ਜਨਮਸਾਖੀ ਪਰੰਪਰਾ ਅਤੇ ਪੁਰਾਤਨ ਜਨਮਸਾਖੀ

ਪੁਰਾਤਨ ਪੰਜਾਬੀ ਵਾਰਤਕ ਦਾ ਆਰੰਭ ਜਨਮਸਾਖੀ ਪਰੰਪਰਾ ਨਾਲ ਹੰਦਾ ਹੈ। ਜਨਮਸਾਖੀਆਂ ਦਾ ਆਰੰਭ ਗੁਰੂ ਨਾਨਕ ਦੇਵ ਜੀ ਦੇ ਜੀਵਨ ਚਰਿੱਤਰ ਨੂੰ ਅੰਕਿਤ ਕਰਨ ਨਾਲ ਹੋਇਆ। ਜਨਮਸਾਖੀ ‘ਜਨਮ` ਅਤੇ ‘ਸਾਖੀ` ਦਾ ਸੰਯੁਕਤ ਸ਼ਬਦ ਹੈ। ਸਾਖੀ ਸ਼ਬਦ ਸੰਸਕ੍ਰਿਤ ਦੇ ‘ਸਾਕ੍ਰਸ਼ੀ` ਦਾ ਰੂਪਾਂਤਰ ਹੈ ਅਤੇ ਆਚਾਰਯ ਪਰਸ਼ੁਰਾਮ ਚਤਰੁਵੇਦੀ ਅਨੁਸਾਰ ਇਸ ਦਾ ਮੂਲ ਅਰਥ ਉਹ ਪੁਰਸ਼ ਹੈ ਜਿਸਨੇ ਕਿਸੇ ਵਸਤ{ ਜਾਂ ਘਟਨਾ ਨz{ ਅੱਖੀਂ ਵੇਖਿਆ ਹੋਵੇ। ਭਾਈ ‘ਕਾਨ੍ਹ ਸਿੰਘ` ਨੇ ਗੁਰਬਾਣੀ ਦੀ ਇੱਕ ਤੁਕ (ਸੁਣਹੁ ਜਨ ਭਾਈ ਹਰਿ ਸਤਿਗੁਰ ਕੀ ਇੱਕ ਸਾਖੀ) ਦੇ ਅਧਾਰ ਤੇ ਇਸ ਦਾ ਅਰਥ ਇਤਿਹਾਸ ਅਥਵਾ ਕਥਾ, ਜੋ ਅੱਖੀਂ ਡਿੱਠੀ ਕਹੀ ਗਈ ਹੋਵੇ ਕੀਤਾ ਹੈ ਪਰ ਜੇ ਸਾਖੀ ਸ਼ਬਦ ਦਾ ਅਰਥ ਇਸ ਦੇ ਪਰੰਪਰਾਗਤ ਪ੍ਰਯੋਗ ਦੇ ਸੰਦਰਭ ਵਿੱਚ ਕਰੀਏ ਤਾਂ ਉਕਤ ਤੁੱਕ ਵਿੱਚ ਇਹ ‘ਗੁਰੂ ਦੇ ਬਚਨ` ਲਈ ਵੀ ਵਰਤਿਆ ਗਿਆ ਹੈ।ਪ੍ਰੋ. ਰਾਜਬੀਰ ਕੌਰ ਨੇ ‘ਸਾਖੀ` ਦਾ ਅਰਥ ‘ਗਵਾਹੀ` ਲਿਖਿਆ ਹੈ।

ਜਨਮਸਾਖੀ: ਸ਼ਬਦ ਅਤੇ ਸੰਕਲਪ

ਸੋਧੋ

‘ਜਨਮ` ਤੋਂ ਇਥੇ ਭਾਵ ਕੇਵਲ ਪੈਦਾ ਇਸ ਨਹੀਂ, ਸਗੋਂ ‘ਸਾਰਾ ਜੀਵਨ` ਹੈ। ਇਸ ਤਰ੍ਹਾਂ ਸਥੂਲ ਰੂਪ ਵਿੱਚ ਜਨਮਸਾਖੀ ਦਾ ਤਤਪਰਜ ਕਿਸੇ ਮਹਾਂਪੁਰਸ਼ ਦਾ ਅਧਿਆਤਮਕ ਜੀਵਨ ਬਿਰਤਾਂਤ ਹੈ।

	ਜਨਮਸਾਖੀਕਾਰ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਘਟਨਾਵਾਂ ਨੂੰ ਪੇਸ਼ ਕਰਕੇ ਉਨ੍ਹਾਂ ਦੀ ਅਦੁੱਤੀ ਸ਼ਖਸੀਅਤ ਬਾਰੇ ਬਾਹਰਮੁਖੀ ਪ੍ਰਮਾਣ ਅਤੇ ਗਵਾਹੀਆਂ ਜੁਟਾਉਂਦੇ ਹਨ।ਜਨਮਸਾਖੀ ਪਰੰਪਰਾ ਦੇ ਉਦੇਸ਼ ਨੂੰ ਸਪਸ਼ਟ ਕਰਦਾ ਹੋਇਆ ਡਾ. ‘ਗੁਰਜੀਤ ਹਾਂਸ` ਲਿਖਦਾ ਹੈ ਕਿ ਸਾਖੀ ਦਾ ਅਰਥ ਲੌਕਿਕ ਗਵਾਹੀ ਨਹੀਂ ਬਲਕਿ ਲੋਕਿਕ ਜਗਤ ਵਿੱਚ ਦੈਵੀ ਸ਼ਕਤੀ ਦੇ ਦਖਲ ਦੀ ਗਵਾਹੀ ਹੈ। ਸਾਖੀਕਾਰਾਂ ਦੀ ਧਾਰਨਾਂ ਸੀ ਕਿ ਜਿਸ ਦੀ ਕਰਾਮਾਤ ਵੱਡੀ ਹੈ ਉਸ ਦੀ ਅਧਿਆਤਮਿਕਤਾ ਵੀ ਉਚੇਰੀ ਹੈ। ਸਧਾਰਨ ਵਿਅਕਤੀ ਕਰਾਮਾਤ ਸਿਰਜਣ ਦੇ ਯੋਗ ਨਹੀਂ ਹੁੰਦਾ ਪਰੰਤੂ ਜਿਸ ਮਹਾਂਪੁਰਖ ਦਾ ਪੌਣ-ਪਾਣੀ, ਅਗਨੀ ਅਤੇ ਕਾਲ ਉਪਰ ਅਖ਼ਤਿਆਰ ਹੈ ਉਹ ਰੱਬ ਦੇ ਸਮਾਨ ਹੁੰਦਾ ਹੈ। ਇਸ ਤਰ੍ਹਾਂ ਜਨਮਸਾਖੀਆਂ ਗੁਰੂ ਨਾਨਕ ਦੇਵ ਜੀ ਨੂੰ ਰੱਬ ਦੇ ਸਮਾਨ ਸਿੱਧ ਕਰਦੀਆਂ ਹਨ।

ਜਨਮਸਾਖੀ ਪਰੰਪਰਾ ਵਿੱਚ ਭਾਵੇਂ ਕਈ ਜਨਮਸਾਖੀਆਂ ਲਿਖੀਆਂ ਗਈਆਂ ਜਿਨ੍ਹਾਂ ਵਿੱਚ ਮਿਹਰਬਾਨ ਵਾਲੀ ਸਾਖੀ, ਬਾਲੇ ਵਾਲੀ ਜਨਮਸਾਖੀ, ਭਾਈ ਮਨੀ ਸਿੰਘ ਵਾਲੀ ਜਨਮਸਾਖੀ ਆਦਿ ਸਾਖੀਆਂ ਸ਼ਾਮਲ ਹਨ, ਪਰ ਪੁਰਾਤਨ ਜਨਮਸਾਖੀ ਆਪਣੀ ਇਨ੍ਹਾਂ ਜਨਮਸਾਖੀਆਂ ਵਿਚੋਂ ਆਪਣੀ ਇੱਕ ਵੱਖਰੀ ਵਿਸ਼ੇਸ਼ਤਾ ਰੱਖਦੀ ਹੈ।

