ਚੁੱਲ੍ਹਾ ਉਸ਼ਮਾ ਦਾ ਉਹ ਸਰੋਤ ਹੈ ਜਿਸਦੇ ਨਾਲ ਪ੍ਰਾਪਤ ਊਰਜਾ ਦਾ ਪ੍ਰਯੋਗ ਭੋਜਨ ਪਕਾਉਣ ਵਿੱਚ ਕੀਤਾ ਜਾਂਦਾ ਹੈ। ਚੁੱਲ੍ਹੇ ਕਈ ਪ੍ਰਕਾਰ ਦੇ ਹੁੰਦੇ ਹਨ ਜਿਵੇਂ, ਮਿੱਟੀ ਦਾ ਚੁੱਲ੍ਹਾ, ਕਾਂਗੜੀ ਜਾਂ ਅੰਗੀਠੀ ਗੈਸ ਦਾ ਚੁੱਲ੍ਹਾ ਅਤੇ ਸੂਖਮਤਰੰਗ ਚੁੱਲ੍ਹਾ, ਸੌਰ ਚੁੱਲ੍ਹਾ ਆਦਿ ਅਤੇ ਇਨ੍ਹਾਂ ਵਿੱਚ ਪ੍ਰਯੋਗ ਹੋਣ ਵਾਲੀ ਊਰਜਾ ਦੇ ਸਰੋਤ ਵੀ ਭਿੰਨ ਹੋ ਸਕਦੇ ਹਨ, ਜਿਵੇਂ ਲੱਕੜੀ, ਗੋਬਰ ਦੀਆਂ ਪਾਥੀਆਂ, ਕੋਲਾ, ਦ੍ਰਵਿਤ ਪੈਟਰੋਲੀਅਮ ਗੈਸ, ਸੌਰ ਊਰਜਾ ਅਤੇ ਬਿਜਲੀ ਆਦਿ। ਇੱਕ ਸਟੋਵ ਤੇ ਖਾਣਾ ਪਕਾਉਣ ਦੀਆਂ ਕਈ ਥਾਵਾਂ (ਕਈ ਬਰਨਰ) ਹੋਣ ਤਾਂ ਉਸਨੂੰ (ਖਾਸਕਰ ਅਮਰੀਕਾ ਵਿੱਚ) ਰੇਂਜ ਵੀ ਕਹਿੰਦੇ ਹਨ।[1]

ਖੇਤ ਵਿੱਚ ਬਣਿਆ ਇੱਕ ਚੁੱਲ੍ਹਾ

ਜਿਸ ਥਾਂ ਵਿਚ ਅੱਗ ਬਾਲ ਕੇ ਰੋਟੀ-ਟੁੱਕ ਪਕਾਇਆ ਜਾਵੇ, ਰਸੋਈ ਤਿਆਰ ਕੀਤੀ ਜਾਵੇ, ਉਸ ਨੂੰ ਚੁੱਲ੍ਹਾ ਕਹਿੰਦੇ ਹਨ। ਮਨੁੱਖੀ ਵਰਤੋਂ ਦੀ ਖਾਣ ਵਾਲੀ ਹਰ ਵਸਤੂ ਚੁੱਲ੍ਹੇ ਉਪਰ ਦੀ ਤਿਆਰ ਕੀਤੀ ਜਾਂਦੀ ਹੈ। ਪਹਿਲੇ ਸਮਿਆਂ ਵਿਚ ਹਰ ਰੋਜ਼ ਸਵੇਰੇ ਚੁੱਲ੍ਹੇ 'ਤੇ ਗੋਹਾ ਮਿੱਟੀ ਰਲਾ ਕੇ ਪੋਚਾ ਲਾਇਆ ਜਾਂਦਾ ਸੀ। ਜੂਠੀ ਚੀਜ਼ ਚੁੱਲ੍ਹੇ ਉੱਪਰ ਨਹੀਂ ਰੱਖੀ ਜਾਂਦੀ ਸੀ। ਚੁੱਲ੍ਹੇ ਦੇ ਨੇੜੇ ਜੁੱਤੀ ਨਹੀਂ ਲੈ ਕੇ ਜਾਂਦੇ ਸਨ। ਚੁੱਲ੍ਹੇ ਨੂੰ ਪਵਿੱਤਰ ਮੰਨਿਆ ਜਾਂਦਾ ਸੀ। ਪਹਿਲੇ ਸਮਿਆਂ ਵਿਚ ਚੁੱਲ੍ਹੇ ਦੇ ਹੇਠਾਂ ਮਿੱਟੀ ਦੇ ਛੋਟੇ ਬਰਤਨਾਂ ਵਿਚ ਸੋਨਾ/ਚਾਂਦੀ ਪਾ ਕੇ ਦੱਬਣ ਦਾ ਰਿਵਾਜ ਸੀ।

