ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਪੱਖ

ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਸੰਤ ਹਨ, ਸਾਸ਼ਤਰਕਾਰ ਨਹੀਂ। ਉਹਨਾਂ ਨੇ ਜੋ ਕੁੱਝ ਲਿਖਿਆ, ਉਹ ਰਹੱਸ-ਅਨੁਭਵ ’ਤੇ ਅਧਾਰਿਤ ਕਾਵਿ-ਸਤਿ ਹੈ, ਸਾਸ਼ਤਰ-ਸਤ ਨਹੀਂ। ਇਸ ਗ੍ਰੰਥ ਵਿੱਚ ਬ੍ਰਹਮ ਸਰੂਪ ਦਾ ਪ੍ਰਤੀਪਾਦਨ ਹੋਇਆ ਹੈ, ਕਿਉਂਕਿ ਇਸਦੇ ਬਾਣੀਕਾਰ ਸੰਸਕਾਰ ਯੁਗ ਦੀਆਂ ਪਰਿਸਥਿਤੀਆਂ ਅਨੁਸਾਰ ਅਵਤਾਰਵਾਦ ਜਾਂ ਸਰਗੁਣ ਬ੍ਰਹਮ ਨਾਲ ਸਮਝੌਤਾ ਨਹੀਂ ਕਰ ਸਕੇ। ਗੁਰੂ ਗ੍ਰੰਥ ਸਾਹਿਬ ਵਿੱਚ ਅਧਿਆਤਮਕਤਾ ਦਾ ਵਿਚਾਰ ਇਹ ਪਾਇਆ ਜਾਂਦਾ ਹੈ ਕਿ ਸਮਾਜ ਵਿੱਚ ਰਹਿੰਦੇ ਹੋਏ, ਸਮਾਜ ਦੇ ਰਮਮੋਂ-ਰਿਵਾਜਾਂ ਨੂੰ ਨਿਭਾਉਂਦੇ ਹੋਏ ਫਿਰ ਵੀ ਪਰਮਾਤਮਾ ਦੇ ਅੰਗ-ਸੰਗ ਰਹਿਣਾ। ਸਮਾਜ ਦੀਆਂ ਨਾਕਾਰਾਤਮਕ ਬੁਰਾਈਆਂ ਤੋਂ ਦੂਰ ਰਹਿਣਾ, ਪਰੰਤੂ ਸਮਾਜ ਤੋਂ ਵੱਖ ਹੋ ਕੇ ਨਹੀਂ ਸਗੋਂ ਸਮਾਜ ਦੇ ਵਿੱਚ ਵਿਚਰ ਕੇ। ਉਹਨਾਂ ਦਾ ਸਰੂਪ ਬ੍ਰਹਮ ਉਪਨਿਸ਼ਦ ਨਾਲ ਸਮਾਨਤਾ ਰੱਖਦਾ ਹੈ। ਇਸ ਵਿੱਚ ਨਿਰੂਪਣ ਯੁੱਗ ਚੇਤਨਾ ਦੇ ਅਨੁਰੂਪ ਨਵੀਨ ਕਲਿਆਣਕਾਾਰੀ ਦਾ ਜਾਮਾ ਪਾ ਕੇ ਆਇਆ ਸੀ। (ਪੰ.ਨੰ.168)

ਬ੍ਰਹਮ ਦਾ ਸਰੂਪ

ਸੋਧੋ

ਗੁਰੂ ਗ੍ਰੰਥ ਸਾਹਿਬ ਦਾ ਬ੍ਰਹਮ ਸਰੂਪ ਅਤੇ ਨਿਰਗੁਣ ਹੁੰਦੇ ਹੁੰਦੇ ਹੋਇਆਂ ਵੀ ਕਿਰਿਆਹੀਣ ਨਹੀਂ, ਕਰਤਾ ਪੁਰਖ ਆਪਣੇ ਆਪ ਹੋਂਦ ਵਿੱਚ ਆਉਂਣ ਵਾਲਾ ਹੈ। ਸਾਰੀ ਸਿ੍ਰਸ਼ਟੀ ਦੀ ਉਤਪਤੀ, ਸਥਿਤੀ ਅਤੇ ਨਾਸ ਦਾ ਕਾਰਨ ਰੂਪ ਹੈ। ਉਹ ਓਅੰਕਾਰ, ਸ਼ਬਦ ਰੂਪ, ਨਿਰਭੈ, ਨਿਰਵੈਰ, ਅਜੂਨੀ ਅਤੇ ਲਾ-ਸ਼ਰੀਕ ਹੈ। ਉਹ ਕਾਲ ਦੇ ਸ਼ਾਸ਼ਨ ਤੋਂ ਮੁਕਤ ਅਤੇ ਸਤਿਨਾਮ ਵਾਲਾ ਹੈ। ਉਹ ਇੱਕ ਪਰਮਾਤਮਾ ਤੋਂ ਪਰ੍ਹੇ ਅਤੇ ਸਰਬ-ਵਿਆਪਕ ਹੈ। ਉਹ ਜੋ ਕੁੱਝ ਹੈ, ਉਹੀ ਕੁੱਝ ਹੈ। ਵਿਅਰਥ ਦੇ ਤਰਕ ਵਿਤਰਕ ਵਿੱਚ ਸਮਾਂ ਨਸ਼ਟ ਕਰਨਾ ਉਚਿਤ ਨਹੀਂ। ਉਸ ਵਿੱਚ ਵਿਸ਼ਵਾਸ ਰੱਖਣਾ ਹੀ ਲਾਭਦਾਇਕ ਹੈ।[1]

ਨਿਰਗੁਣ ਆਪਿ ਸਰਗੁਣੁ ਭੀ ਉਹੀ।।

ਕਲਾ ਧਾਰਿ ਜਿਨਿ ਸਗਲੀ ਮੋਹੀ।। (ਅੰ.ਗ੍ਰੰ.287)

ਗੁਰੂ ਗ੍ਰੰਥ ਸਾਹਿਬ ਦਾ ਬ੍ਰਹਮ ਸਿ੍ਰਸ਼ਟੀ ਰਚਨਾ ਤੋਂ ਪਹਿਲਾਂ ਦਾ ਸਰੂਪ ਨਿਰਗੁਣ ਹੈ ਅਤੇ ਬਾਅਦ ਦਾ ਸਰਗੁਣ। ਇਹ ਸਰਗੁਣ ਤੋਂ ਉਤਪੰਨ ਹੋ ਕੇ ਫਿਰ ਉਸੇ ਵਿੱਚ ਜਾਂਦਾ ਹੈ। ਜਦੋਂ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਬ੍ਰਹਮ ਦੇ ਤਾਤਵਿਕ ਵਿਵੇਚਨ ਦਾ ਅਵਸਰ ਮਿਲਿਆ। ਉੱਥੇ ਉਸਨੂੰ ਨਿਰਗੁਣ, ਨਿਰਾਕਾਰ, ਨਿਰਲਿਪਤ, ਨਿਰੰਜਨ ਕਿਹਾ ਜਾਂਦਾ ਹੈ। ਅਸਲੋਂ ਉਹਨਾਂ ਨੇ ਬ੍ਰਹਮ ਸੰਬੰਧੀ ਸਾਰੀਆਂ ਪ੍ਰਰਸਾਰਥਿਕ ਵਿਚਾਰਧਾਰਾਵਾਂ ਅਤੇ ਅਧਿਆਤਮਕ ਤੱਥਾਂ ਨੂੰ ਆਪਣੀ ਅਨੂਭੂਤੀ ਦੀ ਕਸੌਟੀ ਉੱਤੇ ਪਰਖਿਆ ਅਤੇ ਉਹਨਾਂ ਵਿਚਲੇ ਦੋਸਾਂ ਨੂੰ ਦੂਰ ਕਰਕੇ ਖਰਾ ਬਣਾਇਆ। ਇਸ ਲਈ ਆਦਿ ਗ੍ਰੰਥ ਦੇ ਬ੍ਰਹਮ ਦਾ ਸਰੂਪ ਕਿਸੇ ਵਿਸ਼ੇਸ਼ ਸੰਪਰਦਾਇ ਤੱਕ ਸੀਮਿਤ ਨਾ ਹੋ ਕੇ ਸਰਬਗ੍ਰਾਹੀ ਅਤੇ ਸਰਵ ਪਿ੍ਰਯਾ ਬਣ ਸਕਿਆ ਹੈੇੇ। (ਪੰ.ਨੰ. 168-169)

