ਛੂਤ-ਛਾਤ
(ਛੂਆਛਾਤ ਤੋਂ ਮੋੜਿਆ ਗਿਆ)
ਛੂਆਛਾਤ ਵਿਸ਼ਵ ਦੇ ਅਨੇਕ ਖੇਤਰਾਂ ਵਿੱਚ ਪ੍ਰਾਚੀਨ ਸਮਿਆਂ ਤੋਂ ਚਲੀ ਆ ਰਹੀ ਇੱਕ ਸਮਾਜਿਕ ਰੀਤ ਹੈ, ਜਿਸ ਦੇ ਅਨਿਆਂਪੂਰਨ ਖਾਸੇ ਕਾਰਨ ਇਸ ਦੇ ਖਾਤਮੇ ਲਈ ਮਾਨਵ-ਹਿਤੈਸ਼ੀ ਸਮਾਜਿਕ ਆਗੂਆਂ ਨੇ ਸਮੇਂ ਸਮੇਂ ਆਵਾਜ਼ ਉਠਾਈ। ਇਸ ਰੀਤ ਅਨੁਸਾਰ ਕਿਸੇ ਘੱਟ ਗਿਣਤੀ ਗਰੁੱਪ ਨੂੰ ਮੁੱਖਧਾਰਾ ਵਲੋਂ ਸਮਾਜਿਕ ਰੀਤ ਜਾਂ ਕਾਨੂੰਨੀ ਆਦੇਸ਼ ਨਾਲ ਅਛੂਤ ਕਰਾਰ ਦੇ ਦਿੱਤਾ ਜਾਂਦਾ ਹੈ। ਆਮ ਤੌਰ 'ਤੇ ਅਛੂਤ ਸਮੂਹ ਉਹ ਹੁੰਦੇ ਹਨ ਜਿਹੜੇ ਮੁੱਖਧਾਰਾ ਦੀ ਮਰਯਾਦਾ ਨੂੰ ਮੰਨਣ ਤੋਂ ਇਨਕਾਰੀ ਹੁੰਦੇ ਹਨ। ਇਤਿਹਾਸਕ ਤੌਰ 'ਤੇ ਇਹ ਵਿਦੇਸ਼ੀ, ਘਰੇਲੂ ਵਰਕਰ, ਟੱਪਰੀਵਾਸ ਕਬੀਲੇ, ਕਾਨੂੰਨ-ਤੋੜਨ ਵਾਲੇ ਅਤੇ ਅਪਰਾਧੀ ਅਤੇ ਕਿਸੇ ਛੂਤ ਦੀ ਬਿਮਾਰੀ ਤੋਂ ਪੀੜਤ ਲੋਕ ਹੁੰਦੇ ਸਨ। ਇਹ ਬੇਦਖਲੀ ਕਾਨੂੰਨ-ਤੋੜਨ ਵਾਲਿਆਂ ਨੂੰ ਸਜ਼ਾ ਦਾ, ਰਵਾਇਤੀ ਸਮਾਜਾਂ ਨੂੰ ਅਜਨਬੀਆਂ ਦੀ ਲਾਗ ਤੋਂ ਬਚਾਉਣ ਦਾ ਅਤੇ ਛੂਤ ਦੇ ਰੋਗੀਆਂ ਤੋਂ ਬਚਾਉ ਦਾ ਇੱਕ ਢੰਗ ਸੀ।