ਪੁਰਾਤਨ ਜਨਮਸਾਖੀ ਮੁੱਢਲੀ ਜਾਣ ਪਛਾਣ

ਸੋਧੋ

ਪੁਰਾਤਨ ਜਨਮਸਾਖੀ ਪੰਜਾਬੀ ਜਨਮਸਾਖੀ ਪਰੰਪਰਾ ਦੀ ਪਹਿਲੀ ਰਚਨਾ ਹੈ। ਇਸ ਕਰਕੇ ਇਸ ਆਲੋਚਨਾਧੀਨ ਰਚਨਾ ਨੂੰ ‘ਪੁਰਾਤਨ` ਵਿਸ਼ੇਸ਼ਣ ਦਿੱਤਾ ਗਿਆ ਹੈ। ਇਹ ਇੱਕ ਅਜਿਹੀ ਰਚਨਾ ਹੈ ਜਿਸ ਨੂੰ ਅਧਾਰ ਬਣਾ ਕੇ ਚਾਰ ਹੋਰ ਜਨਮਸਾਖੀਆਂ ਜਾਂ ਕ੍ਰਿਤਾਂ ਲਿਖੀਆਂ ਗਈਆਂ ਜਿਨ੍ਹਾਂ ਵਿੱਚ 1.ਆਦਿ ਸਾਖੀਆਂ,(ਦੂਜਾ ਨਾਉ ਸ਼ੰਭੂ ਨਾਥ ਵਾਲੀ ਜਨਮਸਾਖੀ) 2.ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ, 3. ਪ੍ਰਾਚੀਨ ਜਨਮਸਾਖੀ, 4.ਜਨਮਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ। ਇਹ ਜਨਮਸਾਖੀ ਭਾਈ ਵੀਰ ਸਿੰਘ ਨੇ ਸੰਪਾਦਿਤ ਕਰਕੇ ਪਹਿਲੀ ਵਾਰ ਸੰਨ 1962 ਈ. ਵਿੱਚ ਪ੍ਰਕਾਸ਼ਿਤ ਕੀਤੀ। ਇਸ ਨੂੰ ਪੁਰਾਤਨ ਵਿਸ਼ੇਸ਼ਣ ਭਾਈ ਵੀਰ ਸਿੰਘ ਦਾ ਦਿੱਤਾ ਹੈ। ਇਸ ਰਚਨਾ ਦੀਆਂ ਆਧਾਰ ਦੋ ਪੋਥੀਆਂ ਹਨ। ਪਹਿਲੀ ਆਧਾਰ ਪੋਥੀ ਦਾ ਨਾਉ‘ਵਲਾਇਤ ਵਾਲੀ ਜਨਮਸਾਖੀ` ਹੈ। ਇਹ ਪੋਥੀ ਐਚ. ਟੀ. ਕੋਲਬਰੁਕ ਨੇ 1815 ਜਾਂ 1816 ਵਿੱਚ ਈਸਟ ਇੰਡੀਆ ਹਾਊਸ ਦੀ ਲਾਇਬਰੇਰੀ ਨੂੰ ਸੋਂਪੀ ਸੀ। ਉਥੇ ਖੋਜ ਕਰਦਿਆਂ ਡਾ. ਟ੍ਰੰਪ ਨੂੰ ਇਹ ਪੋਥੀ ਨਜ਼ਰੀ ਆਈ। ਇਸ ਵਿਦਵਾਨ ਨੇ ਇਸ ਪੋਥੀ ਦਾ ਅੰਗਰੇਜ਼ੀ ਅਨੁਵਾਦਕ੍ਰਿਤ ‘The Adi Granth ` ਦੀ ਭੂਮਿਕਾ ਵਜੋਂ ਛਾਪਿਆ। ਦੂਜੀ ‘ਹਾਫਿ਼ਜਾਬਾਦ ਵਾਲੀ ਜਨਮਸਾਖੀ` ਜੋ ਪ੍ਰੋ. ਗੁਰਮੁਖ ਸਿੰਘ ਓਰਿਐਂਅਲ ਕਾਲਜ ਲਾਹੌਰ ਦੇ ਕਥਨ ਅਨੁਸਾਰ ਉਹਨਾਂ ਨੂੰ 1884 ਈ. ਵਿੱਚ ਆਪਣੇ ਦੌਰੇ ਦੇ ਦੌਰਾਨ ਹਾਫਿ਼ਜਾਬਾਦ ਜਿਲ੍ਹਾ ਗੁਜਰਾਂਵਾਲਾ ਤੋਂ ਪ੍ਰਾਪਤ ਹੋਈ ਅਤੇ ਜਿਸ ਨੂੰ ਪਦਛੇਦ ਕਰਕੇ 1885 ਈ. ਵਿੱਚ ਮੈਕਾਲਿਫ ਨੇ ਪ੍ਰਕਾਸ਼ਿਤ ਕੀਤਾ। ਪੁਰਾਤਨ ਜਨਮਸਾਖੀ ਦੀਆਂ ਕਈ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਕਰਕੇ ਇਹ ਜਨਮਸਾਖੀ ਪਰੰਪਰਾ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਉਣ ਵਿੱਚ ਕਾਮਯਾਬ ਰਹੀ ਹੈ ਇਹ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਹਨ:-

ਗੁਰੂ ਜੀ ਦੀ ਸ਼ਖਸੀਅਤ ਸਿਰਜਣਾ

ਸੋਧੋ

ਇਸ ਜਨਮਸਾਖੀ ਦੇ ਕਰਤਾ ਨੇ ਗੁਰੂ ਨਾਨਕ ਦੇਵ ਜੀ ਨੂੰ ਪਾਰਬ੍ਰਹਮ ਦਾ ਨਿੱਜ ਭਗਤ ਕਿਹਾ ਹੈ ਜਿਸਨੇ ਕਲਯੁਗ ਵਿੱਚ ਲੋਕਾਂ ਨੂੰ ਮੁਕਤੀ ਦਿਵਾਉਣ ਲਈ ਅਵਤਾਰ ਧਾਰਿਆ। ਪਹਿਲੀ ਸਾਖੀ ਵਿੱਚ ਹੀ ਇਹ ਗੱਲ ਕਹੀ ਗਈ ਹੈ ਵੱਡਾ ਭਗਤ ਜਗਤ ਨਿਸਤਾਰਣ ਕਉ ਆਇਆ ਲਖਾਰੀ ਨੇ ਗੁਰੂ ਜੀ ਨੂੰ ਬਾਲਪਨ ਤੋਂ ਹੀ ਆਤਮ ਅਭਿਆਸ ਭਾਵ ਪਰਮਾਤਮਾ ਦਾ ਸਿਮਰਨ ਕਰਦੇ ਵਿਖਾਇਆ ਹੈ ਅਤੇ ਕਿਹਾ ਹੈ ਕਿ ਲਗਾ ਬਾਤਾਂ ਅਗਨ ਨਿਗਮ ਕੀਆਂ ਕਰਨ, ਇਹਨਾਂ ਦੀਆਂ ਗੱਲਾਂ ਸੁਣ ਕੇ ਹਿੰਦੂ ਕਹਿੰਦੇ ਸਨ ਜੋ ਕੋਈ ਦੇਵਤਾ ਸਰੂਪ ਪੈਦਾ ਹੋਇਆ ਹੈ ਅਤੇ ਮੁਸਲਮਾਨ ਕਹਿੰਦੇ ਸਨ ਕਿ ਖੁਦਾਇ ਕਾ ਸਾਦਿਕ ਪੈਦਾ ਹੋਇਆ ਹੈ। ਇਸ ਲਈ ਇਸ ਜਨਮਸਾਖੀ ਦੇ ਕਰਤਾ ਅਨੁਸਾਰ ਗੁਰੂ ਨਾਨਕ ਦੇਵ ਜਨਮ ਤੋਂ ਹੀ ਹਿੰਦੂਆ ਅਤੇ ਮੁਸਲਮਾਨਾ ਦੇ ਸਾਂਝੇ ਗੁਰੂ ਪੀਰ ਸਨ। ਪਾਂਧੇ ਨਾਲ ਹੋਈ ਗੋਸਟ ਦੇ ਅੰਤ ਉਤੇ ਪੰਡਿਤ ਹੋਰੀ ਆਖਦੇ ਹਨ ਏਹ ਕੋਈ ਵੱਡਾ ਭਗਤ ਹੈ, ਉਜੜੀ ਖੇਤੀ ਹਰੀ ਹੋਈ ਅਤੇ ਬ੍ਰਿਛ ਦੀ ਛਾਂ ਖੜੋਤੀ ਵੇਖ ਕੇ ਰਾਏ ਬੁਲਾਰ ਗੁਰੂ ਜੀ ਨੂੰ ਔਲੀਆ ਸਮਝਣ ਲੱਗ ਪੈਂਦਾ ਹੈ। ਲਿਖਾਰੀ ਨੇ ਇਸ ਪ੍ਰਕਾਰ ਗੁਰੂ ਜੀ ਨੂੰ ਬਚਪਨ ਤੋਂ ਹੀ ਇੱਕ ਕਰਾਮਾਤੀ ਰ{ਪ ਵਿੱਚ ਪੇਸ਼ ਕੀਤਾ ਹੈ ਅਤੇ ਉਹਨਾਂ ਨੂੰ ਇੱਕ ਮਹਾਨ ਪੁਰਸ਼ ਦਾ ਦਰਜਾ ਦਿੱਤਾ ਹੈ।