ਜੀਵਾਤਮਾ ਸਿਧਾਂਤ

ਸੋਧੋ

ਜੀਵਤਮਾ ਬਾਰੇ ਵੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਦਾ ਮੂਲ ਅਧਾਰ ਸਾਸ਼ਤਰ ਨਹੀਂ, ਆਤਮ ਅਨੂਭੂਤੀ ਹੈ। ਉਹ ਆਤਮਾ ਅਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ ਮੰਨਦੇ। ਅਵਿਦਿਆ ਕਾਰਨ ਆਤਮਾ ਆਪਣੇ ਆਪ ਨੂੰ ਸੁਤੰਤਰ ਮੰਨ ਕੇ ਤੁੱਛ ਸੰਸਾਰਿਕ ਵਿਸ਼ਿਆਂ ਵਿੱਚ ਮਗਨ ਹੋ ਜਾਂਦੀ ਹੈ। ਸਾਰੇ ਜੀਵਾਂ ਦੀ ਆਤਮਾ ਭਾਵੇਂ ਇੱਕ ਹੈ, ਪਰ ਇਹ ਹਰ ਇੱਕ ਜੀਵ ਦਾ ਅੰਤਹਕਰਣ, ਪਰਵਿਰਤੀਆਂ, ਅਨੁਭਵ, ਸੰਸਕਾਰ, ਕਰਮ ਅਤੇ ਕਰਮਫਲ ਜੋ ਕਿ ਅਲੱਗ-ਅਲੱਗ ਹੁੰਦੇ ਹਨ। ਪਰਮਾਤਮਾ ਸਾਰੇ ਜੀਵਾਂ ਦੀ ਰੱਖਿਆ ਅਤੇ ਦੇਖਭਾਲ ਕਰਦਾ ਹੈ। ਜੀਵ ਅਲਪੱਗ ਅਤੇ ਪਰਵਸ ਹੈ, ਪਰ ਜਦੋਂ ਮਾਇਆ ਦਾ ਪਰਦਾ ਹਟ ਜਾਂਦਾ ਹੈ, ਤਾਂ ਤਦ ਜੀਵ ਨਿੱਤ, ਸੁੱਧ-ਬੁੱਧ ਪਰਮਾਤਮਾ ਵਿੱਚ ਇੱਕਮਿਕ ਹੋ ਜਾਂਦਾ ਹੈ। ਇਸ ਤਰਾਂ ਜੀਵਾਂ ਦੇ ਵੱਖ-ਵੱਖ ਹੋਣ ਭਾਵ ਉਹਨਾਂ ਦੀ ਅਨੇਕਤਾ ਵਿੱਚ ਹੀ ਏਕਤਾ ਹੈ।[2]

