ਗੂਰੂ ਨਾਨਕ ਦੀ ਪਹਿਲੀ ਉਦਾਸੀ
== ਪੂਰਬ ਦਿਸ਼ਾ ਵੱਲ ==
ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਪੂਰਬ ਦਿਸ਼ਾ ਵੱਲ ਸੀ। ਇਸ ਉਦਾਸੀ ਵਿੱਚ ਉਹਨਾਂ ਦੇ ਨਾਲ ਭਾਈ ਮਰਦਾਨਾ ਜੀ ਸਨ।ਇਹ ਉਦਾਸੀ ਸੰਨ 1507 ਤੋਂ 1515ਤੱਕ ਰਹੀ।[1] ਗੁਰੂ ਜੀ ਸੁਲਤਾਨਪੁਰ ਲੋਧੀ ਤੋਂ ਚਲ ਕੇ ਤੁਲੰਬਾ (ਅੱਜ-ਕੱਲ੍ਹ ਮਖਦੂਮਪੁਰ) ਜ਼ਿਲ੍ਹਾ ਮੁਲਤਾਨ ਹੁੰਦੇ ਹੋਏ ਪਾਨੀਪਤ, ਬਨਾਰਸ,ਨਾਨਕਮਤਾ (ਜ਼ਿਲ੍ਹਾ ਨੈਨੀਤਾਲ) ਪਹੁੰਚੇ। ਉਥੋਂ ਟਾਂਡਾ ਵਣਜਾਰਾ (ਜ਼ਿਲ੍ਹਾ ਰਾਮਪੁਰ), ਅਸਾਮ ਦੇ ਸ਼ਹਿਰ ਕਾਮਰੂਪ ਤੇ ਆਸਾ ਦੇਸ਼ ਪਹੁੰਚੇ। ਵਾਪਸੀ ਤੇ ਸੈਦਪੁਰ (ਅੱਜ-ਕੱਲ੍ਹ ਐਮਨਾਬਾਦ (ਪਾਕਿਸਤਾਨ),ਸਿਆਲਕੋਟ(ਪਾਕਿਸਤਾਨ) ਹੁੰਦੇ ਹੋਏ ਤਲਵੰਡੀ (ਨਨਕਾਣਾ ਸਾਹਿਬ) ਠਹਿਰੇ।ਗੁਰੂ ਨਾਨਕ ਸਾਹਿਬ ਦੀ ਉਮਰ ਇਸ ਉਦਾਸੀ ਦੌਰਾਨ 31-37 ਸਾਲ ਸੀ।[2]
ਪੂਰਬ ਵੱਲ ਮੁੜਨ ਤੋਂ ਪਹਿਲਾਂ ਗੁਰੂ ਸਾਹਿਬ ਸਯਦਪੁਰ (ਅੱਜ-ਕਲ ਐਮਨਾਬਾਦ) ਗਏ, ਇੱਥੇ ਭਾਈ ਲਾਲੋ ਤਰਖਾਣ ਦੇ ਘਰ ਠਹਿਰੇ ਫਿਰ ਤੁਲੰਬਾ (ਨਵਾਂ ਮਖਦੂਮਪੁਰ ਜ਼ਿਲ੍ਹਾ ਮੁਲਤਾਨ) ਮੁਲਤਾਨ ਗਏ।ਸੱਜਣ ਠੱਗ ਨੂੰ ਧਾਰਮਿਕ ਮੁਸਾਫ਼ਰਾਂ ਦੀ ਠੱਗੀ ਤੋਂ ਹਟਾ ਕੇ ਸਿੱਖ ਬਣਾਇਆ ਤੇ ਅੱਗੇ ਪੂਰਬ ਵੱਲ ਚਲ ਪਏ।ਕੁਰਖੇਤਰ-ਪਾਣੀਪਤ-ਦਿੱਲੀ-ਜੋਸ਼ੀਮਠ-ਲੇਪੂਲੇਖ-ਸ਼ਾਰਦਾ ਦਰਿਆ ਦੇ ਰਸਤੇ ਹਲਦਵਾਨੀ ਕੋਲ ਜੋਗੀਆਂ ਦੇ ਅਸਥਾਨ ਦੁਰਗਾ ਪਿੱਪਲ਼ -ਰੀਠਾ ਸਾਹਿਬ ਹੁੰਦੇ ਗੋਰਖਮਤਾ (ਅੱਜ-ਕੱਲ੍ਹ ਨਾਨਾਕਮਤਾ) ਪੁੱਜੇ।ਵੈਕਲਪਿਤ ਰੂਟ ਦਿੱਲੀ-ਹਰਦਵਾਰ-ਬਦਰੀਨਾਥ-ਕੇਦਾਰਨਾਥ-ਜੋਸ਼ੀਮੱਠ ਦਾ ਹੈ।ਨਾਨਕਮਤੇ ਤੋਂ ਵਣਜਾਰਿਆਂ ਦਾ ਟਾਂਡਾ ਹੁੰਦੇ ਹੋਏ ਲਖੀਮਪੁਰ ਤੋਂ 22 ਮੀਲ ਉੱਤਰ ਪੱਛਮ ਸਥਿਤ ਗੋਲਾ (ਉਸ ਸਮੇਂ ਦਾ ਹਿੰਦੂ ਤੀਰਥ) ਤੇ ਫਿਰ ਸੰਭਾਵਿਤ ਘਾਗਰਾ ਦਰਿਆ ਦੇ ਰਸਤੇ ਅਯੋਧਿਆ ਪੁੱਜੇ।ਅਯੋਧਿਆ ਤੋਂ ਵਣਜਾਰਿਆਂ ਦਾ ਇੱਕ ਹੋਰ ਨਗਰ ਟਾਂਡਾ(ਜ਼ਿਲ੍ਹਾ ਫੈਜਾਬਾਦ)-ਸਿੰਝੋਲੀ-ਟਾਪਸ ਨਦੀ ਰਾਹੀਂ ਨਿਜਾਮਾਬਾਦ (ਜ਼ਿਲ੍ਹਾ ਆਜ਼ਮਗੜ੍ਹ) -ਪਰਯਾਗ(ਤ੍ਰਿਬੇਣੀ ਸੰਗਮ) ਅਲਾਹਬਾਦ-ਬਨਾਰਸ।ਬਨਾਰਸ ਕਾਫ਼ੀ ਦੇਰ ਠਹਿਰੇ(ਇੱਥੇ ਕਮੱਛਾ ਇਲਾਕੇ ਵਿੱਚ ਇਤਿਹਾਸਕ ਗੁਰਦਵਾਰਾ ਹੈ।) ਬਨਾਰਸ ਤੋਂ ਚੰਦਰੋਲੀ ਸਾਸਾਰਾਮ ਹੁੰਦੇ ਬੋਧੀਆਂ ਦੇ ਕੇਂਦਰ ਗਯਾ,(ਫਲਗੂ ਨਦੀ ਕਿਨਾਰੇ ਇਤਿਹਾਸਕ ਗੁਰਦਵਾਰਾ ਹੈ)-ਪਾਟਲੀਪੁਤਰ ਦੇ ਉਸ ਵੇਲੇ ਦੇ ਖੰਡਰ ਲੰਘਦੇ ਹਾਜੀਪੁਰ (ਅੱਜ-ਕੱਲ੍ਹ ਜ਼ਿਲ੍ਹਾ ਮੁਜ਼ਫਰਪੁਰ) -ਪੁਰਨੀਆ ਜ਼ਿਲ੍ਹੇ ਦੀ ਕਤਹਾਰ ਤਹਿਸੀਲ ਦੇ ਪਿੰਡ ਕੰਤਨਗਰ (ਇੱਥੇ ਇਤਿਹਾਸਕ ਗੁਰਦਵਾਰਾ ਹੈ) -ਮਹਾਨਦੀ ਤੇ ਗੰਗਾ ਦੇ ਸੰਗਮ ਮਾਲਦਾ ਨਗਰ- ਕਾਮਰੂਪ(ਅੱਜ-ਕੱਲ੍ਹ ਗੁਹਾਟੀ ਨੇੜੇ ਇੱਕ ਨਗਰ)- ਧੁਬਰੀ (ਅਸਾਮ ਪ੍ਰਦੇਸ਼) -ਵੈਕਲਪਿਤ ਰੂਟ ਮਾਲਦਾ-ਧੁਬਰੀ(ਅਸਾਮ) - ਕਾਮਰੂਪ ਹੈ।ਗੁਰੂ ਸਾਹਿਬ ਦੇ ਸਮੇਂ ਅਸਾਮ ਤੇ ਕਾਮਰੂਪ ਅਲੱਗ ਅਲੱਗ ਪ੍ਰਦੇਸ਼ ਸਨ।