ਇਕ ਇਤਿਹਾਸਿਕ ਦਸਤਾਵੇਜ

ਸੋਧੋ

ਪੁਰਾਤਨ ਜਨਮਸਾਖੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਜਨਮਭੂਮੀ ਤਲਵੰਡੀ ਉਥੋਂ ਦਾ ਸਥਾਨਕ ਹਾਕਮ ਰਾਇ ਬੁਲਾਰ, ਗੁਰੂ ਸਾਹਿਬ ਦੇ ਮਾਤਾ-ਪਿਤਾ, ਬਹਿਨੋਈ, ਭੈਣ ਆਦਿ ਇਤਿਹਾਸਕ ਵਿਅਕਤੀਆਂ ਬਾਰੇ ਲੇਖਕ ਨੇ ਬੜੀ ਸਹੀ ਜਾਣਕਾਰੀ ਪ੍ਰਦਾਨ ਕੀਤੀ ਹੈ।ਇਸੇ ਤਰ੍ਹਾਂ ਇਸ ਜਨਮਸਾਖੀ ਵਿੱਚ ਇਬਰਾਹੀਮ ਲੋਧੀ, ਬਾਬਰ, ਫਰੀਦ ਸਾਨੀ (ਸ਼ੇਖ ਬ੍ਰਹਮ) ਆਦਿਕ ਸਮਕਾਲੀ ਵਿਅਕਤੀਆਂ ਦਾ ਬਿਆਨ ਵੀ ਬੜੀ ਕੁਸ਼ਲਤਾ ਨਾਲ ਕੀਤਾ ਗਿਆ ਹੈ। ਇਉਂ ਪੰਦਰਵੀ-ਸੋਲ੍ਹਵੀ ਸਦੀ ਦੇ ਪੰਜਾਬ ਅਤੇ ਭਾਰਤ ਨੂੰ ਸਮਝਣ ਲਈ ਪੁਰਾਤਨ ਜਨਮਸਾਖੀ ਇੱਕ ‘ਇਤਿਹਾਸਕ ਦਸਤਾਵੇਜ` ਦੀ ਭੂਮੀਕਾ ਨਿਭਾਉਦੀ ਹੈ।ਇਸ ਜਨਮਸਾਖੀ ਵਿੱਚ ਸਾਰੀਆਂ ਸਾਖੀਆਂ 1469ਈ. ਤੋਂ ਲੈ ਕੇ 1539ਈ. ਤੱਕ ਗੁਰੂ ਨਾਨਕ ਸਾਹਿਬ ਦੇ ਜੀਵਨ-ਬ੍ਰਿਤਾਂਤ ਨਾਲ ਸੰਬੰਧਿਤ ਸਾਰੇ ਮਹੱਤਵਪੂਰਨ ਪੜਾਵਾਂ ਦੀ ਨਿਸ਼ਾਨਦੇਹੀ ਕਰਦੀਆਂ ਹਨ।

ਗੋਸ਼ਟਾਂ ਅਤੇ ਸੰਵਾਦ ਵਿਧੀ ਦੀ ਵਰਤੋਂ

ਸੋਧੋ

ਪੁਰਾਤਨ ਜਨਮਸਾਖੀ ਦੀ ਅਭਿਵਿਅਕਤੀ ਦੀ ਇੱਕ ਵਿਸ਼ੇਸ਼ਤਾ ਹੈ ਗੋਸ਼ਟਾਂ ਰਾਹੀਂ ਅਧਿਆਤਮਕ ਚਿੰਤਨ ਦਾ ਰੋਚਕ ਵਿਧੀ ਨਾਲ ਬੋਧ ਕਰਾਉਣਾ। ਇਹ ਵਿਧੀ ਪੁਰਾਤਨ ਕਾਲ ਤੋਂ ਹੀ ਚਲਦੀ ਆ ਰਹੀ ਹੈ।

ਲਗਭਗ ਸਾਰੇ ਸਾਹਿਤਾਂ ਦਾ ਆਰੰਭ ਧਾਰਮਿਕ ਅਤੇ ਦਾਰਸ਼ਨਿਕ ਵਿਸ਼ਿਆ ਵਾਲੀਆਂ ਪੁਸਤਕਾਂ ਨਾਲ ਹੋਇਆ ਹੈ ਅਤੇ ਵਿਸ਼ਿਆਂ ਦੇ ਤਰਕ ਵਿਤਰਕ ਨੂੰ ਲਿੱਪੀ-ਬੱਧ ਰੂਪ ਦੇਣ ਲਈ ਜਾਂ ਜਨ-ਸਧਾਰਨ ਦੇ ਸੰਕਿਆਂ ਨੂੰ ਮੁੱਖ ਰੱਖਦੇ ਹੋਇਆ ਪਰਸਪਰ
ਵਿਰੋਧੀ ਵਿਚਾਰ ਪਰੰਪਰਾਵਾਂ ਦੇ ਕਿਸੇ ਖਾਸ ਨੁਕਤੇ ਤੋਂ ਜਾਣੂ ਕਰਾਉਣ ਲਈ ਗੋਸਟਿ ਜਾਂ ਸਾਹਿਤਿਕ ਮਾਧਿਅਮ ਵਿਸ਼ੇਸ਼ ਰੂਪ ਵਿੱਚ ਚੁਣਿਆ ਗਿਆ ਹੈ। ਪੁਰਾਤਨ ਜਨਮਸਾਖੀ ਵਿੱਚ ਪ੍ਰਮੁੱਖ ਰੂਪ ਵਿੱਚ 14 ਗੋਸ਼ਟਾਂ ਹਨ।ਗੋਸ਼ਟਾਂ ਦੇ ਨਾਲ-ਨਾਲ ਦੂਜੀ ਵਿਧੀ
ਸੰਵਾਦ ਦੀ ਵਰਤੀ ਗਈ ਹੈ ਇਨ੍ਹਾਂ ਦੋਹਾਂ ਵਿਧੀਆਂ ਦਾ ਆਧਾਰ ਵਾਰਤਾਲਾਪ ਹੈ। ਪਰ ਦੋਹਾਂ ਵਿੱਚ ਅੰਤਰ ਇਹ ਹੈ ਕਿ ਗੋਸ਼ਟਿ ਵਿਧੀ ਵੇਲੇ ਵਾਰਤਾਲਾਪ ਸਿੱਧਾਂਤਿਕ ਚਰਚਾ ਨਾਲ ਸੰਬੰਧਿਤ ਹੰੁਦਾ ਹੈ। ਜਿਥੇ ਦੋਹਾਂ ਧਿਰਾਂ ਵਲੋਂ ਆਪਣੇ ਮਤ ਦੀ ਵਿਆਖਿਆ
ਕਰਕੇ ਉਸ ਵਿਚਲੀ ਸ਼੍ਰੇਸ਼ਠਤਾ ਨੂੰ ਤੁਲਨਾਤਮਕ ਅਧਾਰ ਤੇ ਉਘਾੜਿਆ ਜਾਂਦਾ ਹੈ। ਪਰ ਸੰਵਾਦ ਵਿਧੀ ਵੇਲੇ ਵਾਰਤਾਲਾਪ ਦਾ ਸਬੰਧ ਆਮ ਗੱਲਬਾਤ ਨਾਲ ਹੈ। ਇਸ ਤਰ੍ਹਾਂ ਇਨ੍ਹਾਂ ਵਿਧੀਆਂ ਰਾਹੀਂ ਸਾਖੀਕਾਰ ਨੇ ਜਨਮਸਾਖੀ ਵਿੱਚ ਰੋਚਕਤਾ ਲਿਆਂਦੀ ਹੈ।

ਪਾਤਰ-ਚਿਤ੍ਰਣ

ਸੋਧੋ
    ਪੁਰਾਤਨ ਸਾਖੀਕਾਰ ਪਾਤਰ-ਚ੍ਰਿਤਣ ਵਿਧੀਆਂ ਪ੍ਰਤੀ ਸਚੇਤ ਹੋਣ ਦੇ ਨਾਲ-ਨਾਲ ਸਜਗ ਦਿਖਾਈ ਦਿੰਦਾ ਹੈ। ਉਸਨੇ ਗੁਰੂ ਨਾਨਕ, ਭਾਈ ਮਰਦਾਨਾ, ਸੱਜਣ ਠੱਗ, ਦੁਨੀ ਚੰਦ, ਸ਼ੇਖ ਬ੍ਰਹਮ, ਸ਼ਾਹ ਸ਼ਰਫ ਆਦਿਕ ਇਤਿਹਾਸਕ ਵਿਅਕਤੀਆਂ ਦੇ ਚਰਿੱਤਰ ਬੜੇ ਸੁਚੱਜੇ ਤਰੀਕੇ ਨਾਲ ਚਿਤਰੇ ਹਨ। ਇਸ ਜਨਮਸਾਖੀ ਦੇ ਕਰਤਾ ਨੇ ਗੁਰੂ ਸਾਹਿਬ ਦੇ ਕੱਦ-ਕਾਠ ਅਤੇ ਰੰਗ-ਰੂਪ ਆਦਿ ਸੰਬੰਧੀ ਤਾਂ ਕੋਈ ਵੇਰਵਾ ਨਹੀਂ ਦਿੱਤਾ ਪਰੰਤੂ ਆਪ ਦੇ ਪਹਿਰਾਵੇ ਸੰਬੰਧੀ ਕੁਝ ਜਾਣਕਾਰੀ ਦਿਤੀ ਹੈ। ਪਹਿਲੀ ਉਦਾਸੀ ਤੇ ਜਾਣ ਸਮੇਂ ਗੁਰੂ ਜੀ ਦੀ ਵੇਸ-ਭੂਸ਼ਾ ਇਸ ਪ੍ਰਕਾਰ ਦੱਸੀ ਹੈ:- ਪਹਿਰਾਵਾ ਬਾਬੇ ਕਾ ਏਕ ਬਸਤਰੁ ਅੰਬੋਆ, ਏਕ ਬਸਤਰ ਚਿੱਟਾ, ਏਕ ਪੈਰ ਜੁਤੀ, ਏਕ ਪੈਰ ਖੰਉਸ, ਗਲਿ ਖਫਨੀਂ ਸਿਰਿ ਟੋਪੀ ਕਲੰਦਰੀ, ਮਾਲਾ ਹਡਾਂ ਕੀ ਮਥੈ ਤਿਲਕੁ ਕੇਸਰ ਕਾ। ਇਸ ਤਰ੍ਹਾਂ ਸਾਨੂੰ ਇਸ ਸਾਖੀ ਵਿਚੋਂ ਗੁਰੂ ਜੀ ਦੇ ਪਹਿਰਾਵੇ ਬਾਰੇ ਜਾਣਕਾਰੀ ਵੀ ਪ੍ਰਾਪਤ ਹੰ[ਦੀ ਹੈ 

ਤਤਕਾਲੀਨ ਇਤਿਹਾਸ ਦੇ ਅੰਸ਼

ਸੋਧੋ

ਇਸ ਜਨਮਸਾਖੀ ਵਿੱਚ ਤਤਕਾਲੀਨ ਸਮਾਜਿਕ, ਰਾਜਨੀਤਿਕ, ਧਾਰਮਿਕ, ਤੇ ਭਾਈਚਾਰਿਕ ਇਤਿਹਾਸ ਦੇ ਵੀ ਕੁੱਝ ਜ਼ਰੂਰੀ ਅੰਸ਼ ਉਘੜਦੇ ਹੋਏ ਦਿੱਸਦੇ ਹਨ। ਇਸ ਸਾਹਿਤ ਨੂੰ ਪੜ੍ਹ ਕੇ ਸਹਿਜ ਰੂਪ ਨਾਲ ਸਪੱਸ਼ਟ ਹੋ ਜਾਂਦਾ ਹੈ ਕਿ ਗੁਰੂ ਨਾਨਕ ਦੇ ਆਲੇ-ਦੁਆਲੇ ਦਾ ਸਮਾਜ ਪਤਨ ਦੇ ਮੂੰਹ ਤੇ ਖੜ੍ਹਾਂ ਸੀ, ਅੰਧ-ਵਿਸ਼ਵਾਸ, ਰੀਤੀ-ਰਿਵਾਜਾਂ ਦੀਆਂ ਰੂੜ੍ਹੀਆਂ, ਵਹਿਮਾਂ-ਭਰਮਾਂ ਤੇ ਗਰਜ਼ਾਂ ਵਿੱਚ ਫਸਿਆ ਸੀ। ਜੋਗੀਆਂ ਜੰਗਮਾਂ ਦੀ ਸਭ ਪਾਸੇ ਚੜ੍ਹ ਮਚੀ ਹੋਈ ਸੀ। ਇਸ ਤੋਂ ਪਿੱਛੋਂ ਸੂਫ਼ੀ ਸੰਤਾਂ ਤੇ ਸਾਧੂ-ਸੰਨਿਆਸੀਆਂ ਦੀ ਚੜ੍ਹਤ ਸੀ।ਧਰਮ ਦੇ ਖੇਤਰ ਵਿੱਚ ਸੱਚੇ ਧਰਮ ਦੀ ਥਾਂ ਕੂੜ ਤੇ ਕੁਸੱਤ ਨੇ ਲੈ ਲਈ ਸੀ, ਪੀਰਾਂ ਤੇ ਫ਼ਕੀਰਾਂ ਦੀ ਮਾਨਤਾ ਵਧੇਰੇ ਸੀ। ਕਰਾਮਾਤਾਂ ਤੇ ਕਰਿਸ਼ਮੇ ਸਾਧੂ-ਸਮਾਜ ਦਾ ਜ਼ਰੂਰੀ ਅੰਗ ਮੰਨੇ ਜਾਂਦੇ ਸਨ। ਧਰਮ ਦੇ ਨਾਂ ਤੇ ਧਰਮ ਦੇ ਠੇਕੇਦਾਰ ਲੋਕਾਂ ਨੂੰ ਰਾਹ ਦੱਸਣ ਦੀ ਥਾਂ ਗੁੰਮਰਾਹ ਕਰ ਰਹੇ ਸਨ। ਧਰਮ ਦਾ ਨਾਂ ਲੈ ਕੇ ਵੇਲੇ ਦੇ ਹਾਕਮ ਵੀ ਆਮ ਲੋਕਾਈ ਦਾ ਖੂਨ ਚੂਸ ਰਹੇ ਸਨ। ਧਾਰਮਿਕ ਭਿੰਨ-ਭੇਦ ਅਤੇ ਅਸਹਿਨਸ਼ੀਲਤਾ ਜ਼ੋਰਾਂ ਤੇ ਸੀ। ਭਾਰਤੀ ਸਮਾਜ ਹਿੰਦੂ ਤੇ ਮੁਸਲਮਾਨ ਰੂਪੀ ਮਜ਼੍ਹਬਾਂ ਵਿੱਚ ਹੀ ਵੰਡਿਆ ਹੋਇਆ ਨਹੀਂ ਸੀ, ਸਗੋਂ ਸੈਂਕੜੇ ਹੀ ਫ਼ਿਰਕਿਆਂ ਤੇ ਪੰਧਾਂ ਵਿੱਚ ਗ੍ਰਸਿਤ ਸੀ। ਸੱਜਣ ਠੱਗਾਂ, ਕੌਡੇ ਰਾਕਸ਼ਾਂ, ਟੂਣੇਹਾਰ ਕਾਮਣੀਆਂ, ਹੱਥ ਹੌਲੇ ਕਰਨ ਵਾਲੇ ਸਾਧਾਂ, ਪੀਰਾਂ ਤੇ ਫ਼ਕੀਰਾਂ ਦੀ ਘਾਟ ਨਹੀਂ ਸੀ।ਪ੍ਰਭੂ ਦੇ ਘਰਾਂ ਵਿੱਚ ਵੀ ਮਾਨਵਤਾ ਵਿਰੋਧੀ ਕੰਮ ਕਾਰ ਹੋ ਰਹੇ ਸਨ। ਇਹਨਾਂ ਸਭ ਕਿਸਮ ਦੀ ਬਿਪਤਾ ਵਿੱਚ ਘਿਰੀ ਲੋਕਾਈ ਸੱਚ ਅਤੇ ਤੱਥ ਦੀ ਤਲਾਸ਼ ਵਿੱਚ ਭਟਕ ਰਹੀ ਸੀ। ਘਰ ਉਸ ਨੂੰ ਰਾਹ ਮਿਲਣ ਦੀ ਥਾਂ ਸਗੋਂ ਦਰ ਦਰ ਦੀਆਂ ਠੋਕਰਾਂ ਹੀ ਮਿਲ ਰਹੀਆਂ ਸਨ। ਇਸ ਤਰ੍ਹਾਂ ਇਸ ਜਨਮਸਾਖੀ ਰਾਹੀਂ ਸਾਖੀਕਾਰ ਦੁਆਰਾ ਉਸ ਸਮੇਂ ਦੀ ਸਮਾਜਿਕ, ਰਾਜਨੀਤਿਕ, ਧਾਰਮਿਕ, ਤੇ ਭਾਈਚਾਰਿਕ ਸਥਿਤੀ ਨੂੰ ਬਿਆਨ ਕਰਨਾ ਇਸ ਜਨਮਸਾਖੀ ਦੀ ਇੱਕ ਵੱਡੀ ਵਿਸ਼ੇਸ਼ਤਾ ਹੈ।

