ਮਰਦਾਂ ਦੇ ਉਸ ਇਕੱਠ ਨੂੰ, ਜਿਸ ਵਿਚ ਮੁੰਡੇ ਤੀਵੀਆਂ ਦਾ ਵੇਸ ਬਣਾ ਕੇ ਮਰਦਾਂ ਦੇ ਮਨੋਰੰਜਨ ਲਈ ਨੱਚਦੇ ਹਨ, ਗਾਉਂਦੇ ਹਨ, ਬੋਲੀਆਂ ਪਾਉਂਦੇ ਹਨ, ਜਲਸਾ ਕਹਿੰਦੇ ਹਨ। ਅੱਜ ਤੋਂ 60/65 ਕੁ ਸਾਲ ਪਹਿਲਾਂ ਜਲਸੇ ਮਰਦਾਂ ਦੇ ਮਨ- ਪ੍ਰਚਾਵੇ ਦੇ ਸਾਧਨਾਂ ਵਿਚੋਂ ਇਕ ਸਾਧਨ ਸੀ। ਜਲਸਾ ਕਰਨ ਵਾਲਿਆਂ ਦੀਆਂ ਮੰਡਲੀਆਂ ਆਮ ਹੁੰਦੀਆਂ ਸਨ। ਜਲਸੇ ਵਾਲੇ ਸਾਲ ਵਿਚ ਇਕ ਗੇੜਾ ਬੜੇ ਪਿੰਡਾਂ ਵਿਚ ਜ਼ਰੂਰ ਮਾਰਦੇ ਹੁੰਦੇ ਸਨ। ਕਈ ਕਈ ਦਿਨ ਉਥੇ ਜਲਸਾ ਕਰਦੇ ਰਹਿੰਦੇ ਸਨ। ਆਲੇ-ਦੁਆਲੇ ਦੇ ਪਿੰਡਾਂ ਵਾਲੇ ਲੋਕ ਵੀ ਜਲਸਾ ਵੇਖਣ ਆਉਂਦੇ ਸਨ। ਮੇਲਿਆਂ ਵਿਚ ਵੀ ਜਲਸੇ ਲੱਗਦੇ ਸਨ।

ਜਲਸੇ ਵਾਲਿਆਂ ਦੇ ਗੀਤਾਂ ਅਤੇ ਬੋਲੀਆਂ ਵਿਚ ਥੋੜ੍ਹੀ ਜਿਹੀ ਅਸ਼ਲੀਲਤਾ ਹੁੰਦੀ ਸੀ ਇਸ ਲਈ ਜਲਸੇ ਆਮ ਤੌਰ 'ਤੇ ਪਿੰਡ ਤੋਂ ਬਾਹਰ ਹੀ ਲੱਗਦੇ ਸਨ। ਜਲਸੇ ਵਾਲਿਆਂ ਦੀ ਟੋਲੀ ਵਿਚ ਆਮ ਤੌਰ 'ਤੇ ਚਾਰ ਤੋਂ ਪੰਜ ਬੰਦੇ ਹੁੰਦੇ ਸਨ। ਜਿਨ੍ਹਾਂ ਵਿਚੋਂ ਇਕ ਜਾਂ ਦੋ ਅਨਦਾੜੀਏ ਮੁੰਡੇ ਹੁੰਦੇ ਸਨ ਜਿਹੜੇ ਨਚਾਰ ਬਣਦੇ ਸਨ। ਕਈ ਦਾਹੜੀ ਵਾਲੇ ਮੁੰਡੇ ਵੀ ਸੇਵ ਕਰ ਕੇ ਨਚਾਰ ਬਣਦੇ ਸਨ। ਨਚਾਰ ਦੇ ਰੇਸ਼ਮੀ ਕੁੜਤੀ, ਸਲਵਾਰ, ਘੱਗਰਾ ਪਾਇਆ ਹੁੰਦਾ ਸੀ। ਗੋਟੇ ਵਾਲੀ ਚੁੰਨੀ ਲਈ ਹੁੰਦੀ ਸੀ। ਅੱਖਾਂ ਵਿਚ ਕਜਲਾ ਪਾਇਆ ਹੁੰਦਾ ਸੀ। ਬੁੱਲਾਂ 'ਤੇ ਦੰਦਾਸਾ ਮਲਿਆ ਹੁੰਦਾ ਸੀ। ਗੁੱਤ ਵਿਚ ਲੰਮਾ ਪਰਾਂਦਾ ਪਾਇਆ ਹੁੰਦਾ ਸੀ। ਪੈਰਾਂ ਵਿਚ ਘੁੰਗਰੂ ਬੰਨ੍ਹੇ ਹੁੰਦੇ ਸਨ। ਇਕ ਬੰਦਾ ਢੋਲਕੀ ਵਜਾਉਂਦਾ ਸੀ। ਇਕ ਬੰਦੇ ਦੇ ਹੱਥ ਵਿਚ ਮਸ਼ਾਲ ਫੜੀ ਹੁੰਦੀ ਸੀ। ਕਈ ਵੇਰ ਮਸ਼ਾਲਚੀ ਪਿੰਡ ਦਾ ਕੋਈ ਗਭਰੂ ਵੀ ਹੁੰਦਾ ਸੀ। ਮਸ਼ਾਲਚੀ ਮਸ਼ਾਲ ਨਚਦੇ ਨਚਾਰ ਦੇ ਮੂੰਹ ਦੇ ਅੱਗੇ-ਅੱਗੇ ਲੈ ਕੇ ਤੁਰਦਾ ਸੀ। ਹੁਣ ਜਲਸਿਆਂ ਦਾ ਯੁੱਗ ਖਤਮ ਹੋ ਗਿਆ ਹੈ।[1]

ਹਵਾਲੇ ਸੋਧੋ

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.