ਚੁੱਲ੍ਹਾ ਧਰਤੀ ਉਪਰ ਬਣਾਇਆ ਜਾਂਦਾ ਹੈ। ਚੁੱਲ੍ਹਾ ਬਣਾਉਣ ਲਈ ਪਹਿਲਾਂ ਤੂੜੀ ਮਿੱਟੀ ਨੂੰ ਚੰਗੀ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ। ਚੁੱਲ੍ਹੇ ਦਾ ਮੂੰਹ 8 ਕੁ ਇੰਚ ਦਾ ਰੱਖਿਆ ਜਾਂਦਾ ਹੈ। ਮੂੰਹ ਦੇ ਅੰਦਰ ਵਿਚਕਾਰ ਜਿਹੇ ਚੁੱਲ੍ਹੇ ਦੀ ਥੋੜ੍ਹੀ ਜਿਹੀ ਗੁਲਾਈ ਦਾ ਹਿੱਸਾ 10/12 ਕੁ ਇੰਚ ਨਾ ਰੱਖਿਆ ਜਾਂਦਾ ਹੈ। ਚੁੱਲ੍ਹੇ ਦੇ ਮੂੰਹ ਤੋਂ ਚੁੱਲ੍ਹੇ ਦੀ ਲੰਬਾਈ 12 ਕੁ ਇੰਚ ਰੱਖੀ ਜਾਂਦੀ ਹੈ। ਚੁੱਲ੍ਹੇ ਦੀਆਂ ਵੱਟਾਂ ਦੀ ਉਚਾਈ 10 ਕੁ ਇੰਚ ਹੁੰਦੀ ਹੈ। ਵੱਟਾਂ 3 ਕੁ ਇੰਚ ਮੋਟੀਆਂ ਹੁੰਦੀਆਂ ਹਨ। ਇਸ ਤਰ੍ਹਾਂ ਚੁੱਲ੍ਹੇ ਦੀ ਬਣਤਰ ਅਰਧ ਗੋਲ ਜਿਹੀ ਹੁੰਦੀ ਹੈ। ਇਹ ਗਿਣਤੀ ਮਿਣਤੀ ਮੈਂ ਆਮ ਚੁੱਲ੍ਹੇ ਦੀ ਲਿਖੀ ਹੈ। ਚੁੱਲ੍ਹੇ ਲੋੜ ਅਨੁਸਾਰ ਏਸ ਤੋਂ ਵੱਡੇ ਵੀ ਬਣਦੇ ਹਨ।