ਮਿਥਿਹਾਸਿਕ ਪੱਖ

ਸੋਧੋ

ਇਸ ਜਨਮਸਾਖੀ ਵਿੱਚ ਮਿਲਦੇ ਮਿੱਥਿਹਾਸਕ ਅੰਸ਼ ਹਨ:- ਜਨਮਸਾਖੀ ਅਨੁਸਾਰ ਤੇਤੀਸ ਕਰੋੜ ਦੇਵਤਿਆਂ ਨਮਸ਼ਕਾਰ ਕੀਆ ਚਉਸਠ ਜੋਗਣੀ ਬਵੰਜਾਹ ਬੀਰ ਨਿਆਂ ਜਤੀਆਂ ਚੋਰਾਸੀ ਸਿੱਧਾਂ ਨਵਾਂ ਨਾਥਾਂ ਨਮਸਕਾਰ ਕੀਆ। ਇਹ ਸਾਰੇ ਅੰਸ਼ ਵਾਸਤਵਿਕ ਦੀ ਥਾਂ ਪਰੰਪਰਾਗਤ ਹਨ। ਵੈਦਿਕ ਕਾਲ ਵਿੱਚ ਹਿੰਦੂ ਤੇਤੀ ਦੇਵੀ ਦੇਵਤਿਆਂ ਨੂੰ ਮੰਨਦੇ ਸਨ। ਵੈਦਿਕ ਕਾਲ ਵਿੱਚ ਤਾਂ ਇਨ੍ਹਾਂ ਨੂੰ 33 ਕੋਟੀ ਦੇਵਤੇ ਕਹਿੰਦੇ ਸਨ ਪਰ ਮਗਰੋਂ ਕੋਟੀ ਦਾ ਅਰਥ ਕਰੋੜ ਸਮਝ ਕੇ ਇਹ ਗਿਣਤੀ 33 ਕਰੋੜ ਬਣਾ ਦਿੱਤੀ ਗਈ। ਇਸੇ ਤਰ੍ਹਾਂ ਨੌ ਨਿੱਧਾ, ਨੌ ਖੰਡ, ਨੌ ਗ੍ਰਹਿ, ਨੌ ਦਵਾਰ, ਨੌ ਹੀ ਨਰਾਤੇ ਹੁੰਦੇ ਹਨ। ਇਸੇ ਪ੍ਰਕਾਰ ਹੀ ਨੌ ਨਾਥ ਮੰਨੇ ਜਾਂਦੇ ਹਨ। ਛੇ ਰੁਤਾਂ, ਛੇ ਸ਼ਾਸਤਰ ਅਤੇ ਛੇ ਹੀ ਮੁੱਖ ਰਾਗ ਮੰਨੇ ਜਾਂਦੇ ਹਨ ਇਸੇ ਤਰ੍ਹਾਂ ਜਤੀ ਵੀ ਛੇ ਹੀ ਹਨ। ਨੌ ਨਾਥਾ ਚੌਰਾਸੀ ਸਿੱਧਾਂ ਵਾਂਗ ਬੀਰਾਂ ਦੀ ਗਿਣਤੀ 52 ਅਤੇ ਜੋਗਨੀਆਂ ਦੀ ਗਿਣਤੀ 64 ਹੈ। ਇਹ ਦੁਰਗਾ ਅਤੇ ਕਾਲੀ ਦੀਆਂ ਸਹਾਇਕ ਸਮਝੀਆਂ ਜਾਂਦੀਆਂ ਹਨ। ਇਸ ਤਰ੍ਹਾਂ ਇਸ ਜਨਮਸਾਖੀ ਵਿੱਚ ਕਈ ਮਿਥਿਹਾਸਕ ਵੇਰਵੇ ਆਉਣਾ ਇਸ ਸਾਖੀ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈ।

ਸ਼ਬਦਾਵਲੀ ਅਤੇ ਸ਼ਬਦ ਚੋਣ

ਸੋਧੋ

ਪੁਰਾਤਨ ਜਨਮ-ਸਾਖੀ ਦੀ ਸ਼ਬਦ ਚੋਣ, ਸ਼ਬਦਾਵਲੀ ਅਤੇ ਸ਼ਬਦ-ਯੋਜਨਾ ਕਮਾਲ ਦੀ ਹੈ। ਇਹ ਪਾਤਰ ਪਰਿਸਥਿਤੀ ਅਤੇ ਪ੍ਰਸੰਗ ਦੇ ਅਨੁਕੂਲ ਵਰਤੀ ਗਈ। ਇਸ ਸ਼ਬਦਾਵਲੀ ਵਿੱਚ ਆਮ ਅਹਿਮ ਸ਼ਬਦ ਹਨ; ਵਿਦਵਤਾ ਭਰੇ, ਰੋਹਬ ਪਾਊ ਤੇ ਮੁਹਾਵਰੇ ਤੋਂ ਪਰੇ ਦੇ ਸ਼ਬਦ ਨਹੀਂ ਲਏ ਗਏ। ਇਸ ਦੀ ਸ਼ਬਦ-ਚੋਣ ਆਮ ਆਦਮੀ ਦੀ ਗਿਆਨ ਸੀਮਾ ਨੂੰ ਮੁੱਖ ਰੱਖ ਕੇ ਹੀ ਕੀਤੀ ਗਈ ਹੈ। ਵਾਕ ਬਹੁਤ ਛੋਟੇ-ਛੋਟੇ ਹਨ ਅਤੇ ਵਾਕ-ਰਚਨਾ ਸਰਲ, ਸੁਭਾਵਿਕ, ਸਿੱਧੀ ਤੇ ਸਾਰਥਿਕ ਹੈ। ਹੋ ਸਕਦਾ ਹੈ, ਸ਼ਬਦ-ਜੋੜ ਸਮਾਂ ਪੈਣ ਕਾਰਨ, ਵੱਖ-ਵੱਖ ਉਤਾਰਾਕਾਰਾਂ ਦੇ ਹੱਥਾਂ ਵਿਚੋਂ ਨਿਕਲਣ ਕਾਰਨ ਕੁੱਝ ਫਰਕ ਪਾ ਗਏ ਹੋਣ। ਪਰੰਤੂ ਵਾਕ-ਯੋਜਨਾ ਵਿੱਚ ਵਧੇਰੇ ਮੌਲਿਕਤਾ ਹੈ ਜੋ ਸਾਖੀਕਾਰ ਦੀ ਸਫਲ ਅਭਿਵਿਅਕਤੀ ਦਾ ਨਵੇਕਲਾ ਗੁਣ ਹੈ।

ਸੰਗੀਤਿਕਤਾ

ਸੋਧੋ

ਪੁਰਾਤਨ ਜਨਮਸਾਖੀ ਦੀ ਵਾਰਤਕ ਕਲਾਤਮਿਕ ਤੇ ਰਸਾਤਮਿਕ ਹੀ ਨਹੀਂ ਸਗੋਂ ਸੰਗੀਤਿਕ ਵੀ ਹੈ। ਇਸ ਵਿਚਲਾ ਕਾਵਿਕ ਗੁਣ, ਭਾਵੁਕਤਾ ਦੀ ਡੂੰਘਾਈ , ਭਾਵਾਂ ਦੀ ਤਰਲਤਾ ਅਤੇ ਵਿਸਤਾਰ ਇਸ ਨੂੰ ਕਵਿਤਾ ਦੇ ਵਧੇਰੇ ਨੇੜੇ ਲੈ ਜਾਂਦਾ ਹੈ। ਇਹੋ ਕਾਰਨ ਹੈ ਕਿ ਇਸ ਦੀ ਵਾਰਤਕ ਇਸ ਵਿੱਚ ਦਿੱਤੀਆਂ ਗਈਆਂ ਬਾਣੀ ਦੀਆਂ ਟੂਕਾਂ ਅਨੁਸਾਰ ਹੀ ਢਲਦੀ ਜਾਂਦੀ ਹੈ, ਇੱਕ ਅਜਬ ਲੈਅ ਤੇ ਤੋਲ ਪੈਦਾ ਕਰਦੀ ਹੈ ਜਿਸ ਨਾਲ ਲੋਹੜੇ ਦੇ ਸੰਗੀਤ ਰਸ ਦਾ ਪ੍ਰਭਾਵ ਪੈਂਦਾ ਹੈ। ਜੇ ਗੁਰੂ ਨਾਨਕ ਦੀ ਬਾਣੀ ਇੱਕ ਅਗੰਮੀ ਸੰਗੀਤ ਹੈ ਤਾਂ ਪੁਰਾਤਨ ਜਨਮਸਾਖੀ ਦੀ ਵਾਰਤਕ ਮਰਦਾਨੇ ਦੀ ਮਿੱਠੀ ਰਬਾਬ ਹੈ ਜਿਸ ਵਿਚੋਂ ਮਿੱਠਤ, ਨਿਮਰਤਾ, ਸੇਵਾ, ਤਿਆਗ, ਨਾਮ ਦਾਨ, ਇਸ਼ਨਾਨ, ਕਿਰਤ ਅਤੇ ਪਰਮਾਰਥ ਜਾਂ ਪਰ-ਉਪਕਾਰ ਆਦਿ ਸੁਰਾਂ ਫੁੱਟ ਰਹੀਆਂ ਹਨ। ਸਾਡੇ ਇਸ ਕਥਨ ਦੀ ਉਗਾਹੀ ਲਈ ਖੇਤੀ, ਵਣਜ, ਸਉਦਾਗਰੀ ਅਤੇ ਚਾਕਰੀ ਸਿਰਲੇਖ ਅਧੀਨ ਆਈਆਂ ਸਾਖੀਆਂ ਦੇਖੀਆਂ ਜਾ ਸਕਦੀਆਂ ਹਨ।

