ਘੋੜੀ

ਦਰੀਆਂ ਬੁਣਨ ਲਈ, ਪੱਟੀ ਪੱਖਲੀ ਬੁਣਨ ਲਈ, ਤਣੇ ਤਾਣੇ ਉਪਰ ਲੱਕੜ ਦੇ ਬਣੇ ਜਿਸ ਸੰਦ ਨੂੰ ਰੱਖਿਆ ਜਾਂਦਾ ਹੈ, ਉਸ ਨੂੰ ਘੋੜੀ ਕਹਿੰਦੇ ਹਨ। ਸੇਵੀਆਂ ਖੱਟਣ ਵਾਲੇ ਲੋਹੇ ਦੇ ਬਣੇ ਇਕ ਸੰਦ ਨੂੰ ਵੀ ਘੋੜੀ ਕਹਿੰਦੇ ਹਨ।ਜੁਲਾਹੇ ਤਾਣੇ ਨੂੰ ਪਾਣ ਦੇਣ ਸਮੇਂ ਜਿਸ ਸੋਟੀਆਂ ਦੀ ਵਰਤੋਂ ਕਰਦੇ ਹਨ, ਉਸ ਨੂੰ ਵੀ ਘੋੜੀ ਕਿਹਾ ਜਾਂਦਾ ਹੈ। ਊਠ ਦੀ ਕੰਡ ਤੇ ਕੋਹਾਂਟ ਨਾਲ ਉਠ ਦੀ ਬੀਡੀੰ ਦੀ ਲੱਕੜੀ ਦਾ ਜੋ ਫ੍ਰੇਮ ਰੱਖਿਆ ਹੁੰਦਾ ਹੈ, ਉਸ ਨੂੰ ਵੀ ਘੋੜੀ ਕਹਿੰਦੇ ਹਨ। ਸਵਾਰੀ ਕਰਨ ਵਾਲੇ ਇਕ ਜਾਨਵਰ ਨੂੰ ਵੀ ਘੋੜੀ ਕਹਿੰਦੇ ਹਨ। ਪਰ ਮੈਂ ਤੁਹਾਨੂੰ ਦਰੀਆਂ, ਪੱਟੀ/ਪੋਖਲੀ ਬਣਨ ਵਾਲੀ ਘੋੜੀ ਬਾਰੇ ਦੱਸਣ ਜਾ ਰਿਹਾ ਹਾਂ।

ਦਰੀਆਂ ਬੁਣਨ ਵਾਲੀ ਘੋੜੀ ਦੀ ਲੰਬਾਈ ਆਮ ਤੌਰ 'ਤੇ 6 ਕੁ ਫੁੱਟ ਹੁੰਦੀ ਹੈ । ਇਸ ਦੇ ਚਾਰ ਪਾਵੇ ਹੁੰਦੇ ਹਨ। ਪਾਵਿਆ ਦੀ ਲੰਬਾਈ ਆਮ ਤੌਰ 'ਤੇ 2 ਕੁ ਫੁੱਟ ਦੀ ਹੁੰਦੀ ਹੈ। ਇਨ੍ਹਾਂ ਪਾਵਿਆਂ ਦੇ ਉਪਰਲੇ ਸਿਰਿਆਂ ਵਿਚ ਚੂਲਾਂ ਪਾਈਆਂ ਹੁੰਦੀਆਂ ਹਨ ) ਦੇ ਹੋਰ 2 ਕੁ ਫੁੱਟ ਲੰਬਾਈ ਤੇ 4/5 ਕੁ ਇੰਚ ਮੋਟਾਈ ਦੀਆਂ ਲੱਕੜਾਂ ਲਈਆਂ ਜਾਂਦੀਆਂ ਹਨ। ਇਨ੍ਹਾਂ ਲੱਕੜਾਂ ਦੇ ਦੋਵੇਂ ਕਿਨਾਰਿਆਂ ਦੇ ਨੇੜੇ ਇਕ ਇਕ ਸੱਲ ਪਾਇਆ ਜਾਂਦਾ ਹੈ। ਇਨ੍ਹਾਂ ਸੱਲ ਪਾਈਆਂ ਲੱਕੜਾਂ ਨੂੰ ਫੱਲੜ ਕਹਿੰਦੇ ਹਨ। ਫੇਰ 2 ਪਾਵਿਆਂ ਨੂੰ ਥੋੜ੍ਹਾ ਜਿਹਾ ਤਿਰਛਾ ਕਰ ਕੇ ਉਨ੍ਹਾਂ ਦੀਆਂ ਚੂਲਾਂ ਨੂੰ ਫੱਲੜ ਵਿਚ ਠੋਕ ਦਿੱਤਾ ਜਾਂਦਾ ਹੈ। ਫੇਰ ਦੋਵੇਂ ਫੱਲੜਾਂ ਦੇ ਉਪਰ ਇਕ 6 ਕੁ ਫੁੱਟ ਲੰਬੀ ਗੋਲ ਲੱਕੜ ਲਾ ਕੇ ਇਨ੍ਹਾਂ ਨੂੰ ਆਪਸ ਵਿਚ ਜੋੜਿਆ ਜਾਂਦਾ ਹੈ। ਇਸ ਗੋਲ ਲੱਗੀ ਲੱਕੜ ਨੂੰ ਵੀ ਫਲੜ੍ਹ ਕਹਿੰਦੇ ਹਨ। ਇਸ ਤਰ੍ਹਾਂ ਘੋੜੀ ਬਣਦੀ ਹੈ।

