ ਜੰਮ ਪਿਆ ਸੂਰਮਾ,

           ਜਿਹੜਾ ਜੱਟ ਦੀ ਚੜ੍ਹਤ ਨੂੰ ਰੋਕੇ।

ਇਸ ਵੰਨਗੀ ਅਧੀਨ ਆਉਂਦੀ ਗਾਇਕੀ ਵਿੱਚ ਜੱਟ ਕਿਸਾਨੀ ਦੀ ਪੇਸ਼ਕਾਰੀ ਸਾਧਨ ਸੰਪੰਨ ਅਤੇ ਠਾਠ ਬਾਠ ਦੀ ਜ਼ਿੰਦਗੀ ਜਿਊਣ ਵਾਲੀ ਧਿਰ ਵਜੋਂ ਹੁੰਦੀ ਹੈ। ਇਸ ਲਈ ਵਿਆਪਕ ਆਰਥਿਕ ਸੰਕਟਾਂ ਦੇ ਬਾਵਜੂਦ ਵੀ ਉਸ ਨੂੰ ਬਾਦਸ਼ਾਹ ਦੀ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ। ਜਿਵੇਂ

           ਸਾਰੀ ਦੁਨੀਆ ਤੇ ਚੱਲੇ ਮੇਰਾ ਨਾ ਨੀਂ,    

           ਗੱਲਾਂ ਹੁੰਦੀਆਂ ਨੇ ਬਿੱਲੋ ਥਾਂ ਥਾਂ ਨੀਂ।

ਜਿਸ ਤਰ੍ਹਾਂ ਅਜੋਕਾ ਗੀਤ ਵੀਡੀਓ ਵਿੱਚ ਇੱਕ ਪਾਸੇ ਲੱਚਰਤਾ ਪੇਸ਼ ਹੋ ਰਹੀ ਹੈ 'ਤਾਂ ਉੱਥੇ ਨਾਲ ਸੱਭਿਅਕ ਗਾਇਕੀ ਅਤੇ ਪਾਪੂਲਰ ਗਾਇਕੀ ਦੇ ਪ੍ਰਸੰਗ ਵੀ ਮਿਲਦੇ ਹਨ।ਜਿਵੇਂ ਗੁਰਦਾਸ ਮਾਨ, ਸਰਦੂਲ ਸਿਕੰਦਰ,ਨੂਰਾ ਸਿਸਟਰ, ਵਡਾਲੀ ਬ੍ਰਦਰਜ਼, ਹੰਸ ਰਾਜ ਹੰਸ, ਕੁਲਦੀਪ ਮਾਣਕ ਆਦਿ ਮਿਲਦੇ ਹਨ।[4]