ਚੁੱਲ੍ਹਾ ਬਣਾਉਣ ਲਈ ਤੂੜੀ ਮਿੱਟੀ ਦੀ 3 ਕੁ ਇੰਚ ਮੋਟੀ ਤਹਿ ਦੀ ਉਪਰੋਕਤ ਦਿੱਤੀ ਮਿਣਤੀ ਅਨੁਸਾਰ ਉਸਾਰੀ ਓਨੀ ਕੁ ਕੀਤੀ ਜਾਂਦੀ ਹੈ ਜਿਹੜੀ ਖੜ੍ਹੀ ਰਹਿ ਸਕੇ। ਜਦ ਉਹ ਉਸਾਰੀ ਸੁੱਕ ਜਾਂਦੀ ਹੈ ਤਾਂ ਫੇਰ ਉਸ ਉਪਰ ਹੋਰ ਉਸਾਰੀ ਕਰ ਦਿੱਤੀ ਜਾਂਦੀ ਹੈ। ਉਸ ਉਸਾਰੀ ਸੁੱਕਣ ਤੋਂ ਬਾਅਦ ਫੇਰ ਉਸ ਉਪਰ ਹੋਰ ਉਸਾਰੀ ਕਰ ਦਿੱਤੀ ਜਾਂਦੀ ਹੈ। ਭਾਵ ਚੁੱਲ੍ਹੇ ਲਈ ਜਿੰਨੀ ਉਸਾਰੀ ਦੀ ਲੋੜ ਹੁੰਦੀ ਹੈ ਇਸ ਵਿਉਂਤ ਨਾਲ ਕਰ ਲਈ ਜਾਂਦੀ ਹੈ। ਤੂੜੀ ਮਿੱਟੀ ਤੋਂ ਬਾਅਦ ਫੇਰ ਬਣੇ ਚੁੱਲ੍ਹੇ ਉਪਰ ਬਗੈਰ ਤੂੜੀ ਵਾਲੀ ਮਿੱਟੀ ਲਾ ਕੇ ਚੁੱਲ੍ਹੇ ਦੀਆਂ ਵੱਟਾਂ ਨੂੰ ਲਿਪ ਦਿੱਤਾ ਜਾਂਦਾ ਹੈ। ਕਈ ਸ਼ੁਕੀਨ ਇਸਤਰੀਆਂ ਤਾਂ ਚੁੱਲ੍ਹੇ ਉਪਰ ਪਾਂਡੂ ਮਿੱਟੀ ਦਾ ਪਰੋਲਾ ਵੀ ਦੇ ਦਿੰਦੀਆਂ ਹਨ।

ਕਈ ਇਸਤਰੀਆਂ ਕੱਚੀਆਂ ਇੱਟਾਂ/ਪੱਕੀਆਂ ਇੱਟਾਂ ਨੂੰ ਉਪਰੋਕਤ ਵਿਧੀ ਅਨੁਸਾਰ ਖੜ੍ਹੀਆਂ ਕਰ ਕੇ ਉਨ੍ਹਾਂ ਉਪਰ ਤੂੜੀ ਮਿੱਟੀ ਲਾ ਕੇ ਵੀ ਚੁੱਲ੍ਹਾ ਬਣਾ ਲੈਂਦੀਆਂ ਹਨ। ਕਈ ਇਸਤਰੀਆਂ ਚੱਕਮਾ ਚੁੱਲ੍ਹਾ ਵੀ ਬਣਾ ਲੈਂਦੀਆਂ ਹਨ। ਚੱਕਵੇਂ ਚੁੱਲ੍ਹੇ ਦੀ ਉਸਾਰੀ ਟੁੱਟੀ ਹੋਈ ਚਾਟੀ ਦੇ ਗਲ ਉਪਰ ਮਿੱਟੀ ਨਾਲ ਉਪਰੋਕਤ ਵਿਧੀ ਅਨੁਸਾਰ ਹੀ ਕੀਤੀ ਜਾਂਦੀ ਹੈ। ਚਕਵੇਂ ਚੁੱਲ੍ਹੇ ਦਾ ਇਹ ਫਾਇਦਾ ਹੁੰਦਾ ਹੈ, ਤੁਸੀਂ ਉਸ ਨੂੰ ਜਿਥੇ ਮਰਜ਼ੀ ਰੱਖ ਕੇ ਰੋਟੀ ਟੁੱਕ ਤਿਆਰ ਕਰ ਸਕਦੇ ਹੋ।[2]

ਹਵਾਲੇ ਸੋਧੋ

  1. "Definition of stove - appliance, cookery and building". Oxford University Press. Archived from the original on 8 ਜੁਲਾਈ 2018. Retrieved 28 March 2012. {{cite web}}: Unknown parameter |dead-url= ignored (help)
  2. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.