ਘੋੜੀ ਦੀ ਵਰਤੋਂ ਕਰਨ ਲਈ ਘੋੜੀ ਦੇ ਦੋਵੇਂ ਫੱਲੜਾ ਦੇ ਨੇੜੇ ਦੋਵੇਂ ਪਾਸੇ 1.5 ਕੁ ਫੁੱਟ ਦੇ ਦੋ ਡੰਡੇ ਰੱਖੇ ਹੁੰਦੇ ਹਨ। ਇਨ੍ਹਾਂ ਡੰਡਿਆਂ ਨੂੰ ਕਾਟੋ ਕਹਿੰਦੇ ਹਨ। ਇਨ੍ਹਾਂ ਕਾਟੋਆਂ ਦੇ ਦੋਵੇਂ ਸਿਰਿਆਂ 'ਤੇ ਥੋੜ੍ਹੇ ਥੋੜ੍ਹੇ ਵਾਢੇ ਪਾਏ ਹੁੰਦੇ ਹਨ। ਇਨ੍ਹਾਂ ਵਾਢਿਆਂ ਵਿਚ ਰੱਸੀਆਂ ਪਾਈਆਂ ਹੁੰਦੀਆਂ ਹਨ। ਇਨ੍ਹਾਂ ਰੱਸੀਆਂ ਨੂੰ ਤਾਣੇ ਵਿਚ ਘੋੜੀ ਦੇ ਅੱਗੇ ਤੇ ਪਿੱਛੇ ਪਾਏ ਡੰਡਿਆਂ ਦੇ ਸਿਰਿਆਂ ਨਾਲ ਬੰਨ੍ਹਿਆ ਜਾਂਦਾ ਹੈ। ਤਾਣੇ ਵਿਚ ਪਾਏ ਇਨ੍ਹਾਂ ਡੰਡਿਆਂ ਨੂੰ ਮੌਕੜੇ ਕਹਿੰਦੇ ਹਨ। ਜਨਾਨੀਆਂ ਕਾਟੋਆਂ ਨੂੰ ਅੱਗੇ ਪਿੱਛੇ ਮਿੰਟ ਕੇ ਹੀ ਦਰੀਆਂ ਬੁਣਦੀਆਂ ਹਨ। ਕਾਟੋਆਂ ਨੂੰ ਅੱਗੇ ਪਿੱਛੇ ਸਿੱਟਣ ਨੂੰ ਦਮ ਸਿਟਣਾ ਕਹਿੰਦੇ ਹਨ।[1]

ਹਵਾਲਾ

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. Chandigarh: Unistar books pvt.ltd. p. 512. ISBN 978-93-82246-99-2.