ਗੀਤ ਵੀਡੀਓ ਦਾ ਵਾਤਾਵਰਨ:-

ਸੋਧੋ

ਜੇਕਰ ਅਜੋਕਾ ਗੀਤ ਵੀਡੀਓ ਵਿੱਚ ਪੇਸ਼ ਵਾਤਾਵਰਨ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਦੀ ਗੀਤ ਵੀਡੀਓ ਹੋਰਨਾਂ ਦੇਸ਼ਾਂ ਵਿੱਚ ਰਿਕਾਰਡ ਕੀਤੀਆਂ ਜਾਂਦੀਆਂ ਹਨ। ਜਿਨ੍ਹਾਂ ਵਿੱਚ ਬਾਹਰਲੇ ਦੇਸ਼ਾਂ ਦੀਆਂ ਵੱਡੀਆਂ ਵੱਡੀਆਂ ਇਮਾਰਤਾਂ, ਸੜਕਾਂ, ਗੱਡੀਆਂ ਅਤੇ ਉੱਥੋਂ ਦਾ ਰਹਿਣ-ਸਹਿਣ ਪਹਿਰਾਵਾ, ਖਾਣ ਪੀਣ ਹੁੰਦਾ ਹੈ। ਜਿਸ ਵਿੱਚ ਪੰਜਾਬੀ ਸੱਭਿਆਚਾਰ ਦੀ ਝਲਕ ਵੀ ਕਿਤੇ ਨਹੀਂ ਹੁੰਦੀ ਅਤੇ ਜੇਕਰ ਇਹ ਗੀਤ ਵੀਡੀਓ ਪੰਜਾਬ ਵਿੱਚ ਸ਼ੂਟ ਕੀਤੀਆਂ ਜਾਣ ਤਾਂ ਉਨ੍ਹਾਂ ਵਿੱਚ ਕੋਠੀਆਂ, ਕਾਰਾਂ, ਮਹਿੰਗੇ ਬ੍ਰਾਂਡ, ਹਥਿਆਰ, ਨਸ਼ਾ, ਔਰਤ ਦੀ ਸੰਗਤ ਆਦਿ ਦ੍ਰਿਸ਼ਾਂ ਨੂੰ ਫਿਲਮਾਇਆ ਜਾਂਦਾ ਹੈ। ਜੋ ਕਿ ਪੱਛਮੀ ਸਭਿਆਚਾਰ ਦੀ ਨਕਲ ਹੁੰਦੀ ਹੈ। "ਡਾ:ਰਜਿੰਦਰਪਾਲ ਸਿੰਘ ਬਰਾੜ" ਮੰਨਦੇ ਹਨ ਕਿ ਪੰਜਾਬੀ ਬੰਦਾ ਖ਼ਪਤ ਸੱਭਿਆਚਾਰ ਵਿੱਚ ਪੂਰੀ ਤਰ੍ਹਾਂ ਗ੍ਰਸਤ ਹੋ ਚੁੱਕਾ ਹੈ। ਉਸ ਦੀ ਜ਼ਿੰਦਗੀ ਦਾ ਮਕਸਦ ਬਦਮਾਸ਼ੀ, ਬੇਈਮਾਨੀ, ਪਦਾਰਥਕ ਪ੍ਰਾਪਤੀਆਂ ਹਨ। ਗੀਤ ਵੀਡੀਓ ਸੱਭਿਆਚਾਰ ਆਪਣੇ ਪਿਛੋਕੜ ਵਿੱਚੋਂ ਜਨਮ ਲੈਂਦੇ ਹਨ। ਇਹ ਗੱਲ ਸੱਚ ਹੈ, ਜਿਸ ਤਰ੍ਹਾਂ ਦਾ ਸਾਡਾ ਸਮਾਜਿਕ ਦ੍ਰਿਸ਼ ਬਣ ਰਿਹਾ ਹੈ, ਉਸ ਦਾ ਪ੍ਰਭਾਵ ਗੀਤ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ।