ਧੁਬਰੀ ਤੋਂ ਧਨਾਸਰੀ ਦਰਿਆ ਦੇ ਪੂਰਬੀ ਕੰਢੇ ਤੇ ਸਥਿਤ ਗੋਲਾਘਾਟ (ਅੱਜ-ਕੱਲ੍ਹ ਸਿਬਸਾਗਰ ਜ਼ਿਲ੍ਹੇ ਦੀ ਤਹਿਸੀਲ)।ਧਨਾਸਰੀ ਵਾਦੀ ਦੇ ਉੱਤਰ ਪਾਸੇ ਮੈਦਾਨ ਹਨ ਜੋ ਨਾਗਾ ਪਹਾੜੀਆ ਨਾਲ ਘਿਰੇ ਸਨ।ਉੱਥੇ ਵੱਸੇ ਨਾਗਾ ਕਬਾਇਲੀ ਮਨੁੱਖ ਦਾ ਮਾਸ ਖਾਂਦੇ ਸਨ ਜਿਸ ਦਾ ਜ਼ਿਕਰ ਵਲਾਇਤ ਵਾਲੀ ਜਨਮ ਸਾਖੀ ਵਿੱਚ ਹੈ।ਧਨਾਸਰੀ ਵਾਦੀ ਤੋਂ ਵਾਪਸ ਗੋਲਾਘਾਟ -ਗੁਹਾਟੀ ਫਿਰ ਸਿਲਹਟ (ਅੱਜ-ਕੱਲ੍ਹ ਬੰਗਲਾਦੇਸ਼) - ਢਾਕਾ (ਉਸ ਵਕਤ ਢਾਕੇਸ਼ਵਰੀ ਦੇਵੀ ਦੇ ਮੰਦਰ ਕਰਕੇ ਪ੍ਰਸਿੱਧ ਸੀ)।ਢਾਕੇ ਤੋਂ ਕਲਕੱਤਾ - ਕੱਟਕ (ਉੜੀਸਾ ਦੀ ਰਾਜਧਾਨੀ) ਤੇ ਫਿਰ ਪੁਰੀ ਜਾਂ ਜਗਨਨਾਥ ਪੁਰੀ।ਕੁਝ ਸਾਖੀ ਪਰੰਪਰਾਵਾਂ ਅਨੁਸਾਰ ਪੁਰੀ ਵਿੱਚ ਪੂਰਬ ਦੀ ਉਦਾਸੀ ਸਮਾਪਤ ਹੁੰਦੀ ਹੈ।ਮਿਹਰਬਾਨ ਵਾਲੀ ਜਨਮ ਸਾਖੀ ਅਨੁਸਾਰ ਗੁਰੂ ਸਾਹਿਬ ਪੁਰੀ ਤੋਂ ਹੀ ਦੱਖਣ ਵੱਲ ਤੁਰ ਪਏ।
ਹਵਾਲੇ
ਸੋਧੋ- ↑ ਸਿੰਘ, ਪ੍ਰੋ. ਸਾਹਿਬ (1981). ਬਾਬਾਣੀਆਂ ਕਹਾਣੀਆਂ. ਅੰਮ੍ਰਿਤਸਰ: ਸਿੰਘ ਬ੍ਰਦਰਜ਼ (published March 2011). p. 9.
ਪਹਿਲੀ ਉਦਾਸੀ ਸੰਨ ੧੫੦੭ ਤੋਂ ੧੫੧੫ ਦੇ ਅਖੀਰ ਤੱਕ
- ↑ "Travels of Guru Nanak Dev Ji". www.arcgis.com. Retrieved 2019-11-05.
- ↑ ਸਿੰਘ, ਫੌਜਾ; ਸਿੰਘ, ਕਿਰਪਾਲ (1976). ਐਟਲਸ - ਗੁਰੂ ਨਾਨਕ ਦੇਵ ਜੀ ਦੇ ਸਫਰ. ਪਟਿਆਲਾ: ਪੰਜਾਬੀ ਯੂਨੀਵਰਸਿਟੀ - ਪਬਲੀਕੇਸ਼ਨ ਬਿਊਰੋ.