ਛੱਲਾ (ਗੀਤ)
ਪੰਜਾਬੀ ਬੋਲੀ ਵਿੱਚ ਛੱਲੇ ਦੇ ਦੋ ਰੂਪ ਹਨ। ਪਹਿਲਾ ਹੱਥ ਦੀਆਂ ਉਂਗਲਾਂ ਵਿੱਚ ਪਹਿਨਿਆ ਜਾਣ ਵਾਲਾ ਬਿਨਾਂ ਨਗ ਤੋਂ ਮੁੰਦਰੀ ਵਰਗਾ ਗਹਿਣਾ ਹੈ ਜੋ ਆਮ ਤੌਰ ਤੇ ਚੀਚੀ ਵਿੱਚ ਪਾਇਆ ਜਾਂਦਾ ਹੈ ਇਹ ਪਿਆਰ ਦੀ ਨਿਸ਼ਾਨੀ ਵਜੋਂ ਵੀ ਜਾਣਿਆ ਜਾਂਦਾ ਹੈ। ਛੱਲੇ ਦਾ ਦੂਸਰਾ ਰੂਪ ਪੰਜਾਬੀ ਗਾਇਕੀ ਦੀ ਇੱਕ ਸ਼ੈਲੀ ਹੈ ਜਿਸ ਉਤੇ ਬਹੁਤ ਸਾਰੇ ਗਾਇਕਾਂ ਨੇ ਗਲ਼ਾ ਅਜਮਾਇਆ। ਕੁਝ ਗਾਇਕ ਛੱਲੇ ਨੂੰ ਗਾ ਕੇ ਅਮਰ ਕਰ ਗਏ ਅਤੇ ਕੁਝ ਇਸਨੂੰ ਗਾ ਕੇ ਮਕਬੂਲ ਹੋਏ। ਛੱਲਾ ਅਸਲ ਵਿੱਚ ਪੁੱਤਰ ਵਿਯੋਗ ਅਤੇ ਮਨੁੱਖੀ ਰਿਸ਼ਤਿਆਂ ਦੀ ਬਾਤ ਪਾਉਂਦਾ ਹੈ। ਛੱਲਾ ਪਿਓ ਨਾਲੋਂ ਜਵਾਨ ਪੁੱਤ ਦੇ ਵਿਛੋੜੇ, ਮਾਂ ਦੀ ਅਣਹੋਂਦ, ਧੀਆਂ ਦੇ ਪਰਾਏ ਹੋਣ, ਮਾਪਿਆਂ ਦੇ ਤੁਰ ਜਾਣ ਅਤੇ ਕਿਤੇ ਮੁਹੱਬਤ ਦੇ ਦੂਰ ਹੋਣ ਦੇ ਦਰਦ ਦੀ ਡੂੰਘੀ ਰਮਜ਼ ਹੈ।
ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਗੀਤਾਂ ਦੀ ਇਸ ਗਾਇਨ ਵਿਧਾ ਦਾ ਨਾਇਕ ਛੱਲਾ ਇੱਕ ਜੱਟ ਮਲਾਹ ਜਲਾਲਦੀਨ ਉਰਫ ਜੱਲੇ ਦੇ ਘਰ ਪੈਦਾ ਹੋਇਆ ਜਿਸ ਦੀ ਦੋ ਸਾਲਾਂ ਦੀ ਛੋਟੀ ਉਮਰੇ ਹੀ ਮਾਂ ਮਰ ਗਈ ਸੀ। ਜੱਲੇ ਨੇ ਛੱਲੇ ਨੂੰ ਬੜੇ ਲਾਡਾਂ ਨਾਲ ਪਾਲ਼ਿਆ ਅਤੇ ਕਿਸ਼ਤੀ ਠੇਲ੍ਹਣ ਵੇਲੇ ਵੀ ਉਸਨੂੰ ਨਾਲ ਹੀ ਲੈ ਜਾਂਦਾ। ਪਿਓ ਦੇ ਪਿਆਰ ਅਤੇ ਚੰਗੀ ਖੁਰਾਕ ਸਦਕਾ ਛੱਲਾ 12 ਸਾਲ ਦੀ ਉਮਰੇ ਹੀ ਸੋਹਣਾ ਅਤੇ ਭਰ ਜੁਆਨ ਹੋ ਗਿਆ। ਇੱਕ ਦਿਨ ਕੰਮ ਤੇ ਹੀ ਜੱਲੇ ਦੀ ਸਿਹਤ ਖਰਾਬ ਹੋ ਗਈ ਅਤੇ ਉੱਧਰੋਂ ਸਵਾਰੀਆਂ ਆ ਗਈਆਂ। ਜੱਲੇ ਨੇ ਸਵਾਰੀਆਂ ਨੂੰ ਦਰਿਆ ਪਾਰ ਬੇੜੀ ਲਿਜਾ ਸਕਣ ਤੋਂ ਬੇਬਸੀ ਜਾਹਰ ਕੀਤੀ ਤਾਂ ਸਵਾਰੀਆਂ ਨੇ ਧੀ ਦੇ ਸ਼ਗਨਾਂ ਦੇ ਕਾਰਜ ਦਾ ਵਾਸਤਾ ਪਾਇਆ ਅਤੇ ਉਸਦੇ ਜਵਾਨ ਹੋ ਰਹੇ ਪੁੱਤਰ ਛੱਲੇ ਨੂੰ ਬੇੜੀ ਲੈ ਕੇ ਪਾਰ ਛੱਡ ਆਉਣ ਦੀ ਜਿੱਦ ਕੀਤੀ। ਜੱਲਾ ਮਜਬੂਰੀ ਵੱਸ ਛੱਲੇ ਨੂੰ ਜੋ ਕਿ ਹਾਲੇ ਬੇੜੀ ਦਾ ਮਾਹਰ ਨਹੀਂ ਸੀ, ਬੇੜੀ ਲੈ ਕੇ ਜਾਣ ਦੀ ਇਜਾਜਤ ਦੇ ਦਿੰਦਾ ਹੈ। ਬੇੜੀ ਲੈ ਕੇ ਗਿਆ ਛੱਲਾ ਵਾਪਸ ਨਾ ਪਰਤਿਆ। ਜੱਲਾ ਦਰਿਆ ਕੰਢੇ ਉਸਦੀ ਉਡੀਕ ਕਰਦਾ ਰਿਹਾ, ਦਿਨ ਢਲ ਗਿਆ, ਉਹ ਪਿੰਡ ਵਾਲਿਆਂ ਨੂੰ ਨਾਲ ਲੈ ਕੇ ਵੀ ਭਾਲ ਕਰਦਾ ਰਿਹਾ ਪਰ ਛੱਲਾ ਮੁੜ ਨਾ ਲੱਭਿਆਂ ਤਾਂ ਜੱਲਾ ਪਾਗਲ ਹੋ ਗਿਆ। ਉਹ ਦਿਨ ਰਾਤ ਦਰਿਆ ਕੰਢੇ ਘੁੰਮਦਾ ਰਹਿੰਦਾ ਅਤੇ ਰੋਂਦਾ ਰਹਿੰਦਾ:
ਛੱਲਾ ਮੁੜਕੇ ਨੀ ਆਇਆ, ਰੋਣਾ ਉਮਰਾਂ ਦਾ ਪਾਇਆ, ਮੱਲਿਆ ਈ ਦੇਸ ਪਰਾਇਆ, ਓ ਗੱਲ ਸੁਣ ਛੱਲਿਆ ਕਾਵਾਂ, ਓ ਮਾਵਾਂ ਠੰਡੀਆਂ ਛਾਵਾਂ।
ਜਿਨ੍ਹਾਂ ਲਫ਼ਜਾਂ 'ਚ ਪਰੋ ਕੇ ਉਸਨੇ ਆਪਣਾ ਦਰਦ ਵਿਅਕਤ ਕੀਤਾ, ਉਹੀ ਅੱਗੇ ਚੱਲ ਕੇ ਪੰਜਾਬੀ ਗੀਤਾਂ ਦੀ ਇੱਕ ਸ਼ੈਲੀ 'ਛੱਲੇ' ਦੇ ਨਾਮ ਨਾਲ ਪ੍ਰਸਿੱਧ ਹੋਏ:-
ਛੱਲਾ ਬੇੜੀ ਪੂਰ ਏ, ਵਤਨ ਮਾਹੀ ਦਾ ਦੂਰ ਏ, ਜਾਣਾ ਪਹਿਲੇ ਪੂਰ ਏ ਓ ਗੱਲ ਸੁਣ ਛੱਲਿਆ ਕਾਵਾਂ, ਓ ਮਾਵਾਂ ਠੰਡੀਆਂ ਛਾਵਾਂ
ਛੱਲਾ ਨੌ ਨੌ ਖੇਵੇ, ਪੁੱਤਰ ਮਿਠੜੇ ਮੇਵੇ, ਅੱਲਾ ਸਭ ਨੂੰ ਦੇਵੇ, ਗੱਲ ਸੁਣ ਛੱਲਿਆ....