ਗੀਤ ਵੀਡੀਓ ਵਿਸ਼ਵੀਕਰਨ 'ਤੇ ਮੀਡੀਆ:-

ਸੋਧੋ

ਜੀਵਨ ਸ਼ੈਲੀ ਉੱਪਰ ਵਿਸ਼ਵੀਕਰਨ ਦਾ ਪ੍ਰਭਾਵ ਅਜੋਕੀ ਗੀਤ ਵੀਡੀਓ ਰਾਹੀਂ ਪ੍ਰਤੱਖ ਦੇਖਿਆ ਜਾ ਸਕਦਾ ਹੈ। ਵਿਸ਼ਵੀਕਰਨ ਦੇ ਪ੍ਰਭਾਵ ਅਧੀਨ ਗੀਤ ਦੇ ਬੋਲਾਂ ਅਤੇ ਦ੍ਰਿਸ਼ਾਂ ਵਿੱਚ ਅੰਤਰ ਦੇਖਣ ਨੂੰ ਮਿਲਦਾ ਹੈ। ਗੀਤ ਦੀਆਂ ਸੱਤਰਾਂ ਵਿੱਚ ਪੰਜਾਬੀ ਕੁੜੀ ਦੀ ਗੱਲ ਕੀਤੀ ਜਾਂਦੀ ਹੈ 'ਤੇ  ਵੀਡੀਓ ਵਿੱਚ ਰਸ਼ੀਅਨ ਕੁੜੀ ਲਈ ਜਾਂਦੀ ਹੈ। ਜੇਕਰ ਗੀਤ ਵਿੱਚ ਚੁੰਨੀ, ਪਰਾਂਦੀ,ਜੁੱਤੀ  ਦੀ ਗੱਲ ਹੁੰਦੀ ਹੈ ਤਾਂ ਵੀਡੀਓ ਵਿੱਚ ਕੁੜੀ ਦੇ ਛੋਟੇ-ਛੋਟੇ ਕੱਪੜੇ ਪਾਏ ਹੁੰਦੇ ਹਨ।ਨਾ ਹੀ ਵੀਡੀਓ ਵਿੱਚ ਦਿਖਾਈ ਕੁੜੀ ਪੰਜਾਬੀ ਹੁੰਦੀ ਹੈ, ਨਾ ਹੀ ਉਸ ਨੂੰ ਪੰਜਾਬੀ ਬੋਲਣੀ ਆਉਂਦੀ ਹੈ। ਅੰਗਰੇਜ਼ੀ ਸ਼ਬਦਾਂ ਦੀ ਭਰਮਾਰ ਨਾਲ ਅਸ਼ਲੀਲਤਾ ਨੂੰ ਨੈਤਿਕ ਬਣਾਉਣ ਦਾ ਖਤਰਨਾਕ ਰੁਝਾਣ ਦੇਖਣ ਨੂੰ ਮਿਲਦਾ ਹੈ।ਜੇਕਰ ਗੀਤ ਵੀਡੀਓ ਦੇ ਨਾਇਕ ਦੀ ਗੱਲ ਕਰੀਏ ਤਾਂ ਵੀਡੀਓ ਵਿੱਚ ਉਸ ਨੂੰ ਗੈਂਗਸਟਰ, ਨਸ਼ੇ ਦੇ ਵਪਾਰੀ, ਧੱਕਾ ਕਰਨ ਵਾਲੇ ਦੇ ਰੂਪ ਵਿੱਚ ਪੇਸ ਕੀਤਾ ਜਾਂਦਾ ਹੈ। ਇਸ ਪ੍ਰਕਾਰ ਵਿਸ਼ਵੀਕਰਨ ਨੇ ਸਮੁੱਚੀ ਜੀਵਨ ਪਰਕਿਰਿਆ, ਸਮਾਜਿਕ ਜ਼ਿੰਦਗੀ, ਰਹਿਣ-ਸਹਿਣ, ਕਦਰਾਂ ਕੀਮਤਾਂ,ਰੀਤੀ ਰਿਵਾਜਾਂ ਤੇ ਮਨੋਰੰਜਨ ਦੇ ਬਹੁਤ ਪਸਾਰੀ ਪੱਧਰਾਂ ਉੱਤੇ ਆਪਣਾ ਪ੍ਰਭਾਵ ਪਾ ਲਿਆ ਹੈ। ਜੇਕਰ ਅਸੀਂ ਪੱਛਮੀ ਸੱਭਿਆਚਾਰ ਦੀ ਕੋਈ ਨਕਲ ਕਰਦੇ ਹਾਂ ਤਾਂ ਸਾਨੂੰ ਉਹ ਨਕਲ ਪ੍ਰਤੀਤ ਨਹੀਂ ਹੁੰਦੀ, ਸਗੋਂ ਉਨ੍ਹਾਂ ਦਾ ਸੱਭਿਆਚਾਰ ਅਸੀਂ ਇੰਨਾਂ ਅਪਣਾ ਲਿਆ ਹੈ ਕਿ ਉਹ ਸਾਨੂੰ ਓਪਰਾ ਮਹਿਸੂਸ ਹੀ ਨਹੀਂ ਹੁੰਦਾ। ਸੱਭਿਆਚਾਰਕ ਕਦਰਾਂ ਕੀਮਤਾਂ ਦਾ ਅਜਿਹਾ ਜਟਿਲ ਪ੍ਰਬੰਧ ਹੁੰਦਾ ਹੈ। ਜਿਹੜਾ ਮਨੁੱਖ ਦੀ ਜੀਵਨ ਸ਼ੈਲੀ ਬਣਦਾ ਹੈ। ਮੀਡੀਆ ਨੇ ਵੀਡੀਓ ਦਾ ਕੰਮ ਹੋਰ ਵੀ ਆਸਾਨ ਕਰ ਦਿੱਤਾ ਜਿਵੇਂ ਸੋਸ਼ਲ ਮੀਡੀਆ ਰਾਹੀਂ ਫੇਸਬੁੱਕ, ਵਟਸਐਪ, ਯੂ ਟਿਊਬ ਉੱਪਰ ਅਜੋਕੀ ਗੀਤ ਵੀਡੀਓ ਵੇਖੀ ਮਾਣੀ ਜਾ ਸਕਦੀ ਹੈ।  ਹੋਰ ਤਾਂ ਹੋਰ ਮਾਰਕੀਟ ਵਿੱਚ ਰੈਡੀਮੇਟ ਜਾਂ ਪਹਿਲਾਂ ਤੋਂ ਹੀ ਬਣੀਆਂ ਹੋਈਆਂ ਵੀਡੀਓ ਹਾਸਲ ਹੋ ਜਾਂਦੀਆਂ ਹਨ।ਜਿਨ੍ਹਾਂ ਵਿੱਚ ਥੋੜ੍ਹੀ ਬਹੁਤੀ ਕਾਂਟ ਛਾਂਟ ਤੋਂ ਬਾਅਦ 'ਚ ਗੀਤ ਵੀਡੀਓ ਤਿਆਰ ਹੋ ਜਾਂਦਾ ਹੈ। ਮੀਡੀਆ,ਇੰਟਰਨੈੱਟ, ਕੰਪਿਊਟਰ, ਫੈਕਸ, ਟੈਲੀਵਿ਼ਜ਼ਨ ਆਦਿ ਸੰਚਾਰ ਦੀਆਂ ਸਹੂਲਤਾਂ ਨੇ ਮਨੁੱਖੀ ਜਿੰਦਗੀ ਅੰਦਰ ਸਥਾਨਕ ਵਖਰੇਵਿਆਂ ਨੂੰ ਖ਼ਤਮ ਕਰ ਦਿੱਤਾ।ਮੰਡੀ ਦੇ ਸੱਭਿਆਚਾਰ ਨੇ ਪੰਜਾਬੀ ਸੱਭਿਆਚਾਰ ਨੂੰ ਖਪਤ ਸੱਭਿਆਚਾਰ ਵਿੱਚ ਤਬਦੀਲ ਕਰ ਦਿੱਤਾ। ਪੰਜਾਬੀ ਸੱਭਿਆਚਾਰ ਵਿਚਲਾ ਪਹਿਰਾਵਾ, ਰਹਿਣ ਸਹਿਣ, ਕੀਮਤਾਂ ਤੇ ਉਸਦੀ ਦਿੱਖ ਗ਼ੀਤ ਵੀਡੀਓ ਵਿੱਚੋਂ ਅਸਲੋਂ ਤਬਦੀਲ ਹੋ ਗਈ ਹੈ। ਪੁਰਾਣੇ ਸੱਭਿਆਚਾਰਕ ਗੀਤ ਵੀਡੀਓ ਜਿੱਥੇ ਸੱਭਿਆਚਾਰ ਦੀ ਦੇਖਣ ਨੈਣ-ਨਕਸ਼ ਉਸ ਦੀ ਵਿਲੱਖਣ ਹੋਂਦ ਨੂੰ ਪੇਸ਼ ਕਰਦੇ ਸਨ।ਉੱਥੇ ਅਜੋਕਾ ਗੀਤ ਵੀਡੀਓ ਪੱਛਮੀ ਸੱਭਿਆਚਾਰ ਤੋਂ ਪ੍ਰਭਾਵਿਤ ਹੋ ਗਿਆ ਹੈ। ਉੱਥੋਂ ਦਾ ਪਹਿਰਾਵਾ ਅਜੋਕੀ ਗੀਤ ਵੀਡੀਓ ਵਿੱਚ ਪ੍ਰਮੁੱਖ ਬਣ ਗਿਆ ਹੈ। ਸਮੁੱਚੇ ਤੌਰ ਤੇ ਇਹ ਸਿੱਟਾ ਕੱਢਿਆ ਜਾ ਸਕਦਾ ਹੈ।ਕਿ ਸਮੁੱਚੇ ਸੱਭਿਆਚਾਰ ਵਿੱਚ ਬਦਲਾਅ ਦੀ ਲੋੜ ਹੈ। ਇੱਕ ਭਾਗ ਇਕੱਲਾ ਨਹੀਂ ਬਦਲਿਆ ਜਾ ਸਕਦਾ ਸਮੁੱਚੇ ਬਦਲਾਅ ਲਈ ਤਬਦੀਲੀ ਦੀ ਜ਼ਰੂਰਤ ਹੈ ਇਨਕਲਾਬੀ ਲਹਿਰ ਹੀ ਕੋਈ ਕਾਊਂਟਰ ਕਲਚਰ ਉਸਾਰ ਸਕਦੀ ਹੈ। ਹਾਲ ਦੀ ਘੜੀ ਬਦਲ ਪੇਸ਼ ਕੀਤਾ ਜਾ ਸਕਦਾ ਹੈ। ਚੰਗੇ ਗੀਤ ਵੀਡੀਓ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ।ਪਰ ਇਹ ਸਪਸ਼ਟ ਹੈ ਕਿ ਚੰਗੇ ਗੀਤਾਂ ਲਈ ਕੇਵਲ ਤਥਾ ਕਥਿਤ ਆਦਰਸ਼ੀ ਨੈਤਿਕਤਾ ਦੇ ਪਾਠਾਂ ਜਾਂ ਮੁਸੀਬਤਾਂ ਦੇ ਚਿੱਤਰਨ ਦੀ ਥਾਂ ਤੇ ਸਹੀ ਯਥਾਰਥ ਦਾ ਸੁਹਜ ਭਰਪੂਰ ਚਿਤਰਣ ਜ਼ਰੂਰੀ ਹੈ। ਇਸ ਲਈ ਇੱਕ ਪਾਸੇ ਸਾਹਿਤਕ ਕਲਾਤਮਕਤਾ ਦੂਸਰੇ ਪਾਸੇ ਸੰਗੀਤਕ ਕਲਾਤਮਿਕਤਾ ਦੀ ਵੀ ਜ਼ਰੂਰਤ ਹੈ।