ਉਪਦੇਸ਼ਾਤਮਕਤਾ ਅਤੇ ਵਿਵਰਣਾਤਮਕਤਾ

ਸੋਧੋ

ਇਸ ਜਨਮਸਾਖੀ ਦੀ ਇੱਕ ਵਿਸ਼ੇਸ਼ਤਾ ਇਸ ਦਾ ਉਪਦੇਸ਼ਾਤਮਕ ਹੋਣਾ ਹੈ। ਇਸ ਜਨਮਸਾਖੀ ਦਾ ਇੱਕ ਲਿਖਣ-ਮਨੋਰਥ ਗੁਰੂ ਜੀ ਦੇ ਉਪਕਾਰਾਂ ਨੂੰ ਸੰਭਾਲਣਾ ਵੀ ਹੈ। ਗੁਰੂ ਜੀ ਦੇ ਉਪਕਾਰ ਸ਼ਿਕਸ਼ਾ-ਮ{ਲਕ ਹਨ। ਫਲਸਰੂਪ, ਉਨ੍ਹਾਂ ਦਾ ਪ੍ਰਧਾਨ ਸ੍ਵਰ ਉਪਦੇਸ਼ਾਤਮਕ ਹੈ। ਇਸ ਦੀ ਹਰ ਸਾਖੀ ਵਿੱਚ ਇੱਕ ਵਿਸ਼ੇਸ਼ ਪ੍ਰਕਾਰ ਦਾ ਅਤਿ ਧ੍ਵਨਿਤ ਕੀਤਾ ਗਿਆ ਪ੍ਰਤੀਤ ਹੰ[ਦਾ ਹੈ।ਵਿਵਰਣਾਤਮਕਤਾ ਇਸ ਜਨਮਸਾਖੀ ਦੀ ਅਭਿਵਿਅਕਤੀਗਤ ਵਿਸ਼ੇਸ਼ਤਾ ਹੈ। ਇਸ ਦੇ ਅੰਤਰਗਤ ਵਿਵਰਣ, ਵਰਣਨ, ਬ੍ਰਿਤਾਂਤ, ਆਦਿ ਸਭ ਰੱਖੇ ਜਾ ਸਕਦੇ ਹਨ। ਜਿਥੇ ਵਸਤੂਆਂ ਦੇ ਚਿਤ੍ਰਣ ਦਾ ਅਵਸਰ ਹੈ, ਉਥੇ ਸ਼ੈਲੀ ਦਾ ਸਰੂਪ ਵਰਣਾਤਮਕ ਹੈ ਅਤੇ ਜਿੱਥੇ ਪ੍ਰਸੰਗ ਵਿੱਚ ਕਥਾ ਅੰਸ਼ ਦੀ ਅਧਿਕਤਾ ਹੈ ਉੱਥੇ ਸ਼ੈਲੀ ਦਾ ਸਰੂਪ ਬ੍ਰਿਤਾਂਤਿਕ ਹੈ।

ਮਨੁੱਖੀ ਭਾਵਨਾਵਾਂ ਦਾ ਚਿਤਰਨ

ਸੋਧੋ

ਇਸ ਸਾਖੀ ਵਿੱਚ ਸਾਖੀਕਾਰ ਨੇ ਅਨੇਕ ਸਥਾਨਾਂ ਤੇ ਮਨੁੱਖੀ ਮਨ ਦੀਆਂ ਭਾਵਨਾਵਾਂ ਨੂੰ ਚਿਤਰ ਕੇ ਆਪਣੀ ਸੁਖਮ ਮਨੋਵਿਗਿਆਨਿਕ ਅੰਤਰ-ਦ੍ਰਿਸ਼ਟੀ ਦਾ ਪਰਿਚਯ ਦਿੱਤਾ ਹੈ। ਉਦਾਹਰਨ ਵਜੋਂ ਸੁਲਤਾਨਪੁਰ ਨੂੰ ਤਿਆਰੀ ਵਾਲੀ ਸਾਖੀ (8) ਨੂੰ ਲਿਆ ਜਾ ਸਕਦਾ ਹੈ। ਸੰਸਾਰਿਕਤਾ ਤੋਂ ਉਦਾਸੀਨ ਅਤੇ ਪਰਿਵਾਰਿਕ ਮੋਹ ਮਾਇਆ ਤੋਂ ਮੁਕਤ ਗੁਰੂ ਜੀ ਦੀ ਪਤਨੀ ਤੋਂ ਵੀ ਨਿਰਮੋਹੀ ਪਤੀ ਦਾ ਵਿਯੋਗ ਸਹਿਨ ਕਰਨਾ ਮੁਹਾਲ ਹੈ। ਉਸਦੇ ਮਨ ਦੀ ਸਥਿਤੀ ਅਤੇ ਪਤੀ ਦੇ ਸੰਪਰਕ ਵਿੱਚ ਰਹਿਣ ਦੀ ਤੀਬਰ ਇੱਛਾ ਨੂੰ ਸਾਖੀਕਾਰ ਨੇ ਬੜੀ ਸੂਖਮਤਾ ਨਾਲ ਚਿਤਰਿਆ ਹੈ।

ਭਾਸ਼ਾ ਦਾ ਸਰੂਪ

ਸੋਧੋ

ਪੁਰਾਤਨ ਜਨਮਸਾਖੀ ਦੀ ਸ਼ਬਦ ਕੋਸ਼ ਦੀ ਦ੍ਰਿਸ਼ਟੀ ਤੋਂ ਸਰਵ ਪ੍ਰਮੁਖ ਵਿਸ਼ੇਸਤਾ ਇਹ ਹੈ ਕਿ ਇਸ ਦਾ ਸ਼ਬਦ ਭੰਡਾਰ ਵਿਸ਼ਾਲ ਹੈ। ਲੋੜ ਅਨੁਸਾਰ ਦੇਸ਼ੀ ਵਿਦੇਸ਼ੀ ਭਾਸ਼ਾਵਾਂ ਤੋਂ ਸ਼ਬਦ ਲੈਣੇ ਲੇਖਕ ਨੇ ਸੰਕੋਚ ਨਹੀਂ ਕੀਤਾ। ਇਸ ਦੀ ਸ਼ਬਦਾਬਲੀ ਦਾ ਮੁੱਖ ਆਧਾਰ ਭਾਰਤੀ ਵਿਰਸਾ ਹੈ। ਸੰਸਕ੍ਰਿਤ ਦੇ ਕੁਝ ਤਤਸਮ ਅਤੇ ਅਰਧ ਤਤਸਮ ਸ਼ਬਦ ਨਮੂਨੇ ਹਨ:-ਜਗਤ, ਨਿਸਤਾਰਣ, ਵੇਲਾ, ਨਮਸਕਾਰ, ਨਾਮ, ਸੰਸਾਰ, ਅਤੀਤ, ਸੇਵਕ, ਸਰਵੰਗ, ਪ੍ਰਜਾ ਆਦਿ। ਇਸ ਜਨਮਸਾਖੀ ਦੀ ਭਾਸ਼ਾ ਦਾ ਅਧਿਐਨ ਕੀਤਿਆਂ ਪਤਾ ਲਗਦਾ ਹੈ ਕਿ ਇਸ ਵਿੱਚ ਅਰਬੀ, ਫਾਰਸੀ ਆਦਿ ਕੁਝ ਵਿਦੇਸ਼ੀ ਭਾਸ਼ਾਵਾਂ ਦਾ ਸਪਸ਼ਟ ਪ੍ਰਭਾਵ ਹੈ। ਦੇਸ਼ੀ ਸ਼ਬਦਾਵਲੀ ਦੀ ਵੀ ਸਾਖੀਕਾਰ ਨੇ ਖੁਲ੍ਹ ਕੇ ਵਰਤੋਂ ਕੀਤੀ ਹੈ। ਪੱਛਮੀ ਪੰਜਾਬ ਵਿੱਚ ਬੋਲੀਆਂ ਜਾਣ ਵਾਲੀਆਂ ਉਪਬੋਲੀਆਂ ਯਥਾ-ਪੋਠੋਹਾਰੀ, ਅਵਾਣਕਾਰੀ, ਝਾਂਗੀ ਮੁਲਤਾਨੀ ਆਦਿ ਵਿੱਚ ਅਧਿਕਤਰ ਸਮਾਨ ਰੂਪ ਵਿੱਚ ਵਰਤੀ ਹੋਈ ਮਿਲ ਜਾਂਦੀ ਹੈ।