ਛੱਲਾ ਚੀਚੀ ਪਾਇਆ, ਧੀਆਂ ਧੰਨ ਵੇ ਪਰਾਇਆ, ਮੁੜਕੇ ਫੇਰਾ ਨਾ ਪਾਇਆ, ਓ ਗੱਲ ਸੁਣ....
ਛੱਲਾ ਗਲ਼ ਦੇ ਗਹਿਣੇ, ਸਦਾ ਮਾਪੇ ਨੀ ਰਹਿਣੇ, ਦੁੱਖ ਜਿਦੜੀ ਦੇ ਸਹਿਣੇ, ਓ ਗੱਲ ਸੁਣ ਛੱਲਿਆ....
ਛੱਲੇ ਦੀ ਦਾਸਤਾਨ ਦੇ ਵਿਸਥਾਰ ਵਿੱਚ ਜਾਣ ਤੇ ਪਰਸਪਰ ਦੋ ਕਹਾਣੀਆਂ ਉੱਭਰਦੀਆਂ ਹਨ। ਉਪਰੋਕਤ ਪਹਿਲਾ ਬਿਰਤਾਂਤ ਲੋਕ ਦਾਸਤਾਨ ਗਾਇਕ ਫਜ਼ਲ ਸ਼ਾਹ ਦੇ ਗੋਦ ਲਏ ਪੁੱਤਰ ਆਸ਼ਿਕ ਹੁਸੈਨ ਜੱਟ ਦੁਆਰਾ ਲਿਖਿਆ ਅਤੇ ਗਾਇਆ ਗਿਆ। ਅੱਜ ਇਹ ਉਹਨਾਂ ਦੀ ਗਾਇਕੀ ਦੇ ਤੀਜੀ ਪੀੜ੍ਹੀ ਦੇ ਵਾਰਿਸ ਫਜ਼ਲ ਜੱਟ ਦੀ ਜ਼ੁਬਾਨੀ ਸੁਣਿਆ ਜਾ ਸਕਦਾ ਹੈ। ਇਸ ਵਿੱਚ ਛੋਟੇ ਬੱਚਿਆਂ ਲਈ ਮਾਂ ਦੀ ਛਤਰ-ਛਾਇਆ ਦੀ ਮਹਾਨਤਾ ਦਾ ਵੀ ਜਿਕਰ ਮਿਲਦਾ ਹੈ। ਜੱਲੇ ਮਨ ਵਿੱਚ ਇਹ ਰੰਞ ਹੈ ਕਿ ਜੇ ਛੱਲੇ ਦੀ ਮਾਂ ਜਿਓਂਦੀ ਹੁੰਦੀ ਤਾਂ ਉਹ ਉਸਨੂੰ ਕੰਮ ਤੇ ਨਾਲ ਨਾ ਲਿਆਉਂਦਾ ਅਤੇ ਉਹ ਛੱਲੇ ਨੂੰ ਨਾ ਗੁਆਉਂਦਾ:
ਮਾਂ ਦੀ ਸ਼ਾਨ ਸੁਣਾਵਾਂ, ਚੰਨ ਨੂੰ ਚਿਰਾਗ ਵਿਖਾਵਾਂ, ਹਰ ਵੇਲੇ ਏਹੋ ਗਾਵਾਂ, ਕਿ ਮਾਵਾਂ ਠੰਡੀਆਂ ਛਾਵਾਂ।
ਪਹਿਲਾ ਬਿਰਤਾਂਤ ਇਸ ਘਟਨਾ ਨੂੰ ਸਤਲੁਜ ਦੇ ਹਰੀਕੇ ਪੱਤਣ ਦੀ ਦੱਸਦਾ ਹੈ। ਚੜ੍ਹਦੇ ਪੰਜਾਬ ਦੇ ਨਾਮਵਰ ਗਾਇਕ ਸੁਰਿੰਦਰ ਛਿੰਦੇ ਨੇ ਵੀ ਕਹਾਣੀ ਰੂਪ ਵਿੱਚ ਇੰਝ ਹੀ ਗਾਇਆ ਹੈ। ਜਦ ਕਿ ਦੂਸਰੇ ਬਿਰਤਾਂਤ ਅਨੁਸਾਰ ਇਹ ਘਟਨਾ ਪਾਕਿਸਤਾਨ ਦੇ ਗੁਜਰਾਤ ਵਿੱਚ ਵਗਦੇ ਝਨਾਂਅ ਦਰਿਆ ਕੰਢੇ ਵਾਪਰੀ ਦੱਸੀ ਗਈ ਹੈ ਅਤੇ ਜੱਲੇ ਦਾ ਪਿੰਡ ਮਲਕਵਾਲ ਦੱਸਿਆ ਹੈ ਜੋ ਕਿ ਪੰਜਾਬੀ ਦੇ ਨਾਮਵਰ ਗਾਇਕ ਭਰਾਵਾਂ ਸ਼ੌਕਤ ਅਲੀ ਅਤੇ ਇਨਾਇਤ ਅਲੀ ਦਾ ਵੀ ਪਿੰਡ ਹੈ। ਦੱਸਣਯੋਗ ਹੈ ਕਿ 'ਛੱਲੇ' ਦੀ ਸਭ ਤੋਂ ਪਹਿਲੀ ਰਿਕਾਰਡਿੰਗ ਵੀ ਇਨਾਇਤ ਅਲੀ ਦੀ ਹੀ ਹੈ। ਜੋ 1977 ਵਿੱਚ ਹੋਈ ਅਤੇ ਅੱਜ ਵੀ ਉਪਲੱਬਧ ਹੈ। ਫਿਰ ਸ਼ੌਕਤ ਅਲੀ ਨੇ ਵੀ ਛੱਲਾ ਗਾਇਆ। ਦੋਵਾਂ ਭਰਾਵਾਂ ਦਾ ਬਹੁਤ ਮਕਬੂਲ ਹੋਇਆ ਛੱਲਾ ਆਪਸ ਵਿੱਚ ਕਾਫੀ ਮੇਲ ਖਾਂਦਾ ਹੈ। ਜੋ ਦੂਸਰੇ ਬਿਰਤਾਂਤ ਦੇ ਕਾਫ਼ੀ ਨੇੜੇ ਹੈ। ਇਸ ਦੀ ਬਾਕੀ ਕਹਾਣੀ ਓਹੀ ਹੈ, ਪਰ ਇਸ ਅਨੁਸਾਰ ਛੱਲੇ ਦੇ ਇਕੱਲੇ ਬੇੜੀ ਲਿਜਾਣ ਦਾ ਸਬੱਬ ਪਿਓ-ਪੁੱਤਰ ਵਿੱਚ ਹੋਏ ਝਗੜੇ ਦੀ ਨਰਾਜ਼ਗੀ ਸੀ। ਇਸੇ ਕਰਕੇ ਅਲੀ ਭਰਾਵਾਂ ਦੇ ਛੱਲੇ ਅਰੰਭ ਇੰਝ ਹੁੰਦਾ ਹੈ:
ਜਾਵੋ ਨੀ ਕੋਈ ਮੋੜ ਲਿਆਵੋ, ਮੇਰੇ ਨਾਲ ਗਿਆ ਅੱਜ ਲੜ ਕੇ। ਅੱਲਾ ਕਰੇ ਆ ਜਾਵੇ ਸੋਹਣਾ, ਦੇਵਾਂ ਜਾਨ ਕਦਮਾਂ ਵਿੱਚ ਧਰ ਕੇ।
ਇਨਾਇਤ ਅਲੀ ਕਹਿੰਦਾ ਹੈ:-
ਅੱਖੀਂ ਵੇਂਹਦਿਆਂ ਕੰਡ ਕਰ ਤੁਰਿਆ, ਹੁਣ ਰੋ ਰੋ ਦੇਵਾਂ ਦੁਹਾਈ, ਲੋਕਾਂ ਦੀਆਂ ਝੋਕਾਂ ਵਸਦੀਆਂ ਪਈਆਂ, ਕਦੀ ਸਾਡੀ ਵੀ ਵਸਦੀ ਆਹੀ।
ਦੂਸਰੇ ਬਿਰਤਾਂਤ ਅਨੁਸਾਰ ਸਵਾਰੀਆਂ ਦੇ ਵਾਸਤੇ ਤੋਂ ਇਲਾਵਾ ਛੱਲੇ ਦਾ ਆਪਣੇ ਸਨੇਹੀ ਨਾਲ ਕੀਤਾ ਵਾਅਦਾ ਵੀ ਸੀ ਕਿ ਉਹ ਪਿਓ ਦੀ ਗੈਰ ਮੌਜੂਦਗੀ ਵਿੱਚ ਬੇੜੀ ਦਰਿਆ ਵਿੱਚ ਲੈ ਕੇ ਗਿਆ। ਉਸਦਾ ਸਨੇਹੀ ਦਰਿਆ ਪਾਰ ਉਸਦੀ ਮੁਹੱਬਤ ਨੂੰ ਨਾ ਮਿਲਾਉਣ ਤੇ ਉਸਦੇ ਸਿਰ ਚੜ੍ਹ ਮਰਨ ਦੀ ਧਮਕੀ ਦਿੰਦਾ ਹੈ:
