ਚਰਪਟ ਨਾਥ ਜਾਂ ਚਰਪਟੀ ਨਾਥ ਇੱਕ ਨਾਥ ਜੋਗੀ ਸੀ। ਚਰਪਟ ਨੂੰ ਗੋਰਖਨਾਥ ਦਾ ਸ਼ਿਸ਼ ਮੰਨਿਆ ਜਾਂਦਾ ਹੈ।[1] ਨਾਥ ਜੋਗੀ ਚਰਪਟ ਨੂੰ ਨੌਵੀਂ ਦਸਵੀਂ ਸਦੀ ਨਾਲ ਸੰਬੰਧਿਤ ਮੰਨਿਆ ਜਾਂਦਾ ਹੈ। ਚਰਪਟ ਨਾਥ ਦਾ ਸੰਬੰਧ ਪੰਜਾਬ ਨਾਲ ਰਿਹਾ ਹੈ। ਆਪ ਚੰਬਾ ਰਿਆਸਤ ਦੇ ਰਾਜਾ ਸਾਹਿਲ ਵਰਮਾ ਦੇ ਗੁਰੂ ਸਨ। ਰਿਆਸਤ ਦੇ ਸਿੱਕੇ ‘ਚਕਲੀ` ਉੱਤੇ ਪਾਟੇ ਹੋਏ ਕੰਨ ਦੀ ਮੂਰਤੀ ਮਿਲਦੀ ਸੀ। ਲਖਮੀ ਨਰਾਇਣ ਮੰਦਰ ਦੇ ਕੋਲ ਇੱਕ ਮੰਦਰ ਬਣਿਆ ਜਿਸ ਵਿੱਚ ਚਰਪਟ ਨਾਥ ਦੀ ਮੂਰਤੀ ਰੱਖੀ ਗਈ। ਜਿੱਥੇ ਉਸ ਦੀ ਪੂਜਾ ਹੁੰਦੀ ਸੀ।

ਜੀਵਨ

ਸੋਧੋ

ਡਾ. ਮੋਹਨ ਸਿੰਘ ਦੇ ਚਰਪਟ ਨਾਥ ਦਾ ਕਾਲ 890 ਈ. ਤੋਂ 990 ਈ. ਮੰਨਿਆ ਹੈ। ਚੰਬਾ ਰਿਆਸਤ ਦਾ ਰਾਜਾ ਸਾਹਿਲ ਵਰਮਾ 920ਈ. ਦੇ ਆਸ-ਪਾਸ ਚਰਪਟ ਦਾ ਸ਼ਿਸ਼ ਬਣਿਆ। ਇਸੇ ਰਿਆਸਤ ਵਿੱਚ 1040 ਈ. ਦੇ ਕਰੀਬ ਰਾਜਾ ਸਾਲਬਾਹਨ ਹੋਇਆ ਸੀ। ਪੂਰਨ ਭਗਤ ਤੇ ਰਾਜਾ ਰਸਾਲੂ ਇਸੇ ਦੇ ਪੁੱਤਰ ਦੱਸੇ ਜਾਂਦੇ ਹਨ।

ਡਾ. ਮੋਹਨ ਸਿੰਘ ਚਰਪਟ ਨਾਥ ਦਾ ਹਵਾਲਾ (ਪੰਜਾਬੀ ਅਦਬ ਦੀ ਮੁਖ਼ਤਸਰ ਤਵਾਰੀਖ, ਪੰਨਾ 17) ਦਿੰਦੇ ਹੋਏ ਆਖਦੇ ਹਨ ਕਿ ਉਹ “ਪਹਿਲਾਂ ਮੱਧ-ਕਾਲੀਨ ਦੰਭ ਬਿਦਾਰੂ ਹੋਇਆ ਹੈ। ਉਸਨੇ ਨਿਧੜਕ ਤੇ ਨਿਝੱਕ ਹੋ ਕੇ, ਗਿਰਹੀ ਤੇ ਉਦਾਸੀ, ਜੋਗੀ ਤੇ ਸੰਨਿਆਸੀ ਦੀ ਮਾਨਸਿਕ ਦਸ਼ਾ ਨੂੰ ਨੰਗਾ ਕੀਤਾ ਤੇ ਚੋਭ ਲਾਈ।”