ਪੁਰਾਤਨ ਸਾਖੀਕਾਰ ਦੀ ਸ਼ੈਲੀ

ਸੋਧੋ

ਇਸ ਰਚਨਾਂ ਦੇ ਕਰਤਾ ਨੇ ਵੀ ਵਾਰਤਾਲਾਪੀ ਢੰਗ ਦੀ ਕਾਫ਼ੀ ਅਧਿਕ ਵਰਤੋਂ ਕੀਤੀ ਹੈ। ਹਰ ਸਾਖੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਅਤੇ ਹੋਰ ਕਿਸੇ ਨਾ ਕਿਸੇ ਪਾਤਰ ਦੀ ਗਲਬਾਤ ਵਿਖਾਈ ਗਈ ਹੈ। ਕਿਤੇ-ਕਿਤੇ ਗੱਲਬਾਤ ਕਾਫ਼ੀ ਰੋਚਕ ਬਣ ਜਾਂਦੀ ਹੈ। ਜੇ ਬਾਤਚੀਤ ਦੇ ਅੱਗੇ ਕੇਵਲ ਬੋਲਣ ਵਾਲੇ ਦਾ ਨਾਂ ਲਿਖੀਏ ਤਾਂ ਹੇਠ ਲਿਖੇ ਅਨਸਾਰ ਝਾਕੀ ਬਣ ਜਾਂਦੀ ਹੈ:-(ਮੋਦੀ ਦੀ ਕਾਰ ਤਿਆਰੀ ਵਾਲੀ ਸਾਖੀ -11) ਲੋਕ- ਬਾਬਾ ਨਾਨਕ ਆਖਦਾ ਹੈ ਜੋ ‘ਨਾ ਕੋ ਹਿੰਦੂ ਹੈ ਨਾ ਕੋ ਮੁਸਲਮਾਨ` ਹੈ। ਖਾਨ- ਇਸ਼ਕੇ ਖਿਆਲ ਨਾਹੀ ਪਾਉਣਾ, ਇਹ ਫ਼ਕੀਰ ਹੈ। ਕਾਜੀ- ਖਾਨ ਜੀ ਅਜਬੁ ਹੈ, ਕਿਉਂ ਜੋ ਆਖਿਦਾ ਹੈ- ਨਾ ਕੋ ਹਿੰਦੂ ਹੈ ਨਾ ਕੋ ਮੁਸਲਮਾਨ ਹੈ। ਖਾਨ- ਜਾਇ ਕਰ ਨਾਨਕ ਫਕੀਰ ਤਾਂਈ ਲੈ ਆਵਹੁ। ਆਦਮੀ- ਨਾਨਕ ਤੇਰੇ ਤਾਈਂ ਖਾਨ ਬੁਲਾਇੰਦਾ ਹੈ। ਨਾਨਕ- ਮੈਂ ਤੇਰੇ ਖਾਨ ਦੀ ਕਿਆ ਪਰਵਾਹਿ ਪੜੀ ਹੈ। ਲੋਕ- ਇਹ ਕਮਲਾ ਦਿਵਾਨਾ ਹੋਆ ਹੈ। ਇਸ ਜਨਮਸਾਖੀ ਦੀ ਸ਼ੈਲੀ ਦਾ ਇੱਕ ਗੁਣ ਇਸ ਦਾ ਪਰਾਸਰੀਰਕ ਅੰਸ਼ ਹੈ। ਥਾਂ ਪਰ ਥਾਂ ਗੁਰੂ ਜੀ ਦੇ ਨਾਂ ਨਾਲ ਕਰਾਮਾਤਾਂ ਜੋੜ ਕੇ ਬਿਆਨ ਨੂੰ ਰੁਮਾਂਟਿਕ ਬਣਾ ਦਿੱਤਾ ਹੈ। ਕਿਤੇ ਕਿਤੇ ਮੋਇਆ ਹਾਥੀ ਜੀਉਂਦਾ ਹੁੰਦਾ ਵਿਖਾਇਆ ਹੈ, ਕਿਤੇ ਰਾਮ ਗਣਾ ਅਤੇ ਯਮ ਗਣਾ ਦਾ ਝਗੜਾ ਹੁੰਦਾ ਦਰਸਾਇਆ ਹੈ। ਕਿਤੇ ਮਰਦਾਨੇ ਨੂੰ ਮਿੱਡਾ ਬਣਦਾ ਅਤੇ ਕਾਵਰੂ ਦੇਸ਼ ਦੀ ਇੱਕ ਇਸਤਰੀ ਦੇ ਸਿਰ ਉੱਤੇ ਘੜਾ ਚਿਪਕਦਾ ਦਰਸਾਇਆ ਹੈ ਕਿਤੇ ਕਲਯੁਗ ਨੂੰ ਅਨੇਰੀ, ਅਗਨੀ, ਧੂਆਂ ਅਤੇ ਪਾਣੀ ਦਾ ਰੂਪ ਧਾਰਦੇ ਵਿਖਾਇਆ ਹੈ। ਮੱਕਾ ਘੁzਮ ਜਾਂਦਾ ਹੈ ਅਤੇ ਅੰਤ ਕਰਤਾਰਪੁਰ ਬਾਬੇ ਦੀ ਮ੍ਰਿਤਕ ਦੇਹ ਹੀ ਅਲੋਪ ਹੋ ਜਾਂਦੀ ਹੈ ਕਰਾਮਾਤਾਂ ਨੇ ਸ਼ੈਲੀ ਨੂੰ ਬੋਧਿਕ ਦੀ ਥਾਂ ਰੁਮਾਚਿਕ ਬਣਾ ਦਿੱਤਾ ਹੈ। ਇਸ ਤਰ੍ਹਾਂ ਇਸ ਜਨਮਸਾਖੀ ਨੂੰ ਪੜ੍ਹ ਕੇ ਗੁਰੂ ਸਾਹਿਬ ਦੇ ਸਿੱਖਾਂ ਨੂੰ ਆਪਣੇ ਆਗੂ ਬਾਰੇ ਵੱਧ ਤੋਂ ਵੱਧ ਜਾਣਨ ਦੀ ਲਾਲਸਾ ਜਾਗੀ ਤੇ ਉਹਨਾਂ ਦੀ ਇਸ ਜਿਗਿਆਸਾ ਨੂੰ ਸ਼ਾਂਤ ਕਰਨ ਲਈ ਹਰ ਸਾਖੀਕਾਰ ਵੱਧ ਤੋਂ ਵੱਧ ਪ੍ਰਮਾਣਿਕ ਤੇ ਵਿਸ਼ਵਾਸਯੋਗ ਵਾਕਫ਼ੀ ਦੇਣ ਦਾ ਦਾਹਵਾ ਕਰਨ ਲੱਗਾ। ਇਹਨਾਂ ਵਿੱਚ ਇਤਿਹਾਸ ਘੱਟ ਤੇ ਲੋਕ-ਗਾਥਾ ਵਧੇਰੇ ਲੱਭੀ ਜਾ ਸਕਦੀ ਹੈ। ਇਹਨਾਂ ਸਾਖੀਆਂ ਦੀ ਉਤਪਤੀ ਬਾਰੇ ਉਹ ਲਿਖਦੇ ਹਨ ਕਿ ਇਹਨਾਂ ਸਾਖੀਆਂ ਦਾ ਜਨਮ ਮੁੱਖ ਤੌਰ ਤੇ ਸੰਤਾਂ ਤੇ ਗੁਰੂਆਂ ਦੇ ਮੁੱਖ ਵਾਕਾਂ ਨੂੰ ਇੰਨ-ਬਿਨ ਲੇਖਣੀ-ਵੱਸ ਕਰਨ, ਸਾਂਭਣ ਦੀ ਧਾਰਮਿਕ ਲੋੜ ਵਿਚੋਂ ਹੋਇਆ। ਮਗਰੋਂ ਉਹਨਾਂ ਦੇ ਪੈਰੋਕਾਰਾਂ ਦੀ ਅਗਵਾਈ ਅਤੇ ਲਾਭ ਹਿੱਤ ਆਪਣੇ ਵਿਛੜ ਚੁੱਕੇ ਆਗੂਆਂ ਨਾਲ ਸੰਬੰਧਿਤ ਕਾਰਜਾਂ, ਸਫਰਾਂ, ਮਿਲਣੀਆਂ, ਗੋਸ਼ਟਾਂ, ਬਹਿਸਾਂ, ਕਰਾਮਾਤਾਂ, ਉਹਨਾਂ ਦੇ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਸੰਪਰਕਾਂ ਅਤੇ ਸਾਹਿਤਿਕ ਕਿਰਤਾਂ ਦੀ ਸਾਜ-ਸੰਭਾਲ ਕੀਤੀ ਗਈ। ਇਹਨਾਂ ਬਾਰੇ ਪ੍ਰਾਪਤ ਹਰ ਛੋਟੇ ਜੀਵਨੀਪਰਕ ਜਾਂ ਸਾਹਿਤਿਕ ਵੇਰਵੇ ਨੂੰ ਹਾਰਦਿਕ ਪ੍ਰਸ਼ੰਸ਼ਾ, ਮੰਨਣਯੋਗਤਾ ਅਤੇ ਸ਼ਰਧਾ ਮਿਲਦੀ ਸੀ। ਸਮਾ ਪਾ ਕੇ ਇਹ ਵੇਰਵੇ ਵਧੇਰੇ ਗੌਰਵਮਈ ਅਤੇ ਮੰਨਣੌਗ, ਲਿਖਤੀ ਜਾਂ ਜ਼ਬਾਨੀ ਵਿਸਤਾਰਾਂ ਦਾ ਮੂਲ ਆਧਾਰ ਬਣੇ। ਸਿੱਖਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਮੋਢੀ ਬਾਰੇ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰਨ ਲਈ ਤਾਂਘ ਤੇ ਜਿਗਿਆਸਾ ਰੱਖਣ ਲੱਗੀਆਂ। ਡਾ. ਮੋਹਨ ਸਿੰਘ ਨੇ ਇਹ ਗੱਲ ਸਪੱਸ਼ਟ ਕੀਤੀ ਹੈ ਕਿ ਜਨਮਸਾਖੀਆਂ ਵਿਚੋਂ ਇਤਿਹਾਸ ਲੱਭਣਾ ਠੀਕ ਨਹੀਂ ਕਿਉਂਕਿ ਇਹਨਾਂ ਦਾ ਆਧਾਰ ਧਾਰਮਿਕ ਲੋੜ, ਸ਼ਰਧਾ ਅਤੇ ਲੋਕ ਵਿਰਸਾ ਹੈ।ਇਸ ਤਰ੍ਹਾਂ ਭਾਵੇ ਜਨਮਸਾਖੀ ਪਰੰਪਰਾ ਵਿੱਚ ਕਈ ਜਨਮਸਾਖੀਆਂ ਲਿਖੀਆਂ ਗਈਆਂ ਪਰ ਪੁਰਾਤਨ ਜਨਮਸਾਖੀ ਆਪਣੇ ਉਪਰ ਦੱਸੇ ਗਏ ਗੁਣਾ ਕਰਕੇ ਆਪਣੀ ਇੱਕ ਵੱਖਰੀ ਮਹੱਤਤਾ ਰੱਖਦੀ ਹੈ।ਇਸ ਜਨਮਸਾਖੀ ਰਾਹੀਂ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਕਈ ਵਿਸ਼ੇਸ਼ ਪੱਖਾਂ ਬਾਰੇ ਜਾਣਕਾਰੀ ਪ੍ਰਾਪਤ ਹੰੁਦੀ ਹੈ। ਇਸ ਜਨਮਸਾਖੀ ਵਿੱਚ ਆਈਆਂ ਇਤਿਹਾਸਿਕ ਤੇ ਮਿਥਿਹਾਸਕ ਘਟਨਾਵਾਂ ਰਾਹੀਂ ਸਾਨੂੰ ਉਸ ਸਮੇਂ ਇਤਿਹਾਸਕ ਤੱਥਾਂ ਬਾਰੇ ਅਤੇ ਮਿਥਿਹਾਸਿਕ ਤੱਥਾਂ ਬਾਰੇ ਵਿਸ਼ੇਸ਼ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਸ ਵਿੱਚ ਵਰਤੀ ਗਈ ਭਾਸ਼ਾ ਸਾਨੂੰ ਉਸ ਸਮੇਂ ਦੀ ਭਾਸ਼ਾ ਨੂੰ ਸਮਝਣ ਵਿੱਚ ਮਦਦਗਾਰ ਸਾਬਤ ਹੰੁਦੀ ਹੈ।ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਪੁਰਾਤਨ ਜਨਮਸਾਖੀ ਆਪਣੇ ਗੁਣਾ ਕਰਕੇ ਇੱਕ ਇਤਿਹਾਸਿਕ ਦਸਤਾਵੇਜ ਦੇ ਰੂਪ ਵਿੱਚ ਸਾਡੇ ਲਈ ਫਾਇਦੇਮੰਦ ਸਾਬਤ ਹੋ ਰਹੀ ਹੈ ਅਤੇ ਹਮੇਸ਼ਾ ਹੀ ਆਉਣ ਵਾਲੀਆਂ ਪੀੜ੍ਹੀਆਂ ਲਈ ਫਾਇਦੇਮੰਦ ਸਾਬਤ ਹੋਵੇਗੀ।