ਛੱਲਾ ਕਾਲੀਆਂ ਮਰਚਾਂ, ਮਹੁਰਾ ਪੀਕੇ ਮਰਸਾਂ, ਸਿਰੇ ਤੇਰੇ ਚੜ੍ਹਸਾਂ ਗੱਲ ਸੁਣ ਛੱਲਿਆ ਢੋਲਾ, ਸਾੜਕੇ ਕੀਤਾ ਈ ਕੋਲਾ
ਫਜ਼ਲ ਜੱਟ ਅਤੇ ਅਲੀ ਭਰਾਵਾਂ ਦੇ ਗਾਏ ਕੁਝ ਬੰਦਾਂ ਦੀ ਸ਼ਬਦਾਵਲੀ ਦਾ ਵੀ ਫਰਕ ਹੈ। ਫਜ਼ਲ ਜੱਟ 'ਛੱਲਾ ਬੇੜੀ ਪੂਰ ਏ' ਕਹਿੰਦਾ ਹੈ ਭਾਵ ਦੁਨਿਆਵੀ ਮੇਲ ਬੇੜੀ ਦੇ ਪੂਰ ਅਤੇ ਤ੍ਰਿੰਝਣ ਦੀਆਂ ਕੁੜੀਆਂ ਵਰਗਾ ਮੇਲ ਹੈ ਅਤੇ ਦੁਬਾਰਾ ਇਕੱਠੇ ਹੋਣ ਦਾ ਸਬੱਬ ਕਦੇ ਨਹੀਂ ਬਣਦਾ। ਇੱਥੇ ਅਲੀ ਭਰਾ 'ਛੱਲਾ ਬੇਰੀਂ ਬੂਰ ਏ' ਗਾਉਦੇ ਹਨ ਭਾਵ ਛੱਲੇ ਦੀ ਉਮਰ ਕੱਚੀ ਸੀ ਉਸਨੇ ਹਾਲੇ ਫੁੱਲ ਤੋਂ ਫਲ਼ ਬਣਨਾ ਸੀ। ਇਸੇ ਤਰ੍ਹਾਂ ਫੈਜ਼ਲ ਜੱਟ 'ਛੱਲਾ ਨੌ ਨੌ ਖੇਵੇ' ਕਹਿੰਦਾ ਹੈ ਜਿਸ ਦਾ ਭਾਵ ਕੀਮਤੀ ਮੇਵਿਆਂ ਦੀ ਲੱਪ ਤੋਂ ਹੈ ਅਤੇ ਅਲੀ ਭਰਾ ਇੱਥੇ 'ਛੱਲਾ ਨੌ ਨੌ ਥੇਵੇ' ਗਾਉਂਦੇ ਹਨ। ਥੇਵਾ ਮੁੰਦਰੀ ਦਾ ਨਗ ਹੁੰਦਾ ਹੈ ਭਾਵ ਪੁੱਤਰ ਕੀਮਤੀ ਨਗੀਨੇ ਹੁੰਦੇ ਹਨ। ਆਪਸ ਵਿੱਚ ਕੁਝ ਫਰਕ ਹੋਣ ਦੇ ਬਾਵਜੂਦ ਆਸ਼ਿਕ ਜੱਟ ਅਤੇ ਅਲੀ ਭਰਾਵਾਂ ਦੇ ਛੱਲੇ ਦੇ ਬਿਰਤਾਂਤ ਘੋਖਣ ਤੋਂ ਬਾਅਦ ਮੰਨਿਆ ਜਾ ਸਕਦਾ ਹੈ ਕਿ ਆਸ਼ਿਕ ਜੱਟ ਨੇ ਇਸ ਦਾਸਤਾਨ ਨੂੰ ਸ਼ਾਬਦਿਕ ਰੂਪ ਦੇ ਕੇ ਅਤੇ ਫਿਰ ਗਾ ਕੇ ਛੱਲੇ ਦਾ ਮੁੱਢ ਬੰਨ੍ਹਿਆ। ਫਿਰ ਇਨਾਇਤ ਅਲੀ ਅਤੇ ਸ਼ੌਕਤ ਅਲੀ ਨੇ ਇਸ ਨੂੰ ਅੱਗੇ ਵਧਾਇਆ। ਹੋ ਸਕਦਾ ਹੈ ਕਿ ਛੱਲੇ ਦੇ ਡੁੱਬ ਜਾਣ ਦੀ ਘਟਨਾ ਸਤਲੁਜ ਦੇ ਹਰੀਕੇ ਪੱਤਣ ਦੀ ਹੋਵੇ ਅਤੇ ਫਿਰ ਝੱਲਾ ਹੋਇਆ ਜੱਲਾ ਦਰਿਆਵਾਂ ਕੰਢੇ ਘੁੰਮਦਾ-ਘੁੰਮਦਾ ਪਾਕਿਸਤਾਨ ਦੇ ਗੁਜਰਾਤ ਵਿੱਚ ਜਾ ਵੱਸਿਆ ਹੋਵੇ। ਆਸ਼ਿਕ ਜੱਟ ਅਤੇ ਫਜ਼ਲ ਜੱਟ ਦੇ ਜੱਦੀ ਪੁਸ਼ਤੀ ਲੋਕ ਦਾਸਤਾਨ ਗਾਇਕ ਹੋਣ ਨਾਤੇ ਅਤੇ ਅਲੀ ਭਰਾਵਾਂ ਦੇ ਜੱਲੇ ਦੇ ਪਿੰਡ ਨਾਲ ਜੁੜਦੇ ਹੋਣ ਕਾਰਨ ਇਹਨਾਂ ਦੇ ਗਾਏ ਛੱਲੇ ਹੀ ਅਸਲ ਕਹਾਣੀ ਦੇ ਨੇੜੇ ਮੰਨੇ ਜਾ ਸਕਦੇ ਹਨ। ਇਸ ਤੋਂ ਬਾਅਦ ਜਿਸਨੇ ਵੀ ਛੱਲਾ ਗਾਇਆ ਉਸਨੇ ਆਪਣੇ ਹਿਸਾਬ ਨਾਲ ਤਬਦੀਲੀਆਂ ਕਰਕੇ ਹੀ ਗਾਇਆ। ਪ੍ਰਦੇਸੀ ਸੱਜਣ ਦੀ ਨਿਸ਼ਾਨੀ ਵਜੋਂ 'ਛੱਲਾ ਮੇਰਾ ਜੀ ਢੋਲਾ' ਕਰਕੇ ਟੱਪਿਆਂ ਅਤੇ ਦੋਹਿਆਂ ਵਿੱਚ ਵੀ ਸੁਣਨ ਨੂੰ ਮਿਲਦਾ ਹੈ, ਪ੍ਰੰਤੂ ਅਸਲ ਛੱਲਾ ਪਰਿਵਾਰਕ ਰਿਸ਼ਤਿਆਂ, ਵਿਛੋੜਿਆਂ ਅਤੇ ਦੁਖਾਂਤਾਂ ਦੀ ਦਰਦ ਭਰੀ ਕਹਾਣੀ ਹੈ, ਜੋ ਸਾਨੂੰ ਦੁਆਵਾਂ ਮੰਗਣ ਲਈ ਪ੍ਰੇਰਦੀ ਹੈ ਕਿ ਕਦੇ ਕਿਸੇ ਪਿਓ ਤੋਂ ਉਸਦਾ ਪੁੱਤ ਨਾ ਵਿਛੜੇ, ਕਦੇ ਬਚਪਨ ਮਾਂ ਤੋਂ ਵਾਂਝਾ ਨਾ ਹੋਵੇ, ਕਦੇ ਕੋਈ ਧੀ ਯਤੀਮ ਨਾ ਹੋਵੇ, ਕਦੇ ਕਿਸੇ ਤੇ ਮਾੜਾ ਵਕਤ ਨਾ ਆਵੇ, ਕਦੇ ਕਿਸੇ ਨੂੰ ਆਪਣੀ ਮੁਹੱਬਤ ਤੋਂ ਦੂਰ ਨਾ ਰਹਿਣਾ ਪਵੇ ਅਤੇ ਰੱਬ ਸਭ ਨੂੰ ਔਲਾਦ ਬਖ਼ਸ਼ੇ।
18 ਮਈ 2019 ਦੇ “ ਪੰਜਾਬੀ ਟਿ੍ਰਬਿਊਨ “ ਅਖਬਾਰ ਵਿੱਚ “ ਸੁਖਵੀਰ ਸਿੰਘ ਕੰਗ “ਦਾ ਛਪਿਆ ਲੇਖ ਸਾਂਝਾ ਕਰਨ ਦੀ ਖੁਸ਼ੀ ਲੈ ਰਿਹਾ ਹਾਂ।
ਦੰਦ-ਕਥਾ
ਸੋਧੋਸਾਂਝੇ ਪੰਜਾਬ ਵਿੱਚ ਝੱਲਾ ਨਾਮ ਦਾ ਇੱਕ ਮਲਾਹ ਸੀ ਜੱਲਾ (ਝੱਲਾ)। ਛੱਲਾ ਉਸਦਾ ਇਕਲੌਤਾ ਪੁੱਤਰ ਸੀ। ਬਚਪਨ ਵਿੱਚ ਹੀ ਛੱਲੇ ਦੀ ਮਾਂ ਚੱਲ ਵੱਸੀ। ਘਰ ਵਿੱਚ ਬਸ ਬਾਪ ਪੁੱਤ ਰਹਿ ਗਏ। ਝੱਲਾ ਬੇਟੇ ਨੂੰ ਕਦੇ ਇਕੱਲਾ ਨਹੀਂ ਸੀ ਛੱਡਦਾ। ਕਿਸ਼ਤੀ ਵਾਹੁੰਦਾ ਤਾਂ ਬੇਟੇ ਨੂੰ ਵੀ ਨਾਲ ਲੈ ਜਾਂਦਾ। ਇੱਕ ਦਿਨ ਝੱਲੇ ਦੀ ਤਬੀਅਤ ਠੀਕ ਨਹੀਂ ਸੀ। ਉਸਨੇ ਸਵਾਰੀਆਂ ਨੂੰ ਪਾਰ ਲੈ ਜਾਣ ਤੋਂ ਮਨ੍ਹਾਕਰ ਦਿੱਤਾ। ਸਵਾਰੀਆਂ ਨੇ ਜਿਦ ਕੀਤੀ ਕਿ ‘ਆਪਣੀ ਜਗ੍ਹਾ ਆਪਣੇ ਬੇਟੇ ਨੂੰ ਭੇਜ ਦੇ। ਵੱਡਾ ਹੋ ਗਿਆ ਹੈ਼। ਕਿਸ਼ਤੀ ਚਲਾ ਲਵੇਗਾ।’ ਝੱਲਾ ਪਹਿਲਾਂ ਤਾਂ ਨਹੀਂ ਮੰਨਿਆ। ਪਰ ਸਵਾਰੀਆਂ ਨੇ ਜਿਦ ਕੀਤੀ ਤਾਂ ਬੇਟੇ ਨੂੰ ਭੇਜਣਾ ਪੈ ਗਿਆ।
ਕੁੱਝ ਕਹਿੰਦੇ ਹਨ ਛੱਲਾ ਰੁੱਸ ਕੇ ਕਿਸ਼ਤੀ ਲੈ ਗਿਆ ਸੀ। ਛੱਲੇ ਦੀ ਕਹਾਣੀ ਦਾ ਇੱਕ ਹੋਰ ਵਰਜਨ ਵੀ ਮਿਲਦਾ ਹੈ, ਜਿੱਥੇ ਛੱਲਾ ਇੱਕ ਵਿਅਕਤੀ ਦਾ ਨਾਮ ਨਾ ਹੋ ਕੇ ਇੱਕ ਗਹਿਣੇ ਦਾ ਨਾਮ ਹੈ। ਇਸ ਕਹਾਣੀ ਵਿੱਚ ਕਿਸੇ ਦਾ ਪਤੀ ਵਿਦੇਸ਼ ਗਿਆ ਹੈ, ਕਿਸੇ ਦਾ ਆਸ਼ਿਕ ਵਿੱਛੜਿਆ ਹੈ ਅਤੇ ਛੱਲਾ ਨਿਸ਼ਾਨੀ ਦੇ ਗਿਆ ਹੈ। ਇੱਥੇ ਸੁੰਦਰੀ ਛੱਲਾ ਵੇਖ ਵੇਖ ਬਿਰਹਾ ਦੇ ਦੁੱਖ ਗਾਉਂਦੀ ਹੈ। ਉੱਧਰ ‘ਛੱਲਾ’ ਗਲੀ ਗਲੀ ਰੋਂਦਾ ਫਿਰਦਾ ਹੈ।
ਪਰ ਮੁੱਖ ਕਹਾਣੀ ਝੱਲੇ ਦੇ ਛੱਲੇ ਦੀ ਹੈ, ਛੱਲਾ ਜੋ ਕਿਸ਼ਤੀ ਲੈ ਕੇ ਗਿਆ ਤੇ ਫਿਰ ਨਹੀਂ ਪਰਤਿਆ। ਪਾਣੀ ਵਿੱਚ ਡੁੱਬ ਮੋਇਆ ਜਾਂ ਕਿਸੇ ਜੰਗਲੀ ਜਾਨਵਰ ਦੇ ਅੜਿੱਕੇ ਆ ਗਿਆ। ਝੱਲਾ ਬੇਟੇ ਤੋਂ ਵਿੱਛੜਕੇ ਪਾਗਲ ਹੋ ਗਿਆ। ਉਦੋਂ ਤੋਂ ਪਾਗਲਪਨ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਝੱਲਾ ਕਹਿ ਦਿੰਦੇ ਹਨ ਲੋਕ। ਨਦੀ ਕੰਢੇ ਬੇਟੇ ਨੂੰ ਕਈ ਦਿਨਾਂ ਤੱਕ ਲਭਦਾ ਰਿਹਾ। ਪੁੱਤਰ ਨਹੀਂ ਮਿਲਿਆ ਤਾਂ ਉਸਨੇ ਗਾਉਣਾ ਸ਼ੁਰੂ ਕਰ ਦਿੱਤਾ।