ਜੂਨੀਆਂ ਸਿਧਾਂਤ

ਸੋਧੋ

ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੇ ਇਹ ਵੀ ਮੰਨਿਆਂ ਹੈ ਕਿ ਕਰਮਾਂ ਅਨੁਸਾਰ ਫਲ ਭੋਗਣ ਲਈ ਜੀਵ ਨੂੰ ਕੋਈ ਨਾ ਕੋਈ ਸਰੀਰ ਧਾਰਨ ਕਰਨਾ ਪੈਂਦਾ ਹੈ। ਇਸ ਤਰਾਂ 84 ਲੱਖ ਜੂਨੀਆਂ ਦੀ ਕਲਪਨਾ ਕੀਤੀ ਗਈ ਹੈ। ਇਹ ਸਾਰੀਆਂ ਜੂਨੀਆਂ ਵਿੱਚ ਮਨੁੱਖ ਦੀ ਜੂਨ ਨੂੰ ਸਭ ਤੋਂ ਪ੍ਰਮੁੱਖ ਅਤੇ ਸਰਬ-ਸ੍ਰੇਸ਼ਠ ਮੰਨਿਆ ਗਿਆ ਹੈ। ਭਾਵੇਂ ਮਨੁੱਖਾ ਜੀਵਨ ਦੁਰਲੱਭ ਹੈ, ਪਰੰਤੂ ਪਰਮਾਤਮਾ ਦੇ ਵਿਛੋੜੇ ਤੇ ਮਨੁੱਖ ਦੀ ਸਥਿਤੀ ਬਹੁਤ ਦੁਖਦਾਈ ਬਣ ਜਾਂਦੀ ਹੈ। ਅਜਿਹਾ ਮਨੁੱਖ ‘ਮਨਮੁਖ’ਬਣ ਜਾਂਦਾ ਹੈ। ਪਰੰਤੂ ਗੁਰੂ ਦੀ ਸਿੱਖਿਆ ਅਨੁਸਾਰ ਚੱਲਣ ਵਾਲੇ ਨੂੰ ‘ਗੁਰਮੁਖ’ ਕਿਹਾ ਗਿਆ ਹੈ। ਅਜਿਹਾ ਵਿਅਕਤੀ ਹਰ ਇੱਕ ਦੇਸ ਅਤੇ ਕਾਲ ਵਿੱਚ ਆਪਣਾ ਵਿਸਿਸ਼ਟ ਸਮਾਜਿਕ ਅਤੇ ਧਾਰਮਿਕ ਮਹੱਤਵ ਰੱਖਦਾ ਹੈ। 4 (ਪੰ.ਨੰ.170)

ਸਾਧਨਾ ਭਗਤੀ

ਸੋਧੋ

ਗੁਰੂ ਗ੍ਰੰਥ ਸਾਹਿਬ ਵਿੱਚ ਸਾਧਨਾ ਦੀ ਦਿ੍ਰਸ਼ਟੀ ਤੋਂ ਕਿਸੇ ਇੱਕ ਮਾਰਗ ਉੱਤੇ ਕੋਈ ਬਲ ਨਹੀਂ ਦਿੱਤਾ ਗਿਆ। ਹਾਂ, ਭਗਤੀ ਮਾਰਗ ਜੋ ਰੁਚੀ ਵਿਖਾਈ ਗਈ ਹੈ, ਉਹ ਅਸਲੋਂ ਇੱਕ ਨਵੀਂ ਅਤੇ ਉਧਾਰ ਕਿਸਮ ਦੀ ਭਗਤੀ ਹੈ। ਅਜਿਹੀ ਭਗਤੀ ਦੁਆਰਾ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਪਰਮਾਤਮਾ ਨੂੰ ਜਲਦੀ ਤੋਂ ਜਲਦੀ ਦ੍ਰਵਿਤ ਕਰਨ ਦੀ ਆਸ ਰੱਖਦੇ ਹਨ। ਇਸ ਵਿੱਚ ਉੱਚੇ ਨੀਵੇਂ ਦਾ ਭੇਦਭਾਵ ਮਿਟ ਜਾਂਦਾ ਹੈ। ਸਭ ਲਈ ਸਮਾਨ ਫਲ ਦੀ ਪ੍ਰਾਪਤੀ ਹੁੰਦੀ ਹੈ।

ਭਾਉ ਭਗਤਿ ਕਰਿ ਨੀਚੁ ਸਦਾਏ।।

ਤਉ ਨਾਨਕੁ ਮੋਖੰਤੁਰ ਪਾਏ।। (ਅੰ.ਗ੍ਰੰ. 470)

ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਦੁਆਰਾ ਜਾਤੀ ਭੇਦਭਾਵ ਅਤੇ ਨਾਰੀ ਨਿੰਦਿਆ ਦਾ ਸਪਸ਼ਟ ਅਭਾਵ ਹੀ ਨਹੀਂ ਸਗੋਂ ਨੀਵੇਂ ਵਰਗ ਵਾਲੇ ਲੋਕਾਂ ਅਤੇ ਨਾਰੀ ਜਾਤੀ ਦੀ ਪ੍ਰਸੰਸਾ ਕੀਤੀ ਗਈ ਹੈ। ਇਸ ਗ੍ਰੰਥ ਦੇ ਬਾਣੀਕਾਰਾਂ ਦੀ ਸਹਿਜ ਭਗਤੀ ਅਸਲ ਵਿੱਚ ਉਹਨਾਂ ਦੀ ਰਹੱਸ ਸਾਧਨਾ ਹੈ। ਇਸ ਵਿੱਚ ਸੰਸਾਰ ਨਾਲੋਂ ਨਾਤਾ ਤੋੜਨ ਦੀ ਥਾਂ ਸੰਸਾਰਕਤਾ ਨਾਲੋਂ ਜਾਂ ਵਿਸ਼ੇ ਭੋਗਾਂ ਨਾਲੋਂ ਨਾਤਾ ਤੋੜਨਾ ਪੈਂਦਾ ਹੈ। ਇਸ ਸਾਧਨਾ ਦੇ ਵਿਧਾਨਕ ਤੱਤਵ ਤਿੰਨ ਹਨ, ਗੁਰੂ, ਪ੍ਰਸਾਦ ਜਾਂ ਕਿਰਪਾ ਅਤੇ ਨਾਮ ਸਿਮਰਨ।[3]

ਮੁਕਤੀ

ਸੋਧੋ

ਗੁਰੂ ਗ੍ਰੰਥ ਸਾਹਿਬ ਵਿੱਚ ਤੱਤਵ ਬੁੱਧੀ ਨੂੰ ਮਾਇਆ ਦਾ ਨਾਮ ਦਿੱਤਾ ਜਾਂਦਾ ਹੈ। ਜਗਤ ਅਤੇ ਜਗਤ ਦੇ ਸੰਪੂਰਨ ਸੰਬੰਧ ਮਾਇਆ ਹੈ। ਮਾਇਆ ਦੇ ਨਾਲ-ਨਾਲ ਕੁਦਰਤ ਦਾ ਵਰਣਨ ਵੀ ਹੋਇਆ ਹੈ। ਅਦਵੈਤ ਅਵਸਥਾ ਹੀ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਮੁਕਤੀ ਹੈ। ਮੁਕਤੀ ਜੀਵਨ ਵਿੱਚ ਹੀ ਇਸ ਦੀ ਪ੍ਰਾਪਤੀ ਹੰੁਦੀ ਹੈ ਅਤੇ ਅਜਿਹੇ ਸਾਧਕ ਨੂੰ ਜੀਵਨ ਮੁਕਤ ਕਿਹਾ ਗਿਆ ਹੈ। ਜੀਵਨ ਮੁਕਤ ਵਿਅਕਤੀ ਮਾਨਵਤਾ ਦੇ ਬਹੁਤ ਉਪਯੋਗੀ ਹੈ। ਅਜਿਹੇ ਧਾਰਸ ਮੁਕਤੀ ਪਰੰਪਰਾ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀਕਾਰਾਂ ਦੀ ਮੌਲਿਕ ਦੇਣ ਹੈ। ਗੁਰੂਆਂ ਦਾ ਆਦਰਸ਼ ਪੁਰਸ਼ ਗੁਰਮੁਖ ਮਾਨਵ ਜੀਵਨ ਵਿੱਚ ਮੁਕਤ ਵਿਅਕਤੀ ਦਾ ਉੱਜਲਾ ਨਮੂਨਾ ਹੈ। (ਪੰ.ਨੰ.171-72)

ਹਵਾਲੇ

ਸੋਧੋ
  1. ਡਾ. ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਦਾ ਸਰੋਤ-ਮੂਲਕ ਇਤਿਹਾਸ, ਭਾਗ ਦੂਜਾ (ਪੂਰਵ ਮੱਧਕਾਲ) (1998ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ,ਪੰਨਾ 168,169
  2. ਡਾ. ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਦਾ ਸਰੋਤ-ਮੂਲਕ ਇਤਿਹਾਸ, ਭਾਗ ਦੂਜਾ (ਪੂਰਵ ਮੱਧਕਾਲ) (1998) ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਨਾ 170
  3. ਡਾ. ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਦਾ ਸਰੋਤ-ਮੂਲਕ ਇਤਿਹਾਸ, ਭਾਗ ਦੂਜਾ (ਪੂਰਵ ਮੱਧਕਾਲ) (1998) ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਨਾ 172,174