ਸਹਾਇਕ ਪੁਸਤਕਾਂ

ਸੋਧੋ

• _ਪੁਰਾਤਨ ਪੰਜਾਬੀ ਵਾਰਤਕ`-ਡਾ. ਰਤਨ ਸਿੰਘ ਜੱਗੀ • _ਪੁਰਾਤਨ ਪੰਜਾਬੀ ਵਾਰਤਕ ਦਾ ਅਲੋਚਨਾਤਮਕ ਅਧਿਐਨ`- ਡਾ.ਜਗਜੀਤ ਸਿੰਘ, ਪ੍ਰਕਾਸ਼ਨ ਲਾਹੌਰ ਬੁੱਕ ਸੋਪ ਲੁਧਿਆਣਾ। • _ਪੁਰਾਤਨ ਅਤੇ ਨਵੀਨ ਪੰਜਾਬੀ ਵਾਰਤਕ`-ਡਾ ਰਾਜਬੀਰ ਕੌਰ, ਪ੍ਰਕਾਸ਼ਨ-ਵਾਰਿਸ਼ ਸ਼ਾਹ ਫਾਉਡੇਸ਼ਨ ਅੰਮ੍ਰਿਤਸਰ। • _ਪੁਰਾਤਨ ਜਨਮਸਾਖੀ ਦੀ ਭੂਮਿਕਾ,-ਸੰਪਾਦਿਕ:- ਭਾਈ ਵੀਰ ਸਿੰਘ, ਪ੍ਰਕਾਸ਼ਨ:-ਭਾਈ ਵੀਰ ਸਿੰਘ ਮਾਰਗ, ਗੋਲ ਮਾਰਕਿਟ, ਨਵੀਂ ਦਿੱਲੀ। • ‘ਪੁਰਾਤਨ ਜਨਮਸਾਖੀ ਇੱਕ ਅਲੋਚਨਾਤਮਕ ਅਧਿਐਨ-ਪ੍ਰਿਤਪਾਲ ਸਿੰਘ, ਪ੍ਰਕਾਸ਼ਨ:- ਪੈਪਸੂ ਬੁੱਕ ਡਿੱਪੂ ਪਟਿਆਲਾ। • ਖੋਜ ਪਤ੍ਰਿਕਾ ਅੰਕ ਨੰ:-61 ਮੁੱਖ ਸੰਪਾਦਕ ਡਾ. ਅੰਮ੍ਰਿਤਪਾਲ ਕੌਰ ਪ੍ਰਕਾਸ਼ਨ :- ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ।

ਹਵਾਲੇ

ਸੋਧੋ