ਚੰਦਰ ਸ਼ੇਖਰ ਆਜ਼ਾਦ

ਭਾਰਤੀ ਕ੍ਰਾਂਤੀਕਾਰੀ
(ਚੰਦਰਸੇਖਰ ਆਜ਼ਾਦ ਤੋਂ ਮੋੜਿਆ ਗਿਆ)

ਚੰਦਰ ਸ਼ੇਖਰ ਆਜ਼ਾਦ ਉਚਾਰਨ  (23 ਜੁਲਾਈ 1906 – 27 ਫਰਵਰੀ 1931), ਆਜ਼ਾਦ ਵਜੋਂ ਮਸ਼ਹੂਰ ਭਾਰਤੀ ਇਨਕਲਾਬੀ ਸਨ ਜਿਹਨਾਂ ਨੇ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਨੂੰ ਇਸਦੇ ਬਾਨੀ ਰਾਮ ਪਰਸ਼ਾਦ ਬਿਸਮਿਲ ਅਤੇ ਤਿੰਨ ਹੋਰ ਪ੍ਰਮੁੱਖ ਪਾਰਟੀ ਆਗੂਆਂ, ਰੋਸ਼ਨ ਸਿੰਘ, ਰਾਜਿੰਦਰ ਨਾਥ ਲਾਹਿਰੀ ਅਤੇ ਅਸ਼ਫਾਕਉਲਾ ਖਾਨ ਦੀ ਮੌਤ ਦੇ ਬਾਅਦ ਨਵੇਂ ਨਾਮ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ (HSRA) ਹੇਠ ਪੁਨਰਗਠਿਤ ਕੀਤਾ।

ਚੰਦਰ ਸ਼ੇਖਰ ਆਜ਼ਾਦ
ਅਲਫਰੈਡ ਪਾਰਕ, ਇਲਾਹਾਬਾਦ (ਭਾਰਤ) ਵਿਖੇ ਆਜ਼ਾਦ ਦਾ ਬੁੱਤ
ਜਨਮ
ਚੰਦਰ ਸ਼ੇਖਰ ਤਿਵਾੜੀ

(1906-07-23)23 ਜੁਲਾਈ 1906
ਮੌਤ27 ਫਰਵਰੀ 1931(1931-02-27) (ਉਮਰ 24)
ਹੋਰ ਨਾਮਆਜ਼ਾਦ, ਬਲਰਾਜ, ਪੰਡਤ ਜੀ
ਪੇਸ਼ਾਇਨਕਲਾਬੀ ਆਗੂ, ਆਜ਼ਾਦੀ ਸੰਗਰਾਮੀ, ਰਾਜਨੀਤਕ ਆਗੂ
ਸੰਗਠਨਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ (ਬਾਅਦ ਨੂੰ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ)
ਲਹਿਰਭਾਰਤ ਦਾ ਆਜ਼ਾਦੀ ਸੰਗਰਾਮ