ਗੀਤ ਦਾ ਇੱਕ ਰੁਪ
ਸੋਧੋਜਾਵੋ ਨੀ ਕੋਈ ਮੋੜ ਲਿਆਵੋ
ਨੀ ਮੇਰੇ ਨਾਲ਼ ਗਿਆ ਜੇ ਲੜ ਕੇ
ਅੱਲ੍ਹਾ ਕਰੇ ਆ ਜਾਵੇ ਜੇ ਸੋਹਣਾ
ਦੇਵਾਂ ਜਾਨ ਕਦਮਾਂ ਵਿੱਚ ਧਰ ਕੇ
ਛੱਲਾ ਬੇੜੀ ਪੂਰ ਏ
ਵਤਨ ਮਾਹੀ ਦਾ ਦੂਰ ਏ
ਜਾਣਾ ਪਹਿਲੇ ਪੂਰ ਏ
ਗੱਲ ਸੁਣ ਛੱਲਿਆ ਓ ਛੋਰਾ
ਦਿਲ ਨੂੰ ਲਾਇਆ ਏ ਝੋਰਾ
ਛੱਲਾ ਕਾਲੀਆਂ ਮਿਰਚਾਂ
ਮਹੁਰਾ ਪੀ ਕੇ ਮਰਸਾਂ
ਸਿਰ ਤੇਰੇ ਚੜ੍ਹ ਸਾਂ
ਗੱਲ ਸੁਣ ਓ ਛੱਲਿਆ
ਢੋਲਾ ਤੇਰੇ ਤੋਂ ਕਾਦਾ ਅਵੱਲਾ
ਛੱਲਾ ਨੌ ਨੌ ਖੇਵੇ
ਪੁੱਤਰ ਮਿੱਠੇ ਮੇਵੇ
ਅੱਲ੍ਹਾ ਸਭ ਨੂੰ ਦੇਵੇ
ਛੱਲਾ ਚੀਚੀ ਪਾਇਆ
ਧੀਆਂ ਧਨ ਨੇ ਪਰਾਇਆ
ਛੱਲਾ ਲਿਸ਼ਕਾਂ ਮਾਰੇ
ਮਾਵਾਂ ਜਾਂਦੀਆਂ ਵਾਰੇ
ਪੁੱਤ ਪੁੱਛਿਆਂ ਦੇ ਭਾਰੇ
ਅੱਲ੍ਹਾ ਸੰਗ ਨਾ ਨਿਖੇੜੇ
..............................
..............................
..............................
..............................
ਛੱਲਾ ਪਾਇਆ ਗਹਿਣੇ
ਸਦਾ ਮਾਪੇ ਨਹੀਂ ਰਹਿਣੇ
ਦੁੱਖ ਜਿੰਦੜੀ ਦੇ ਸਹਿਣੇ
ਗੱਲ ਸੁਣ ਢੋਲਾ
ਸਾੜ ਕੇ ਕੀਤਾ ਈ ਕੋਲ਼ਾ
ਛੱਲਾ ਮੁੜ ਕੇ ਨਹੀਂ ਆਇਆ
ਰੌਣਾ ਉਮਰਾਂ ਦਾ ਪਾਇਆ
ਮਿਲਿਆ ਈ ਦੇਸ ਪਰਾਇਆ
ਗੱਲ ਸੁਣ ਛੱਲਿਆ
ਓ ਢੋਲਾ ਕਾਨੂੰ ਪਾਨਾਂ ਏ ਰੌਲ਼ਾ
ਛੱਲਾ ਹੋਇਆ ਵੈਰੀ
ਸੱਜਣ ਬੱਝ ਗਏ ਕਚਹਿਰੀ
ਰੋਵਾਂ ਸ਼ੁਕਰ ਦੋਪਹਰੀ
ਗੱਲ ਸੁਣ ਛੱਲਿਆ
ਪਾਵੇ, ਬੁਰਾ ਵੇਲ਼ਾ ਨਾ ਆਵੇ।