ਹਵਾਲੇ:-

ਸੋਧੋ


  1. ਕੌਰ, ਅਰਸ਼ਦੀਪ. ਸਮਕਾਲੀ ਪੰਜਾਬੀ ਗੀਤ ਵੀਡੀਓ ਵਿੱਚ ਨਾਰੀ ਬਿੰਬ ਦੀ ਪੇਸ਼ਕਾਰੀ ਖੋਜ ਨਿਬੰਧ.
  2. ਕੌਰ, ਨਰਿੰਦਰ. ਸਮਕਾਲੀ ਪੰਜਾਬੀ ਗਾਇਕੀ ਨਸ਼ੇ ਹਿੰਸਾ ਅਤੇ ਜਾਤ: ਸੱਭਿਆਚਾਰਕ ਅਧਿਐਨ ਖੋਜ ਨਿਬੰਧ.
  3. ਸਿੰਘ, ਜਸਪਾਲ. 1990 ਬਾਅਦ ਦੇ ਰਿਕਾਰਡਿੰਗ ਗੀਤਾਂ ਦੇ ਸੰਦਰਭ ਵਿੱਚ ਖੋਜ ਨਿਬੰਧ.
  4. ਕੌਰ, ਹਰਜਿੰਦਰ. ਸਮਕਾਲੀ ਪੰਜਾਬੀ ਗਾਇਕੀ ਵਿੱਚ ਕਿਸਾਨੀ ਬਿੰਬ ਖੋਜ ਨਿਬੰਧ.