ਜੀਵਨੀ

ਸੋਧੋ

ਸ਼ਹੀਦ ਚੰਦਰ ਸ਼ੇਖਰ ਆਜ਼ਾਦ ਦਾ ਜਨਮ 23 ਜੁਲਾਈ, 1906 ਨੂੰ ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਰਿਆਸਤ ਦੇ ਪਿੰਡ ਭਾਵਰਾ ਵਿੱਚ ਸ੍ਰੀਮਤੀ ਜਗਰਾਣੀ ਦੇਵੀ ਦੀ ਕੁੱਖੋਂ ਹੋਇਆ। ਉਹ ਪੰਡਤ ਸੀਤਾ ਰਾਮ ਦੇ ਪੰਜਾਂ ਪੁੱਤਰਾਂ ‘ਚੋਂ ਛੋਟੀ ਸੰਤਾਨ ਸਨ। ਬਚਪਨ ਤੋਂ ਹੀ ਉਹਨਾਂ ਦੀ ਦਿਲਚਸਪੀ ਪੜ੍ਹਨ-ਲਿਖਣ ਵਿੱਚ ਘੱਟ ਅਤੇ ਤੀਰ-ਕਮਾਨ ਜਾਂ ਬੰਦੂਕ ਚਲਾਉਣ ਵਿੱਚ ਵਧੇਰੇ ਸੀ। ਘਰਦਿਆਂ ਨੇ ਉਹਨਾਂ ਨੂੰ ਸਕੂਲੇ ਪੜ੍ਹਨੇ ਪਾਇਆ ਪਰ ਉਹਨਾਂ ਦੀਆਂ ਰੁਚੀਆਂ ਤੇ ਆਦਤਾਂ ਨੂੰ ਦੇਖਦੇ ਹੋਏ ਉਹਨਾਂ ਦੇ ਮਾਂ-ਪਿਓ ਨੇ ਆਜ਼ਾਦ ਨੂੰ ਕਿਸੇ ਕੰਮ-ਕਾਰ ਲਾਉਣ ਦੀ ਸੋਚੀ ਅਤੇ ਸਕੂਲੋਂ ਉਹਨਾਂ ਦਾ ਨਾਂ ਕਟਵਾ ਦਿੱਤਾ। ਸ਼ੁਰੂ ਵਿੱਚ ਉਹਨਾਂ ਨੂੰ ਤਹਿਸੀਲ ਵਿੱਚ ਨੌਕਰੀ ਮਿਲ ਗਈ। ਪਰ ਆਜ਼ਾਦ ਬਿਰਤੀ ਵਾਲਾ ਚੰਦਰ ਸ਼ੇਖਰ ਇਨ੍ਹਾਂ ਬੰਦਸ਼ਾਂ ਵਿੱਚ ਰਹਿਣ ਵਾਲਾ ਨਹੀਂ ਸੀ। ਉਹ ਨੌਕਰੀ ਛੱਡ ਬੰਬਈ ਚਲਾ ਗਿਆ। ਉਥੇ ਉਹਨਾਂ ਨੂੰ ਜਹਾਜ਼ਾਂ ਨੂੰ ਰੰਗਣ ਵਾਲੇ ਰੰਗਸਾਜਾਂ ਦੇ ਸਹਾਇਕ ਵਜੋਂ ਕੰਮ ਮਿਲ ਗਿਆ। ਪਰ ਬੰਬਈ ਦੀ ਮਸ਼ੀਨੀ ਜ਼ਿੰਦਗੀ ਉਹਨਾਂ ਨੂੰ ਰਾਸ ਨਾ ਆਈ। ਬੇਚੈਨੀ ਦੀ ਇਸ ਅਵਸਥਾ ‘ਚ ਉਹਨਾਂ ਬੰਬਈ ਛੱਡ ਦਿੱਤੀ। ਉਹ ਬਨਾਰਸ ਚਲੇ ਗਏ। ਉਥੇ ਇੱਕ ਮਦਦਗਾਰ ਦੀ ਮਦਦ ਨਾਲ ਸੰਸਕ੍ਰਿਤ ਸਕੂਲ ‘ਚ ਮੁੜ ਪੜ੍ਹਨੇ ਪੈ ਗਏ। ਉਨੀਂ ਦਿਨੀਂ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਨਾ-ਮਿਲਵਰਤਨ ਅੰਦੋਲਨ ਸ਼ੁਰੂ ਹੋ ਗਿਆ ਸੀ। ਚੰਦਰ ਸ਼ੇਖਰ ਦੇ ਕੋਮਲ ਤੇ ਕੋਰੇ ਮਨ ‘ਤੇ ਵੀ ਇਸ ਅੰਦੋਲਨ ਦਾ ਅਸਰ ਪਿਆ। ਉਹ ਇਸ ਵਿੱਚ ਸ਼ਾਮਲ ਹੋ ਗਏ। ਸੰਸਕ੍ਰਿਤ ਕਾਲਜ ਬਨਾਰਸ ਧਰਨੇ ਮੌਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਇਹ ਘਟਨਾ 1921 ਦੀ ਹੈ। ਉਹਨਾਂ ਉਪਰ ਮੁਕੱਦਮਾ ਦਰਜ ਕੀਤਾ ਗਿਆ। ਅਦਾਲਤ ਵਿੱਚ ਪੇਸ਼ੀ ਮੌਕੇ ਜੋ ਸਵਾਲ ਮੈਜਿਸਟਰੇਟ ਨੇ ਉਹਨਾਂ ਨੂੰ ਪੁੱਛੇ ਉਹ ਖਾਸ ਜ਼ਿਕਰਯੋਗ ਹਨ: ”ਤੇਰਾ ਨਾਂ ਕੀ ਹੈ?” ”ਆਜ਼ਾਦ।” ”ਪਿਉ ਦਾ ਨਾਂ?” ”ਆਜ਼ਾਦੀ।” ”ਘਰ?” ”ਜੇਲ੍ਹ।” ਇਨ੍ਹਾਂ ਜਵਾਬਾਂ ਤੋਂ ਚਿੜ੍ਹ ਕੇ ਮੈਜਿਸਟਰੇਟ ਨੇ ਉਹਨਾਂ ਨੂੰ 15 ਬੈਂਤਾਂ ਦੀ ਸਜ਼ਾ ਦਿੱਤੀ। ਤੰਦਰੁਸਤ ਹੋ ਜਾਣ ਉਪਰੰਤ ਉਹ ਕਾਂਸ਼ੀ ਵਿਦਿਆਪੀਠ ਵਿੱਚ ਦਾਖਲ ਹੋ ਗਏ। ਇੱਥੇ ਉਹਨਾਂ ਦਾ ਮੇਲ ਇਨਕਲਾਬੀ ਦਲ ਦੇ ਦੋ ਮੈਂਬਰਾਂ ਮਨਮਥਾ ਨਾਥ ਗੁਪਤ ਅਤੇ ਪ੍ਰਣਵੇਸ਼ ਚੈਟਰਜੀ ਨਾਲ ਹੋਇਆ। ਇਨ੍ਹਾਂ ਦੋਹਾਂ ਇਨਕਲਾਬੀਆਂ ਦਾ ਪ੍ਰਭਾਵ ਕਬੂਲਣ ਬਾਅਦ ਸੰਨ 1922 ਵਿੱਚ ਚੰਦਰ ਸ਼ੇਖਰ ਵੀ ਇਨਕਲਾਬੀ ਦਲ ਦੇ ਮੈਂਬਰ ਬਣ ਗਏ। ਉਸ ਘੜੀ ਤੋਂ ਜ਼ਿੰਦਗੀ ਦੇ ਅੰਤਲੇ ਪਲਾਂ ਤਕ ਹਥਿਆਰਬੰਦ ਇਨਕਲਾਬ ਦੇ ਰਾਹ ‘ਤੇ ਉਹ ਲਗਾਤਾਰ ਅੱਗੇ ਵਧਦੇ ਰਹੇ। ਕਾਕੋਰੀ ਘਟਨਾ (9 ਅਗਸਤ, 1924) ਮਗਰੋਂ ਉਹ ਗੁਪਤਵਾਸ ਹੋ ਗਏ। ਫਰਾਰ ਜੀਵਨ ਮੌਕੇ ਗੁਪਤ ਰਹਿਣ ਦੀ ਉਹਨਾਂ ਵਿੱਚ ਇੱਕ ਖਾਸ ਮੁਹਾਰਤ ਤੇ ਸੋਝੀ ਸੀ। 17 ਦਸੰਬਰ, 1928 ਜਦੋਂ ਅੰਗਰੇਜ਼ ਪੁਲੀਸ ਅਫਸਰ ਸਾਂਡਰਸ ਗੋਲੀਆਂ ਨਾਲ ਫੁੰਡ ਸੁੱਟਿਆ, ਉਸ ਮੌਕੇ ਲਾਹੌਰ ਵਿੱਚ ਚਿੜੀ ਵੀ ਬਾਹਰ ਨਹੀਂ ਸੀ ਨਿਕਲ ਸਕਦੀ, ਉਦੋਂ ਚੰਦਰ ਸ਼ੇਖਰ ਆਜ਼ਾਦ ਹੀ ਸਨ ਜਿਹੜੇ ਸਭ ਤੋਂ ਸੌਖੇ ਤਰੀਕੇ ਨਾਲ ਲਾਹੌਰੋਂ ਨਿਕਲ ਗਏ ਸਨ। ਪੜ੍ਹਨ-ਲਿਖਣ ਦੇ ਮਾਮਲੇ ਵਿੱਚ ਭਾਵੇਂ ਉਹਨਾਂ ਦਾ ਹੱਥ ਜਰਾ ਤੰਗ ਸੀ, ਪਰ ਉਹ ਦੂਸਰੇ ਸਾਥੀਆਂ ਨੂੰ ਪੜ੍ਹਨ ਲਈ ਪ੍ਰੇਰਨਾ ਅਕਸਰ ਦਿੰਦੇ ਰਹਿੰਦੇ। ਉਹਨਾਂ ਸਮਿਆਂ ‘ਚ ਸਮਾਜਵਾਦ ਨਾਲ ਸਬੰਧਤ ਕਿਤਾਬਾਂ ਉਹ ਵੀ ਅੰਗਰੇਜ਼ੀ ਵਿੱਚ ਘੱਟ ਉਪਲਬਧ ਹੁੰਦੀਆਂ ਸਨ। ਉਹ ਸਿਧਾਂਤਕ ਕਿਤਾਬਾਂ ਦੂਸਰੇ ਸਾਥੀਆਂ ਤੋਂ ਪੜ੍ਹਾਉਂਦੇ ਤੇ ਹਿੰਦੀ ਵਿੱਚ ਅਰਥ ਕਰਵਾ ਕੇ ਸਮਝਣ ਦੀ ਕੋਸ਼ਿਸ਼ ਕਰਦੇ। ਆਜ਼ਾਦ ਦਾ ਸਮਾਜਵਾਦੀ ਵਿਚਾਰਾਂ ਵੱਲ ਖਿੱਚੇ ਜਾਣ ਦਾ ਵੱਡਾ ਕਾਰਨ ਸੀ ਉਹਨਾਂ ਦਾ ਗਰੀਬ ਘਰ ਵਿੱਚ ਪੈਦਾ ਹੋਣ ਕਰਕੇ ਗਰੀਬੀ ਦਾ ਡੂੰਘਾ ਅਹਿਸਾਸ ਅਤੇ ਬੰਬਈ ਜਾ ਕੇ ਮਜ਼ਦੂਰਾਂ ਦੀ ਨਰਕ ਭਰੀ ਜ਼ਿੰਦਗੀ ਜਿਸ ਨੂੰ ਉਹ ਖੁਦ ਹੱਡੀਂ ਹੰਡਾ ਚੁੱਕੇ ਸਨ। 8-9 ਸਤੰਬਰ, 1928 ਨੂੰ ਦਿੱਲੀ ਵਿਖੇ ਫਿਰੋਜ਼ਸ਼ਾਹ ਕੋਟਲਾ ਦੇ ਖੰਡਰਾਂ ਦੀ ਮੀਟਿੰਗ ਵਿੱਚ ਹਿੰਦੋਸਤਾਨ ਰਿਪਬਲੀਕਨ ਆਰਮੀ ਦਾ ਨਾਂ ਬਦਲ ਕੇ ਹਿੰਦੋਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਰੱਖਿਆ ਗਿਆ। ਆਜ਼ਾਦ ਇਸ ਦੇ ਸੈਨਾਪਤੀ ਸਨ। ਉਹ ਹਰ ਸਾਥੀ ਦੀਆਂ ਜ਼ਰੂਰਤਾਂ ਦਾ ਪੂਰਾ-ਪੂਰਾ ਖਿਆਲ ਰੱਖਦੇ। 27 ਫਰਵਰੀ, 1931 ਇਲਾਹਾਬਾਦ ਦੇ ਏਲਫਰਡ ਪਾਰਕ ਨੂੰ ਅੰਗਰੇਜ਼ ਪੁਲੀਸ ਨੇ ਚਾਰ-ਚੁਫੇਰਿਓਂ ਘੇਰ ਲਿਆ। ਚੰਦਰ ਸ਼ੇਖਰ ਆਜ਼ਾਦ ਹੁਰਾਂ ਵੱਡੇ ਦਰੱਖਤ ਦੀ ਓਟ ਲਈ। ਮਾਊਜ਼ਰ ਨੂੰ ਪਲੋਸਿਆ ਤੇ ਮੁਕਾਬਲਾ ਸ਼ੁਰੂ ਕਰ ਦਿੱਤਾ। ਇਸ ਬੇਜੋੜ ਮੁਕਾਬਲੇ ਵਿੱਚ ਚੰਦਰ ਸ਼ੇਖਰ ਆਜ਼ਾਦ ਸ਼ਹੀਦ ਹੋ ਗਏ। ਆਖਿਰ, ਆਪਣੇ ਬੋਲਾਂ ਨੂੰ ਅਮਰ ਕਰ ਗਏ।

ਹਵਾਲੇ

ਸੋਧੋ
  1. Chandra Shekhar Azad (1906-1931)
  2. Bhawan Singh Rana (1 January 2005). Chandra Shekhar Azad (An।mmortal Revolutionary Of।ndia). Diamond Pocket Books (P) Ltd. p. 10. ISBN 978-81-288-0816-6.