ਯੋਗਦਾਨ

ਸੋਧੋ

ਚਰਪਟ ਪੱਕਾ ਜਤੀ ਸਤੀ ਸੀ। ਉਹ ਖਰੀਆਂ-ਖਰੀਆਂ ਸੁਣਾਉਣ ਵਾਲਾ ਵਹਿਮ, ਭਰਮ, ਪਾਖੰਡ ਤੇ ਵਿਖਾਵੇ ਦੇ ਵਿਰੁੱਧ ਸੀ। ਕਬੀਰ, ਜਲ੍ਹਣ ਤੇ ਸੁਥਰੇ ਨੇ ਚਰਪਟ ਦੀ ਸ਼ੈਲੀ ਅਪਣਾਈ।

ਗੋਰਖ ਨਾਲੋਂ ਚਰਪਟ ਦੀ ਬਾਣੀ ਪੰਜਾਬੀ ਦੇ ਵਧੇਰੇ ਨੇੜੇ ਹੈ। ਚਰਪਟ ਦਾ ਇੱਕ ‘ਪਦਾਂ` ਇਸ ਪ੍ਰਕਾਰ ਹੈ:-

ਤਣਿ ਤੀਰਥ ਬ੍ਰਾਹਮਣਿ ਕੇ ਕਰਮਾ, ਪੁੰਨ ਧਨ ਖਤ੍ਰੀ ਕੇ ਧਰਮਾ।

ਬੰਜ ਬਿਪਾਰ ਬੇਸਨੂੰ ਕੇ ਕਰਮਾ, ਸੇਵਾ ਭਾਵ ਸੂਦ੍ਰ ਕੇ ਧਰਮਾ।

ਚਾਰੋਂ ਧਰਮ ਇਹੋਂ ਚਾਰੋਂ ਕਰਮਾ, ਚਰਪਟ ਪ੍ਰਣਵੇਂ ਸੁਨਹੋ ਸਿੱਧਾ।

ਚਰਪਟ ਭੇਖ ਦਾ ਜੋਗੀ ਨਹੀਂ ਸੀ। ਉਹ ਵਿਖਾਵੇ ਦਾ ਵਿਰੋਧ ਕਰਦਾ ਸੀ। ਉਹ ਆਤਮਾ ਦਾ ਜੋਗੀ ਸੀ। ਇੱਕ ‘ਪਦੇ` ਵਿੱਚ ਉਹ ਭੇਖ ਦਾ ਵਿਰੋਧ ਕਰਦਾ ਹੈ:-

ਭੇਖ ਕਾ ਜੋਗੀ ਨਾ ਮੈਂ ਕਹਾਉਂ।

ਆਤਮਾ ਕਾ ਜੋਗੀ ਚਰਪਟ ਨਾਉਂ।

ਗੋਰਖ ਵਾਂਗ ਹੀ ਚਰਪਟ ਨਾਥ ਵੀ ਪ੍ਰਗਤੀਸ਼ੀਲ ਵਿਚਾਰਾਂ ਵਾਲਾ ਸੀ। ਉਸਨੇ ਨਾਥ ਜੋਗੀਆਂ ਵਿੱਚ ਆ ਰਹੀਆਂ ਕੁਰੀਤੀਆਂ ਤੇ ਬੁਰਾਈਆਂ ਦਾ ਡੱਟ ਕੇ ਖੰਡਨ ਕੀਤਾ। ਉਹ ਵੱਖ-ਵੱਖ ਸੰਪਰਦਾਵਾਂ ਨੂੰ ਨਹੀਂ ਮੰਨਦਾ, ਉਹ ਕਹਿੰਦਾ ਹੈ:-

ਇਕ ਲਾਲ ਪਟਾ, ਇੱਕ ਸੇਤ ਪਟਾ

ਇਕ ਤਿਲਕ ਜਨੇਊ, ਲੰਮਕ ਜਟਾ।

ਜਬ ਨਹੀਂ ਉਲਟੀ ਪ੍ਰਾਣ ਘਟਾ

ਜਬ ਮਨ ਨਹੀਂ ਦੇਖੇ ਉਲਟ ਘਟਾ।

ਤਬ ਚਰਪਟ ਭੂਲੇ ਸਭ ਪੇਟ ਨਟਾ।

ਜਬ ਆਵੈਗੀ ਕਾਲ ਘਟਾ,

ਤਬ ਛਡਿ ਜਾਇੰਗੇ ਲਟਾ ਪਟਾ

ਚਰਪਟ ‘ਹੱਠ ਜੋਗ` ਦਾ ਵੀ ਖੰਡਨ ਕਰਦਾ ਹੈ। ਉਹ ਅੰਦਰੋਂ ਬਾਹਰੋਂ ਸੁੱਚਾ ਹੋਣਾ ਲੋੜਦਾ ਹੈ। ਭੇਖੀ ਉਸਨੂੰ ਅੰਦਰੋਂ ਬਾਹਰੋਂ ਗੰਦੇ ਦਿਸਦੇ ਹਨ। ਇਹ ਸੰਸਾਰ ਕੰਡਿਆਂ ਦੀ ਵਾੜੀ ਜਾਪਦੀ ਹੈ:-

ਇਹ ਸੰਸਾਰ ਕਾਂਟਿਓ ਕੀ ਵਾੜੀ

ਨਿਰਖ ਨਿਰਖ ਪਗ ਧਰਨਾ

ਚਰਪਟ ਕਹੇ ਸੁਣੋ ਰੇ ਸਿਧੋ

ਹਠਿ ਕਰਿ ਤਪ ਨਹਿੰ ਕਰਨਾ।

ਡਾ. ਮੋਹਨ ਸਿੰਘ ਦੇ ਕਥਨ ਅਨੁਸਾਰ ਚਰਪਟ ਦੇ ਵਿਚਾਰ ਗੋਰਖ ਨਾਥ ਅਤੇ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਨਾਲ ਮਿਲਦੇ-ਜੁਲਦੇ ਹਨ। ਆਪ ਭੇਖ ਦੇ ਜੋਗੀਆਂ ਅਤੇ ਭੋਗ ਬਿਲਾਸੀਆਂ ਦੀ ਸਖ਼ਤ ਆਲੋਚਨਾ ਕਰਦੇ ਹਨ। ਚਰਪਟ ਦੇ ਵਿਚਾਰ ਪੰਜਾਬੀ ਵਿੱਚ ਪ੍ਰਚਲਿਤ ਬਹੁਤ ਸਾਰੇ ਅਖਾਣਾਂ, ਮੁਹਾਵਰਿਆਂ ਅਤੇ ਗੌਣਾਂ ਵਿੱਚ ਮੌਜੂਦ ਹਨ।

ਪੁਸਤਕ ਸੂਚੀ

ਸੋਧੋ
  1. ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ (1700-1900ਈ.) ਡਾ. ਜੀਤ ਸਿੰਘ ਸੀਲਤ ਪੰਜਾਬੀ ਸਾਹਿਤ ਦਾ ਇਤਿਹਾਸ ਡਾ. ਬ੍ਰਹਮਜਗਦੀਸ਼

ਹਵਾਲੇ

ਸੋਧੋ
  1. ਜੱਗੀ, ਡਾ. ਰਤਨ ਸਿੰਘ. ਸਿੱਖ ਪੰਥ ਵਿਸ਼ਵਕੋਸ਼. ਪਟਿਆਲਾ: ਗੁਰ ਰਤਨ ਪਬਲਿਸ਼ਰਜ਼.